27 ਮਾਰਚ 1628 ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਾਤਾ ਗੰਗਾ ਜੀ ਆਪਣਾ ਪੰਜ ਭੂਤਕ ਸਰੀਰ ਤਿਆਗ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ ।
ਮਾਤਾ ਗੰਗਾ ਜੀ।
ਗੁਰੂ ਅਰਜਨ ਦੇਵ ਜੀ ਦਾ ਪਹਿਲਾਂ ਵੀ ਇਕ ਵਿਆਹ ਗੁਰੂ ਰਾਮਦਾਸ ਦੇ ਸਮੇਂ ਵਿਚ ਹੋਇਆ ਸੀ । ਜਿਸ ਦੀ ਆਮ ਇਤਿਹਾਸਕਾਰ ਪੁਸ਼ਟੀ ਕਰਦੇ ਹਨ । ਗਿਆਨੀ ਸੋਹਨ ਸਿੰਘ ਸੀਤਲ ਲਿਖਦੇ ਹਨ “ ਗੁਰੂ ਅਰਜਨ ਦੇਵ ਜੀ ਦੀ ਪਹਿਲੀ ਸ਼ਾਦੀ ਪਿੰਡ ਮੌੜ ਦੇ ਭਾਈ ਚੰਦਨ ਦਾਸ ਖੱਤਰੀ ਦੀ ਪੁੱਤਰੀ ਬੀਬੀ ਰਾਮੋ ਦੇਵੀ ਨਾਲ ਹੋਈ । ਜੋ ਥੋੜੇ ਸਮੇਂ ਬਾਦ ਬਿਨਾਂ ਕੋਈ ਸੰਤਾਨ ਉਤਪੰਨ ਦੇ ਹੀ ਅਕਾਲ ਚਲਾਣਾ ਕਰ ਗਈ । ਪੰਜਵੀਂ ਪਾਤਸ਼ਾਹੀ ਦਾ ਦੂਜਾ ਵਿਆਹ ਪਿੰਡ ਮਾਓ ਪਰਗਨਾ ਫਿਲੌਰ ਦੇ ਭਾਈ ਕਿਸ਼ਨ ਚੰਦ ਖੱਤਰੀ ਦੀ ਪੁੱਤਰੀ ਬੀਬੀ ਗੰਗਾ ਜੀ ਨਾਲ ਹੋਇਆ । ਜੋ ਗੁਰੂ ਇਤਿਹਾਸ ਵਿਚ ਮਾਤਾ ਗੰਗਾ ਜੀ ਕਰਕੇ ਪ੍ਰਸਿੱਧ ਹਨ ਤੇ ਬੜੇ ਸਤਿਕਾਰੇ ਜਾਂਦੇ ਹਨ । ‘ ‘ਮਾਤਾ ਗੰਗਾ ਜੀ ਪਿੰਡ ਮਾਓ ( ਮੌਅ ) ( ਫਿਲੌਰ ਤੋਂ ਅੱਠ ਕੁ ਮੀਲ ਦੱਖਣ ਪੱਛਮ ਵਿਚ ਭਾਈ ਕਿਸ਼ਨ ਚੰਦ ਖੱਤਰੀ ਦੇ ਘਰ ਮਾਤਾ ਧੰਨਵੰਤੀ ਦੀ ਕੁਖੋਂ 1567 ਈਸ਼ਵੀ ਦੇ ਨੇੜੇ ਤੇੜੇ ਪੈਦਾ ਹੋਏ । ਮਾਤਾ ਗੰਗਾ ਜੀ ਦੇ ਵਿਆਹ ਦੀ ਜਬਾਨੀ ਤੁਰੀ ਆਉਂਦੀ ਸਾਖੀ ਲੇਖਕ ਨੇ ਮੌਅ ਗੁਰੂ ਜੀ ਦੇ ਵਿਆਹ ਦੀ ਯਾਦ ਵਿਚ ਬਣੇ ਗੁਰਦੁਆਰੇ ਵਿਚ ਸੁਣੀ । ਜਿਹੜੀ ਇਵੇਂ ਹੈ “ ਗੁਰੂ ਅਰਜਨ ਦੇਵ ਜੀ ਜਦੋਂ ਏਥੇ ਵਿਆਹੁਣ ਆਏ ਤਾਂ ਆਪਦੇ ਨਾਲ ਨਾਮੀ ਸਿੱਖ ਸਨ ਜਿਹੜੇ ਕਿ ਚੰਗੇ ਘੋੜ ਸੁਆਰ ਤੇ ਘੋੜਿਆਂ ਦੀਆਂ ਖੇਡਾਂ ਦੇ ਜਾਣੂ ਸਨ । ਗੁਰੂ ਜੀ ਵੀ ਚੰਗੇ ਘੋੜੇ ਸਵਾਰ ਸਨ । ਬਰਾਤ ਤੋਂ ਅਗਲੇ ਦਿਨ ਫੇਰਿਆਂ ਤੋਂ ਪਹਿਲਾਂ ਪਿੰਡ ਵਾਲਿਆਂ ਨੇ ਗੁਰੂ ਜੀ ਅੱਗੇ ਇਕ ਸ਼ਰਤ ਰੱਖੀ ਕਿ ਏਥੇ ਜਿਹੜਾ ਵੀ ਲਾੜਾ ਵਿਆਹੁਣ ਆਉਂਦਾ ਹੈ ਉਸ ਨੂੰ ਨੇਜ਼ਾ ਬਾਜ਼ੀ ਖੇਡਣੀ ਪੈਂਦੀ ਹੈ । ਸੋ ਗੁਰੂ ਜੀ ਨੂੰ ਵੀ ਇਹ ਨੇਜ਼ਾਬਾਜ਼ੀ ਦਾ ਕਰਤੱਵ ਦਿਖਾਉਣ ਲਈ ਕਿਹਾ ਗਿਆ ਤੇ ਗੁਰੂ ਜੀ ਮੰਨ ਗਏ ।
ਕਈ ਨੌਜੁਆਨ ਗੱਭਰੂਆਂ ਗੁਰੂ ਜੀ ਅਜ਼ਮਤ ਟੋਹਣੀ ਚਾਹੀ।ਇਨ੍ਹਾਂ ਨੇ ਚਲਾਕੀ ਨਾਲ ਇੱਕ ਟਾਹਲੀ ਉਤੋਂ ਕੱਟ ਹੇਠਾਂ ਜੜਾਂ ਰਹਿਣ ਦਿੱਤੀਆਂ ਤੇ ਇਸ ਨੂੰ ਇਕ ਕਿਲੇ ਦਾ ਰੂਪ ਦੇ ਦਿੱਤਾ । ਹੁਣ ਗੁਰੂ ਜੀ ਨੂੰ ਇਸ ਕਿਲੇ ਨਾਲ ਨੇਜ਼ਾਬਾਜ਼ੀ ਦਾ ਕਰਤੱਵ ਦਿਖਾਉਣ ਲਈ ਕਿਹਾ ਗਿਆ | ਸਾਰਾਂ ਪਿੰਡ ਇਹ ਕਰਤੱਵ ਵੇਖਣ ਲਈ ਪਿੰਡੋਂ ਬਾਹਰ ਰੋੜ ਵਿਚ ਆ ਗਿਆ । ਗੁਰੂ ਜੀ ਦੂਰੋਂ ਘੋੜਾ ਦੌੜਾ ਕੇ ਆਏ ਤੇ ਕਿਲੇ ਵਿਚ ਨੇਜ਼ਾ ਮਾਰਿਆ ਤੇ ਕਿਲਾ ਜੜਾਂ ਸਮੇਤ ਉਖਾੜ ਲੈ ਗਏ । ਲੋਕ ਇਹ ਵੇਖ ਕੇ ਅਸਚਰਜ ਹੋ ਗਏ । ਪਰ ਗੁਰੂ ਜੀ ਦਾ ਪਿਆਰਾ ਘੋੜਾ ਬਹੁਤ ਜਿਆਦਾ ਜੋਰ ਲੱਗਣ ਕਾਰਨ ਆਪਣਾ ਸਰੀਰ ਤਿਆਗ ਗਇਆ ਗੁਰੂ ਜੀ ਕਿਹਾ ਕਿ “ ਜਿਸ ਤਰ੍ਹਾਂ ਇਸ ਕਿੱਲੇ ਦੀਆਂ ਜੜਾਂ ਪੁੱਟੀਆਂ ਗਈਆਂ ਹਨ ਏਸੇ ਤਰ੍ਹਾਂ ਮੌਅ ਪਿੰਡ ਦੀਆਂ ਜੜਾਂ ਪੁੱਟੀਆਂ ਜਾਣਗੀਆਂ । ਗੁਰੂ ਜੀ ਦਾ ਕਿਹਾ ਸੱਚ ਨਿਕਲਿਆ ਕੁਝ ਚਿਰ ਬਾਦ ਜਰਵਾਨਿਆਂ ਪਿੰਡ ਲੁੱਟ ਕਤਲੋ ਗਾਰਤ ਕਰ ਪਿੰਡ ਨੂੰ ਢਹਿ ਢੇਰੀ ਕਰ ਦਿੱਤਾ । ਲੋਕੀਂ ਜਿਹੜੇ ਬਚੇ ਉਹ ਪਿੰਡ ਛੱਡ ਕਿਸੇ ਹੋਰ ਥਾਂ ਜਾ ਵੱਸੇ ‘ ‘ ਸੋ ਮੌਅ ਪਿੰਡ ਦਾ ਥੇਅ ਅਜ ਵੀ ਵੇਖਿਆ ਜਾ ਸਕਦਾ ਹੈ।ਗੁਰੂ ਜੀ ਦੇ ਵਿਆਹ ਵਾਲੇ ਦਿਨ ੨੩ ਹਾੜ ( ੧੫੮੮ ) ਨੂੰ ਹੋਇਆ ਸੀ । ੨੧ , ੨੨ , ੨੩ ਹਾੜ ਨੂੰ ਬਹੁਤ ਭਾਰਾ ਮੇਲਾ ਲਗਦਾ ਹੈ । ਮਾਤਾ ਗੰਗਾ ਜੀ ਬੜੇ ਭਾਗਾਂ ਵਾਲੇ ਸਨ ਜਿਨਾਂ ਨੂੰ ਸਭ ਗੁਣਾਂ ਸਮਰਥ ਮਾਤਾ ਭਾਨੀ ਜਿਹੇ ਸੱਸ ਤੇ ਧੀਰਜ , ਸਹਿਨਸ਼ੀਲਤਾ , ਮਿਠਬੋਲੜੇ ਗੁਰੂ ਪਤੀ ਸ੍ਰੀ ਅਰਜਨ ਦੇਵ ਮਿਲੇ ਸਨ । ਮਾਤਾ ਗੰਗਾ ਜੀ ਨੇ ਆਉਂਦਿਆਂ ਹੀ ਮਾਤਾ ਭਾਨੀ ਜੀ ਨੂੰ ਜਿਹੜੇ ਆਪ ਸੇਵਾ ਤੇ ਸਿਮਰਨ ਦੇ ਪੁੰਜ ਸਨ ਸਭ ਸੇਵਾ ਤੇ ਸਹੂਲਤਾਂ ਪ੍ਰਦਾਨ ਕਰਨੀਆਂ ਸ਼ੁਰੂ ਕਰ ਦਿੱਤੀਆਂ । ਜਿਹੜੀਆਂ ਇਸ ਅਵਸਥਾ ਵਿਚ ਲੋੜੀਂਦੀਆਂ ਸਨ । ਮਾਤਾ ਜੀ ਗੁਰੂ ਜੀ ਦੇ ਹਰ ਕੰਮ ਕਾਜ ਵਿਚ ਪੂਰੀ ਪੂਰੀ ਦਿਲਚਸਪੀ ਲੈਂਦੇ ਤੇ ਹਰ ਤਰ੍ਹਾਂ ਉਨ੍ਹਾਂ ਦਾ ਹੱਥ ਵਟਾਉਂਦੇ । ਜਿਸ ਦੇ ਪ੍ਰਮਾਨ ਇਤਿਹਾਸ ਵਿਚ ਆਮ ਮਿਲਦੇ ਹਨ । ਜਿਵੇਂ ਜਦੋਂ ਆਦਿ ਗ੍ਰੰਥ ਦੀ ਰਚਨਾ ਕਰਨੀ ਚਾਹੀ ਤਾਂ ਲੰਮੇ ਸਮੇਂ ਲਈ ਬਾਹਰ ਰਹਿ ਗੁਰਬਾਣੀ ਤੇ ਭਗਤਾਂ ਦੀ ਬਾਣੀ ਇਕੱਠੀ ਕਰਨੀ ਪਈ । ਆਪ ਨੇ ਇਨ੍ਹਾਂ ਤੋਂ ਪਿੱਛੋਂ ਬੜੇ ਸੁਚੱਜੇ ਢੰਗ ਨਾਲ ਸਾਰਾ ਕੰਮ ਸੰਭਾਲਦੇ।ਜਦੋਂ ਗੁਰੂ ਜੀ ਆਪਣਾ ਇਹ ਕਾਰਜ ਕਰ ਵਾਪਸ ਅੰਮ੍ਰਿਤਸਰ ਪਰਤੇ ਮਾਤਾ ਜੀ ਇਸ ਕੰਮ ਦੀ ਸਫਲਤਾ ਤੇ ਬੜੇ ਖੁਸ਼ ਹੋਏ । ਜਿਸ ਦਾ ਜ਼ਿਕਰ ਭਾਈ ਸੰਤੋਖ ਸਿੰਘ ਨੇ ਇਉਂ ਕੀਤਾ ਹੈ :
ਜਿਸ ਕਾਰਜ ਗਮਨੇ ਕਰਿਆਏ । ਸਨਿ ਗੰਗਾ ਮਨ ਆਨੰਦ ਪਾਏ । ਪੁਸਤਕ ਸਭਿ ਖਾਸੇ ਧਰ ਲਯਾਵਤਿ ਆਪ ਗੁਰੂ ਪਨਹੀ ਬਿਨ ਆਵਤਿ ॥ ਮਾਤਾ ਗੰਗਾ ਜੀ ਗੁਰਪਤੀ ਦੀ ਸੇਵਾ ਵਿਚ ਮਗਨ ਰਹਿ ਕੇ ਮਾਨਸਿਕ ਅਨੰਦ ਪ੍ਰਾਪਤ ਕਰਦੇ । ਸੇਵਾ , ਸਿਮਰਨ , ਸਬਰ ਸੰਤੋਖ ਤੇ ਤਿਆਗ ਮਾਤਾ ਦੇ ਅੰਗ ਦੇ ਗਹਿਣੇ ਬਣ ਚੁੱਕੇ ਸਨ । ਇਸ ਸੇਵਾ ਤੇ ਪ੍ਰੇਮ ਦਾ ਪ੍ਰਗਟਾ ਭਾਈ ਸੰਤੋਖ ਸਿੰਘ ਜੀ ਇਵੇਂ ਕਰਦੇ ਹਨ : ਅੰਤਰ ਪਰਵਿਸ਼ੇ ਉਠਿ ਸੀ ਗੰਗਾ ॥ ਆਨਿ ਲਗੀ ਪਾਇਨ ਦੇ ਸੰਗਾ ॥॥ ਸੂਤ ਕੋ ਲੇ ਪਯੰਕ ਪਰ ਬੈਸੇ ॥ ਰਾਮ ਚੰਦ ਕੋ ਦਸਰਥ ਜੈਸੇ ॥ ਮਾਤੁਲ ਪਤਨੀ ਕੇ ਸੰਦੇਸ਼ ਅਸਰ ਬਾਰਤਾ ਬਿਤੀ ਅਸੇਸ ਸਨੇ , ਸਨੇ ਗੰਗ ਦੇ ਸੋਰਨ । ਕੀਨਿ ਸੁਨਾਵਿਨ ਗੁਰ ਸੁਖ ਭੌਨ ॥ ਤਬ ਗੰਗਾ ਮਨ ਆਨੰਦ ਪਾਏ ॥ ਨਿਕਟ ਬੈਠ ਭੋਜਨ ਅਚਵਾਏ ॥ ਨਿੱਜ ਕਰ ਤੇ ਠਾਨਤਿ ਬਹੁ ਸੇਵਾ।ਮਹਿਮਾ ਜਾਨਹਿ ਸ੍ਰੀ ਗੁਰਦੇਵਾ ਮਾਤਾ ਗੰਗਾ ਜੀ ਦੇ ਕਾਫੀ ਚਿਰ ਲੰਘ ਗਿਆ ਕੋਈ ਸੰਤਾਨ ਨਾ ਹੋਈ ਤਾਂ ਮਾਤਾ ਚਿੰਤਾਤਰ ਰਹਿੰਦੇ । ਪਰ ਕਰਮੋ ਪ੍ਰਿਥੀ ਚੰਦ ਦੀ ਘਰਵਾਲੀ ਦੀਆਂ ਸੜੀਆਂ ਬਲੀਆਂ ਤੇ ਈਰਖਾ ਵਾਲੀਆਂ ਗੱਲਾਂ ਸੁਣ ਮਾਤਾ ਗੰਗਾ ਜੀ ਹੋਰ ਚਿੰਤਾਤਰ ਹੋਏ । ਇਕ ਵਾਰੀ ਜਦੋਂ ਗੁਰੂ ਕੇ ਮਹਿਲਾਂ ਵਿਚ ਕੀਮਤੀ ਬਸਤਰ ਸੰਦੂਕਾਂ ਵਿਚੋਂ ਕੱਢ ਕੇ ਹਵਾ ਲਵਾਉਣ ਲਈ ਬਾਹਰ ਸੁਕਣੇ ਪਾਏ ਤਾਂ ਕਰਮੋ ਵੇਖਕੇ ਜਰ ਨਾ ਸਕੀ । ਆਪਣੇ ਘਰ ਵਾਲੇ ਨੂੰ ਕਹਿੰਦੀ “ ਇਹੋ ਜਿਹੇ ਕੀਮਤੀ ਕਪੜੇ ਆਪਣੇ ਘਰ ਵੀ ਹੋਣੇ ਚਾਹੀਦੇ ਹਨ ਜੇ ਤੂੰ ਪਿਤਾ ਦਾ ਆਗਿਆਕਾਰ ਹੁੰਦਾ ਸੇਵਾ ਕਰਦਾ ਤਾਂ ਇਹੋ ਜਿਹੇ ਕਪੜੇ ਆਪਣੇ ਵੀ ਹੁੰਦੇ । ਪ੍ਰਿਥੀ ਚੰਦ ਅੱਗੋਂ ਕਿਹਾ ਕਿ ਭਲੀਏ ਲੋਕੇ । ਗੰਗੋ ਦੀ ਕਿਹੜੀ ਕੁਖ ਹਰੀ ਹੋਣੀ ਹੈ । ਇਹ ਗੁਰਗੱਦੀ ਤੇਰੇ ਪੁੱਤਰ ਮਿਹਰਬਾਨ ਪਾਸ ਹੀ ਆਉਣੀ ਹੈ । ਗੁਰੂ ਅਰਜਨ ਦੇਵ ਜੀ ਮਿਹਰਬਾਨ ਨੂੰ ਬਹੁਤ ਪਿਆਰ ਕਰਦੇ ਤੇ ਹਰ ਵਕਤ ਆਪਣੇ ਪਾਸ ਰੱਖਦੇ ਸਨ । ਜਦੋਂ ਇਹ ਗੱਲਾਂ ਮਾਤਾ ਗੰਗਾ ਜੀ ਆਪਣੇ ਕੰਨੀਂ ਸੁਣੀਆਂ ਤਾਂ ਸਭ ਗੁਰੂ ਜੀ ਨੂੰ ਦਸ ਕੇ ਆਪਣੇ ਘਰ ਪੁੱਤਰ ਦੀ ਜਾਚਨਾ ਕੀਤੀ । ਗੁਰੂ ਜੀ ਨੇ ਮਾਤਾ ਜੀ ਨੂੰ ਕਿਹਾ ਕਿ “ ਇਹ ਜਾਚਨਾ ਬਾਬਾ ਬੁੱਢਾ ਜੀ ਪੂਰਨ ਕਰ ਸਕਦੇ ਹਨ । ਉਹ ਪੂਰਨ ਬ੍ਰਹਮ ਅਵਸਥਾ ਨੂੰ ਪੁੱਜੇ ਹੋਏ ਹਨ । ਪੰਜਾਂ ਗੁਰੂ ਸਾਹਿਬਾਨ ਦੇ ਦਰਸ਼ਨ ਕਰ ਚੁੱਕੇ ਹਨ । ਉਹ ਤੁਹਾਡੀ ਪੁੱਤਰ ਦੀ ਆਸ ਪੂਰੀ ਕਰ ਸਕਦੇ ਹਨ । ਤੁਸੀਂ ਸਵਛ ਲੰਗਰ ਤਿਆਰ ਕਰ ਕੇ ਉਸ ਨੂੰ ਛਕਾ ਕੇ ਖੁਸ਼ੀਆਂ ਪ੍ਰਾਪਤ ਕਰ ਸਕਦੇ ਹੋ । ਮਾਤਾ , ਹੋਰਾਂ ਨੂੰ ਨਾਲ ਲੈ ਕੇ ਚੰਗਾ ਪਕਵਾਨ ਤਿਆਰ ਕਰ ਕੇ ਨਾਲ ਸੇਵਕ ਲੈ ਕੇ ਬੜੇ ਸਜ ਧਜ ਨਾਲ ਤਿਆਰ ਹੋ ਕੇ ਗੜਬਹਿਲਾਂ ਤੇ ਤਿਆਰ ਹੋ ਇਕ ਗੱਡੇ ਤੇ ਲੰਗਰ ਵਾਲੇ ਬਰਤਨ ਲੱਦ ਲਏ । ਇਸ ਤਰ੍ਹਾਂ ਜਦੋਂ ਬਾਬਾ ਦੀ ਬੀੜ ਪੁੱਜੇ ਤਾਂ ਦੂਰੋਂ ਇਨ੍ਹਾਂ ਨੂੰ ਆਉਂਦਿਆਂ ਨੂੰ ਵੇਖ ਕੇ ਬਾਬਾ ਜੀ ਕਿਸੇ ਪਾਸੋਂ ਪੁਛਿਆ ਕਿ ‘ ਲਿਸ਼ਕਾਰਾ ( ਭਾਂਡਿਆਂ ਦਾ ਧੁੱਪ ਵਿਚ ) ਤੇ ਖੜਕਾ ਆ ਰਿਹਾ ਹੈ ਤਾਂ ਉਸ ਨੇ ਦੱਸਿਆ ਕਿ “ ਇਹ ਗੁਰੂ ਕੇ ਮਹਿਲ ਆ ਰਹੇ ਹਨ । ਬਾਬਾ ਬੁੱਢਾ ਜੀ ਤੋਂ ਸਾਧਾਰਨ ਮੂੰਹੋਂ ਨਿਕਲਿਆ “ ਗੁਰੂ ਕਿਆਂ ਨੂੰ ਕਿਧਰ ਭਾਜੜਾਂ ਪੈ ਗਈਆਂ । ਗਡੀ ਛਕੜੇ ਚਲੇ ਅਪਾਰਾ ।। ਉਡੀ ਧੂੜ ਕੁਛ ਨਹੀ ਦਿਰਸਟਾਰਾ ॥ ਘੂੰਘਰ ਆ ਰੱਥ ਸ਼ਬਦ ਸੁਨਾਏ ਬੁੱਢਾ ਸਾਹਿਬ ਐਸ ਅਲਾਏ ॥ ਰਾਮਦਾਸ ਪੁਰ ਭਾਜੜ ਕਿਨ ਪਾਈ ।। ਸਾਡੇ ਲੋਕ ਕਿਹ ਸਿਧਾਈ ॥
ਬਾਬਾ ਜੀ ਦੇ ਵਰ ਦੇ ਥਾਂ ਸਰਾਪ ਦੇ ਸ਼ਬਦ ਸੁਣ ਮਾਤਾ ਜੀ ਬਹੁਤ ਨਿਰਾਸ ਹੋ ਵਾਪਸ ਪਰਤੇ ਆ ਕੇ ਗੁਰੂ ਜੀ ਨੂੰ ਦੱਸਿਆ ਤਾਂ ਗੁਰੂ ਜੀ ਕਿਹਾ ਕਿ ਆਪਣੇ ਹੱਥੀਂ ਸਭ ਲੰਗਰ ਤਿਆਰ ਕਰਕੇ ਇਕੱਲੀ ਬੜੇ ਸਾਦੇ ਬਣ ਕੇ ਜਾਓ ਜਦੋਂ ਕਿਸੇ ਪਾਸ ਕੋਈ ਵਰ ਪ੍ਰਾਪਤ ਕਰਨਾ ਹੁੰਦਾ ਹੈ । ਆਪਣੀ ਹਉਮੈ ਤਿਆਗ ਨਿਮਰਤਾ ਨਾਲ ਜਾਈਦਾ ਹੈ ।ਸੋ ਮਾਤਾ ਗੰਗਾ ਜੀ ਅੰਮ੍ਰਿਤ ਵੇਲੇ ਉਠ ਪਾਠ ਕਰਦਿਆਂ ਦੁਧ ਰਿੜਕਿਆ ਮੱਖਣ ਬਣਾਇਆ ਮਿਸੀ ਨਮਕੀਨ ਰੋਟੀਆਂ ਤਿਆਰ ਕੀਤੀਆਂ । ਲੱਸੀ ਦੀ ਤੋੜੀ ਦੇ ਉਪਰ ਰੋਟੀਆਂ ਰੱਖ ਇਕੱਲੇ ਹੀ ਰਾਮਦਾਸਪੁਰ ਤੋਂ ੧੦ ਮੀਲ ਬਾਬੇ ਦੀ ਬੀੜ ਪੈਦਲ ਚਲ ਪਏ । ਇਸ ਤਰ੍ਹਾਂ ਗੁਰੂ ਜੀ ਨੇ ਜਾਣ ਲਈ ਕਿਹਾ ਸੀ : ਲਸੀ ਮੱਖਣ ਮਟਕੀ ਭਰੋ । ਸੱਭ ਪ੍ਰਸਾਦਿ ਨਿਜ ਸਿਰਧਰੋ ॥ ਨਾਂਗੇ ਪਾਇਨ ਇਕਲੋ ਜਾਵੇਂ ਭਤੇਹਾਰੀ ਵੇਸ ਬਣਾਓ ॥ ਸੁਤ ਇਛਾ ਤਬ ਪੂਰੀ ਹੋਈ । ਯਾਮੈ ਸੰਸ ਨਹੀਂ ਕੋਈ ।।
ਜਦੋਂ ਇਸ ਤਰ੍ਹਾਂ ਗਏ ਤਾਂ ਬਾਬਾ ਬੁੱਢਾ ਜੀ ਅੱਗੇ ਹੋ ਕੇ ਲੈਣ ਆਏ ਅਤੇ ਪ੍ਰਸਾਦਿ ਛਕਦਿਆਂ ਵਰਾਂ ਨਾਲ ਨਿਹਾਲ ਕਰ ਦਿੱਤਾ । “ ਐਸਾ ਸੂਰਮਾ ਮਹਾਂਬਲੀ ਹੋਵੇਗਾ । ਜਿਹੜਾ ਜ਼ਾਲਮਾਂ ਦੇ ਇਸ ਤਰ੍ਹਾਂ ਸਿਰ ਫੇਹੇਗਾ । ਗੰਡੇ ਨੂੰ ਮੁਕੀ ਨਾਲ ਭੰਨਦਿਆਂ ਕਿਹਾ ।
ਤੁਮਰੇ ਘਰ ਪ੍ਰਗਟੇ ਗਾ ਯੋਧਾ ॥ ਜਾ ਕੋ ਬਲ ਗੁਨ ਕਿਨੂੰ ਨਾ ਸੋਧਾ ।
ਚੁਪੇ ( ਗੰਡੇ ) ਛਕੇ ਮੈਂ ਜੈਸੰ ਮਰੋਰੇ । ਤੁਰਕ ਸੀਸ ਤੈਸੇ ਵੇਹੁ ਤੋਰੇ ॥ ਹਰਿ ਗੋਬਿੰਦ ਸੁਭੇ ਨਾਮ ਕਹਾਵੈ ।। ਬਹੁ ਮਲੇਛ ਕੋ ਮਾਰ ਗਰਾਵੇ ॥ ਗੁਰੂ ਅਰਜਨ ਦੇਵ ਜੀ ਦੇ ਸੁਖਮਨੀ ਸਾਹਿਬ ਵਿਚ ਸਤਵੀਂ ਤੇ ਅਠਵੀਂ ਅਸ਼ਟਪਟੀ ਦੇ ਵਿਚ ਸੰਤ ਤੇ ਬ੍ਰਹਮ ਗਿਆਨੀ ਦੀ ਅਵਸਥਾ ਦੱਸੀ ਹੋਈ ਹੈ ਇਹ ਸਾਰੀ ਅਵਸਥਾ ਦੇ ਬਾਬਾ ਬੁੱਢਾ ਜੀ ਧਾਰਨੀ ਸਨ । “ ਬ੍ਰਹਮ ਗਿਆਨੀ ਆਪ ਪ੍ਰਮੇਸ਼ਰ ‘ ਵੀ ਸਿੱਧ ਕਰਕੇ ਦਿਖਾ ਦਿੱਤਾ । ਸਿੱਖਾਂ ਨੂੰ ਇਕ ਸੰਤ ਤੇ ਬ੍ਰਹਮ ਗਿਆਨੀ ਦੇ ਸਤਿਕਾਰ ਦੀ ਉਧਾਰਨ ਵੀ ਕਾਇਮ ਕਰ ਦਿੱਤੀ । ਇਕ ਗੁਰਸਿੱਖ ਨੂੰ ਵਡਿਆਈ ਦੇਣ ਬਾਰੇ ਸਰੂਪ ਦਾਸ ਭਲਾ ਇਉਂ ਲਿਖਦਾ ਹੈ : ਸਿਖ ਕੋ ਗੁਰ ਦੇਇ ਵਡਿਆਈ । ਸੇਵਿਕ ਮਹਿਮਾ ਸੁਆਮੀ ਭਾਈ ॥ ਬਾਬਾ ਜੀ ਦਾ ਵਰ ਸਫਲ ਹੋਇਆ । ਨੌ ਜੂਨ ੧੫੯੫ ਨੂੰ ਵਡਾਲੀ ਪਿੰਡ ਵਿਚ ਭਾਈ ਹੇਮੇ ਦੀ ਹਵੇਲੀ ਵਿਚ ਗੁਰੂ ਹਰਿਗੋਬਿੰਦ ਸਾਹਿਬ ਦਾ ਪ੍ਰਕਾਸ਼ ਹੋਇਆ । ਜਿਸ ਨੂੰ ਗੁਰੂ ਕੀ ਵਡਾਲੀ ਤੇ ਫਿਰ ਅੱਜ ਕਲ੍ਹ ਇਸ ਨੂੰ ਛੇਹਰਟਾ ਸਾਹਿਬ ਕਹਿੰਦੇ ਹਨ । ਬਾਲਕ ਦੇ ਪ੍ਰਕਾਸ਼ ਤੇ ਸਿੱਖਾਂ ਬੜੀਆਂ ਖੁਸ਼ੀਆਂ ਮਨਾਈਆਂ ਮਾਤਾ ਭਾਨੀ ਜੀ ਚੰਦ ਵਰਗਾ ਪੋਤਾ ਵੇਖ ਕੇ ਗਦ ਗਦ ਹੋਏ । ਮਾਤਾ ਗੰਗਾ ਜੀ ਪਾਸੋਂ ਖੁਸ਼ੀਆਂ ਝੱਲੀਆਂ ਨਹੀਂ ਜਾਂਦੀਆਂ ਬੱਚੇ ਦਾ ਸੁੰਦਰ ਮੁੱਖੜਾ ਵੇਖ ਮਾਤਾ ਜੀ ਦੀ ਲਿਵ ਲੱਗ ਗਈ । ਦੇਖ ਮੁਖ ਮਾਤਾ ਅਤ ਬਿਗਸਾਨੀ । ਜਿਉ ਲਿਵ ਲਾਗੀ ਪਾਵੈ ਸੁਖ ਪਿਆਨੀ ॥ ਬਾਲ ਮੁਕੰਦ ਰੂਪ ਹਰਿਧਾਰਾ ॥ ਸੂਤਹ ਸਿਧ ਗਿਆਨ ਸੁਧਸਾਰਾ । ਵਿਹੜਾ ਖੁਸ਼ੀਆਂ ਨਾਲ ਭਰ ਗਿਆ । ਮਾਤਾ ਜੀ ਦੀਆਂ ਭਾਵਨਾਵਾਂ ਬਾਰੇ ਸਰੂਪ ਦਾਸ ਭਲਾ ਇਉਂ ਲਿਖਦਾ ਹੈ :
ਮਾਤਾ ਜੀ ਲੈ ਗੋਦ ਖਿਲਾਵੈ ਜਿਉਂ ਰਾਮ ਕੋਸ਼ਲਿਆ ਲਾਡ ਲਡਾਵੈ ॥ ਜਬ ਜਾਤ ਬਰਸ ਕੇ ਭਏ ਦਿਆਲ ।। ਮਿਲ ਬਾਲਕ ਖੇਲੇ ਸੁਖ ਨਾਲ ਗ੍ਰਹਿ ਆਂਙਣ ਨਿਸਦਿਨ ਅਨੰਦ । ਜਿਓ ਜਸੋਧਾ ਆਢਣ ਬਾਲ ਮੁਕੰਦ ॥ ਸਾਰਾ ਪ੍ਰਵਾਰ ਪ੍ਰਮਾਤਮਾ ਦਾ ਧੰਨਵਾਦ ਕਰਦਾ ਨਹੀਂ ਥਕਦਾ । ਬਾਬੇ ਬੁੱਢੇ ਜੀ ਦਾ ਬਚਨ ਗੁਰ ਕਿਆਂ ਨੂੰ ਕਿਧਰ ਭਾਜੜਾਂ ਪੈ ਗਈਆਂ ਵੀ ਪੂਰਾ ਹੋ ਗਿਆ । ਗੁਰੂ ਘਰ ਦੇ ਵੈਰੀ ਏਨੇ ਬਣ ਗਏ ਕਿ ਗੁਰੂ ਅਰਜਨ ਦੇਵ ਜੀ ਨੂੰ ਅੰਮ੍ਰਿਤਸਰ ਛੱਡ ਕੇ ਵਡਾਲੀ ਆਉਣਾ ਪਿਆ । ਧੰਨਭਾਗ ਭਾਈ ਹੇਮੇ ਦੇ ! ਜਿਸ ਦੇ ਘਰ ਮੀਰੀ ਪੀਰੀ ਦੇ ਮਾਲਕ ਦਾ ਪ੍ਰਕਾਸ਼ ਹੋਇਆ । ਮਾਤਾ ਗੰਗਾ ਜੀ ਏਥੇ ਸੁਰੱਖਿਅਤ ਥਾਂ ਰਹੇ । ਭਾਈ ਵੀਰ ਸਿੰਘ ਜੀ ਨੇ ਮਾਤਾ ਜੀ ਦੀ ਖੁਲ ਦਿਲੀ , ਉਦਾਰਤਾ ਤੇ ਵੈਰ ਭਾਵਨਾ ਤੋਂ ਉਪਰ ਉਠ ਅਸ਼ਟ ਚਮਤਕਾਰ ਵਿਚ ਇਵੇਂ ਲਿਖਿਆ
ਹੈ । “ ਦੇਖੋ ਮਾਤਾ ਗੰਗਾ ਜੀ ਦਾ ਸੀਲ ਸੁਭਾਉ , ਅੰਮ੍ਰਿਤਸਰ ਆਇ ਕੇ ਪਹਿਲਾਂ ਜੇਠ ਦੇ ਘਰ ਗਈ । ਪੁੱਤਰ ਨੇ ਪਹਿਲਾਂ ਪ੍ਰਿਥਵੀ ਦੇ ਚਰਨਾਂ ਵਿੱਚ ਮੱਥਾ ਟੇਕਿਆ , ਜਿਸ ਨੇ ਉਪਰੋਂ ਕੁਝ ਕਹਿਕੇ ਸਮਾਂ ਟਪਾਇ ਲਿਆ | ਪਰ ਅੰਦਰੋਂ ਉਸਦੀ ਵਹੁਟੀ ਅਤੇ ਉਸ ਦੇ ਮਨ ਵਿਚ ਸੱਪ ਲੇਟਣ ਲੱਗ ਪਏ । ਫਿਰ ਵੀ ਮਾਤਾ ਜੀ ਨੇ ਹਿਰਦੇ ਵਿੱਚ ਵੈਰ ਨਹੀਂ ਰਖਿਆ ਮਨ ਦੀ ਸ਼ੁਧੀ ਤੇ ਵੈਰ ਭਾਵਨਾ ਤੋਂ ਸਫਾਈ ਦਾ ਸੱਚਾ ਨਮੂਨਾ ਦਿਖਾ ਦਿੱਤਾ । ਮਾਤਾ ਜੀ ਬੜੀ ਫਰਾਖ ਦਿਲੀ ਵਿਖਾਈ ਪਰ ਪ੍ਰਿਥੀ ਚੰਦ ਦੇ ਪ੍ਰਵਾਰ ਦਾ ਹਿਰਦਾ ਅੰਦਰੋਂ ਨਵ ਜੰਮੇ ਲਈ ਠੀਕ ਨਹੀਂ ਸੀ । ਫਤੋਂ ਦਾਈ ਨੂੰ ਲਾਲਚ ਦੇ ਕੇ ਬੱਚੇ ਨੂੰ ਜ਼ਹਿਰ ਦੇਣ ਦੀ ਵਿਓਂਤ ਬਣਾਈ।ਉਸ ਅਤਘਣ ਦਾਈ ਨੇ ਪੈਸੇ ਦੇ ਲਾਲਚ ‘ ਚ ਆ ਕੇ ਆਪਣੇ ਥਣਾਂ ਨੂੰ ਜ਼ਹਿਰ ਲਾ ਕੇ ਬਾਲਕ ਹਰਿਗੋਬਿੰਦ ਜੀ ਨੂੰ ਚੰਗਾਉਣ ਦੀ ਕੋਸ਼ਿਸ਼ ਕੀਤੀ । ਬਾਲਕ ਉਸ ਦਾ ਥਣ ਮੂੰਹ ’ ਚ ਨਾ ਪਾਵੇ ਰੋਣ ਲੱਗਾ ਮਾਤਾ ਜੀ ਭਜੇ ਆਏ ਬੱਚਾ ਹਥ ਵਿੱਚੋਂ ਖੋਹ ਲਿਆ । ਫਤੋਂ ਜ਼ਹਿਰ ਦੇ ਅਸਰ ਨਾਲ ਮਰਦੀ ਪ੍ਰਥੀਏ ਦੀ ਕਾਲੀ ਕਰਤੂਤ ਬਾਰੇ ਦਸ ਗਈ ਗੁਰੂ ਜੀ ਨੇ ਕੋਈ ਗਿੱਲਾ ਨਹੀਂ ਕੀਤਾ , ਸਗੋਂ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਗਿਆ ।
ਫਿਰ ਇਕ ਬਾਹਮਣ ਨੂੰ ਜ਼ਹਿਰੀਲਾ ਦਹੀਂ ਦੇ ਕੇ ਬਾਲਕ ਨੂੰ ਪੀਣ ਲਈ ਭੇਜਿਆ । ਬਾਲਕ ਨੇ ਨਹੀਂ ਪੀਤਾ ਸਗੋਂ ਕੁੱਤੇ ਅੱਗੇ ਸੁੱਟ ਦਿੱਤਾ । ਕੁੱਤਾ ਇਹ ਖਾ ਕੇ ਤੜਪ – ਤੜਪ ਮਰ ਗਿਆ ਬਾਹਮਣ ਨੇ ਵੀ ਦੱਸ ਦਿੱਤਾ ਕਿ ਲਾਲਚ ਵਸ ਹੋ ਕੇ ਉਸ ਨੇ ਇਹ ਕੰਮ ਕੀਤਾ ਹੈ । ਬਾਹਮਣ ਪਿਛੋਂ ਪੇਟ ਦੇ ਸੂਲ ਨਾਲ ਮਰ ਲਿਆ । ਪ੍ਰਿਥੀ ਦੇ ਦਿਲ ਵਿਚ ਈਰਖਾ ਦੀ ਅੱਗ ਅਜੇ ਨਹੀਂ ਬੁੱਝੀ । ਇਕ ਸਪੇਰੇ ਨੂੰ ਹੇਮੇ ਦੀ ਹਵੇਲੀ ਭੇਜਿਆ ਗਿਆ । ਉਥੇ ਸਪੇਰਾ ਆਪਣੇ ਕਰਤੱਵ ਦਿਖਾ ਰਿਹਾ ਸੀ । ਉਸ ਨੇ ਬਾਲਕ ਹਰਿਗੋਬਿੰਦ ਜੀ ਵੱਲ ਇਕ ਜ਼ਹਿਰੀਲਾ ਸੱਪ ਛਡਿਆ । ਜਦੋਂ ਇਹ ਬਾਲਕ ਦੇ ਲਾਗੇ ਗਿਆ ਤਾਂ ਹਰਿਗੋਬਿੰਦ ਜੀ ਨੇ ਸੱਪ ਤੇ ਝਮਟ ਮਾਰ ਉਸ ਦੀ ਸਿਰੀ ਫੜ ਕੇ ਮੁੱਠ ਵਿਚ ਪੀਚ ਦਿੱਤੀ । ਸੱਪ ਜ਼ਹਿਰ ਘੋਲ ਦਾ ਤੜਫ – ਤੜਫ ਕੇ ਮਰ ਗਿਆ ਤਾਂ ਵਗਾਹ ਸਪੇਰੇ ਵਲ ਮਾਰਿਆ । ਸਪੇਰਾ ਵੀ ਇਸ ਤਰਾਂ ਆਪਣੇ ਉਦੇਸ਼ ਵਿਚ ਸਫਲ ਨਹੀਂ ਹੋਇਆ ਸਗੋਂ ਸ਼ਰਮਿੰਦਾ ਹੋ ਕੇ ਪਰਤਿਆ । ਮਾਤਾ ਜੀ ਸਾਰਾ ਪ੍ਰਵਾਰ ਹੁਣ ਫਿਰ ਗੁਰੂ ਕੇ ਮਹਿਲ ਆ ਗਏ । ਏਥੇ ਆਉਂਦਿਆ ਬਾਲਕ ਨੂੰ ਚੇਚਕ ( ਮਾਤਾ ) ਨਿਕਲ ਆਈ । ਮਾਤਾ ਜੀ ਨੇ ਬੜੀ ਚਿੰਤਾ ਕੀਤੀ । ਕਿਸੇ ਤੀਰਮਤ ਦੇ ਦੱਸੇ ਅਨੁਸਾਰ ਇਕ ਰਖ ਜਿਹੀ ਬਾਲਕ ਦੇ ਡੋਲੇ ਨਾਲ ਬਨਣ ਲਗੇ ਤਾਂ ਗੁਰੂ ਜੀ ਨੇ ਮਾਤਾ ਜੀ ਨੂੰ ਵਰਜਦਿਆ ਕਿਹਾ ਕਿ “ ਇਸ ਬਾਲਕ ਨੂੰ ਅਕਾਲ ਪੁਰਖ ਨੇ ਬਖ਼ਸ਼ਿਆ ਹੈ ਉਹ ਹੀ ਇਸ ਰਖਿਆ ਕਰਦਾ ਹੈ ਅਗੋਂ ਵੀ ਇਸ ਦਾ ਰਾਖਾ ਹੈ । ਕੁਝ ਦਿਨ ਬਾਦ ਬਾਲ ਨਰੋਆ ਹੋ ਗਿਆ ਅਤੇ ਗੁਰੂ ਜੀ ਨੇ ਪ੍ਰਮਾਤਮਾ ਦੇ ਸ਼ਰਕਾਨੇ ਵਜੋਂ ਇਓ ਸ਼ਬਦ ਉਚਾਰਿਆ : ਸਦਾ ਸਦਾ ਹਰਿ ਜਾਪੈ ਪ੍ਰਭਿ ਬਾਲਕ ਰਾਖੇ ਆਪੇ ॥ ਸੀਤਲਾ ਠਾਕਿ ਰਹਾਇ ॥ ਬਿਘਨ ਗਏ ਹਰਿ ਨਾਇ । ਮੇਰਾ ਪ੍ਰਭੂ ਹੋਇਆ ਸਦਾ ਦਇਆਲਾ।ਅਰਦਾਸਿ ਸੁਣੀ ਭਗਤ ਆਪਣੇ ਕੀ , ਸਭ ਜੀਆ ਭਇਆ ਕ੍ਰਿਪਾਲਾ ॥ ਰਹਾਓ ॥੧ ॥ ਪ੍ਰਭ ਕਰਨ ਕਾਰਣ ਸਮਰਾਥਾ॥ਹਰਿ ਸਿਮਰਤ ਸਭ ਦੁਖ ਲਾਥਾ ॥ ਆਪਣੇ ਦਾਸ ਕੀ ਸੁਣੀ ਬੇਨੰਤੀ । ਸਭ ਨਾਨਕ ਸੁਖਿ ਵਸੰਤੀ ( ਪੰਨਾਂ ੬੨੭ ) ਪ੍ਰਿਥੀ ਚੰਦ ਦੀ ਦੁਸ਼ਟਤਾ ਅਜੇ ਨਹੀਂ ਗਈ ਹੁਣ ਬਾਲਕ ਹਰਿਗੋਬਿੰਦ ਜੀ ਦੇ ਹਾਣੀ ਰਾਹੀਂ ਕੁਝ ਜ਼ਹਿਰੀਲੀ ਚੀਜ਼ ਖਵਾਉਣ ਦੀ ਵਿਉਂਤ ਬਣਾਈ । ਇਕ ਨੰਦ ਨਾਮੀ ਬੱਚੇ ਰਾਹੀਂ ਉਸਦੀ ਇਕ ਜੇਬ ਜ਼ਹਿਰੀਲੀ ਤੇ ਦੂਜੀ ਵਿਚ ਚੰਗੀ ਬਰਫੀ ਪਵਾ ਬਾਲਕ ਨਾਲ ਖੇਡਣ ਘਲਿਆ ਨੰਦ ਕੋਲੋਂ ਆਪ ਜ਼ਹਿਰੀਲੀ ਤੇ ਬਾਲਕ ਹਰਿਗੋਬਿੰਦ ਜੀ ਚੰਗੀ ਖਵਾਈ ਗਈ ਕੇਸਰ ਸਿੰਘ ਛਿਬਰ ਲਿਖਦਾ ਹੈ : -ਜਾਇ ਖੇਡ ਨਾਲੇ ਮਠਿਆਈ ਖਾਈ । ਇਕ ਮੁਠ ਹਰਿਗੋਬਿੰਦ ਸੁਖ ਲਾਏ । ਚੰਗੀ ਦੇਵੇ ਸਾਹਿਬ ਮੰਦੀ ਆਪ ਖਾਏ । ਨੰਦ ਰਾਮ ਖਾਂਦਾ ਖਾਂਦਾ ਢਹਿ ਢੇਰੀ ਹੋ ਗਿਆ । ਪ੍ਰਿਥੀਏ ਦਾ ਇਹ ਤੀਰ ਵੀ ਖਾਲੀ ਗਿਆ । ਗੁਰੂ ਅਰਜਨ ਦੇਵ ਜੀ ਇਕ ਮਹਾਨ ਕਾਰਜ ਆਦਿ ਗ੍ਰੰਥ ਜੀ ਦੀ ਸਥਾਪਨਾ ਵਿਚ ਰੁੱਝੇ ਸਨ । ਹਰਿ ਗੋਬਿੰਦ ਜੀ ਸ਼ਾਸਤਰ ਤੇ ਸ਼ਸ਼ਤਰ ਵਿਦਿਆ ਦਾ ਧਿਆਨ ਮਾਤਾ ਗੰਗਾ ਜੀ ਸਪੁਰਦ ਕੀਤੇ ਗਏ ਸਨ । ਮਾਤਾ ਜੀ ਨੇ ਬਾਬਾ ਬੁੱਢਾ ਜੀ ਰਾਹੀਂ ਬਾਲਕ ਗੁਰੂ ਨੂੰ ਲਿਖਾਈ ਪੜਾਈ ਗੁਰਮਤਿ ਆਦਿ ਦੀ ਵਿਦਿਆ ਤੇ ਭਾਈ ਪਰਾਗਾ ਜੀ ਸ਼ਸਤਰ ਵਿਦਿਆ ਤੇ ਭਾਈ ਗੰਗਾ ਸਹਿਗਲ ਕੋਲੋਂ ਘੋੜ ਸਵਾਰੀ ਦੀ ਸਿਖਿਆ ਦਵਾਈ । ਗੁਰੂ ਅਰਜਨ ਦੇਵ ਦੀ ਸ਼ਹੀਦੀ ਵੇਲੇ ਗੁਰੂ ਜੀ ਦੀ ਆਯੂ ਕੇਵਲ ਗਿਆਰਾ ਬਰਸ ਸੀ । ਮਾਤਾ ਗੰਗਾ ਜੀ ਤੇ ਵੀ ਇਸ ਸ਼ਹੀਦੀ ਦਾ ਬੜਾ ਪ੍ਰਭਾਵ ਪਿਆ । ਉਹ ਬੜੇ ਗਮਗੀਨ ਤੇ ਉਦਾਸ ਰਹਿਣ ਲੱਗੇ । ਕਿਉਂ ਗੁਰੂ ਜੀ ਵਿਛੋੜੇ ਦਾ ਸਲ ਝਲਣਾ ਮਾਤਾ ਜੀ ਲਈ ਬੜਾ ਕਠਨ ਤੇ ਅਸਹਿ ਸੀ । ਭਾਵੇਂ ਗੁਰੂ ਜੀ ਜਾਣ ਲਗਿਆਂ ਮਾਤਾ ਜੀ ਤੇ ਸੰਗਤ ਨੂੰ ਉਪਦੇਸ਼ ਕਰ ਕੇ ਗਏ ਸਨ ਕਿ “ ਜਿਹੜਾ ਉਪਜਿਆ ਹੈ ਉਸ ਨੇ ਇਕ ਦਿਨ ਬਿਨਸਨਾ ਜਰੂਰ ਹੈ । ਇਸ ਲਈ ਸ਼ੋਕ ਨਹੀਂ ਚਾਹੀਦਾ । ਹਰਿਗੋਬਿੰਦ ਨੂੰ ਧੀਰਜ ਤੇ ਹੌਸਲਾ ਦੇਣਾ ਹੈ । ਮਾਤਾ ਗੰਗਾ ਜੀ ਨੂੰ ਇਉ ਉਪਦੇਸ਼ ਦਿੱਤਾ :
ਸ੍ਰੀ ਗੰਗਾ ਸਭ ਮਤਿ ਮਹਿ ਸਯਾਨੀ ॥ ਕਰਹ ਨ ਸ਼ੋਕ ਸਣਾਵਹੁ ਬਾਨੀ ॥ ਜਹਾ ਗੁਰ ਕੀ ਆਗਯਾ ਜਿਸ ਹੋਇ ॥ ਕੈਸੇ ਕਹਿ ਉਲੰਘਨਿ ਸੋਇ ॥ ਗੁਰੂ ਜੀ ਦੀ ਸ਼ਹੀਦੀ ਤੋਂ ਪਿਛੋਂ ਮਾਤਾ ਗੰਗਾ ਜੀ ਗੁਰੂ ਜੀ ਦੇ ਅੰਤਮ ਉਪਦੇਸ਼ ਅਨੁਸਾਰ ਬਾਣੀ ਨਾਲ ਜੁੜ ਕੇ ਸੰਗਤ ਨੂੰ ਵੀ ਬਾਣੀ ਨਾਲ ਜੋੜਿਆ । ਨਾਲ ਹੀ ਬਾਲਕ ਗੁਰੂ ਜੀ ਨੂੰ ਸਫਲ ਕਰਨ ਲਈ ਹਰ ਯੋਗ ਅਗਵਾਈ ਕੀਤੀ | ਬਾਲਕ ਗੁਰੂ ਜੀ ਵੀ ਆਪਣੀ ਮਾਤਾ ਜੀ ਨੂੰ ਆਪਣੇ ਪਿਤਾ ਵਾਂਗ ਸਤਿਕਾਰ ਤੇ ਮਾਨ ਦਿੱਤਾ । ਬਾਲਕ ਗੁਰੂ ਜੀ ਵੀ ਆਪਣੀ ਮਾਤਾ ਜੀ ਦੀ ਯੋਗ ਅਗਵਾਈ ਦੇ ਨਾਲ ਮੁੱਖੀ ਸਿੱਖਾਂ ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਜੀ ਪਾਸੋਂ ਵੀ ਸਲਾਹ – ਮਸ਼ਵਰਾ ਲੈਂਦੇ । ਗੁਰੂ ਹਰਿਗੋਬਿੰਦ ਸਾਹਿਬ ਆਪਣੀ ਅਥਾਹ ਪਿਆਰ ਦੇਣ ਵਾਲੀ ਮਾਤਾ ਨੂੰ ਪ੍ਰੇਮ ਵੀ ਬਹੁਤ ਕਰਦੇ । ਮਾਤਾ ਦੇ ਚਰਨ ਤੇ ਸੀਸ ਰੱਖ ਅਸ਼ੀਰਵਾਦ ਪ੍ਰਾਪਤ ਕਰਦੇ । ਹਰ ਔਖ ਸੌਖ ਵਿਚ ਮਾਤਾ ਜੀ ਦੀ ਅਸ਼ੀਰਵਾਦ ਦੀ ਉਡੀਕ ਕਰਦੇ । ਜਿਵੇਂ ਅਕਾਲ ਤਖ਼ਤ ਦੀ ਉਸਾਰੀ ਉਪਰੰਤ ਮਾਤਾ ਜੀ ਦੇ ਚਰਨਾਂ ਵਿਚ ਸਿਰ ਝੁਕਾਉਣ ਗਏ ਤਾਂ ਮਾਤਾ ਗੰਗਾ ਜੀ ਉਨ੍ਹਾਂ ਨੂੰ ਗਲੇ ਲਾ ਕੇ ਅਸੀਸ ਦਿੱਤੀ ।
ਮਾਤਾ ਗੰਗਾ ਜੀ ਦਾ ਅਕਾਲ ਚਲਾਣਾ : ਭਾਈ ਮਿਹਰਾ ਜੀ ਪੂਰਨ ਗੁਰ ਸਿੱਖ ਗੁਰੂ ਘਰ ਦੇ ਬਹੁਤ ਸ਼ਰਧਾਲੂ ਸਨ । ਇਸ ਨੇ ਇਕ ਹਵੇਲੀ ਤੇ ਮਕਾਨ ਬਣਾਇਆ । ਤੇ ਦਿਲ ਇਹ ਧਾਰੀ ਕਿ ਜਿਨਾਂ ਚਿਰ ਗੁਰੂ ਹਰਿ ਗੋਬਿੰਦ ਸਾਹਿਬ ਜੀ ਏਥੇ ਬਕਾਲੇ ਨਹੀਂ ਆਉਂਦੇ । ਉਨਾਂ ਚਿਰ ਇਸ ਮਕਾਨ ਵਿੱਚ ਵਸੋਂ ਨਹੀਂ ਕਰਨੀ । ਸੁਭਾ ਇਸ ਮਕਾਨ ਵਿਚ ਧੂਫ ਕਰਨੀ ਰਾਤ ਇਕ ਨਵੇਂ ਪਲੰਘ ਤੇ ਨਵਾਂ ਬਿਸਤਰਾਂ ਵਿਛਾ ਦੇਣਾ ਤੇ ਦੀਵਾ ਬਤੀ ਕਰਨਾ । ਨਿਤ ਏਵੇਂ ਕਰੇਦਿਆਂ ਤੇ ਗੁਰੂ ਜੀ ਨੂੰ ਯਾਦ ਕਰਨਾ ਕਿ “ ਕਦੋਂ ਗੁਰੂ ਜੀ ਦਾਸਾਂ ਦੇ ਗ੍ਰਹਿ ਨੂੰ ਆਪਣੇ ਪਵਿਤਰ ਚਰਨਾ ਨਾਲ ਨਿਵਾਜਣਗੇ । ਕਈ ਮਹੀਨੇ ਲੱਗ ਗਏ । ਉਧਰ ਅੰਤਰਜਾਮੀ ਦੇ ਦਿਲ ਦੀਆਂ ਤਾਰਾਂ ਖੜਕੀਆਂ । ਅੰਮ੍ਰਿਤਸਰ ਤੋਂ ਬਕਾਲੇ ਦੀ ਤਿਆਰੀ ਕਰ ਲਈ । ਮਾਤਾਵਾਂ ਨਾਨਕੀ ਜੀ ਤੇ ਗੰਗਾ ਜੀ ਨੂੰ ਪ੍ਰਵਾਰ ਦੇ ਜੀਆਂ ਨੂੰ ਮੁੜ ਬਹਿਲਾਂ ਤੇ ਬਿਠਾ ਕੇ ਨਾਲ ਭਾਈ ਬਿਧੀ ਚੰਦ , ਭਾਈ ਪਿਰਾਨਾ ਤੇ ਭਾਈ ਜੇਠਾ ਜੀ ਨੂੰ ਤੋਰ ਦਿੱਤਾ ਸ਼ਾਮ ਨੂੰ ਸਾਰੇ ਬਕਾਲੇ ਪੁੱਜ ਗਏ । ਮਿਹਰੇ ਦੇ ਭਾਗ ਖੁਲ੍ਹ ਗਏ । ਗੁਰੂ ਜੀ ਤੇ ਪ੍ਰਵਾਰ ਨੇ ਆ ਉਸ ਦੀ ਹਵੇਲੀ ਚਰਨ ਪਾਏ । ਪਿੰਡੋ ਬਾਹਰ ਸਿੱਖਾਂ ਨੇ ਆਪਣੇ ਖੈਮੇ ਲਾ ਲਏ । ਓਧਰ ਗੁਰੂ ਜੀ ਤੇ ਮਾਤਾ ਗੰਗਾ ਜੀ ਤੇ ਆਗਿਆ ਪਾ . ਮਾਤਾ ਨਾਨਕੀ ਜੀ ਮਾਤਾ ਗੰਗਾ ਜੀ ਨੂੰ ਨਾਲ ਆਪਣੇ ਪੇਕੇ ਘਰ ਭਾਈ ਹਰੀ ਚੰਦ ਖੱਤਰੀ ਜਾ ਪੁੱਜੇ । ਅਚਨਚੇਤ ਇਨਾਂ ਨੂੰ ਆਇਆਂ ਵੇਖ ਘਰ ਦੇ ਬੜੇ ਖੁਸ਼ ਹੋਏ । ਇਧਰੋ ਰਿਆੜਕੀ ਤੇ ਇਰਦ ਗਿਰਦ ਦੇ ਸਿੱਖਾਂ ਨੂੰ ਗੁਰੂ ਜੀ ਦੇ ਏਥੇ ਆਉਣਾ ਸੁਣ ਬੜੇ ਖੁਸ਼ ਹੋਏ ਵਹੀਰਾਂ ਘੱਤ ਦਿੱਤੀਆ , ਸ਼ੱਕਰ , ਆਟਾ ਦੁੱਧ , ਘਿਓ , ਬਾਲਣ ਲਈ ਆਉਣ । ਮਿਹਰੇ ਦੇ ਭਾਗ ਜਾਗ ਪਏ ਘਰ ਵਿਚ ਸੰਗਤ ਤੇ ਪੰਗਤ ਜੁੜ ਗਈ । ਸਵੇਰੇ ਆਸਾ ਦੀ ਵਾਰ ਦਾ ਦੁਪਹਿਰ ਢਾਡੀ ਵਾਰਾਂ ਰਾਤ ਗੁਰੂ ਜੀ ਉਪਦੇਸ਼ ਦੇਂਦੇ । ਜਾਣੋਂ ਇਹ ਹਵੇਲੀ ਸਚ ਖੰਡ ਹੀ ਬਣ ਗਈ।ਲੋਕੀਂ ਗੁਰ ਉਪਦੇਸ਼ ਵੀ ਸੁਣਦੇ ਨਾਲ ਗੁਰੂ ਜੀ ਪਾਸੋਂ ਸਿੱਖਾਂ ਦੇ ਯੁੱਧਾਂ ਬਾਰੇ ਸੁਣਦੇ।ਭਾਵੇਂ ਢਾਡੀ ਵੀ ਯੁੱਧਾਂ ਦੀਆਂ ਵਾਰਾਂ ਦਸਦੇ ਸਨ । ਇਨਾਂ ਰੌਣਕਾਂ ਵਿਚ ਹੀ ਇਕ ਦਿਨ ਮਾਤਾ ਗੰਗਾ ਜੀ ਇਸ਼ਨਾਨ ਕਰ । ਸ਼ਵਛ ਬਸਤਰ ਪਾਏ । ਤੇ ਗੁਰੂ ਜੀ ਨੂੰ ਪਾਸ ਬੁਲਾ ਕੇ ਕਿਹਾ ਕਿ “ ਮੇਰਾ ਅੰਤਮ ਸਮਾਂ ਆ ਗਿਆ ਹੈ । ਪੁੱਤਰਾ ਮੇਰੇ ਸਰੀਰ ਨੂੰ ਜਲ ਪ੍ਰਵਾਹ ਕਰਨਾ ਹੈ ਤਾਂ ਮੈਂ ਆਪਣੀ ਪਤੀ ਪਾਸ ਜਾ ਸਕਾਂ । ” ਮਾਤਾ ਜੀ ਚੇਤ ਸੁਦੀ ੧੪ ਸੰਨ ੧੬੨੮ ਨੂੰ ਪ੍ਰਲੋਕ ਸਿਧਾਰੇ ਕੁਝ ਇਤਿਹਾਸਕਾਰ ੧੬੨੬ ਈਸ਼ਵੀ ਮੰਨਦੇ ਹਨ । ਇਥੇ ਬਕਾਲੇ ਪੁਜਣ ਤੋਂ ਚੌਥੇ ਦਿਨ ਦੀ ਗੱਲ ਹੈ :
ਚਤਰਥ ਦਿਨ ਮਾਤਾ ਲਖ ਪਾਯੋ।।ਪ੍ਰਾਨ ਅੰਤ ਮੈਹਰਾ ਅਬ ਆਯੋ ॥ ਜਪੁਜੀ ਪੜਤ ਦਾਗ ਜਲੇ ਦੀਜੈ । ਹੇ ਸੁਤ ਕ੍ਰਿਆ ਤੁਮ ਕੀਜੈ ॥ ਹੌ ਜਾਵੇਂ ਗੁਰ ਕੇ ਨਿਕਟਾਈ । ਦਯਾ ਸਿੰਧ ਪ੍ਰਭ ਮੋਹਿ ਬੁਲਾਈ ॥ ਇਸਤਰਾਂ ਆਪ ਨੇ ਆਪਣੇ ਪੁੱਤਰ ਨੂੰ ਸਮਾਧੀ ਗਤਿ ਸੁਖਮਨੀ ਸਾਹਿਬ ਤੇ ਜਪੁ ਜੀ ਦਾ ਪਾਠ ਕੀਤਾ ਤਾਂ ਸਰੀਰ ਵਿਚੋਂ ਪੰਖਾਰੂ ਉਡ ਸਚ ਖੰਡ ਜਾ ਪਧਾਰਿਆ । ਹੁਣ ਮਾਤਾ ਗੰਗਾ ਜੀ ਦੇ ਅਕਾਲ ਚਲਾਨੇ ਬਾਦ ਇਸ਼ਨਾਨ ਕਰ ਇਕ ਬਿਬਾਨ ਤਿਆਰ ਕਰਾ । ਇਨਾਂ ਦਾ ਸਰੀਰ ਵਿੱਚ ਰੱਖ ਉਪਰੋਂ ਫੁੱਲਾਂ ਦੀ ਬਰਖਾਂ ਢੋਲਕੀ ਛੇਣਿਆ ਨਾਲ ਲਿਆ ਪਿੰਡੋ ਬਾਰ ਰਖਿਆ ਤਾਂ ਕਿ ਸਾਰੀ ਸੰਗਤ ਇਨ੍ਹਾਂ ਦੇ ਅੰਤਮ ਦਰਸ਼ਨ ਦੀਦਾਰ ਕਰ ਸਕੇ । ਜਿਥੇ ਇਨ੍ਹਾਂ ਦਾ ਬਿਬਾਨ ਰਖਿਆ ਗਿਆ ਸੀ ਏਥੇ ਸੁੰਦਰ ਗੁਰਦੁਆਰਾ ਬਣਿਆ ਹੋਇਆ ਹੈ । ਜਿਸ ਨੂੰ ਮਾਤਾ ਗੰਗਾ ਦਾ ਡੇਰਾ ਕਰਕੇ ਕਹਿੰਦੇ ਹਨ । ਏਥੇ ਨਿਹੰਗ ਸਿੰਘਾਂ ਦਾ ਕਬਜ਼ਾ ਹੈ । ਹਰ ਸਾਲ ਫਰਵਰੀ ਦੇ ਮਹੀਨੇ ਵਿਚ ਇਕ ਬਹੁਤ ਮਹਾਨ ਰੈਣ ਸਬਾਈ ਕੀਰਤਨ ਹੁੰਦਾ ਹੈ । ਮਾਤਾ ਦੇ ਨਾਂ ਦਾ ਮਾਤਾ ਗੰਗਾ ਖਾਲਸਾ ਕੁੜੀਆਂ ਦਾ ਹਾਈ ਸਕੂਲ ਵੀ ਬਕਾਲੇ ਚਲਦਾ ਹੈ । ਹੁਣ ਮਾਤਾ ਜੀ ਦਾ ਬਿਬਾਨ ਚੁੱਕ ਕੇ ਸੰਗਤ ਜਲੂਸ ਦੀ ਸ਼ਕਲ ਵਿੱਚ ਮਾਤਾ ਜੀ ਦੇ ਬਿਬਾਨ ਪਿਛੇ ਸ਼ਬਦ ਚੌਕੀ ਕਰਦੇ ਪਿੰਡ ਬਲਸਰਾਂ ਲੰਘ ਕੇ ਬਿਆਸਾ ਦਰਿਆ ਦੇ ਕੰਢੇ ਬਿਬਾਨ ਰੱਖ ਕੇ ਅੰਤਮ ਦਰਸ਼ਨ ਕਰਾ ਪ੍ਰਮਾਤਮਾ ਅੱਗੇ ਅਰਦਾਸ ਕਰ ਜਲ ਪਰਵਾਹ ਕਰ . ਦਿੱਤਾ ਗਿਆ । ਬਿਬਾਨ ਨੂੰ ਗੁਰੂ ਜੀ ਹੋਰਾਂ ਤੋਂ ਗੈਰ ਭਾਈ ਬਿਧੀ ਚੰਦ , ਭਾਈ ਪਿਰਾਣਾ , ਭਾਈ ਜੇਠਾ ਜੀ , ਭਾਈ ਸਾਈਂ ਦਾਸ ਜੀ , ਭਾਈ ਪੈੜਾ ਸੀ ਆਦਿ ਨੇ ਮੋਢਾ ਦਿੱਤਾ । ਜਿਥੇ ਮਾਤਾ ਜੀ ਦਾ ਜਲ ਪ੍ਰਵਾਹ ਕੀਤਾ ਸੀ ਉਥੇ ਅੱਜ ਕੱਲ ਰਾਧਾ ਸੁਆਮੀਆ ਦਾ ਡੇਰਾ ਹੈ । ਮਾਤਾ ਗੰਗਾ ਜੀ ਨੇ ਆਪਣੇ ਇਕਲੋਤੇ ਲਾਡਲੇ ਤੇ ਦੋਖੀਆਂ ਵੱਲੋਂ ਕਮੀਨੀਆਂ ਜਾਨ ਲੇਵਾ ਸਾਜ਼ਸ਼ਾ ਵੀ ਝਲੀਆਂ । ਫਿਰ ਗੁਰ ਪਤੀ ਦੀ ਸ਼ਹੀਦੀ ਦਾ ਸਲ ਵੀ ਬੜਾ ਤਕੜਾ ਹੌਸਲਾ ਕਰਕੇ ਝਲਦਿਆਂ ਬਾਲ ਹਰਿਗੋਬਿੰਦ ਸਾਹਿਬ ਦੀ ਪੂਰੀ ਸਰਪ੍ਰਸਤੀ ਤੇ ਯੋਗ ਅਗਵਾਈ ਕੀਤੀ । ਇਕ ਕ੍ਰਾਂਤੀਕਾਰੀ ਮੋੜ ਮੀਰੀ – ਪੀਰੀ , ਅਕਾਲ ਤਖ਼ਤ ਦੇ ਸਿਰਜਨ ਵਿਚ ਆਪ ਦਾ ਮਹਾਨ ਯੋਗਦਾਨ ਹੈ । ਆਪ ਸਮੇਂ ਸਮੇਂ ਸੰਗਤਾਂ ਤੇ ਮਸੰਦਾਂ ਦੇ ਦਿਲਾਂ ਵਿਚੋਂ ਗੁਰੂ ਜੀ ਬਾਰੇ ਸ਼ੰਕੇ ਨਵਿਰਤ ਕਰਦੇ ਰਹੇ । ਗੁਰੂ ਜੀ ਨਾਲ ਅਥਾਹ ਪਿਆਰ ਸੀ ਉਸ ਦੀ ਸੰਤਾਨ ਨਾਲ ਅਥਾਹ ਪਿਆਰ ਸੀ । ਆਪ ਨੂੰ ਗੁਰੂ – ਪਤਨੀ , ਗੁਰ – ਮਾਤਾ , ਗੁਰ – ਦਾਦੀ , ਗੁਰ – ਪੜਦਾਦੀ ਤੇ ਗੁਰ – ਲਕੜ ਦਾਦੀ ( ਗੁਰੂ ਹਰਿਕ੍ਰਿਸ਼ਨ ਜੀ ) ਬਨਣ ਦਾ ਮਾਨ ਪ੍ਰਾਪਤ ਹੈ ।
ਦਾਸ ਜੋਰਾਵਰ ਸਿੰਘ ਤਰਸਿੱਕਾ ।