13 ਅਪ੍ਰੈਲ ਦਾ ਦਿਨ ਸਿੱਖ ਇਤਿਹਾਸ ਵਿੱਚ ਬਹੁਤ ਅਹਿਮ ਸਥਾਨ ਰੱਖਦਾ ਹੈ। ਵੱਖ ਵੱਖ ਸਮੇਂ ਅਤੇ ਵੱਖ ਵੱਖ ਥਾਵਾਂ ਉੱਤੇ ਇਸ ਦਿਨ ਬਹੁਤ ਕੁਝ ਅਜਿਹਾ ਹੋਇਆ ਜੋ ਸਿੱਖ ਕਦੇ ਵੀ ਨਹੀਂ ਭੁੱਲਣਗੇ।
1699 ਈ: ਵਿੱਚ ਇਸੇ ਦਿਨ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ। ਇਹ ਓਹ ਦਿਨ ਸੀ ਜਦੋਂ ਮੁਗਲ ਹਕੂਮਤ ਦੇ ਪਤਨ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਦਿਨ ਭਾਰਤ ਦੇ ਲੋਕਾਂ ਨੇ ਆਪਣਾ ਗੁਲਾਮੀ ਵਾਲਾ ਸੁਭਾਅ ਬਦਲਿਆ ਅਤੇ ਅਜ਼ਾਦੀ ਦੀ ਰਾਹ ਚੁਣੀ।
ਅੱਜ ਤੋਂ 103 ਸਾਲ ਪਹਿਲਾਂ 1919 ਈ: ਨੂੰ ਇਸੇ ਦਿਨ ਜਲ੍ਹਿਆਂਵਾਲਾ ਬਾਗ ਦਾ ਖੂਨੀ ਸਾਕਾ ਵਾਪਰਿਆ। ਇਸ ਦਿਨ ਅੰਗ੍ਰੇਜ਼ ਸਰਕਾਰ ਦੇ ਵਿਰੋਧ ਵਿੱਚ ਜਲਿਆਂਵਾਲੇ ਬਾਗ ਵਿੱਚ ਇਕੱਠੇ ਹੋਏ ਪੰਜਾਬੀਆਂ ‘ਤੇ ਜਨਰਲ ਡਾਇਰ ਦੇ ਹੁਕਮ ਨਾਲ ਗੋਲੀ ਚਲਾ ਦਿੱਤੀ ਗਈ ਜਿਸ ਕਾਰਨ ਤਕਰੀਬਨ 1000 ਵੀਰ-ਭੈਣਾਂ ਮੌਕੇ ਤੇ ਸ਼ਹੀਦ ਹੋ ਗਏ ਅਤੇ ਕੁਝ ਜਖਮੀ ਵੀਰ-ਭੈਣਾਂ ਕੁਝ ਸਮੇਂ ਮਗਰੋਂ ਦਮ ਤੋੜ ਗਏ। ਆਪਣੀਆਂ ਜਿੰਦਗੀਆਂ ਬਚਾਉਣ ਲਈ ਕਈਆਂ ਨੇ ਖੂਹ ਵਿੱਚ ਛਾਲਾਂ ਮਾਰ ਦਿੱਤੀਆਂ ਸਨ ਜਿਸ ਕਰਕੇ ਖੂਹ ਵਿਚੋਂ ਵੀ ਤਕਰੀਬਨ 120 ਲਾਸ਼ਾਂ ਮਿਲੀਆਂ ਸਨ। ਇਤਿਹਾਸ ਮੁਤਾਬਿਕ ਪੁਲਿਸ ਵੱਲੋਂ ਤਕਰੀਬਨ 1650 ਗੋਲੀਆਂ 10 ਮਿੰਟਾਂ ਵਿੱਚ ਚਲਾਈਆਂ ਗਈਆਂ ਸਨ।
44 ਸਾਲ ਪਹਿਲਾਂ 1978 ਈ: ਵਿੱਚ ਵੀ ਏਸੇ ਦਿਨ ਨਕਲੀ ਨਿਰੰਕਾਰੀ ਦੇ ਖਿਲਾਫ ਸਿੰਘ ਧਰਨੇ ‘ਤੇ ਬੈਠੇ ਕੀਰਤਨ ਕਰ ਰਹੇ ਸਨ। ਇਸ ਦੇ ਵਿਰੋਧ ਵਿੱਚ ਨਕਲੀ ਨਿਰੰਕਾਰੀਆਂ ਨੇ ਬੈਠੇ ਸਿੰਘਾਂ ਉੱਤੇ ਗੋਲੀਆਂ ਚਲਾ ਦਿੱਤੀਆਂ ਜਿਸ ਵਿੱਚ 13 ਸਿੰਘ ਸ਼ਹੀਦ ਹੋ ਗਏ। ਇਸ ਜੱਥੇ ਦੀ ਅਗਵਾਈ ਭਾਈ ਫੌਜਾ ਸਿੰਘ ਜੀ ਕਰ ਰਹੇ ਸਨ।
(ਰਣਜੀਤ ਸਿੰਘ ਮੋਹਲੇਕੇ)