31 ਮਾਰਚ ਦਾ ਇਤਿਹਾਸ – ਮਾਤਾ ਖੀਵੀ ਜੀ ਦਾ ਅਨੰਦ ਕਾਰਜ

31 ਮਾਰਚ 1522 ਨੂੰ ਮਾਤਾ ਖੀਵੀ ਜੀ ਦਾ ਅਨੰਦ ਕਾਰਜ ਗੁਰੂ ਅੰਗਦ ਦੇਵ ਜੀ ਨਾਲ ਹੋਇਆ ਸੀ । ਆਉ ਮਾਤਾ ਖੀਵੀ ਜੀ ਦੇ ਜੀਵਨ ਕਾਲ ਤੇ ਸੰਖੇਪ ਝਾਤ ਮਾਰੀਏ ਜੀ
ਮਾਤਾ ਖੀਵੀ ਜੀ ਦਾ ਜਨਮ ਸੰਨ 1506 ਈ: ਵਿੱਚ ਭਾਈ ਦੇਵੀ ਚੰਦ ਖੱਤਰੀ ਦੇ ਗ੍ਰਹਿ, ਮਾਤਾ ਕਰਮ ਦੇਵੀ ਦੀ ਕੁੱਖੋਂ ਹੋਇਆ। ਭਾਈ ਦੇਵੀ ਚੰਦ ਓਸ ਸਮੇਂ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਨੱਗਰ ਸੰਘਰ ਦੇ ਵਸਨੀਕ ਸਨ ਅਤੇ ਹੁਣ ਇਹ ਨੱਗਰ ਜ਼ਿਲ੍ਹਾ ਤਰਨਤਾਰਨ ਵਿੱਚ ਹੈ। ਭਾਈ ਦੇਵੀ ਚੰਦ ਇਕ ਦੁਕਾਨਦਾਰ ਸਨ ਅਤੇ ਛੋਟੇ ਪੱਧਰ ਉੱਤੇ ਸ਼ਾਹੂਕਾਰੇ ਦਾ ਕੰਮ ਵੀ ਕਰਦੇ ਸਨ। ਬਚਪਨ ਵਿੱਚ ਹੀ ਸਾਊ, ਮਿਠਬੋਲੜਾ ਅਤੇ ਮਸਤ ਸੁਭਾਅ ਹੋਣ ਕਰਕੇ ਮਾਤਾ-ਪਿਤਾ ਨੇ ਆਪਣੀ ਬੱਚੀ ਦਾ ਨਾਮ ਖੀਵੀ ਰੱਖਿਆ।
ਖੀਵੀ ਜੀ ਦੇ ਮਾਤਾ-ਪਿਤਾ ਧਾਰਮਿਕ ਬਿਰਤੀ ਵਾਲੇ ਵਿਅਕਤੀ ਸਨ ਅਤੇ ਦੇਵੀ ਦੇ ਪੁਜਾਰੀ ਸਨ।ਬਾਲ ਅਵਸਥਾ ਵਿੱਚ ਮਾਤਾ-ਪਿਤਾ ਦੇ ਧਾਰਮਿਕ ਜੀਵਨ ਦਾ ਪ੍ਰਭਾਵ ਬੀਬੀ ‘ਤੇ ਪੈਣਾ ਕੁਦਰਤੀ ਸੀ। ਇਸ ਤਰ੍ਹਾਂ ਬਾਲ ਅਵਸਥਾ ਵਿੱਚ ਹੀ ਬੀਬੀ ਖੀਵੀ ਜੀ ਨੇ ਸੰਤੋਖ, ਸੰਜਮ ਅਤੇ ਸੱਚ ਦੇ ਸ਼ੁਭ ਗੁਣ ਗ੍ਰਹਿਣ ਕਰ ਲਏ ਸਨ। ਬੀਬੀ ਖੀਵੀ ਜੀ ਦੁਕਾਨ ਉੱਤੇ ਆਪਣੇ ਪਿਤਾ ਨਾਲ ਕੰਮ ਵਿੱਚ ਹਥ ਵਟਾਂਦੇ ਸਨ ਅਤੇ ਘਰ-ਪਰਵਾਰ ਵਿੱਚ ਮਾਤਾ-ਪਿਤਾ ਦੁਆਰਾ ਪੂਜਾ ਕਰਨ ਸਮੇਂ ਨਿਤ ਉਨ੍ਹਾਂ ਪਾਸ ਬੈਠਦੇ ਸਨ।
ਬੀਬੀ ਵਿਰਾਈ ਜੀ (ਜਾਂ ਬੀਬੀ ਭਰਾਈ ਜੀ) ਖਡੂਰ ਸਾਹਿਬ ਦੇ ਵਸਨੀਕ ਸਨ ਅਤੇ ਗੁਰੂ ਨਾਨਕ ਦੇਵ ਜੀ ਦੇ ਸ਼ਰਧਾਲੂ ਸਨ। ਭਾਈ ਫੇਰੂ ਮੱਲ ਵੀ ਖਡੂਰ ਸਾਹਿਬ ਦੇ ਵਸਨੀਕ ਸਨ ਅਤੇ ਇਕ ਫਿਰੋਜ਼ਪੁਰ ਦੇ ਅਧਿਕਾਰੀ ਪਾਸ ਨੌਕਰੀ ਕਰਦੇ ਸਨ। ਬੀਬੀ ਵਿਰਾਈ ਜੀ ਦੇ ਭਾਈ ਫੇਰੂ ਮੱਲ ਨਾਲ ਨੇੜਲੇ ਸੰਬੰਧ ਸਨ ਅਤੇ ਭਾਈ ਦੇਵੀ ਚੰਦ ਦੇ ਪਰਵਾਰ ਦੇ ਵੀ ਨੇੜੇ ਤੋਂ ਭੂਆ ਜੀ ਸਨ।
ਓਸ ਸਮੇਂ ਦੀਆਂ ਰੀਤਾਂ ਅਨੁਸਾਰ, ਬੀਬੀ ਵਿਰਾਈ ਦੇ ਕਹਿਣ ਉੱਤੇ ਬੀਬੀ ਖੀਵੀ ਦਾ ਵਿਆਹ ਭਾਈ ਫੇਰੂ ਮੱਲ ਦੇ ਬੇਟੇ ਭਾਈ ਲਹਿਣਾ ਜੀ ਨਾਲ ਸੰਨ 1522 ਈ: ਵਿੱਚ ਹੋ ਗਿਆ। ਭਾਈ ਲਹਿਣਾ ਜੀ ਆਪਣੇ ਪਿਤਾ ਭਾਈ ਫੇਰੂ ਮੱਲ ਅਤੇ ਪਰਵਾਰ ਨਾਲ ਵੈਸ਼ਨੋ ਦੇਵੀ ਦੇ ਤੀਰਥ ਯਾਤਰਾ ਉੱਤੇ ਜਾਇਆ ਕਰਦੇ ਸਨ। ਇਸ ਤਰ੍ਹਾਂ ਦੋਹਾਂ ਪਰਵਾਰਾਂ ਵਿੱਚ ਸਮਾਜਿਕ ਸਾਂਝ ਦੇ ਨਾਲ-ਨਾਲ ਧਾਰਮਿਕ ਸਾਂਝ ਵੀ ਸੀ। ਇਸ ਸੋਚ, ਸੁਭਾਅ, ਸਮਾਜਿਕ ਅਤੇ ਧਾਰਮਿਕ ਸਾਂਝ ਦੇ ਕਾਰਨ ਇਹ ਨਵ-ਵਿਆਹੀ ਜੋੜੀ ਇਕਸਾਰਤਾ ਅਤੇ ਇਕਸੁਰਤਾ ਵਾਲੀ ਆਦਰਸ਼ਕ ਜੋੜੀ ਹੋ ਨਿੱਬੜੀ। ਦੋਹਾਂ ਨੇ ਆਪਣੀ ਨਿੱਜੀ ਹਉਮੈ ਸਮਾਪਤ ਕਰਕੇ ਆਪਣੀ ਹਸਤੀ ਇਕ-ਦੂਜੇ ਵਿੱਚ ਸਮੋ ਦਿੱਤੀ ਅਤੇ ਇਹ “ਏਕ ਜੋਤਿ ਦੁਇ ਮੂਰਤੀ” ਬਣ ਗਏ।
ਗ੍ਰਿਹਸਤੀ ਜੀਵਨ ਜਿਉਂਦਿਆਂ ਇਸ ਜੋੜੀ ਦੇ ਗ੍ਰਹਿ ਵਿਖੇ ਦੋ ਪੁੱਤਰਾਂ ਅਤੇ ਦੋ ਧੀਆਂ ਨੇ ਜਨਮ ਲਿਆ। ਵੱਡੇ ਪੁੱਤਰ ਦਾਸੂ ਜੀ ਦਾ ਜਨਮ 9 ਭਾਦਰੋਂ 1532 , ਬੀਬੀ ਅਨੋਖੀ ਜੀ ਦਾ ਜਨਮ 29 ਜੇਠ 1534 ਅਤੇ ਭਾਈ ਦਾਤੂ ਜੀ ਦਾ ਜਨਮ 1 ਵੈਸਾਖ 1537 ਨੂੰ ਅਤੇ ਬੀਬੀ ਅਮਰੋ ਜੀ ਦਾ ਜਨਮ 2 ਪੋਹ 1538 ਨੂੰ ਹੋਇਆ। ਦੋਹਾਂ ਜੀਆਂ ਨੇ ਆਪਣੇ ਗ੍ਰਿਹਸਤ ਦੀਆਂ ਜ਼ਿੰਮੇਂਵਾਰੀਆਂ ਚੰਗੀ ਤਰਾਂ ਨਿਭਾਉਂਦਿਆਂ ਹੋਇਆਂ ਬੱਚਿਆਂ ਦਾ ਵਧੀਆ ਤਰੀਕੇ ਨਾਲ ਪਾਲਣ-ਪੋਸ਼ਣ ਕੀਤਾ ਅਤੇ ਉਨ੍ਹਾਂ ਅੰਦਰ ਵੀ ਧਾਰਮਿਕ ਸੰਸਕਾਰ ਪੈਦਾ ਕੀਤੇ।
ਜਦੋਂ ਭਾਈ ਫੇਰੂ ਮੱਲ ਅਤੇ ਭਾਈ ਦੇਵੀ ਚੰਦ ਹਰ ਵਰ੍ਹੇ ਧਾਰਮਿਕ ਯਾਤਰਾ ਉੱਤੇ ਜਾਇਆ ਕਰਦੇ ਸਨ ਤਾਂ ਭਾਈ ਲਹਿਣਾ ਜੀ ਵੀ ਆਪਣੇ ਪਿਤਾ ਜੀ ਨਾਲ ਹੀ ਹੁੰਦੇ ਸਨ। ਭਾਈ ਫੇਰੂ ਮੱਲ ਜੀ ਦੇ ਅਕਾਲ ਚਲਾਣੇ ਮਗਰੋਂ ਭਾਈ ਲਹਿਣਾ ਜੀ ਨੇ ਆਪਣੇ ਪਿਤਾ ਦੀਆਂ ਸਾਰੀਆਂ ਜਿੰਮੇਵਾਰੀਆਂ ਸੰਭਾਲੀਆਂ। ਹੁਣ ਭਾਈ ਲਹਿਣਾ ਜੀ ਵੀ ਆਪਣੇ ਪਿਤਾ ਵਾਂਗ ਹੋਰ ਦਰਸ਼ਨ-ਅਭਿਲਾਖੀਆਂ ਨੂੰ ਨਾਲ ਲੈ ਕੇ ਤੀਰਥ ਯਾਤਰਾ ਉੱਤੇ ਜਾਣ ਲਗ ਪਏ। ਪਰੰਤੂ ਭਾਈ ਲਹਿਣਾ ਜੀ ਨੂੰ ਆਤਮਿਕ ਤ੍ਰਿਪਤੀ ਨਹੀਂ ਸੀ ਹੋ ਰਹੀ। ਭਾਈ ਲਹਿਣਾ ਜੀ ਆਤਮਿਕ ਤ੍ਰਿਪਤੀ ਦੀ ਭਾਲ ਵਿੱਚ ਹਮੇਸ਼ਾ ਹੀ ਆਸ਼ਾਵਾਦੀ ਅਤੇ ਤਾਂਘ ਵਿੱਚ ਰਹਿੰਦੇ ਸਨ। ਭਾਈ ਲਹਿਣਾ ਜੀ ਦੀ ਮਾਨਸਿਕ ਦਸ਼ਾ ਤੋਂ ਬੀਬੀ ਖੀਵੀ ਜੀ ਪੂਰੀ ਤਰ੍ਹਾਂ ਜਾਣੂ ਸਨ ਅਤੇ ਉਹ ਆਪ ਵੀ ਉਨ੍ਹਾਂ ਨਾਲ ਪੂਰੀ ਤਰ੍ਹਾਂ ਸਹਿਮਤ ਸਨ। ਅੰਤ ਉਹ ਸੁਭਾਗਾ ਦਿਹਾੜਾ ਵੀ ਆ ਗਿਆ ਜਦੋਂ ਭਾਈ ਲਹਿਣਾ ਜੀ, ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਕਰਤਾਰਪੁਰ ਚਲੇ ਗਏ। ਬਸ ਫਿਰ ਕੀ ਸੀ, ਪਹਿਲੀ ਮੁਲਾਕਾਤ ਵਿੱਚ ਹੀ ਭਾਈ ਲਹਿਣਾ ਜੀ ਨੂੰ ਆਪਣੀ ਮਨ ਬਾਂਛਤ ਵਸਤੂ, ਸੱਚ, ਸੰਤੋਖ, ਆਤਮਿਕ ਤ੍ਰਿਪਤੀ ਅਤੇ ਸ਼ਾਂਤੀ ਦੀ ਪ੍ਰਾਪਤੀ ਹੋ ਗਈ ਅਤੇ ਉਹ ਨਿਹਾਲ ਹੋ ਗਏ। ਹੁਣ ਤੋਂ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹੀ ਹੋ ਕੇ ਰਹਿ ਗਏ ਅਤੇ 7 ਸਾਲ ਗੁਰੂ ਜੀ ਦੀ ਸੰਗਤ ਕੀਤੀ।
ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖੁ ਰਸਿਕ ਬੈਰਾਗੀ॥ ਭਾਵ: ਇਸੇ ਜੀਵਨ ਦੇ ਪਹਿਲਾਂ ਬੀਤ ਚੁਕੇ ਸਮੇਂ ਵਿੱਚ ਕੀਤੇ ਕੰਮਾ ਕਾਰਾਂ ਅਤੇ ਉਨ੍ਹਾਂ ਅਨੁਸਾਰ ਬਣੀਆਂ ਆਦਤਾਂ ਅਤੇ ਅਪਨਾਈਆਂ ਕਦਰਾਂ ਕੀਮਤਾਂ ਅਨੁਸਾਰ…
ਮਿਟਿਓ ਅੰਧੇਰੁ ਮਿਲਤ ਹਰਿ ਨਾਨਕ ਜਨਮ ਜਨਮ ਕੀ ਸੋਈ ਜਾਗੀ॥ (ਪੰਨਾ 204)
ਕਰਤਾਰ ਪੁਰ ਤੋਂ, ਕਦੇ ਕਦੇ ਭਾਈ ਲਹਿਣਾ ਜੀ ਖਡੂਰ ਵਾਪਸ ਜਾਂਦੇ ਅਤੇ ਆਪਣੇ ਪਰਿਵਾਰ ਦੀ ਜਾਣਕਾਰੀ ਲੈਂਦੇ। ਇਸੇ ਤਰਾਂ, ਮਾਤਾ ਖੀਵੀ ਜੀ ਵੀ ਕਈ ਵਾਰ, ਭਾਈ ਲਹਿਣਾ ਜੀ ਨੂੰ ਮਿਲਨ ਲਈ ਕਰਤਾਰ ਪੁਰ ਜਾਂਦੇ ਅਤੇ ਗੁਰੂ ਨਾਨਕ ਦੇ ਦਰਬਾਰ ਵਿੱਚ ਜਾਕੇ ਗੁਰੂ ਜੀ ਦੇ ਵਿਚਾਰ ਅਤੇ ਪ੍ਰਚਾਰ ਨੂੰ ਸੁਣਦੇ, ਸਮਝਦੇ ਅਤੇ ਬੜੇ ਉਤਸ਼ਾਹਤ ਹੁੰਦੇ। ਇਥੇ ਮਾਤਾ ਖੀਵੀ ਜੀ ਨੇ ਦੇਖਿਆ ਕਿ ਗੁਰੂ ਨਾਨਕ ਦੇਵ ਜੀ ਤੀਂਵੀ ਨੂੰ ਬਹੁਤ ਸਤਿਕਾਰ ਬਖਸ਼ਦੇ ਹਨ ਅਤੇ ਤੀਂਵੀਆਂ ਨੂੰ ਘੁੰਡ ਕੱਢਣ ਤੋਂ ਬਗੈਰ ਸੰਗਤ ਵਿੱਚ ਆਉਣ ਲਈ ਪ੍ਰਚਾਰਦੇ ਸਨ। ਤੀਂਵੀ ਜਾਤੀ ਲਈ ਘੁੰਡ ਕਢਣ ਦੇ ਬਗੈਰ ਆਉਣਾ ਇਕ ਨਵੀਂ ਰੀਤ ਸੀ। ਸਮਾਜ ਲਈ ਸਦੀਆਂ ਪੁਰਾਨੀ ਤੀਂਵੀ ਦੀ ਘੁੰਢ ਕੱਢਕੇ ਸਮਾਜ ਵਿੱਚ ਵਿਚਰਨ ਦੀ ਰੀਤ ਨੂੰ ਬਦਲਨਾ ਇਕ ਬੜੀ ਅਚੰਬੇ ਦੀ ਗਲ ਸੀ। ਇਸੇ ਤਰਾਂ ਮਾਤਾ ਖੀਵੀ ਜੀ ਨੇ ਇਹ ਵੀ ਦੇਖਿਆ ਕਿ ਗੁਰੂ ਨਾਨਕ ਦੇਵ ਜੀ ਵਲੋਂ ਸੰਗਤਾਂ ਲਈ ਲੰਗਰ ਚਲ ਰਿਹਾ ਹੈ ਜਿਥੇ ਮਰਦ ਅਤੇ ਤੀਂਵੀਆਂ ਲੰਗਰ ਵਿੱਚ ਇਕੱਠੇ ਜ਼ੁਮੇਵਾਰੀ ਨਿਭਾ ਰਹੇ ਸਨ ਅਤੇ ਸੇਵਾ ਕਰ ਰਹੇ ਸਨ।
ਗੁਰੂ ਨਾਨਕ ਦੇਵ ਜੀ ਦੇ ਇਸ ਦੁਨੀਆਂ ਵਿੱਚ ਆਉਣ ਸਮੇਂ, ਲੋਕ ਸਮਾਜਕ ਤੌਰ ‘ਤੇ ਅਖੌਤੀ ਜਾਤ-ਪਾਤ, ਊਚ ਨੀਚ, ਛੂਤ ਆਦਿ ਦੀ ਵਰਨ-ਆਸ਼ਰਮ ਵੰਡ ਕਰਕੇ ਬੁਰੀ ਤਰਾਂ ਵੰਡੇ ਹੋਏ ਸਨ। ਧਾਰਿਮਕ ਤੌਰ ‘ਤੇ, ਸ਼ੂਦਰ ਅਤੇ ਨੀਵੀਆਂ ਜਾਤੀਆਂ ਨੂੰ ਮੰਦਰਾਂ ਵਿੱਚ ਜਾਣਾ ਅਤੇ ਰੱਬ ਦੀ ਪੂਜਾ ਕਰਨੀ ਮਨ੍ਹਾਂ ਸੀ। ਉਚ ਜਾਤੀ ਅਨੁਸਾਰ, ਅਖੌਤੀ ਸ਼ੂਦਰ ਅਤੇ ਨੀਵੀਆਂ ਜਾਤੀਆਂ ਨੂੰ ਰੱਬ ਦੀ ਪੂਜਾ ਕਰਨ ਦਾ ਕੋਈ ਹਕ ਨਹੀਂ ਸੀ।
ਤੀਵੀਂ ਭਾਵੇਂ ਅਖੌਤੀ ਉੱਚੀ ਜਾਤ ਦੇ ਪਰਿਵਾਰ ਵਿੱਚੋਂ ਹੋਵੇ ਜਾਂ ਅਖੌਤੀ ਨੀਵੀਂ ਜਾਤ ਦੀ ਹੋਵੇ, ਉਹ ਮੰਦਰਾਂ ਵਿੱਚ ਨਹੀਂ ਸੀ ਜਾ ਸਕਦੀ ਅਤੇ ਰੱਬ ਦੀ ਪੂਜਾ ਨਹੀਂ ਸੀ ਕਰ ਸਕਦੀ।
ਅਮੀਰ, ਸ਼ਾਹੂਕਾਰ ਅਤੇ ਜਾਗੀਰਦਾਰ ਲੋਕ ਗਰੀਬ ਲੋਕਾਂ ਨੂੰ ਹਰ ਤਰੀਕੇ ਨਾਲ ਤੰਗ ਕਰਦੇ ਅਤੇ ਲੁਟਦੇ ਸਨ। ਰਾਜਨੀਤਕ ਤੌਰ ‘ਤੇ ਗਰੀਬ ਅਤੇ ਅਖੌਤੀ ਨੀਵੀਂ ਜਾਤ ਨੂੰ ਕੋਈ ਇਨਸਾਫ ਨਹੀਂ ਸੀ ਮਿਲਦਾ। ਸਰਕਾਰੀ ਅਫਸਰ ਵੱਡੀ ਖੋਰ ਅਤੇ ਭ੍ਰਿਸ਼ਟ ਸਨ ਜੋ ਗਰੀਬਾਂ ਅਤੇ ਅਖੌਤੀ ਨੀਵੀਂ ਜਾਤ ਦੇ ਲੋਕਾਂ ਨੂੰ ਤੰਗ ਅਤੇ ਪ੍ਰੇਸ਼ਾਨ ਕਰਦੇ ਸਨ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਰਬਪੱਖੀ ਇਨਕਲਾਬੀ ਲਹਿਰ ਅਰੰਭੀ ਜਿਸ ਰਾਹੀਂ ਆਪ ਨੇ ਭਾਰਤ ਅਤੇ ਖਾਸ ਕਰਕੇ ਪੰਜਾਬ ਦੀ ਹਰ ਪੱਖੋਂ ਕਾਇਆ ਕਲਪ ਕਰ ਦਿੱਤੀ। ਹਰ ਖੇਤਰ ਵਿੱਚ ਅਸਚਰਜ ਕਰਨ ਵਾਲੇ ਕਾਰਨਾਮੇ ਕੀਤੇ ਅਤੇ ਕਿਸੇ ਵੀ ਸੋਚ ਤੋਂ ਪਰ੍ਹੇ ਦੀਆਂ ਤਬਦੀਲੀਆਂ ਲਿਆਂਦੀਆਂ। ਨਤੀਜੇ ਵਜੋਂ ਸਮਾਜਿਕ ਪਖੋਂ ਧਾਰਮਿਕ ਪਖੋਂ ਰਾਜਨੀਤਿਕ ਪਖੋਂ ਸਮਾਜਕ ਮਾਨਸਿਕਤਾ ਪਖੋਂ ਅਤੇ ਆਰਥਿਕ ਖੇਤਰ ਵਿੱਚ ਇਤਿਹਾਸ ਨੇ ਇਕ ਨਵਾਂ ਮੋੜ ਲਿਆਂਦਾ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੁਰਾਣੇ ਜਗੀਰਦਾਰੀ ਸਰਮਾਏਦਾਰੀ ਅਜਾਰੇਦਾਰੀ, ਪੂੰਜੀਪਤੀ ਸਿਸਟਮ ਨੂੰ ਅਤੇ ਕਰਮਕਾਂਡੀ ਪਾਖੰਡੀ, ਕਪਟੀ ਅਤੇ ਛਲੀ ਲੋਕਾਂ ਵਲੋਂ ਅਖੌਤੀ ਧਾਰਮਿਕ ਰਹੁਰੀਤੀਆਂ ਨੂੰ ਬਦਲਣ ਬਾਰੇ ਲੋਕਾਂ ਵਿੱਚ ਜਾਗ੍ਰਤੀ ਲਿਆਂਦੀ। ਐਸ਼ਪ੍ਰਸਤੀ ਵਿੱਚ ਗ੍ਰਸੇ ਹੋਏ ਜਗੀਰਦਾਰ ਅਤੇ ਅਖੌਤੀ ਉੱਚ ਜਾਤੀਆਂ ਦੇ ਲੋਕ, ਸਾਧਾਰਨ ਪਰਜਾ ਉਤੇ ਜ਼ੁਲਮ ਢਾਹੁਣ ਵਾਲੇ ਰਜਵਾੜੇ ਅਤੇ ਉਨ੍ਹਾਂ ਦੇ ਭ੍ਰਿਸ਼ਟ ਪ੍ਰਸ਼ਾਸਨ ਦੇ ਕਰਮਚਾਰੀ ਗਰੀਬ ਕਿਰਤੀਆਂ ਅਤੇ ਅਖੌਤੀ ਸ਼ੂਦਰਾਂ ਦੀਆਂ ਜਿੰਦਗੀਆਂ ਨਾਲ ਖਿਲਵਾੜ ਅਤੇ ਸ਼ੋਸ਼ਣ ਕਰ ਰਹੇ ਸਨ। ਸਮਾਜ ਦੇ ਠੇਕੇਦਾਰ ਤੀਵੀਂ ਜਾਤੀ ਨੂੰ ਉਸਦਾ ਬਣਦਾ ਸਨਮਾਨ ਦੇਣ ਤੋਂ ਇਨਕਾਰੀ ਸਨ। ਇਨ੍ਹਾਂ ਸਭ ਦੇ ਵਿਰੁਧ ਗੁਰੂ ਨਾਨਕ ਦੇਵ ਜੀ ਨੇ ਆਵਾਜ਼ ਉਠਾਈ ਅਤੇ ਦਸ ਜਾਮਿਆਂ ਵਿੱਚ ਇਨ੍ਹਾਂ ਸਭ ਪਹਿਲੂਆਂ ਵਿੱਚ ਸੁਧਾਰ ਲਿਆਂਦਾ। ਲੋਕ-ਮਾਰੂ, ਭਿ੍ਸ਼ਟ ਅਤੇ ਜ਼ੁਲਮੀ ਸਿਸਟਮ ਨੂੰ ਤਹਿਸ-ਨਹਿਸ ਕਰ ਕੇ “ਨਾਨਕ ਨਿਰਮਲ ਪੰਥ ਚਲਾਇਆ॥” ਅਨੁਸਾਰ ਇੱਕ ਨਵੇਂ ਸਮਾਜ ਦੀ ਨੀਂਹ ਰੱਖੀ ਜਿਸ ਰਾਹੀਂ ਹਰ ਮਨੁਖ ਨੂੰ ਬਰਾਬਰਤਾ ਅਤੇ ਸਮਾਜ ਵਿੱਚ ਪੂਰੇ ਹੱਕ ਲੈਣ ਲਈ ਜਾਗਰਤ ਅਤੇ ਉਤਸ਼ਾਹਤ ਕੀਤਾ।
ਗੁਰੂ ਜੀ ਨੇ ਸਾਰੀ ਮਨੁਖ ਜਾਤੀ ਦੀ ਹਰ ਪਖੋਂ ਪ੍ਰਫੁਲਤਾ ਦੇ ਇਸ ਸੰਘਰਸ਼ ਦੀ ਸਫਲਤਾ ਲਈ ਆਪਣਾ ਨਿੱਜੀ ਅਮਲੀ ਜੀਵਨ ਅਤੇ ਇਕ ਆਦਰਸ਼ਕ ਜੀਵਨ ਰੋਲ-ਮਾਡਲ ਦੇ ਤੌਰ ਉੱਤੇ ਸੰਸਾਰ ਸਾਹਮਣੇ ਪੇਸ਼ ਕੀਤਾ।
ਸੰਸਾਰ ਵਿੱਚ ਬਹੁਤ ਇਨਕਲਾਬ ਅਤੇ ਕ੍ਰਾਂਤੀਆਂ ਆਈਆਂ ਅਤੇ ਕਈ ਖੇਤਰਾਂ ਵਿੱਚ ਉਨ੍ਹਾਂ ਦੇ ਸਾਰਥਕ ਨਤੀਜੇ ਵੀ ਨਿਕਲੇ ਪਰੰਤੂ ਇਹ “ਸਿੱਖ ਕ੍ਰਾਂਤੀ” ਅਤੇ “ਸਿੱਖ ਇਨਕਲਾਬ” ਆਪਣੀ ਹੀ ਕਿਸਮ ਦਾ ਮੁਕੰਮਲ, ਨਿਰਾਲਾ ਅਤੇ ਨਿਵੇਕਲਾ ਸੀ ਜੋ ਸਾਰਥਕ ਸੀ।
ਇਸ ਕ੍ਰਾਂਤੀ ਵਿੱਚ ਹੋਰਨਾਂ ਪਹਿਲੂਆਂ ਦੇ ਨਾਲ-ਨਾਲ ਸਮੇਂ ਦੇ ਸਮਾਜ ਵਿੱਚ ਤੀਵੀਂ ਦੀ ਦੁਰਗਤੀ, ਅਪਮਾਨ, ਸ਼ੋਸ਼ਣ ਅਤੇ ਬੇਹੁਰਮਤੀ ਹੋ ਰਹੀ ਸੀ ਜਿਸ ਕਾਰਨ ਤੀਵੀਂ ਅਬਲਾ, ਨਿਮਾਣੀ, ਨਿਤਾਣੀ, ਪੈਰ ਦੀ ਜੁੱਤੀ ਅਤੇ ਕਲੰਕਣ ਗਰਦਾਨੀ ਗਈ ਸੀ।
ਭਾਰਤ ਵਿੱਚ ਪੱਥਰ ਦੀ ਮੂਰਤੀ ਬਣਾ ਕੇ ਦੇਵੀ ਦੀ ਪੂਜਾ ਤਾਂ ਕੀਤੀ ਜਾਂਦੀ ਸੀ ਜੋ ਅੱਜ ਵੀ ਜਾਰੀ ਹੈ ਪਰ ਹੱਡ-ਮਾਸ ਦੀ ਜਿਉਂਦੀ-ਜਾਗਦੀ ਔਰਤ ਨਾਲ ਘਿਰਣਾ ਅਤੇ ਦੁਰ-ਵਿਵਹਾਰ ਕੀਤਾ ਜਾਂਦਾ ਸੀ। ਦੇਵੀ ਦੇ ਰੂਪ ਵਿੱਚ ਨਾਰੀ ਸ਼ਕਤੀ ਨੂੰ ਪ੍ਰਵਾਨਿਆ ਤਾਂ ਜਾਂਦਾ ਸੀ ਪਰ ਉਸ ਦੀ ਜੀਵਤ ਹੋਂਦ-ਹਸਤੀ ਨੂੰ ਧਿਰਕਾਰਿਆ ਅਤੇ ਤ੍ਰਿਸਕਾਰਿਆ ਜਾਂਦਾ ਸੀ। ਇਹ ਸ਼ੋਸ਼ਨ, ਹਿੰਦੂ ਭਾਈਚਾਰੇ, ਸਿਖ ਭਾਈਚਾਰੇ ਅਤੇ ਮੁਸਲਮਾਨ ਭਾਈਚਾਰੇ ਵਿੱਚ ਅਜ ਵੀ ਜਾਰੀ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ “ਇਸਤਰੀ ਜਾਤੀ” ਦੇ ਸਨਮਾਨ, ਸਤਿਕਾਰ ਅਤੇ ਸਵੈਮਾਣ ਦੀ ਬਹਾਲੀ ਲਈ ਵੀ ਭਰਪੂਰ ਹੰਭਲਾ ਮਾਰਿਆ। ਗੁਰੂ ਨਾਨਕ ਦੇਵ ਜੀ ਨੇ ਠੋਸ ਦਲੀਲਾਂ ਦੇ ਕੇ ਔਰਤ ਨੂੰ ਜਗਤ-ਜਣਨੀ, ਸਮਾਜ ਦਾ ਧੁਰਾ ਅਤੇ ਸੰਸਾਰ ਦਾ ਕੇਂਦਰ-ਬਿੰਦੂ ਸਿੱਧ ਕੀਤਾ। ਇਹ ਸਭ ਕੁਝ ਇਸ ਲਈ ਕੀਤਾ ਤਾਂ ਜੋ ਗ੍ਰਿਹਸਤੀ ਸਮਾਜ ਦਾ ਸਹੀ ਸੰਤੁਲਨ ਕਾਇਮ ਕੀਤਾ ਜਾ ਸਕੇ, ਗ੍ਰਿਹਸਤ-ਸਮਾਜ ਖੁਸ਼ਹਾਲ ਹੋ ਸਕੇ, ਸਮਾਜ ਵਿੱਚ ਆਪਸੀ ਪਿਆਰ, ਸਤਿਕਾਰ, ਸਹਿਨਸ਼ੀਲਤਾ ਅਤੇ ਸਹਿਯੋਗ ਪੂਰੀ ਤਰ੍ਹਾਂ ਕਾਇਮ ਹੋ ਸਕੇ।
ਗੁਰਮਤਿ ਨੇ ਸੰਸਾਰ ਨੂੰ ਬਿਲਕੁਲ ਨਵਾਂ-ਨਿਰੋਆ, ਸ੍ਰੇਸ਼ਠ ਅਤੇ ਸਾਰਥਕ ਸਿਧਾਂਤ, ਸਿਸਟਮ, ਸ਼ਿਸ਼ਟਾਚਾਰ ਅਤੇ ਸਦਾਚਾਰ ਪ੍ਰਦਾਨ ਕੀਤਾ। ਇਹ ਸਹਿਹੋਂਦ ਅਤੇ ਸਹਿਨਸ਼ੀਲਤਾ ਦਾ ਸਿਧਾਂਤ ਸੀ ਜਿਸ ਦਾ ਆਧਾਰ ਕਿਰਤ ਕਰਨਾ, ਵੰਡ ਛਕਣਾ, ਸੇਵਾ, ਸਿਮਰਨ, ਪ੍ਰਭੂ ਗੁਣਾਂ ਦੇ ਧਾਰਨੀ ਬਣਨਾ, ਕਰਤੇ ਦੀ ਰਚਨਾ ਦਾ ਸਤਿਕਾਰ, ਪੰਗਤ ਅਤੇ ਸੰਗਤ ਸੀ। ਇਸ ਵਿੱਚ ਹੋਰਨਾਂ ਮਹੱਤਵਪੂਰਨ ਗਲਾਂ ਤੋਂ ਇਲਾਵਾ ਦਰਸ਼ਨ-ਇਸ਼ਨਾਨ ਦੀ ਸਾਂਝ, ਕਥਾ-ਕੀਰਤਨ ਅਤੇ ਪ੍ਰਭੂ ਗੁਣਾਂ ਅਨੁਸਾਰੀ ਜੀਵਨ ਜਿਊਣ ਦੀ ਸਾਂਝ ਅਤੇ ਬਗੈਰ ਊਚ-ਨੀਚ, ਛੂਤ, ਲਿੰਗ – ਪੁਲਿੰਗ ਦਾ ਵਿਤਕਰਾ ਰ੍ਖਣ ਦੇ ਖਾਣ-ਪੀਣ ਦੀ ਸਾਂਝ ਸਥਾਪਤ ਕੀਤੀ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਵਿੱਚ ਬੀਬੀਆਂ ਨੂੰ ਬਿਨਾਂ ਘੁੰਡ ਕੱਢੇ ਆਉਣ, ਸੇਵਾ ਕਰਨ ਅਤੇ ਗੁਰਬਾਣੀ-ਕੀਰਤਨ ਸੁਣਨ ਦੀ ਆਗਿਆ ਸੀ। ਕਰਤਾਰਪੁਰ ਦੀ ਇਹੋ ਕ੍ਰਾਂਤੀਕਾਰੀ ਰੀਤ ਮਾਤਾ ਖੀਵੀ ਜੀ ਨੇ ਖਡੂਰ ਸਾਹਿਬ ਦੀ ਧਰਤੀ ਉੱਤੇ ਪ੍ਰਚਲਤ ਕੀਤੀ। ਜਿਥੇ ਗੁਰੂ ਅੰਗਦ ਦੇਵ ਜੀ ਨੇ ਗੁ੍ਰੂ ਨਾਨਕ ਗਾਡੀ ਰਾਹ ਨੂੰ ਅਪਨਾ ਕੇ ਜਨਤਾ ਵਿੱਚ ਚੰਗੇ ਗੁਣਾਂ ਦੇ ਧਾਰਨੀ ਹੋਣ ਦੇ ਨਾਲ ਨਾਲ ਸਰੀਰਕ ਬਲ ਨੂੰ ਮੱਲ ਅਖਾੜੇ ਸਥਾਪਤ ਕਰਕੇ ਉਤਸ਼ਾਹਤ ਕੀਤਾ ਅਤੇ ਨਾਲ ਜੋੜਿਆ, ਉਥੇ ਮਾਤਾ ਖੀਵੀ ਜੀ ਨੇ ਤੀਵੀਂ ਜਾਤੀ ਨੂੰ ਬਿਨਾਂ ਘੁੰਡ ਕੱਢੇ ਆਉਣ, ਸੇਵਾ ਕਰਨ ਅਤੇ ਗੁਰਬਾਣੀ-ਕੀਰਤਨ ਸੁਣਨ ਲਈ ਉਤਸ਼ਾਹਤ ਕੀਤਾ ਜਿਸ ਕਰਕੇ, ਮਾਤਾ ਖੀਵੀ ਜੀ ਸਿੱਖ ਧਰਮ ਦੀ ਪਹਿਲੀ ਇਸਤਰੀ ਪ੍ਰਚਾਰਕ ਹੋਣ ਦਾ ਮਾਣ ਵੀ ਪ੍ਰਾਪਤ ਹੋਇਆ।
ਮਾਤਾ ਖੀਵੀ ਜੀ ਇਕ ਆਦਰਸ਼ਕ ਮਾਤਾ ਵੀ ਸੀ ਜਿਸ ਨੇ ਆਪਣੇ ਬੇਟਿਆਂ ਅਤੇ ਬੇਟੀਆਂ ਅੰਦਰ ਸੇਵਾ ਅਤੇ ਪ੍ਰਮਾਤਮਾਂ ਦੇ ਗੁਣਾਂ ਨੂੰ ਸੰਗਤ ਵਿਚੋਂ ਸਮਝਣ, ਸਿਖਣ ਅਤੇ ਆਪਣੇ ਜੀਵਨ ਵਿੱਚ ਅਪਨਾਉਣ ਲਈ ਬੁਹਤ ਪ੍ਰੇਰਤ ਕੀਤਾ। ਉਹ ਆਪਣੇ ਬੱਚਿਆਂ ਨਾਲ ਅਥਾਹ ਪਿਆਰ ਵੀ ਕਰਦੇ ਸਨ। ਮਾਤਾ ਖੀਵੀ ਜੀ ਆਪਣੀਆਂ ਬੇਟੀਆਂ ਨੂੰ ਆਪਣੇ ਪੁਤਰਾਂ ਦੀ ਤਰਾਂ ਹੀ ਪਿਆਰ ਕਰਦੇ ਸਨ। ਮਾਤਾ ਖੀਵੀ ਜੀ ਆਪਣੀਆਂ ਸਾਰੀਆਂ ਬਹੁਪੱਖੀ ਜ਼ਿੰਮੇਵਾਰੀਆਂ ਦੇ ਬਾਵਜੂਦ ਗੁਰੂ ਸਾਹਿਬ ਦੇ ਸੁਖ-ਅਰਾਮ ਦਾ ਵੀ ਪੂਰਾ ਧਿਆਨ ਰੱਖਦੇ ਸਨ। ਸੱਚਮੁੱਚ ਹੀ ਉਹ ਸਦਗੁਣਾਂ ਵਾਲੀ ਇਕ ਆਦਰਸ਼ਕ ਪਤਨੀ ਸਨ।
ਲੰਗਰ ਬਾਰੇ ਮਹਿਮਾ ਪ੍ਰਕਾਸ਼ ਦੇ ਕਰਤਾ ਬਾਵਾ ਸਰੂਪ ਦਾਸ ਭੱਲਾ:
ਸ੍ਰੀ ਗੁਰੂ ਅੰਗਦ ਦੇਵ ਜੀ ਜਿਥੇ ਆਪਣੇ ਪ੍ਰਵਚਨਾਂ ਦੁਆਰਾ ਗੁਰੂ ਦਰਬਾਰ ਵਿੱਚ ਆਉਣ ਵਾਲੇ ਜਗਿਆਸੂਆਂ ਨੂੰ ਆਤਮਕ ਗਿਆਨ ਦੇ ਭੋਜਨ ਦੁਆਰਾ ਤ੍ਰਿਪਤ ਕਰਕੇ ਉਨ੍ਹਾਂ ਦੇ ਮਨਾਂ ਦੀ ਭਟਕਣਾਂ ਨੂੰ ਦੂਰ ਕਰਦੇ ਸਨ, ਉਥੇ ਮਾਤਾ ਖੀਵੀ ਜੀ ਆਉਣ ਵਾਲੀਆਂ ਸੰਗਤਾਂ ਵਾਸਤੇ ਲੰਗਰ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਨੂੰ ਸੰਭਾਲਦੇ ਸਨ।
ਭਾਈ ਸੱਤਾ ਤੇ ਬਲਵੰਡ ਦੁਆਰਾ ਰਾਮਕਲੀ ਕੀ ਵਾਰ ਅੰਦਰ ਵਰਨਣ ਕੀਤਾ ਗਿਆ ਹੈ:
ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ॥ ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ॥ (ਪੰਨਾ 967)
ਸਹੁਰੇ-ਘਰ ਦੇ ਬਜ਼ੁਰਗ ਭਾਈ ਅਮਰਦਾਸ ਜੋ ਦੇਵੀ ਦੇ ਪੁਜਾਰੀ ਸਨ। ਜਦੋਂ ਉਹ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਵਿੱਚ ਆਏ ਤਾਂ ਉੱਥੋਂ ਦੀ ਸੋਭਾ, ਕਾਰਜ ਮਾਹੌਲ ਅਤੇ ਸਿਧਾਂਤ ਨੂੰ ਵੇਖ ਅਤੇ ਸਮਝ ਕੇ ਉੱਥੇ ਹੀ ਟਿਕ ਗਏ । ਭਾਵੇਂ ਉਹ ਰਿਸ਼ਤੇ ਵਿੱਚ ਗੁਰੂ ਅੰਗਦ ਦੇਵ ਜੀ ਦੇ ਕੁੜਮ ਸਨ ਪਰੰਤੂ ਉਨ੍ਹਾਂ ਨੇ ਜਦੋਂ ਇਹ ਵੇਖਿਆ ਕਿ ਗੁਰੂ-ਪਤਨੀ ਮਾਤਾ ਖੀਵੀ ਜੀ ਖ਼ੁਦ ਹੱਥੀਂ ਲੰਗਰ ਤਿਆਰ ਕਰ ਰਹੇ ਹਨ, ਵਰਤਾ ਰਹੇ ਹਨ ਅਤੇ ਜੂਠੇ ਬਰਤਨ ਮਾਂਜਣ ਦੀ ਸੇਵਾ ਨਿਝਿਜਕ ਹੋ ਕੇ ਪੂਰੀ ਸ਼ਰਧਾ ਨਾਲ ਕਰ ਰਹੇ ਹਨ ਤਾਂ ਉਨ੍ਹਾਂ ਨੇ ਵੀ ਲੰਗਰ ਵਿੱਚ ਬਰਤਨ ਮਾਂਜਣ ਅਤੇ ਪਾਣੀ ਲਿਆਉਣ ਦੀ ਸੇਵਾ ਅਰੰਭ ਦਿੱਤੀ। ਇਸੇ ਤਰ੍ਹਾਂ ਮਾਤਾ ਖੀਵੀ ਜੀ ਦਾ ਜੀਵਨ ਅਨੇਕਾਂ ਵਿਅਕਤੀਆਂ ਲਈ ਇਕ ਮਿਸਾਲ ਅਤੇ ਪ੍ਰੇਰਨਾ-ਸ੍ਰੋਤ ਬਣਿਆ ਅਤੇ ਲੋਕਾਂ ਅੰਦਰ ਨਿਸ਼ਕਾਮ ਸੇਵਾ ਕਰਨ ਦੀ ਭਾਵਨਾ ਜਾਗੀ।
ਜਦੋਂ ਮਾਤਾ ਖੀਵੀ ਜੀ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਪੁੱਤਰਾਂ, ਦਾਸੂ ਜੀ ਅਤੇ ਦਾਤੂ ਜੀ ਨੇ ਘੋੜੀ ਉੱਤੇ ਚੜ੍ਹ ਕੇ ਭਾਈ ਅਮਰਦਾਸ ਦਾ ਪਿੱਛਾ ਕੀਤਾ ਅਤੇ ਬਾਸਰਕੇ ਜਾ ਕੇ, ਉਨ੍ਹਾਂ ਨੂੰ ਘੇਰ ਲੈਣ ਦੀ ਗੱਲ ਸੁਣੀ ਤਾਂ ਮਾਤਾ ਖੀਵੀ ਜੀ ਆਪਣੇ ਦੋਹਾਂ ਪੁੱਤਰਾਂ ਨੂੰ ਨਾਲ ਲੈ ਕੇ ਉਨ੍ਹਾਂ ਪਾਸ ਗਏ ਤਾਂ ਭਾਈ ਅਮਰਦਾਸ ਨੇ ਮਾਤਾ ਖੀਵੀ ਜੀ ਨੂੰ ਬਾਸਰਕੇ ਵੇਖਕੇ ਕਿਹਾ ਕਿ ਤੁਸੀਂ ਕਿਉਂ ਖੇਚਲ ਕੀਤੀ, ਮੈਨੂੰ ਬੁਲਾ ਲੈਣਾ ਸੀ। ਨਿਮਰਤਾ ਦੇ ਪੁੰਜ ਮਾਤਾ ਖੀਵੀ ਜੀ ਨੇ ਕਿਹਾ, “ਗੁਰੂ ਨਾਨਕ ਦੇ ਘਰ ਦੀ ਦੌਲਤ ਹੀ ਗਰੀਬੀ ਹੈ, ਨਿਮਰਤਾ ਹੈ। ਮੈਂ ਦੋਵੇਂ ਬੱਚੇ ਲੈ ਕੇ ਆਈ ਹਾਂ। ਆਪ ਮਿਹਰ ਕਰੋ, ਖਿਮਾ ਕਰੋ ਅਤੇ ਭੁੱਲਣਹਾਰ ਜਾਣ ਕੇ ਅਤੇ ਆਪਣੇ ਬੱਚੇ ਸਮਝ ਕੇ ਬਖਸ਼ ਦਿਉ ਜੀ।” ਉਸ ਸਮੇਂ ਭਾਈ ਅਮਰਦਾਸ ਗੁਰੂ ਨਹੀਂ ਸਨ ਬਣੇ। ਜਦ ਭਾਈ ਅਮਰਦਾਸ ਜੀ ਨੇ ਕਿਹਾ ਕਿ ਬਖਸ਼ਣਹਾਰ ਤਾਂ ਗੁਰੂ ਅੰਗਦ ਦੇਵ ਜੀ ਹੀ ਹਨ ਤਾਂ ਮਾਤਾ ਖੀਵੀ ਜੀ ਨੇ ਕਿਹਾ, “ਮੈਨੂੰ ਪਤਾ ਹੈ ਕਿ ਇਹ ਅਪਰਾਧ ਬਖਸ਼ਣ ਯੋਗ ਨਹੀਂ। ਬੱਚਿਆਂ ਉੱਤੇ ਮਿਹਰ ਕਰ ਦਿਓ।” ਭਾਈ ਅਮਰ ਦਾਸ ਜੀ ਨੇ ਮਾਤਾ ਖੀਵੀ ਜੀ ਨੂੰ ਧੰਨ ਆਖ ਕੇ ਬੱਚਿਆਂ ਨੂੰ ਛਾਤੀ ਨਾਲ ਲਾ ਲਿਆ। ਅਜੋਕੀਆਂ ਮਾਤਾਵਾਂ ਲਈ ਇਹ ਇਕ ਬਹੁਤ ਹੀ ਸਾਰਥਕ ਅਤੇ ਉੱਤਮ ਉਪਦੇਸ਼ ਹੈ।
ਇਸ ਦਾ ਆਧਾਰ ਹੈ “ਸੇਵਾ-ਸਿਮਰਨ ਦੇ ਨਾਲ-ਨਾਲ ਸਹਿਜਤਾ, ਸਹਿਨਸ਼ੀਲਤਾ, ਸਾਂਝੀਵਾਲਤਾ, ਉਦਮ ਕਰਨਾ ਅਤੇ ਪਰਉਪਕਾਰੀ ਹੋਣਾ।” ਸਮਾਜਿਕ ਅਤੇ ਧਾਰਮਿਕ ਖੇਤਰ ਵਿੱਚ ਜਾਤ-ਪਾਤੀ ਸਿਸਟਮ ਅਤੇ ਧਰਮ ਵਿੱਚ ਊਚ-ਨੀਚ, ਜਾਤ-ਪਾਤ ਦੇ ਭੇਦ ਭਾਵ ਨੂੰ ਸਮਾਪਤ ਕਰਕੇ ਇਸ ਵਿੱਚ ਆਮ ਕਿਰਤੀ, ਅਖੌਤੀ ਸੂਦਰ ਅਤੇ ਅਛੂਤ ਸਮਝੇ ਜਾਂਦੇ ਅਖੌਤੀ ਨੀਵੇਂ ਲੋਕਾਂ ਨੂੰ ਅਤੇ ਪੈਰ ਦੀ ਜੁੱਤੀ ਸਮਝੀ ਜਾਂਦੀ ਔਰਤ ਨੂੰ ਬਰਾਬਰ ਦਾ ਸਥਾਨ, ਸਨਮਾਣ, ਸਤਿਕਾਰ ਅਤੇ ਸ੍ਰੇਸ਼ਟਤਾ ਪ੍ਰਦਾਨ ਕਰਾਉਣਾ ਅਤੇ “ਕਾਦਰ ਦੀ ਕੁਦਰਤ” ਵਿੱਚ ਬਰਾਬਰ ਦਾ ਸਾਂਝੀਵਾਲ ਬਣਾਉਣਾ ਸੀ। ਇਸ ਦਾ ਆਧਾਰ ਸਤਿਗੁਰਾਂ ਨੇ ਹੋਰਨਾਂ ਢੰਗ-ਤਰੀਕਿਆਂ ਦੇ ਨਾਲ-ਨਾਲ “ਸੰਗਤ ਅਤੇ ਪੰਗਤ” ਦੇ ਸੰਕਲਪ ਨੂੰ ਬਣਾਇਆ। ਸੰਗਤ ਵਿੱਚ ਸਭ ਇਸ ਤਰ੍ਹਾਂ ਸਿੱਖ ਗੁਰਦੁਆਰਾ ਸਾਹਿਬ ਦੀ ਸੰਸਥਾ ਨਿਆਸਰਿਆਂ ਦਾ ਆਸਰਾ, ਨਿਓਟਿਆਂ ਦੀ ਓਟ, ਲੋੜਵੰਦਾਂ ਲਈ ਲੰਗਰ, ਨਿਘਰਿਆ ਲਈ ਰੈਣ-ਬਸੇਰਾ, ਆਤਮ-ਅਭਿਲਾਖੀਆਂ ਲਈ ਸਿਮਰਨ ਦਾ ਸਥਾਨ, ਗਰੀਬਾਂ ਅਤੇ ਅਨਾਥਾਂ ਲਈ ਸਹਾਇਤਾ ਦਾ ਕੇਂਦਰ, ਮਰੀਜ਼ਾਂ, ਬੀਮਾਰਾਂ ਅਤੇ ਲਾਚਾਰਾਂ ਅਤੇ ਲੋੜਵੰਦਾਂ ਲਈ ਦਵਾ-ਦਾਰੂ (ਚਕਿਤਸਾ) ਦਾ ਪ੍ਰਬੰਧ ਆਦਿ ਬਣ ਗਿਆ। ਸੱਚਮੁਚ ਹੀ ਗੁਰਦੁਆਰਾ ਸਾਹਿਬ ਸਰਬ-ਸਾਂਝੇ ਰੱਬ ਦਾ ਸਰਬ-ਸਾਂਝਾ ਪਵਿੱਤਰ ਸਥਾਨ ਬਣ ਗਿਆ। ਇਸ ਵਿੱਚੋਂ “ਸਰਬਸਾਂਝੀ ਗੁਰਬਾਣੀ” ਅਤੇ ਗੁਰਮਤਿ ਸੰਗੀਤ ਰਾਹੀਂ ਤਪਦੇ ਹਿਰਦਿਆਂ ਨੂੰ ਠਾਰਦਾ ਬਾਣੀ ਰੂਪੀ ਅੰਮ੍ਰਿਤ ਵਰਸਾਇਆ ਹੈ। ਗੁਰਦੁਆਰਾ ਸਾਹਿਬ ਦਾ ਪਵਿੱਤਰ ਉਪਦੇਸ਼ ਸਾਰੀਆਂ ਧਾਰਮਿਕ, ਰਾਜਨੀਤਿਕ, ਸਮਾਜਿਕ, ਊਚ-ਨੀਚ, ਜਾਤ-ਪਾਤੀ, ਰਾਣਾ ਅਤੇ ਰੰਕ, ਗਰੀਬ-ਅਮੀਰ, ਪੜ੍ਹਿਆ-ਅਣਪੜ੍ਹਿਆ ਦੀਆਂ ਸਭ ਵੱਲਗਣਾਂ ਨੂੰ ਟੱਪ ਕੇ, ਸਰ ਕਰ ਕੇ, ਸਰਬ-ਲੋਕਾਈ ਲਈ ਇਕ ਸਮਾਨ ਹੋ ਗਿਆ। ਗੁਰਮਤਿ ਦੇ ਧਾਰਨੀ ਲਈ ਸਤ, ਸੰਤੋਖ, ਦਇਆ, ਖਿਮਾ ਆਦਿ ਉਸ ਦੇ ਗਹਿਣੇ ਹਨ ਜਿਨ੍ਹਾਂ ਨੂੰ ਧਾਰਨ ਕਰ ਕੇ ਉਹ ਆਦਰਸ਼ਕ ਜੀਵ ਹੋ ਜਾਂਦਾ ਹੈ। ਗੁਰ ਦਰਬਾਰ ਵਿੱਚ ਪ੍ਰਵਾਨ ਚੜ੍ਹਦਾ ਹੈ। ਇਸੇ ਕਰਕੇ ਉਨ੍ਹਾਂ ਨੇ ਲੋਕਾਈ ਸਾਹਮਣੇ ਆਪਣੇ ਆਦਰਸ਼ਕ ਜੀਵਨ ਦੁਆਰਾ “ਮਿਸਾਲੀ ਅਤੇ ਮਿਆਰੀ ਜੀਵਨ ਜੁਗਤ” ਪੇਸ਼ ਕੀਤੀ। ਇਹ ਜੀਵਨ-ਜੁਗਤ, “ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ॥ ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ॥” ਉੱਤੇ ਅਧਾਰਿਤ ਹੈ।
ਇੱਕੋ ਸਮੇਂ ਇੱਕੋ ਸਥਾਨ (ਸਤਿਸੰਗਤ ਵਿਚ) ਇਕਸਾਰ ਸ਼ਬਦ ਦੀ ਦੌਲਤ ਦਾ ਲੰਗਰ ਵੰਡਿਆ ਜਾਂਦਾ ਹੈ ਅਤੇ ਸ਼ਬਦ-ਕੀਰਤਨ, ਕਥਾ, ਪਾਠ ਅਤੇ ਅਰਦਾਸ ਕੋਈ ਵੀ ਕਰ ਸਕਦਾ ਹੈ। ਇਸ ਉੱਤੇ ਕਿਸੇ ਵਿਅਕਤੀ ਵਿਸ਼ੇਸ਼ ਜਾਂ ਵਿਸ਼ੇਸ਼ ਜਾਤੀ ਦਾ ਅਧਿਕਾਰ ਨਹੀਂ ਹੈ। ਇੱਥੇ ਤਾਂ ” ਸਤਸੰਗਤਿ ਕੈਸੀ ਜਾਣੀਐ॥ ਜਿਥੈ ਏਕੋ ਨਾਮੁ ਵਖਾਣੀਐ॥” ਹੀ ਹੈ। ਇੱਥੇ ਤਾਂ ਜੀਵਨ ਦੇ ਹਰਿ ਪਹਿਲੂ ਵਿੱਚ ਸੱਚ ਦਾ ਹੀ ਵਰਤਾਰਾ ਹੈ। ਖਾਣ, ਪੀਣ, ਪਹਿਨਣ, ਉਠਣ, ਬੈਠਣ, ਸੋਚਣ ਆਦਿ, ਭਾਵ ਹਰ ਸਮੇਂ ਸੱਚ ਨੂੰ ਹੀ ਪਰਨਾਏ ਰਹਿਣਾ ਹੈ।
ਜਿਥੇ ਗੁਰੂ ਅੰਗਦ ਦੇਵ ਜੀ, ਸੰਗਤ ਦਾ ਦਰਬਾਰ ਲਾਉਂਦੇ, ਬੱਚਿਆਂ ਅਤੇ ਵਡਿਆਂ ਨੂੰ ਗੁਰਮੁਖੀ ਲਿਪੀ ਵਿੱਚ ਕਿਤਾਬਾਂ ਲਿਖ ਕੇ ਦੇਂਦੇ ਅਤੇ ਪੰਜਾਬੀ ਪੜ੍ਹਨੀ ਸਿਖਾਂਦੇ, ਸਰੀਰਕ ਬਲਵਾਨਤਾ ਲਈ ਮੱਲ ਅਖਾੜੇ ਲਾਉਂਦੇ, ਉਥੇ ਮਾਤਾ ਖੀਵੀ ਜੀ ਸੰਗਤ ਨੂੰ ਨਾਲ ਲੈਕੇ ਲੰਗਰ ਦੀ ਸੇਵਾ ਵਿੱਚ ਰੁੱਝੇ ਰਹਿੰਦੇ। ਇਸ ਤਰਾਂ ਸੰਗਤ ਵਿੱਚ ਤੀਂਵੀ ਦਾ ਮਾਨ, ਸਨਮਾਨ ਅਤੇ ਬਰਾਬਰਤਾ ਲਈ ਅਤੇ ਗੁਰਬਾਣੀ ਦੇ ਪ੍ਰਚਾਰ ਨੂੰ ਬੜਾ ਬੱਲ ਬਖਸ਼ਿਆ।
ਸਮਾਜ ਦੀ ਉਚਾਈ ਮਾਪਣ ਦਾ ਸਹੀ ਪੈਮਾਨਾ ਇਸਤਰੀ ਨੂੰ ਦਿੱਤਾ ਜਾਂਦਾ ਦਰਜਾ ਹੈ।ਬਹੁਤ ਸਾਰੇ ਧਰਮਾਂ ਵਿਚ ਇਸਤਰੀਆਂ ਨਾਲ ਵਿਤਕਰੇ ਕੀਤੇ ਜਾਂਦੇ ਰਹੇ ਹਨ। ਉਨ੍ਹਾਂ ਨੂੰ ਹਮੇਸ਼ਾ ਆਪਣੀ ਗੋਲੀ,ਪੈਰ ਦੀ ਜੁੱਤੀ ਸਮਝ ਕੇ ਰੱਖਿਆ ਜਾਂਦਾ ਰਿਹਾ ਹੈ।ਪਰੰਤੂ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਜੀ ਨੇ ਇਸਤਰੀਆਂ ਨੂੰ ਮਰਦਾਂ ਬਰਾਬਰ ਸਤਿਕਾਰ ਦਿੱਤਾ ਹੈ।ਸਮਾਜ ਵਿਚ ਇਸਤਰੀਆਂ ਨਾਲ ਸੰਬੰਧਤ ਅਜਿਹੀਆਂ ਪ੍ਰਥਾਵਾਂ ਦਾ ਖੰਡਨ ਕੀਤਾ ਹੈ ਜਿਹੜੀਆਂ ਕਿ ਇਸਤਰੀ ਨੂੰ ਗੁਲਾਮ ਕਰਦੀਆਂ ਰਹੀਆਂ ਹਨ। ਗੁਰੂ ਸਹਿਬਾਨ ਦੇ ਨਾਲ ਨਾਲ ਗੁਰੂ ਮਹਿਲਾਂ ਦੀ ਵੀ ਨਿਵੇਕਲੀ ਦੇਣ ਰਹੀ ਹੈ।ਗੁਰੂ ਅੰਗਦ ਸਾਹਿਬ ਜੀ ਸਮੇਂ ਉਨ੍ਹਾਂ ਦੇ ਸੁਪਤਨੀ ਮਾਤਾ ਖੀਵੀ ਜੀ ਨੇ ਬਿਨਾਂ ਕਿਸੇ ਭੇਦ ਭਾਵ,ਊਚ ਨੀਚ ਦੇ ਵਿਤਕਰੇ ਤੋਂ ਸੇਵਾ ਕੀਤੀ।ਮਾਤਾ ਖੀਵੀ ਜੀ ਅਜਿਹੇ ਪਹਿਲੇ ਸਿੱਖ ਇਸਤਰੀ ਹਨ ਜਿਨ੍ਹਾਂ ਦਾ ਜਿਕਰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਉਂਦਾ ਹੈ।
ਮਾਤਾ ਖੀਵੀ ਦਾ ਜੀ ਜਨਮ ਖਡੂਰ ਦੇ ਨੇੜੇ ਸੰਘਰ ਪਿੰਡ ਵਿਖੇ ਭਾਈ ਦੇਵੀ ਚੰਦ ਖੱਤਰੀ ਦੇ ਘਰ ਹੋਇਆ। ਦੇਵੀ ਚੰਦ ਜੀ ਇਕ ਵੱਡੇ ਹਟਵਾਣੀਏ ਤੇ ਸ਼ਾਹੂਕਾਰ ਸਨ। ਮਾਈ ਵੀਰਾਈ , ਜਿਹੜੇ ਕਿ ਚੌਧਰੀ ਤੱਖਤ ਮੱਲ, ਮੱਤੇ ਦੀ ਸਰਾਂ ਵਾਲਿਆਂ ਦੀ ਸਪੁੱਤਰੀ ਸਨ, ਨੇ ਖੀਵੀ ਜੀ ਦਾ ਰਿਸ਼ਤਾ ਭਾਈ ਲਹਿਣਾ ਜੀ ਨਾਲ ਪੱਕਾ ਕਰਾ ਦਿੱਤਾ। ਮਹਾਨਕੋਸ਼ ਦੇ ਅਨੁਸਾਰ ਮਾਤਾ ਖੀਵੀ ਜੀ ਦਾ ਵਿਆਹ ਸੰਨ 1519ਈ: ਵਿਚ ਹੋਇਆ। ਕੁਝ ਕਾਰਨਾਂ ਕਰਕੇ ਚੌਧਰੀ ਤੱਖ਼ਤ ਮੱਲ ਨੇ ਭਾਈ ਲਹਿਣਾ ਜੀ ਦੇ ਪਿਤਾ ਬਾਬਾ ਫੇਰੂ ਜੀ ਨੂੰ ਨੌਕਰੀ ਤੋਂ ਵੱਖਰਾ ਕਰ ਦਿੱਤਾ।ਭਾਈ ਦੇਵੀ ਚੰਦ ਜੀ ਬਾਬਾ ਫੇਰੂ ਤੇ ਭਾਈ ਲਹਿਣਾ ਜੀ ਨੂੰ ਸੰਘਰ ਵਿਖੇ ਹੀ ਲੈ ਆਏ। ਬਾਬਾ ਫੇਰੂ ਜੀ ਨੇ ਹਰੀਕੇ ਪੱਤਣ ਦੁਕਾਨ ਪਾ ਲਈ ।ਛੇਤੀ ਹੀ ਆਪ ਜੀ ਖਡੂਰ ਮੁੜ ਆਏ ਤੇ ਸ਼ਾਹੂਕਾਰਾ ਕਰਨ ਲੱਗੇ ਅਤੇ ਨਾਲ ਦੁਕਾਨ ਵੀ ਰੱਖੀ। 1526 ਈ: ਨੂੰ ਬਾਬਾ ਫੇਰੂ ਜੀ ਚੜਾਈ ਕਰ ਗਏ ।ਉਨ੍ਹਾਂ ਦੇ ਜਾਣ ਤੋਂ ਬਾਅਦ ਸਾਰਾ ਕੰਮ-ਕਾਜ ਭਾਈ ਲਹਿਣਾ ਜੀ ਨੇ ਸੰਭਾਲ ਲਿਆ। ਬਾਬਾ ਫੇਰੂ ਜੀ ਨਾ ਸਿਰਫ਼ ਦੇਵੀ ਭਗਤ ਸਨ, ਸਗੋਂ ਹਰ ਸਾਲ ਪਹਾੜਾਂ ਵਾਲੀ ਦੇਵੀ ਦੇ ਦਰਸ਼ਨ ਨੂੰ ਜੱਥਾ ਵੀ ਲੈ ਜਾਂਦੇ ਸਨ ਅਤੇ ਉਸ ਸੰਗ ਦੇ ਜਥੇਦਾਰ ਵੀ ਸਨ। ਪਿਤਾ ਜੀ ਚਲ੍ਹਾਣੇ ਤੋਂ ਬਾਅਦ ਜਿੱਥੇ ਘਰ ਦੀ ਜ਼ਿੰਮੇਵਾਰੀ ਉਹਨਾਂ ਉੱਤੇ ਪਈ, ਉਥੇ ਸੰਗ ਨੂੰ ਲੈ ਜਾਣ ਦੀ ਜਥੇਦਾਰੀ ਵੀ ਉਨ੍ਹਾਂ ਸਿਰ ਆਈ। ਭਾਈ ਲਹਿਣਾ ਜੀ ਕਈ ਸਾਲ ਉਸ ਜ਼ਿੰਮੇਵਾਰੀ ਨੂੰ ਨਿਭਾਉਂਦੇ ਰਹੇ। ਇਕ ਵਾਰੀ ਖਡੂਰ ਸਾਹਿਬ ਵਿਖੇ ਹੀ ਭਾਈ ਜੋਧ ਜੀ ਦੇ ਮੂੰਹੋਂ ਗੁਰੂ ਨਾਨਕ ਜੀ ਦੀ ਬਾਣੀ ਸੁਣ ਕੇ ਕਰਤਾਰਪੁਰ ਜਾਣ ਦੀ ਵਿਚਾਰ ਬਣਾਈ।ਸੰਗ ਦੇ ਸਾਥੀਆਂ ਨੂੰ ਰਾਹ ਵਿਚ ਛੱਡ ਕੇ ਕਰਤਾਰਪੁਰ ਆਏ ਤੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰ ਕੇ ਉਥੇ ਹੀ ਟਿਕਣ ਦਾ ਮਨ ਬਣਾ ਲਿਆ। ਭਾਈ ਦਾਸੂ ਜੀ ਤੇ ਬੀਬੀ ਅਮਰੋ ਜੀ ਦਾ ਜਨਮ ਹੋ ਚੁੱਕਿਆ ਸੀ। ਜਦੋਂ ਜੱਥਾ ਜੰਮੂ ਤੋਂ ਪਹਾੜ ਵਾਲੀ ਦੇਵੀ ਦੇ ਦਰਸ਼ਨ ਕਰ ਖਡੂਰ ਮੁੜ ਆਇਆ ਤਾਂ ਆ ਕੇ ਕਿਸੇ ਨੇ ਮਾਤਾ ਖੀਵੀ ਜੀ ਨੂੰ ਕਿਹਾ ‘ਤੇਰਾ ਪਤੀ, ਤੇਰਾ ਸਾਥ ਛੱਡ ਕੇ ਕਰਤਾਰਪੁਰ ਦਾ ਹੋ ਗਿਆ। ਠੰਢੇ ਸੁਭਾਓ ਦੀ ਮੂਰਤ ਖੀਵੀ ਅਡੋਲ ਰਹੀ।ਜਦੋਂ ਸਾਰਿਆਂ ਲਾ-ਲਾ ਕੇ ਗੱਲਾਂ ਕੀਤੀਆਂ ਤੇ ਕਿਹਾ, “ਲਹਿਣਾ` (ਜੀ) ਕਰਤਾਰਪੁਰ ਹੀ ਨਾਨਕ ਦੇ ਪਾਸ ਰਹਿ ਪਿਆ, ਸੰਗ ਨੂੰ ਜਵਾਬ ਦੇ ਦਿੱਤਾ। ਆਪ ਸਾਧ ਹੋ ਕੇ ਬੈਠ ਗਿਆ ਤੇ ਤਪੇ (ਗੁਰੂ ਨਾਨਕ ਜੀ) ਦੇ ਦੁਆਰੇ ਹੀ ਧੂਣੀ ਰਮਾ ਲਈ ਹੈ। ਮਾਤਾ ਖੀਵੀ ਜੀ ਨੇ ਸਿਰਫ਼ ਇਹ ਹੀ ਆਖਿਆ ਜਿਥੇ ਉਹ ਜਿਸ ਹਾਲ ‘ਚ ਮੈਨੂੰ ਰੱਖੇਗਾ, ਉਸ ਹਾਲ ‘ਚ ਹੀ ਰਹਾਂਗੀ।’ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਕਰਤਾਰਪੁਰ ਤੋਂ ਘਰ ਖਡੂਰ ਦੀ ਸਾਰ ਲੈਣ ਲਈ ਭਾਈ ਲਹਿਣਾ ਜੀ ਨੂੰ ਭੇਜਿਆ ਤਾਂ ਮਾਤਾ ਖੀਵੀ ਜੀ ਨੇ ਸਾਫ਼ ਦੇਖ ਲਿਆ ਕਿ ਉਹਨਾਂ ਦਾ ਦਿਲ ਘਰ ਦੇ ਕੰਮਾਂ ਵਿਚ ਨਹੀਂ ਲੱਗਦਾ ਤੇ ਦੁਕਾਨ ਦਾ ਸਾਰਾ ਕੰਮ ਵੀ ਆਪਣੇ ਭਣੇਵੇਂ ਨੂੰ ਸੌਂਪ ਰਹੇ ਹਨ ਤੇ ਆਪ ਜੀ ਨੇ ਸਿਰਫ ਇਨ੍ਹਾਂ ਹੀ ਕਿਹਾ “ਬਾਹਰ ਨਾ ਜਾਓ, ਘਰ ਰਹਿ ਜੋਗ ਕਮਾਓ, ਜਿਵੇਂ ਤੁਸੀਂ ਆਖੋਗੇ ਮੈ ਉਸੇ ਤਰ੍ਹਾਂ ਹੀ ਤੁਰਾਂਗੀ,ਤੁਹਾਡੇ ਤਪ ਵਿੱਚ ਮੈ ਕਦੇ ਰੋੜਾ ਨਹੀਂ ਬਣਦੀ। ਉਸ ਸਮੇਂ ਭਾਈ ਲਹਿਣਾ ਜੀ ਨੇ ਕਿਹਾ ‘ਜਿਸ ਕੋਲ ਮੈਂ ਚਲਿਆ ਹਾਂ, ਉਹ ਜੋਗੀ, ਜੰਗਮ, ਸੰਨਿਆਸੀ ਸਰੇਵੜਾ ਨਹੀਂ, ਉਸ ਨੇ ਗ੍ਰਹਿਸਤ ਵਿੱਚ ਉਦਾਸੀ ਦਾ ਰਾਹ ਦਿਖਾਇਆ ਹੈ।’
ਮਾਤਾ ਜੀ ਨੇ ਕਿਸੇ ਪ੍ਰਕਾਰ ਤੋਂ ਨਾ ਰੋਕਿਆ। ਬੱਚੇ ਭਾਵੇਂ ਬਹੁਤ ਛੋਟੇ ਸਨ ਪਰ ਉਨ੍ਹਾਂ ਦਾ ਸਾਰਾ ਭਾਰ ਮਾਤਾ ਜੀ ਨੇ ਆਪਣੇ ਸਿਰ ਉੱਤੇ ਚੁੱਕ ਲਿਆ। ਉਸ ਸਮੇਂ ਮਾਤਾ ਖੀਵੀ ਜੀ ਦੀ ਇਹ ਕੁਰਬਾਨੀ ਕੋਈ ਘੱਟ ਨਹੀਂ ਸੀ।ਮਾਤਾ ਖੀਵੀ ਜੀ ਨੂੰ ਉਸ ਸਮੇਂ ਇਹ ਨਹੀਂ ਸੀ ਪਤਾ ਕਿ ‘ਦੀਨ-ਦੁਨੀ’ ਦਾ ਛਤਰ ਉਸੇ ਦੇ ਪਤੀ ਉੱਤੇ ਝੂਲਣਾ ਹੈ।ਭਾਈ ਲਹਿਣਾ ਜੀ ਨੂੰ ਗੁਰੂ ਨਾਨਕ ਜੀ ਕੋਲ ਖੁਸ਼ੀ ਨਾਲ ਭੇਜਦੇ ਸਨ। ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਜੀ ਦੀ ਹਰ ਪ੍ਰੀਖਿਆ ਵਿਚੋਂ ਖਰੇ ਉਤਰੇ।ਗੁਰੂ ਪਦਵੀ ਸੌਂਪ ਗੁਰੂ ਨਾਨਕ ਸਾਹਿਬ ਜੀ ਨੇ ਲਹਿਣੇ ਤੋਂ ਗੁਰੂ ਅੰਗਦ ਬਣਾ ਦਿੱਤਾ।ਸ਼ਬਦ ਦੀ ਦਾਤ ਲੈ ਕੇ ਗੁਰੂ ਅੰਗਦ ਸਾਹਿਬ ਜੀ ਖਡੂਰ ਮੁੜ ਆਏ।
ਮਾਤਾ ਜੀ ਦਾ ਸੁਭਾਅ ਵੀ ਬਹੁਤ ਮਿੱਠਾ ਸੀ। ਖਡੂਰ ਸਾਹਿਬ ਪਰਿਵਾਰ ਵਿਚ ਰਹਿੰਦਿਆਂ ਕਦੇ ਕਿਸੇ ਨਾਲ ਗੁੱਸਾ ਗਿਲਾ ਨਹੀਂ ਕੀਤਾ, ਸਗੋਂ ਮਿੱਠਾ ਬੋਲ ਕੇ ਸਭ ਨੂੰ ਆਪਣੇ ਵਲ ਕਰ ਲੈਂਦੇ। ਕਿਸੇ ਦੀ ਹਿੰਮਤ ਨਾ ਹੁੰਦੀ ਕਿ ਉਨ੍ਹਾਂ ਦੇ ਸੁਭਾਅ ਅੱਗੇ ਕੋਈ ਬੋਲ ਸਕੇ। ਮਾਤਾ ਖੀਵੀ ਜੀ ਆਪਣੀ ਦੋਹਰੀ ਜ਼ਿੰਮੇਵਾਰੀ ਨੂੰ ਬੜੇ ਵਧੀਆ ਢੰਗ ਨਾਲ ਨਿਭਾ ਰਹੇ ਸਨ। ਗੁਰੂ ਅੰਗਦ ਦੇਵ ਜੀ ਨੂੰ ਭੇਟ ਕੀਤੀ ਮਾਇਆ ਆਪਣੇ ਨਿੱਜੀ ਪਰਿਵਾਰ ਨੂੰ ਕਦੇ ਵਰਤਣ ਨਾ ਦਿੱਤੀ। ਮਾਤਾ ਖੀਵੀ ਜੀ ਆਪ ਘਰੋਂ ਅਣ-ਚੋਪੜੀ ਰੋਟੀ ਪਕਾ ਕੇ ਲਿਆਉਂਦੇ ਤੇ ਪੁੱਤਰਾਂ ਨੂੰ ਆਪਣੀ ਦੁਕਾਨ ਸਾਂਭਣ ਲਈ ਕਿਹਾ ਕਰਦੇ।
ਭੇਟਾ ਨੂੰ ਨਿੱਜ ਲਈ ਵਰਤਣਾ ਗੁਰੂ ਅੰਗਦ ਦੇਵ ਜੀ ਠੀਕ ਨਹੀਂ ਸਮਝਦੇ ਸਨ।
ਜੋ ਕੁਝ ਆਉਂਦਾ, ਲੰਗਰ ਵਿਚ ਪੈਂਦਾ। ਲੰਗਰ ਵਿਚ ਖੀਰ, ਕੜਾਹ,ਸਭ ਕੁਝ ਬਣਦਾ ਪਰ ਗੁਰੂ ਅੰਗਦ ਦੇਵ ਜੀ ਉਹ ਕੁਝ ਖਾਂਦੇ, ਜੋ ਮਾਤਾ ਜੀ ਘਰੋਂ ਪਕਾ ਕੇ ਲਿਆਉਂਦੇ।
ਤਾਰੀਖ਼-ਇ-ਪੰਜਾਬ ਕ੍ਰਿਤ ਕਨ੍ਹਈਆ ਲਾਲ ਵਿਚ ਵੀ ਲਿਖਿਆ ਹੈ ਕਿ ਗੁਰੂ ਜੀ ਆਪਣੇ ਹੱਥਾਂ ਨਾਲ ਮਿਹਨਤ ਕਰਦੇ ਤੇ ਉਸ ਦੀ ਆਮਦਨੀ ਨਾਲ ਭੋਜਨ ਖਾਂਦੇ।
ਮਾਤਾ ਖੀਵੀ ਜੀ ਨੇ ਬੱਚੀਆਂ ਨੂੰ ਘਰੇ ਪਰਿਵਾਰ ਸਾਂਭਣ ਦੇ ਨਾਲ ਕੋਲ ਬਿਠਾ ਕੇ ਬਾਣੀ ਵੀ ਯਾਦ ਕਰਾਈ। ਐਸੀ ਸਿੱਖਿਆ ਦਿੱਤੀ ਕਿ ਉਨ੍ਹਾਂ ਕਦੇ ਨਾ ਵਿਸਾਰੀ ।
ਭਾਈ ਬਲਵੰਡ ਜੀ ਦੀ ਵਾਰ ਅਨੁਸਾਰ,’ ਮਾਤਾ ਖੀਵੀ ਜੀ ਆਪਣੇ ਪਤੀ ਵਾਂਗ ਬਹੁਤ ਭਲੇ ਹਨ, ਮਾਤਾ ਜੀ ਦੀ ਛਾਂ ਬਹੁਤ ਪੱਤ੍ਰਾ ਵਾਲੀ ਸੰਘਣੀ ਹੈ।ਜਿਵੇਂ ਮਾਂ ਦੀ ਠੰਢੀ ਛਾਂ ਹੈ,ਇਸੇ ਤਰ੍ਹਾਂ ਉਨ੍ਹਾਂ ਪਾਸ ਬੈਠਿਆਂ ਵੀ ਹਿਰਦੇ ਵਿਚ ਸ਼ਾਂਤੀ ਤੇ ਠੰਢ ਪੈਂਦੀ ਹੈ।
ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਉ ਪਤ੍ਰਾਲੀ।।
ਬੀਬੀ ਅਮਰੋ ਜੀ ਮਾਤਾ ਖੀਵੀ ਜੀ ਦੀ ਸਪੁੱਤਰੀ ਸੀ ,ਇਨ੍ਹਾਂ ਨੂੰ ਬਾਣੀ ਬਹੁਤ ਕੰਠ ਸੀ।ਇਨ੍ਹਾਂ ਦੇ ਨਿੱਤ ਉਠ ਬਾਣੀ ਪੜ੍ਹਨ ਕਾਰਨ ਹੀ ਭਾਈ ਅਮਰਦਾਸ ਜੀ ਦੀ ਖਿੱਚ ਗੁਰੂ ਅੰਗਦ ਸਾਹਿਬ ਨੂੰ ਮਿਲਣ ਦੀ ਹੋਈ।
ਮਨ ਨੂੰ ਅਜਿਹੀ ਚੋਟ ਲੱਗੀ ਕਿ ਬੀਬੀ ਅਮਰੋ ਜੀ ਨੂੰ ਨਾਲ ਲੈ ਕੇ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਵਿਚ ਆਏ । ਫਿਰ ਗੁਰੂ ਜੀ ਦੇ ਹੋ ਗਏ ਤੇ ਐਸੀ ਘਾਲ ਘਾਲੀ ਕਿ ‘ਪਿਉ ਦਾਦੇ ਜੇਵੇਹਾ ਪੋਤਾ ਪ੍ਰਵਾਨ ਹੋਆ’।
ਜੇਕਰ ਧਿਆਨ ਨਾਲ ਨਜ਼ਰ ਮਾਰੀਏ ਤਾਂ ਗੁਰੂ ਅਮਰਦਾਸ ਨੂੰ ਸਿੱਖੀ ਵਲ ਪ੍ਰੇਰਨ ਦਾ ਮਾਣ ਮਾਤਾ ਖੀਵੀ ਜੀ ਨੂੰ ਹੀ ਜਾਂਦਾ ਹੈ।ਮਾਂ ਦੇ ਦੁੱਧ ਅਤੇ ਗੁੜ੍ਹਤੀ ਨੇ ਇਹ ਚਮਤਕਾਰ ਦਿਖਾਇਆ, ਜਿਸ ਨੂੰ ਕਦੇ ਅੱਖਾਂ ਤੋਂ ਓਹਲੇ ਨਹੀਂ ਕੀਤਾ ਜਾ ਸਕਦਾ।
ਮਾਤਾ ਖੀਵੀ ਜੀ ਆਪਣੀ ਸੰਤਾਨ ਨੂੰ ਕਿਵੇਂ ਕੀਲ ਕੇ ਰੱਖਦੀ ਸੀ। ਇਸ ਦੀ ਇਕ ਉਦਾਹਰਣ ਉਸ ਸਮੇਂ ਦੀ ਹੈ, ਜਦੋ ਘੋੜੀ ਤੇ ਸਵਾਰ ਹੋ ਦਾਸੂ ਜੀ ਨੇ ਗੁਰੂ ਅਮਰਦਾਸ ਜੀ ਦਾ ਪਿੱਛਾ ਕੀਤਾ ਸੀ। ਮਾਤਾ ਖੀਵੀ ਨੂੰ ਜਦ ਦਾਤੂ ਜੀ ਤੇ ਦਾਸੂ ਜੀ ਵਲੋਂ ਗੁਰੂ ਅਮਰਦਾਸ ਜੀ ਨੂੰ ਬਾਸਰਕੇ ਰਾਹ ਵਿਚ ਘੇਰ ਲੈਣ ਦੀ ਖ਼ਬਰ ਮਿਲੀ ਤਾਂ ਆਪ ਜੀ ਉਸ ਸਮੇਂ ਤੁਰ ਕੇ ਗੁਰੂ ਅਮਰਦਾਸ ਜੀ ਦੇ ਪਾਸ ਗਏ ਅਤੇ ਉਨ੍ਹਾਂ ਨਿਮਰਤਾ ਵਿਚ ਭਿੱਜ ਜੋ ਸ਼ਬਦ ਆਖੇ, ਉਹ ਸ਼ਬਦ ਹਰ ਮਾਂ ਨੂੰ ਸਦਾ ਚੇਤੇ ਰੱਖਣੇ ਚਾਹੀਦੇ ਹਨ।ਇਥੇ ਇਹ ਵੀ ਯਾਦ ਰਵੇ ਕਿ ਗੁਰੂ ਅਮਰਦਾਸ ਜੀ ਉਸ ਸਮੇਂ ਅਜੇ ਗੁਰੂ ਨਹੀਂ ਸਨ ਬਣੇ । ਮਾਤਾ ਖੀਵੀ ਜੀ ਨੂੰ ਬਾਸਰਕੇ ਦੇਖ ਕੇ ਗੁਰੂ ਅਮਰਦਾਸ ਜੀ ਨੇ ਕਿਹਾ, “ਤੁਸਾਂ ਕਿਉਂ ਖੇਚਲ ਕੀਤੀ, ਮੈਨੂੰ ਬੁਲਾ ਲੈਣਾ ਸੀ” । ਮਾਤਾ ਜੀ ਨੇ ਕਿਹਾ, “ਗੁਰੂ ਨਾਨਕ ਦੇ ਘਰ ਦੀ ਦੌਲਤ ਹੀ ਗਰੀਬੀ ਹੈ, ਨਿਮਰਤਾ ਹੈ । ਮੈਂ ਦੋਵੇਂ ਬੱਚੇ ਨਾਲ ਲੈ ਕੇ ਆਈ ਹਾਂ। ਇਨ੍ਹਾਂ ਨੇ ਲੋਕਾਂ ਦੇ ਚੁੱਕ ‘ਚਆਪ ਜੀ ਦੀ ਬੇਅਦਬੀ ਕੀਤੀ ਹੈ। ਆਪ ਜੀ ਨੂੰ ਘੇਰਿਆ ਹੈ । ਆਪ ਮਿਹਰ ਕਰੋ, ਭੁੱਲਣਹਾਰ ਜਾਣ ਕੇ ਤੇ ਆਪਣੇ ਸਮਝ ਕੇ ਬਖ਼ਸ਼ ਦਿਓ ਨੇ । ਗੁਰੂ ਅਮਰਦਾਸ ਜੀ ਨੇ ਕਿਹਾ “ਬਖ਼ਸ਼ਸ਼ ਦਾਤਾ ਤਾਂ ਗੁਰੂ ਅੰਗਦ ਦੇਵ ਜੀ ਹੀ ਹਨ ਤਾਂ ਮਾਤਾ ਜੀ ਨੇ ਹੋਰ ਨਿਮਰ ਹੋ ਕੇ ਕਿਹਾ, “ਮੈਨੂੰ ਪਤਾ ਹੈ ਕਿ ਇਹ ਅਪਰਾਧ ਬਖ਼ਸ਼ਣ ਯੋਗ ਨਹੀਂ, ਮਿਹਰ ਕਰ ਦਿਓ ਨੇ । ਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਤੇ ਧੰਨ ਮਾਤਾ ਖੀਵੀ ਜੀ ਕਹਿ ਕੇ ਬੱਚਿਆਂ ਨੂੰ ਛਾਤੀ ਨਾਲ ਲਗਾ ਲਿਆ। ਫਿਰ ਜਦ ਗੁਰੂ ਅੰਗਦ ਦੇਵ ਜੀ ਨੇ ਮਾਤਾ ਖੀਵੀ ਜੀ ਨੂੰ, ਅਮਰਦਾਸ ਜੀ ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਦੇਣ ਦੀ ਖ਼ਬਰ ਦਿੱਤੀ ਤਾਂ ਆਪ ਜੀ ਨੇ ਖੁਸ਼ੀ ਮਨਾਈ।ਗੁਰੂ ਅੰਗਦ ਦੇਵ ਜੀ ਨੇ ਕਿਹਾ, “ਸਾਨੂੰ ਪਤਾ ਹੈ ਕਿ ਤੁਸੀਂ ਰਜ਼ਾ ਵਿਚ ਰਾਜ਼ੀ ਹੋ । ਪੁੱਤਰਾਂ ਦੀ ਗੱਲ ਵੀਚਾਰੋ । ਮਾਤਾ ਜੀ ਨੇ ਪੁੱਤਰਾਂ ਦੇ ਸੰਬੰਧ ਵਿਚ ਕਿਹਾ, “ਪੁੱਤਰ ਪੁੱਤਰਪੁਣੇ ਵਿਚ ਹਨ, ਤੁਸੀਂ ਹੀ ਮਿਹਰ ਕਰੋ । ਮਾਤਾ ਜੀ ਦੋਵੇ ਪੁੱਤਰਾਂ ਨੂੰ ਬਹੁਤ ਸਮਝਾਉਂਦੇ ਰਹੇ । ਬੜੇ ਮਿੱਠੇ ਢੰਗ ਨਾਲ ਕਹਿੰਦੇ ਕਿ ਇਹ ਮੇਰੀ ਜਾਂ ਤੇਰੀ ਸਿਫ਼ਾਰਸ਼ ਦੀ ਗੱਲ ਨਹੀਂ, ਕਿਸੇ ਦੇ ਹੱਥ ਕੁਝ ਨਹੀਂ, ਸਭ ਕੁਝ ਕਰਤਾਰ ਦੇ ਅਧੀਨ ਹੈ।
ਕਹਿ ਕਾਹੂ ਕੇ ਕਰ ਬਿਥੈ, ਸਭ ਕਰਤਾਰ ਅਧੀਨੈ ॥
ਭਾਈ ਕੇਸਰ ਸਿੰਘ ਨੇ ਬੰਸਾਵਲੀਨਾਮਾ ਵਿਚ ਲਿਖਿਆ ਹੈ ਕਿ
ਮਾਤਾ ਜੀ ਸਮਝਾਉਂਦੇ ਕਿ , ‘ਪੰਡ ਭਾਰੀ ਹੈ, ਤੁਸਾਂ ਤੇ ਚੁਕੀ ਨਾ ਜਾਸੀ । ਇਹ ਚੁਕੇਗਾ ਸਾਰੀ ।ਛੇ ਮਹੀਨੇ ਤੱਕ ਮਾਤਾ ਜੀ ਸਮਝਾਉਂਦੇ ਰਹੇ।
ਦੋਵੇਂ ਪੁੱਤਰਾਂ ਚੋਂ ਗੱਦੀ ਕਿਸ ਨੂੰ ਨਾ ਮਿਲਣ ਦਾ ਰੋਸ ਹੋਇਆ।ਦਾਸੂ ਜੀ ਗੁਰਗੱਦੀ ਜਾ ਬੈਠੇ । ਉਨ੍ਹਾਂ ਦਾ ਸਿਰ ਫਿਰ ਗਿਆ।
ਇਸੇ ਤਰ੍ਹਾਂ ਜਦੋਂ ਭਰੇ ਦਰਬਾਰ ਵਿਚ ਦਾਤੂ ਜੀ ਨੇ ਗੁਰੂ ਅਮਰਦਾਸ ਜੀ ਨੂੰ ਲੱਤ ਮਾਰੀ ਤਾਂ ਗੁਰੂ ਪਾਤਸ਼ਾਹ ਨੇ ਉਸ ਦੇ ਪੈਰ ਪਕੜ ਲਏ ਤੇ ਕਿਹਾ ” ਤੁਹਾਡੇ ਚਰਨ ਕੋਮਲ ਤੇ ਮੇਰੇ ਹੱਡ ਕਰੜੇ’ ਹਨ ਇਹ ਆਖ ਕੇ ਆਪ ਜੀ ਨੇ ਖਿਮਾ ਦੀ ਹੱਦ ਦੱਸੀ। ਅਹੰਕਾਰੀ ਦਾਤੂ ਦਾ ਪੈਰ ਪੀੜਾ ਨਾਲ ਐਸਾ ਵਿਗੜਿਆ ਕਿ ਪਿਛੋਂ ਗੁਰੂ ਅਰਜਨ ਜੀ ਦੀ ਚਰਨ-ਛੁਹ ਨਾਲ ਹੀ ਠੀਕ ਹੋ ਸਕਿਆ।
ਪੈਰ ਵਿਚ ਪੀੜ ਉਠਣ ’ਤੇ ਵੀ ਮਾਂ ਦਾ ਹਿਰਦਾ ਪਿਘਲਿਆ ਨਹੀਂ।ਉਨ੍ਹਾਂ ਦਾਤੂ ਦਾ ਸਾਥ ਨਾ ਦਿੱਤਾ । ਉਹ ਮਨਮੁਖ ਦਾ ਸਾਥ ਕਿਵੇਂ ਦੇ ਸਕਦੇ ਸਨ।
ਗੁਰੂ ਅੰਗਦ ਦੇਵ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ ਵੀ ਮਾਤਾ ਜੀ ਲੰਗਰ ਦੀ ਸੇਵਾ ਕਰਦੇ ਰਹੇ । ਖਡੂਰ ਸਾਹਿਬ ਉਸੇ ਤਰ੍ਹਾਂ ਲੰਗਰ ਜਾਰੀ ਰਹਿਆ । ਗੁਰੂ ਅਮਰਦਾਸ ਜੀ ਵੇਲੇ ਲੰਗਰ ਵਿਚ ਨਿੱਤ ਘਿਉ ,ਮੈਦਾ ਪੱਕਦਾ ਤੇ ਰਬਾਬੀ ਸੱਤਾ ਜੀ ਨੇ ਫਿਰ ‘”ਨਿਤ ਰਸੋਈ ਤੇਰੀਐ, ਘਿਉ ਮੈਦਾ ਖਾਣੂ” ਦੀ ਧੁਨੀ ਉਠਾਈ ।
ਭਾਵੇਂ ਮਾਤਾ ਜੀ ਕਾਫ਼ੀ ਬਿਰਧ ਹੋ ਗਏ ਸਨ ਪਰ ਲੰਗਰ ਦੀ ਨਿਗਰਾਨੀ ਪੂਰੀ ਤਰ੍ਹਾਂ ਕਰਦੇ । ਜਦੋ ਅੰਮ੍ਰਿਤਸਰ ਵੱਸਿਆ ਤਾਂ ਆਪ ਜੀ ਕੁਝ ਚਿਰ ਉੱਥੇ ਵੀ ਆ ਕੇ ਸੇਵਾ ਕਰਦੇ ਰਹੇ । ਸੰਨ 1582 ਵਿਚ ਆਪ ਜੀ ਖਡੂਰ ਸਾਹਿਬ ਹੀ ਅਕਾਲ ਚਲਾਣਾ ਕਰ ਗਏ ਅਤੇ ਗੁਰੂ ਅਰਜਨ ਦੇਵ ਜੀ ਨੇ ਆਪ ਆ ਕੇ ਹੱਥੀਂ ਸਸਕਾਰ ਕੀਤਾ।
ਮਾਤਾ ਖੀਵੀ ਜੀ ਨੇ ਜੋ ਸੇਵਾ ਦੀ ਰੀਤ ਚਲਾਈ, ਉਹ ਹੁਣ ਤੱਕ ਚੱਲਦੀ ਆ ਰਹੀ ਹੈ । ਜੇ ਪਹਿਲੀ ਸਿੱਖ ਬੇਬੇ ਨਾਨਕੀ ਸੀ ਤਾਂ ਪਹਿਲੀ ਸੇਵਿਕਾ ਮਾਤਾ ਖੀਵੀ ਜੀ ਸਨ।
ਜੋਰਾਵਰ ਸਿੰਘ ਤਰਸਿੱਕਾ ।


Share On Whatsapp

Leave a Reply




top