5 ਅਪ੍ਰੈਲ – ਜੋਤੀ ਜੋਤਿ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ

ਜੋਤੀ ਜੋਤਿ ਸਮਾਏ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ
5 ਅਪਰੈਲ ਅਜ ਦੇ ਦਿਨ (1664 )
ਅੱਠਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਿੱਲੀ ਚ ਚੇਚਕ ਦੇ ਬਿਮਾਰਾਂ ਦੀ ਸੇਵਾ ਕਰਦਿਆਂ ਕਰਦਿਆਂ ਆਪ ਵੀ ਇੱਕ ਦਿਨ ਬੀਮਾਰ ਹੋ ਗਏ। ਬੁਖਾਰ ਹੋ ਗਿਆ ਚੇਚਕ ਦੇ ਲੱਛਣ ਪ੍ਰਗਟ ਹੋਣ ਲੱਗ ਪਏ। ਜਿਸ ਕਰਕੇ ਸਤਿਗੁਰੂ ਪਾਲਕੀ ਚ ਬੈਠ ਕੇ ਮਾਤਾ ਕ੍ਰਿਸ਼ਨ ਕੌਰ ਤੇ ਮੁਖੀ ਸਿੱਖਾਂ ਦੇ ਨਾਲ ਸ਼ਹਿਰ ਤੋਂ ਬਾਹਰ ਵੱਲ ਚੱਲ ਪਏ। ਯਮੁਨਾ ਦੇ ਕਿਨਾਰੇ ਟਿਕਾਣਾ ਕੀਤਾ। ਮਾਤਾ ਜੀ ਸਮੇਤ ਸਿੱਖਾਂ ਦੇ ਬੈਠਿਆਂ ਹੀ ਸਤਿਗੁਰਾਂ ਨੇ ਦੱਸਿਆ ਕਿ ਅਸੀਂ ਹੁਣ ਸਰੀਰ ਤਿਆਗ ਦੇਣਾ ਹੈ। ਸੁਣ ਕੇ ਸਾਰੇ ਸਿੱਖ ਬੜੇ ਹੈਰਾਨ , ਵੈਰਾਗ ਨਾਲ ਅੱਖਾਂ ਭਰ ਆਈਆਂ , ਕਹਿਣ ਲੱਗੇ ਮਹਾਰਾਜ ਅਜੇ ਤਾਂ ਤੁਹਾਡੀ ਛੋਟੀ ਉਮਰ ਹੈ। ਨਾਲੇ ਜਨਮ ਮਰਨ ਤੁਹਾਡੇ ਹੱਥ , ਕਿਰਪਾ ਕਰੋ , ਖ਼ੁਸ਼ੀਆਂ ਬਖ਼ਸ਼ੋ। ਸਤਿਗੁਰਾਂ ਨੇ ਕਿਹਾ ਅਕਾਲ ਪੁਰਖ ਦਾ ਇਹੀ ਹੁਕਮ ਹੈ। ਮਾਤਾ ਜੀ ਨੇ ਵੀ ਬੜਾ ਵੈਰਾਗ ਕੀਤਾ ਤਾਂ ਸਮਝਾਉਂਦਿਆਂ ਕਿਹਾ ਤੁਸੀਂ ਤਾਂ ਸਾਡੀ ਮਾਤਾ ਹੋ। ਤੁਸੀਂ ਤਾਂ ਦੂਸਰਿਆਂ ਨੂੰ ਹੌਸਲਾ ਦੇਣਾ ਹੈ ਇਹ ਕਹਿ ਕੇ ਕਿਰਪਾ ਦ੍ਰਿਸ਼ਟੀ ਨਾਲ ਦੇਖਿਆ ਤੇ ਮੋਹ ਦਾ ਪਰਦਾ ਪਾਸੇ ਕਰ ਦਿੱਤਾ।
ਫਿਰ ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਸਾਨੂੰ ਕਿਸ ਦੇ ਲੜ ਲਾ ਚੱਲੇ ਹੋ ?? ਸਤਿਗੁਰਾਂ ਨੇ ਉਸੇ ਵੇਲੇ ਪੰਜ ਪੈਸੇ ਤੇ ਨਾਰੀਅਲ ਮੰਗਵਾਇਆ ਸਿੱਖ ਥਾਲ ਵਿੱਚ ਪੰਜ ਪੈਸੇ ਅਤੇ ਨਾਰੀਅਲ ਰੱਖ ਲਿਆਏ। ਗੁਰੂ ਪਾਤਸ਼ਾਹ ਨੇ ਤਿੰਨ ਵਾਰ ਹੱਥ ਘੁੰਮਾਇਆ ਫਿਰ ਧਿਆਨ ਧਰ ਕੇ ਨਮਸਕਾਰ ਕੀਤੀ ਤੇ ਬਚਨ ਕੀਤਾ ਬਾਬਾ ਬਕਾਲੇ। ਜਦੋਂ ਸਿੱਖਾਂ ਨੇ ਨਾਮ ਪੁੱਛਿਆ…. ਤਾਂ ਇਹ ਹੀ ਕਿਹਾ ਗੁਰੂ ਕਦੇ ਛੁਪਿਆ ਨਹੀਂ ਰਹਿੰਦਾ। ਗੁਰਿਆਈ ਦੀ ਸਾਰੀ ਸਮੱਗਰੀ ਭਾਈ ਦਰਗਾਹ ਮੱਲ ਜੀ ਨੇ ਸਾਂਭ ਕੇ ਰੱਖੀ। ਬਾਅਦ ਵਿੱਚ ਇਹੀ ਬਾਬਾ ਬਕਾਲਾ ਸਾਹਿਬ ਲੈ ਕੇ ਆਏ।
ਦਿੱਲੀ ਦੀ ਸੰਗਤ ਨੂੰ ਪਤਾ ਲੱਗਾ ਤਾਂ ਸੰਗਤ ਵਹੀਰਾਂ ਘੱਤ ਕੇ ਪਹੁੰਚ ਗਈਆਂ। ਲੱਗਦਾ ਸੀ ਜਿਵੇਂ ਸਾਰਾ ਸ਼ਹਿਰ ਹੀ ਇਕੱਠਾ ਹੋ ਗਿਆ ਹੋਵੇ। ਸਿੱਖਾਂ ਨੇ ਤਾਂ ਦਰਸ਼ਨ ਕਰਨ ਤੋਂ ਰੋਕਿਆ , ਪਰ ਗੁਰੂਦੇਵ ਨੇ ਆਗਿਆ ਦੇ ਦਿੱਤੀ। ਸਤਿਗੁਰੂ ਤੰਬੂ ਵਿੱਚ ਬੈਠੇ ਸਨ ਹੁਕਮ ਹੋਇਆ ਇੱਕ ਪਾਸੇ ਤੋਂ ਸੰਗਤ ਦਰਸ਼ਨ ਕਰਨ ਦੇ ਲਈ ਅੰਦਰ ਆਵੇ। ਦੂਸਰੇ ਪਾਸੇ ਦੀ ਨਿਕਲਦੀ ਜਾਵੇ। ਇਸੇ ਤਰ੍ਹਾਂ ਸਾਰਾ ਦਿਨ ਸੰਗਤ ਨੂੰ ਦਰਸ਼ਨ ਦਿੱਤੇ ਸ਼ਾਮ ਦਾ ਦੀਵਾਨ ਲੱਗਾ ਹੁਕਮ ਹੋਇਆ ਲਗਾਤਾਰ ਕੀਰਤਨ ਹੁੰਦਾ ਰਵੇ। ਸਾਰੇ ਜਾਗਦੇ ਰਹੋ। ਅੱਧੀ ਰਾਤ ਤੋ ਘੜੀ ਕ ਉਪਰ (ਰਾਤ 1 ਵਜੇ ਦੇ ਕਰੀਬ ) .
ਸਤਿਗੁਰਾਂ ਨੇ ਬਚਨ ਕੀਤਾ ਕਿਸੇ ਨੇ ਰੋਣਾ ਨਹੀਂ ਕੀਰਤਨ ਇਸੇ ਤਰ੍ਹਾਂ ਹੁੰਦਾ ਰਹੇ। ਚਿੱਟੀ ਚਾਦਰ ਨਾਲ ਚੰਦ ਵਰਗਾ ਸੋਹਣਾ ਮੁੱਖੜਾ ਸਦਾ ਲਈ ਢੱਕ ਲਿਆ ਤੇ ਸਰੀਰ ਤਿਆਗ ਦਿੱਤਾ। ਦਿਨ ਚੜ੍ਹਦੇ ਨੂੰ ਸਾਰੇ ਪਾਸੇ ਖ਼ਬਰ ਫੈਲ ਗਈ ਕਿ ਬਾਲਾ ਪ੍ਰੀਤਮ ਜੀ ਜੋਤੀ ਜੋਤਿ ਸਮਾ ਗਏ।
ਉਧਰ ਔਰੰਗਜ਼ੇਬ ਨੇ ਸੋਚਿਆ ਜਿਊਂਦੇ ਜੀਅ ਤਾਂ ਉਨ੍ਹਾਂ ਦਰਸ਼ਨ ਨਹੀਂ ਦਿੱਤੇ , ਮੈਂ ਹੁਣ ਹੀ ਦਰਸ਼ਨ ਕਰ ਲਵਾਂ। ਉਹ ਦਰਸ਼ਨ ਕਰਨ ਆਇਆ ਪਰ ਸਤਿਗੁਰਾਂ ਨੇ ਐਸਾ ਕੌਤਕ ਵਰਤਾਇਆ ਕਿ ਔਰੰਗਜ਼ੇਬ ਨੂੰ ਸਰੀਰ ਨਜ਼ਰ ਹੀ ਨਹੀਂ ਆਇਆ। ਘੇਰਨੀ ਖਾ ਕੇ ਡਿੱਗ ਪਿਆ ਹੋਸ਼ ਆਈ ਤੇ ਵਾਪਸ ਮੁੜ ਗਿਆ।
ਸਤਿਗੁਰਾਂ ਦੇ ਸਰੀਰ ਦਾ ਸਸਕਾਰ ਜਮਨਾ ਕਿਨਾਰੇ ਹੀ ਕੀਤਾ ਗਿਆ। ਜਿੱਥੇ ਯਾਦਗਾਰੀ ਅਸਥਾਨ ਗੁਰਦੁਆਰਾ ਬਾਲਾ ਸਾਹਿਬ ਬਣਿਆ ਹੋਇਆ ਹੈ (ਬਾਅਦ ਵਿੱਚ ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਕੌਰ ਜੀ ਦਾ ਸਸਕਾਰ ਵੀ ਇੱਥੇ ਹੋਇਆ) .ਮਾਤਾ ਕ੍ਰਿਸ਼ਨ ਕੌਰ ਜੀ ਅਸਥੀਆਂ ਲੈ ਕੇ ਸੰਗਤ ਦੇ ਸਮੇਤ ਕੀਰਤਪੁਰ ਸਾਹਿਬ ਆਏ ਤੇ ਪਤਾਲਪੁਰੀ ਜਲ ਪ੍ਰਵਾਹ ਕੀਤੀਆਂ।
ਮਹਾਨ ਕੋਸ਼ ਅਨੁਸਾਰ ਅਜ ਦੇ ਦਿਨ ਚੇਤਰ ਸੁਦੀ 14 -1664 ਨੂੰ ਸਰੀਰ ਤਿਆਗਿਆ ਕੁੱਲ ਉਮਰ 7 ਸਾਲ 8 ਮਹੀਨੇ 26 ਦਿਨ ਸੀ।
ਸ੍ਰੀ ਹਰਿਕਿ੍ਸਨ ਧਿਆਈਐ
ਜਿਸੁ ਡਿਠੈ ਸਭਿ ਦੁਖਿ ਜਾਇ ॥ (ਦਸਮ ਗ੍ਰੰਥ )

ਮੇਜਰ ਸਿੰਘ
ਗੁਰੂ ਕਿਰਪਾ ਕਰੇ


Share On Whatsapp

Leave a Reply




top