ਸਾਖੀ ਭਾਈ ਭਿਖਾਰੀ ਜੀ

ਧੰਨ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਇੱਕ ਵਾਰ ਕਿਸੇ ਸਿੱਖ ਨੇ ਕਹਿ ਦਿੱਤਾ ਕਿ ਗੁਰੂ ਜੀ ਕੋਈ ਇਸ ਤਰਾਂ ਦਾ ਬੰਦਾ ਹੈ ਜਿਸ ਨੂੰ ਸੁਖ ਵੀ ਕਬੂਲ ਹੋਵੇ ਦੁੱਖ ਵੀ ਕਬੂਲ ਹੋਵੇ, ਇੱਜਤ ਵੀ ਕਬੂਲ ਹੋਵੇ ਬੇਜ਼ਤੀ ਵੀ ਕਬੂਲ ਹੋਵੇ, ਖੁਸ਼ੀਆਂ ਵੀ ਕਬੂਲ ਹੋਣ ਗ਼ਮੀਆਂ ਵੀ ਕਬੂਲ ਹੋਣ। ਜੋ ਹਰ ਅਵਸਥਾ ਵਿੱਚ ਇੱਕੋ ਜਿਹਾ ਹੀ ਰਹੇ। ਓਹ ਸਿੱਖ ਕਹਿਣ ਲੱਗਾ ਮਹਾਰਾਜ ਗੱਲਾਂ ਤਾਂ ਜਰੂਰ ਸੁਣੀਆਂ ਨੇ ਪਰ ਇਹੋ ਜਿਹਾ ਹੋਣਾ ਬਹੁਤ ਕਠਿਨ ਹੈ। ਮੈਨੂੰ ਨਹੀਂ ਲਗਦਾ ਕਿ ਕੋਈ ਇਹੋ ਜਿਹਾ ਹੋਵੇਗਾ। ਗੁਰੂ ਜੀ ਕਹਿਣ ਲੱਗੇ ਅਸੀਂ ਤੁਹਾਨੂੰ ਆਪਣੇ ਇੱਕ ਸਿੱਖ ਪਾਸ ਭੇਜਦੇ ਹਾਂ। ਉਸ ਸਿੱਖ ਦਾ ਨਾਮ ਭਾਈ ਭਿਖਾਰੀ ਹੈ। ਓਹ ਐਸੀ ਹੀ ਅਵਸਥਾ ਦੇ ਮਾਲਿਕ ਹਨ। ਤੁਸੀਂ ਉਹਨਾ ਕੋਲ ਜਾਓ ਅਤੇ ਇੱਕ ਰਾਤ ਉਹਨਾ ਕੋਲ ਰਹਿ ਕੇ ਆਓ।
ਸਿੱਖ ਭਾਈ ਭਿਖਾਰੀ ਜੀ ਦੇ ਪਿੰਡ ਪਹੁੰਚਿਆ ਤਾਂ ਪਤਾ ਲੱਗਾ ਕਿ ਭਾਈ ਭਿਖਾਰੀ ਦੁਕਾਨ ਤੇ ਹਨ। ਸਿੱਖ ਸਿੱਧਾ ਭਾਈ ਸਾਬ ਦੀ ਦੁਕਾਨ ਤੇ ਚਲਾ ਗਿਆ। ਭਾਈ ਭਿਖਾਰੀ ਜੀ ਘਿਓ ਵੇਚਿਆ ਕਰਦੇ ਸਨ। ਜਦੋਂ ਸਿੱਖ ਉਹਨਾ ਦੀ ਦੁਕਾਨ ਤੇ ਪਹੁੰਚਿਆ ਤਾਂ ਭਾਈ ਸਾਬ ਇੱਕ ਗ੍ਰਾਹਕ ਨਾਲ ਬਹਿਸ ਕਰ ਰਹੇ ਸਨ। ਗ੍ਰਾਹਕ ਘਿਓ ਦਾ ਇੱਕ ਪੈਸਾ ਘੱਟ ਦੇ ਕੇ ਕਹਿ ਰਿਹਾ ਸੀ ਕਿ ਮੈ ਇੱਕ ਪੈਸਾ ਬਾਅਦ ਵਿਚ ਦੇ ਦਵਾਂਗਾ ਪਰ ਭਾਈ ਸਾਬ ਕਹਿ ਰਹੇ ਸਨ ਕਿ ਅਸੀਂ ਉਧਾਰ ਨਹੀਂ ਦੇਂਦੇ। ਉਸ ਗ੍ਰਾਹਕ ਨੇ ਬੜਾ ਕਿਹਾ ਕਿ ਮੈਂ ਤੁਹਾਨੂੰ ਛੇਤੀ ਹੀ ਪੈਸਾ ਦੇ ਦੇਵਾਂਗਾ ਮੈਨੂੰ ਘਿਓ ਦੀ ਜਰੂਰਤ ਹੈ ਪਰ ਭਾਈ ਸਾਬ ਨੇ ਘਿਓ ਉਧਾਰ ਨਾ ਦਿੱਤਾ। ਇਹ ਵੇਖ ਕੇ ਸਿੱਖ ਥੋੜਾ ਨਿਰਾਸ਼ ਹੋ ਗਿਆ ਤੇ ਸੋਚਣ ਲੱਗਾ ਕਿ ਭਾਈ ਭਿਖਾਰੀ ਤਾਂ ਲਾਲਚੀ ਲਗਦੇ ਹਨ। ਥੋੜਾ ਮਨ ਵਿੱਚ ਨਿਰਾਸ਼ ਹੋਇਆ ਪਰ ਗੁਰੂ ਸਾਹਿਬ ਨੇ ਕਿਹਾ ਸੀ ਕਿ ਰਾਤ ਕੱਟ ਕੇ ਆਉਣੀ ਹੈ ਇਸ ਲਈ ਉਸ ਨੇ ਭਾਈ ਸਾਬ ਨੂੰ ਦਸਿਆ ਕਿ ਮੈਨੂੰ ਗੁਰੂ ਸਾਹਿਬ ਨੇ ਭੇਜਿਆ ਹੈ। ਭਾਈ ਭਿਖਾਰੀ ਜੀ ਬੜੇ ਖੁਸ਼ ਹੋਏ ਅਤੇ ਸਿੱਖ ਨੂੰ ਆਪਣੇ ਘਰ ਲੈ ਗਏ।
ਭਾਈ ਸਾਬ ਦੇ ਘਰ ਬਹੁਤ ਰੌਣਕ ਸੀ। ਮਿਠਾਈਆਂ ਤਿਆਰ ਹੋ ਰਹੀਆਂ ਸਨ। ਕੱਪੜੇ ਤਿਆਰ ਹੋ ਰਹੇ ਸਨ। ਸਿੱਖ ਦੇ ਪੁੱਛਣ ਤੇ ਪਤਾ ਲੱਗਾ ਕਿ ਭਾਈ ਸਾਬ ਦੇ ਪੁੱਤਰ ਦਾ ਵਿਆਹ ਸੀ। ਭਾਈ ਸਾਬ ਨੇ ਸਿੱਖ ਦਾ ਬੜਾ ਸਤਿਕਾਰ ਕੀਤਾ ਤੇ ਰਾਤ ਨੂੰ ਜਦ ਪ੍ਰਸ਼ਾਦਾ ਛਕਣ ਲੱਗੇ ਤਾਂ ਸਿੱਖ ਨੇ ਭਾਈ ਸਾਬ ਨੂੰ ਪਰਖਣ ਲਈ ਕਿਹਾ ਕਿ ਅਸੀਂ ਤਾਂ ਹੱਥ ਘਿਓ ਨਾਲ ਧੋਂਦੇ ਹਾਂ। ਭਾਈ ਸਾਬ ਨੇ ਘਿਓ ਦਾ ਪੀਪਾ ਲਿਆ ਕੇ ਹੱਥ ਧੁਆ ਦਿੱਤੇ। ਸਿੱਖ ਨੇ ਹੈਰਾਨ ਹੋ ਕੇ ਪੁੱਛਿਆ ਕਿ ਦੁਕਾਨ ਤੇ ਤਾਂ ਤੁਸੀਂ ਇੱਕ ਪੈਸੇ ਪਿੱਛੇ ਗ੍ਰਾਹਕ ਨਾਲ ਲੜ ਰਹੇ ਸੀ ਅਤੇ ਹੁਣ ਤੁਸੀਂ ਕਿੰਨੇ ਸਾਰੇ ਘਿਓ ਨਾਲ ਮੇਰੇ ਹੱਥ ਧੁਆ ਦਿੱਤੇ। ਭਾਈ ਸਾਬ ਕਹਿਣ ਲੱਗੇ ਕਿ ਉਹ ਮੇਰੀ ਕਿਰਤ ਸੀ, ਇਹ ਮੇਰੀ ਸੇਵਾ ਹੈ। ਕਿਰਤ ਵਿੱਚ ਮੇਰਾ ਨਿਯਮ ਹੈ ਕਿ ਮੈਂ ਇੱਕ ਪੈਸੇ ਦਾ ਵੀ ਉਧਾਰ ਨਹੀਂ ਕਰਦਾ। ਮੈਂ ਆਪਣੀ ਕਿਰਤ ਵਿਚ ਵੀ ਪੂਰਾ ਉਤਰਨ ਦਾ ਯਤਨ ਕਰਦਾ ਹਾਂ ਅਤੇ ਸੇਵਾ ਵਿਚ ਵੀ ਪੂਰਾ ਉਤਰਨ ਦਾ ਯਤਨ ਕਰਦਾ ਹਾਂ। ਇਹ ਸੁਣ ਕੇ ਸਿੱਖ ਦੇ ਮਨ ਵਿਚੋਂ ਭਾਈ ਸਾਬ ਪ੍ਰਤੀ ਗੁੱਸਾ ਖਤਮ ਹੋ ਗਿਆ।
ਰਾਤ ਨੂੰ ਭਾਈ ਸਾਬ ਨੇ ਸਿੱਖ ਨੂੰ ਸੌਣ ਲਈ ਕਮਰਾ ਦਿੱਤਾ ਤਾਂ ਸਿੱਖ ਨੂੰ ਇਹ ਵੇਖ ਕੇ ਬੜੀ ਹੈਰਾਨੀ ਹੋਈ ਕਿ ਉਸ ਕਮਰੇ ਵਿੱਚ ਇੱਕ ਪਾਸੇ ਓਹ ਫੱਟਾ ਪਿਆ ਸੀ ਜਿਸ ਉੱਤੇ ਮੁਰਦਿਆਂ ਨੂੰ ਲੈ ਕੇ ਜਾਂਦੇ ਨੇ। ਫੱਟੇ ਉੱਤੇ ਨਵਾਂ ਕੱਪੜਾ ਵਿਛਾ ਕੇ ਪੂਰੀ ਤਰਾਂ ਤਿਆਰ ਕੀਤਾ ਹੋਇਆ ਸੀ। ਸਿੱਖ ਨੂੰ ਇਹ ਸੋਚ ਕੇ ਨੀਂਦ ਨਹੀਂ ਸੀ ਆ ਰਹੀ ਕਿ ਇੱਕ ਪਾਸੇ ਘਰ ਵਿੱਚੋਂ ਬਰਾਤ ਜਾਣੀ ਹੈ ਅਤੇ ਦੂਜੇ ਪਾਸੇ ਘਰ ਵਿੱਚ ਮੁਰਦੇ ਨੂੰ ਲੈ ਕੇ ਜਾਣ ਵਾਲਾ ਫੱਟਾ ਸਜਾਇਆ ਹੋਇਆ ਪਿਆ ਹੈ। ਜਦ ਨੀਂਦ ਨਾ ਆਈ ਤਾਂ ਉਸ ਨੇ ਅੱਧੀ ਰਾਤ ਭਾਈ ਸਾਬ ਨੂੰ ਬੁਲਾਇਆ ਅਤੇ ਇਸ ਦਾ ਕਾਰਨ ਪੁੱਛਿਆ। ਭਾਈ ਭਿਖਾਰੀ ਜੀ ਕਹਿਣ ਲਗੇ ਕਿ ਸੁਖ ਦੁਖ ਦੋਵੇਂ ਜੁੜੇ ਹੋਏ ਹਨ। ਜਦੋਂ ਘਰ ਵਿੱਚ ਡੋਲੀ ਆਉਣੀ ਹੈ ਤਾਂ ਮੇਰੇ ਪੁੱਤਰ ਨੇ ਚੜ੍ਹਾਈ ਕਰ ਜਾਣਾ ਹੈ। ਉਸ ਵਕਤ ਫੱਟਾ ਤਿਆਰ ਕਰਨ ਦੀ ਭਾਜੜ ਪਵੇਗੀ ਇਸ ਲਈ ਮੈਂ ਪਹਿਲਾਂ ਹੀ ਫੱਟਾ ਤਿਆਰ ਕਰ ਲਿਆ ਹੈ। ਇਹ ਸੁਣ ਕੇ ਸਿੱਖ ਭਾਈ ਭਿਖਾਰੀ ਜੀ ਨੇ ਚਰਨਾਂ ‘ਤੇ ਡਿੱਗ ਪਿਆ ਅਤੇ ਕਹਿਣ ਲੱਗਾ ਕਿ ਭਾਈ ਸਾਬ ਤੁਸੀ ਧੰਨ ਹੋ ਜੋ ਹਰ ਤਰਾਂ ਦੀ ਅਵਸਥਾ ਵਿੱਚ ਇੱਕ ਹੀ ਹੋ। ਇਸ ਦੇ ਨਾਲ ਸਿੱਖ ਕਹਿਣ ਲੱਗਾ ਕਿ ਭਾਈ ਸਾਬ ਮੇਰੇ ਮਨ ਵਿੱਚ ਇੱਕ ਸ਼ੰਕਾ ਵੀ ਆ ਗਿਆ ਹੈ ਕਿਰਪਾ ਕਰਕੇ ਓਵੀ ਦੂਰ ਕਰ ਦਵੋ ਕਿ ਜੇ ਤੁਹਾਡੇ ਪੁੱਤਰ ਨੇ ਚੜ੍ਹਾਈ ਹੀ ਕਰ ਜਾਣਾ ਹੈ ਤਾਂ ਫਿਰ ਇਸ ਦਾ ਵਿਆਹ ਕਰਨ ਦੀ ਕੀ ਲੋੜ ਹੈ। ਕਿਸੇ ਧੀ ਨੂੰ ਬੇਵਾ ਕਰਨ ਦੀ ਕੀ ਜਰੂਰਤ ਹੈ। ਭਾਈ ਭਿਖਾਰੀ ਜੀ ਕਹਿਣ ਲੱਗੇ ਕਿ ਉਸ ਅਕਾਲ ਪੁਰਖ ਦੀ ਦਿੱਤੀ ਹੋਈ ਦ੍ਰਿਸ਼ਟੀ ਨਾਲ ਅਕਾਲ ਪੁਰਖ ਨੇ ਮੈਨੂੰ ਇਹੀ ਸਮਝ ਪਾਈ ਹੈ ਕਿ ਇਸ ਧੀ ਨੇ ਬੇਵਾ ਦਾ ਜੀਵਨ ਹੀ ਗੁਜਰਨਾ ਹੈ ਇਸ ਲਈ ਅਕਾਲ ਪੁਰਖ ਦੀ ਮਰਜੀ ਦੇ ਵਿਰੁੱਧ ਜਾਣਾ ਮੇਰੇ ਵੱਸ ਦਾ ਹੀ ਨਹੀਂ ਹੈ। ਜੋ ਉਸ ਪਰਮਾਤਮਾ ਨੇ ਕਰਨਾ ਹੈ ਓਹ ਹੋਣਾ ਹੀ ਹੈ। ਮੈਨੂੰ ਅਕਾਲ ਪੁਰਖ ਨੇ ਗਿਆਨ ਦਿੱਤਾ ਹੈ ਕਿ ਮੇਰੇ ਪੁੱਤਰ ਨੇ ਚੜ੍ਹਾਈ ਕਰ ਜਾਣਾ ਹੈ ਅਤੇ ਲੜਕੀ ਨੇ ਬੇਵਾ ਦੀ ਜਿੰਦਗੀ ਗੁਜਰਨਿਹੈ ਪਰ ਇਸ ਨੂੰ ਬਦਲਣਾ ਮੇਰੇ ਵੱਸ ਨਹੀਂ ਹੈ।
ਇਸ ਤਰਾਂ ਉਸ ਸਿੱਖ ਦਾ ਸ਼ੰਕਾ ਦੂਰ ਹੋਇਆ ਕਿ ਸੱਚਮੁੱਚ ਹੀ ਅਜਿਹੇ ਗੁਰੂ ਦੇ ਪਿਆਰੇ ਹੁੰਦੇ ਹਨ ਜੋ ਹਰ ਸਥਿਤੀ ਵਿੱਚ ਇੱਕ ਅਵਸਥਾ ਵਿੱਚ ਰਹਿੰਦੇ ਹਨ।
(ਰਣਜੀਤ ਸਿੰਘ ਮੋਹਲੇਕੇ)


Share On Whatsapp

Leave a Reply




top