ਭਾਈ ਦਾਨ ਸਿੰਘ ਜੀ ਦੀ ਫੋਟੋ ਸ੍ਰੀ ਦਰਬਾਰ ਸਾਹਿਬ ਅਜਾਇਬ ਘਰ ਵਿੱਚ

ਮਿਤੀ 07- ਸਤੰਬਰ -2022 ਨੂੰ ਭਾਈ ਦਾਨ ਸਿੰਘ ਜੀ ਦੀ ਫੋਟੋ ਸ੍ਰੀ ਦਰਬਾਰ ਸਾਹਿਬ ਅਜਾਇਬ ਘਰ ਵਿੱਚ ਲਗਾਈ ਗਈ ਹੈ। ਆਓ ਸੰਖੇਪ ਵਿੱਚ ਪੜ੍ਹੀਏ ਕੌਣ ਸਨ ਭਾਈ ਦਾਨ ਸਿੰਘ।
ਜਿਸ ਤਰਾਂ ਮਾਝੇ ਦੀ ਸਿੱਖੀ ਦਾ ਬੀਜ ਰੱਖਣ ਦਾ ਮਾਣ ਭਾਈ ਮਹਾਂ ਸਿੰਘ ਨੂੰ ਪ੍ਰਾਪਤ ਹੈ, ਓਸੇ ਤਰਾਂ ਮਾਲਵੇ ਦੀ ਸਿੱਖੀ ਦਾ ਬੀਜ ਰੱਖਣ ਦਾ ਮਾਣ ਭਾਈ ਦਾਨ ਸਿੰਘ ਨੂੰ ਪ੍ਰਾਪਤ ਹੋਇਆ ਹੈ। ਜਦੋਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਿਦਰਾਣੇ ਦੀ ਢਾਬ, ਮੁਕਤਸਰ ਸਾਹਿਬ ਦੀ ਧਰਤੀ ‘ਤੇ ਮੁਗਲਾਂ ਨਾਲ ਆਖਰੀ ਯੁੱਧ ਕੀਤਾ ਤਾਂ ਇਸ ਯੁੱਧ ਵਿੱਚ ਜਿੱਥੇ ਅਨੇਕਾਂ ਸਿੱਖਾਂ ਨੇ ਅੱਗੇ ਹੋ ਕੇ ਯੋਗਦਾਨ ਪਾਇਆ ਓਥੇ ਭਾਈ ਦਾਨ ਸਿੰਘ ਜੀ ਨੇ ਵੀ ਆਪਣੇ ਸੈਂਕੜੇ ਸਾਥੀਆਂ ਨਾਲ ਯੁੱਧ ਵਿੱਚ ਹਿੱਸਾ ਲਿਆ। ਇਹ ਉਹੀ ਯੁੱਧ ਸੀ ਜਿਸ ਵਿੱਚ ਬੇਦਾਵਾ ਲਿਖ ਕੇ ਦੇਣ ਵਾਲੇ 40 ਸਿੱਖ ਸ਼ਹੀਦ ਹੋਏ ਸਨ। ਯੁੱਧ ਜਿੱਤ ਲਿਆ ਗਿਆ ਅਤੇ ਗੁਰੂ ਸਾਹਿਬ ਨੇ 40 ਸਿੱਖਾਂ ਨੂੰ 40 ਮੁਕਤਿਆਂ ਦਾ ਵਰ ਦੇ ਕੇ ਨਿਵਾਜਿਆ।
ਇਸ ਜੰਗ ਤੋਂ ਬਾਅਦ ਗੁਰੂ ਸਾਹਿਬ ਅੱਗੇ ਗਏ ਅਤੇ ਪਿੰਡ ਛੱਤੇਆਣਾ ਵਿਖੇ ਪੜਾਅ ਕੀਤਾ। ਕੁਝ ਵਿਦਵਾਨਾਂ ਦਾ ਪਿੰਡ ਦੇ ਨਾਮ ਨੂੰ ਲੈ ਕੇ ਮਤਭੇਦ ਹੈ। ਇਸ ਜਗ੍ਹਾ ‘ਤੇ ਸਾਰੇ ਸਿੱਖਾਂ ਨੇ ਗੁਰੂ ਸਾਹਿਬ ਤੋਂ ਆਪਣੀਆਂ ਤਨਖਾਹਾਂ ਦੀ ਮੰਗ ਕੀਤੀ। ਗੁਰੂ ਸਾਹਿਬ ਨੇ ਕਿਹਾ ਕਿ ਥੋੜਾ ਸਮਾਂ ਰੁਕ ਜਾਓ, ਦਮਦਮਾ ਸਾਹਿਬ ਪਹੁੰਚ ਜਾਵਾਂਗੇ ਤਾਂ ਤੁਹਾਨੂੰ ਤਨਖਾਹਾਂ ਦੇ ਦਵਾਂਗੇ ਪਰ ਸਿੱਖਾਂ ਨੇ ਜ਼ੋਰ ਪਾਇਆ ਕਿ ਗੁਰੂ ਜੀ ਹੁਣੇ ਹੀ ਤਨਖਾਹਾਂ ਦੇ ਦਿਓ। ਓਥੇ ਗੁਰੂ ਸਾਹਿਬ ਜੀ ਨੇ ਸਾਰੇ ਸਿੱਖਾਂ ਨੂੰ ਢਾਲਾਂ ਭਰ ਭਰ ਕੇ ਪੈਸਾ ਵੰਡਿਆ। ਪਰ ਜਦੋਂ ਭਾਈ ਦਾਨ ਸਿੰਘ ਦੀ ਵਾਰੀ ਆਈ ਤਾਂ ਭਾਈ ਸਾਹਿਬ ਨੇ ਪੈਸਾ ਲੈਣ ਤੋਂ ਮਨ੍ਹਾਂ ਕਰ ਦਿੱਤਾ ਅਤੇ ਕਿਹਾ ਕਿ ਮਹਾਰਾਜ ਮੈਨੂੰ ਪੈਸੇ ਦੀ ਲੋੜ ਨਹੀਂ ਕਿਰਪਾ ਕਰਕੇ ਮੈਨੂੰ ਸਿੱਖੀ ਬਖਸ਼ ਦਿਓ। ਇਸ ਸਮੇਂ ਤੱਕ ਭਾਈ ਦਾਨ ਸਿੰਘ ਨੇ ਅੰਮ੍ਰਿਤ ਨਹੀਂ ਛਕਿਆ ਸੀ ਅਤੇ ਓਹਨਾ ਦਾ ਨਾਮ ਇਤਿਹਾਸ ਵਿੱਚ ਭਾਈ ਦਾਨਾ ਕਰਕੇ ਆਉਂਦਾ ਹੈ।
ਭਾਈ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਇਸ ਤਰਾਂ ਲਿਖਿਆ ਹੈ:-
ਦਾਨ ਸਿੰਘ ਹਾਥ ਕਰ ਜੋਰੇ,
ਦੂਧ ਪੂਤ ਧਨ ਸਭ ਗ੍ਰਹਿ ਮੋਰੇ,
ਕਿਰਪਾ ਕਰੋ ਸਿੱਖੀ ਮੋਹੇ ਦੀਜੈ,
ਅਪਨਾ ਜਾਣ ਬਖਸ਼ ਕਰ ਲੀਜੈ।
ਗੁਰੂ ਸਾਹਿਬ ਜੀ ਬਹੁਤ ਖੁਸ਼ ਹੋਏ ਅਤੇ ਵਰ ਦਿੱਤਾ ਕਿ ਤੁਸੀਂ ਅੱਜ ਮਾਲਵੇ ਦੀ ਸਿੱਖੀ ਦਾ ਬੀਜ ਰੱਖ ਲਿਆ ਹੈ। ਗੁਰੂ ਸਾਹਿਬ ਜੀ ਨੇ ਆਪਣੇ ਹੱਥੀਂ ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਭਾਈ ਦਾਨ ਸਿੰਘ ਨੂੰ ਅਤੇ ਉਸ ਦੇ ਪਰਿਵਾਰ ਨੂੰ ਛਕਾਇਆ।
(ਰਣਜੀਤ ਸਿੰਘ ਮੋਹਲੇਕੇ)


Share On Whatsapp

Leave a Reply




top