ਸ਼ਹੀਦ ਅਰਬੀ ਸ਼ਬਦ ਤੋਂ ਪੈਦਾ ਹੋਇਆ ਹੈ ਜਿਸਦਾ ਅਰਥ ਹੈ: ਗਵਾਹੀ ਅਤੇ ਲੋਕਾਈ ਹਿਤ ਦੇ ਕਿਸੇ ਕਾਜ਼ ਲਈ ਮਰਨ ਵਾਲੇ ਲਈ ਵਰਤਿਆ ਜਾਂਦਾ ਹੈ। ਇਸਲਾਮੀ ਫ਼ਿਰਕੇ ਵਿੱਚ ਸ਼ਹੀਦ ਤੋਂ ਮੁਰਾਦ ਉਹ ਸ਼ਖ਼ਸ ਹੈ ਜੋ ਅੱਲ੍ਹਾ ਦੀ ਰਾਹ ਵਿੱਚ ਜਾਨ ਦੇਵੇ। ਮਸਲਨ ਆਪਣੇ ਵਤਨ ਦੀ ਹਿਫ਼ਾਜ਼ਤ ਜਾਂ ਆਪਣੇ ਮਜ਼ਹਬ ਦੀ ਹਿਫ਼ਾਜ਼ਤ ਲਈ ਜੰਗ ਲੜਦੇ ਹੋਏ ਜਾਨ ਦੇ ਦੇਵੇ। ਇਸਲਾਮ ਵਿੱਚ ਸ਼ਹੀਦ ਦਾ ਮਰਤਬਾ ਬਹੁਤ ਬੁਲੰਦ ਹੈ ਅਤੇ ਕੁਰਾਨ ਦੇ ਮੁਤਾਬਿਕ ਸ਼ਹੀਦ ਮਰਦੇ ਨਹੀਂ ਬਲਕਿ ਜ਼ਿੰਦਾ ਹਨ ਅਤੇ ਅੱਲ੍ਹਾ ਉਨ੍ਹਾਂ ਨੂੰ ਵੱਡੇ ਦਰਜੇ ਤੇ ਰੱਖਦਾ ਹੈ ਮਗਰ ਸਾਨੂੰ ਇਸ ਦਾ ਅਹਿਸਾਸ ਨਹੀਂ ਹੁੰਦਾ।
ਸ਼ਹੀਦ ਦੇ ਕੋਸ਼-ਅਰਥ ਹਨ::: ਗਵਾਹ, ਕਿਸੇ ਕੰਮ ਦਾ ਮੁਸ਼ਾਹਿਦਾ ਕਰਨ ਵਾਲਾ।ਅਤੇ ਸ਼ਰੀਅਤ ਵਿੱਚ ਇਸਦਾ ਮਤਲਬ ਹੈ::: ਅੱਲ੍ਹਾ ਤਾਲਾ ਦੇ ਦੀਨ ਦੀ ਖ਼ਿਦਮਤ ਕਰਦੇ ਹੋਏ ਆਪਣੀ ਜਾਨ ਕੁਰਬਾਨ ਕਰਨ ਵਾਲਾ, ਮੈਦਾਨ-ਏ-ਜਹਾਦ ਵਿੱਚ ਲੜਦੇ ਹੋਏ ਜਾਂ ਜਹਾਦ ਦੀ ਰਾਹ ਵਿੱਚ ਜਾਣ ਵਾਲਾ ।
ਸ਼ਹੀਦ ਉਸ ਨੂੰ ਕਹਿੰਦੇ ਹਨ ਜਿਸ ਵਿੱਚ ਸਵਾਰਥ ਤੋਂ ਉੱਪਰ ਉੱਠ ਕੇ ਆਪਣਾ ਜੀਵਨ, ਦੇਸ਼ ਕੌਮ ਅਤੇ ਧਰਮ ਲਈ ਅਰਪਣ ਕਰਨ ਦਾ ਜਜ਼ਬਾ ਹੋਵੇ । ਸਿੱਖ ਕੌਮ ਵਿੱਚ ਅਜਿਹੇ ਅਨਗਿਣਤ ਹੀ ਸਿਰਲੱਥ, ਸੂਰਬੀਰ, ਅਣਥੱਕ ਤੇ ਬਹਾਦਰ ਜੋਧੇ ਹੋਏ ਹਨ ਜਿਨ੍ਹਾਂ ਨੇ ਆਪਣੇ ਘਰ ਪਰਿਵਾਰ ਅਤੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਹੀ ਆਪਣੀ ਜਿੰਦਗੀ ਦੀ ਅਹੂਤੀ ਦਿੱਤੀ ਹੈ ।ਇਸੇ ਤਰਾਂ ਪਿਉ-ਪੁੱਤਰ ਸਨ ਭਾਈ ਸੁਬੇਗ ਸਿੰਘ ਅਤੇ ਭਾਈ ਸ਼ਾਹਬਾਜ਼ ਸਿੰਘ ਜੀ । ਇਹ ਉਹ ਸਮਾਂ ਸੀ, ਜਦੋਂ ਸਿੱਖਾਂ ‘ਤੇ ਕਹਿਰਾਂ ਦਾ ਕਸ਼ਟ ਸੀ, ਸਿਰਾਂ ਦੇ ਮੁੱਲ ਪੈ ਰਹੇ ਸਨ ਤੇ ਸਿੱਖ ਵੀ ਆਪਣੇ ਗੁਰੂਆਂ ‘ਤੇ ਪੂਰਾ ਅਕੀਦਾ ਰੱਖਦੇ ਹੋਏ ਗੁਰ ਸਿਧਾਂਤਾਂ ‘ਤੇ ਪਹਿਰਾ ਦਿੰਦੇ ਤੇ ਮੌਤ ਦੀ ਪ੍ਰਵਾਹ ਨਾ ਕਰਦੇ ਹੋਏ ਮੁਗ਼ਲਾਂ ਲਈ ਸਿਰਦਰਦੀ ਦਾ ਕਾਰਨ ਬਣੇ ਰਹੇ। ਇਸ ਸਮੇਂ ਵੀ ਕੁਝ ਸਿੱਖ ਐਸੇ ਸਨ ਜਿਨ੍ਹਾ ਉਨ੍ਹਾਂ ਬਾਕੀ ਸਿੰਘਾਂ ਵਾਂਗ ਸ਼ਸਤਰ ਤਾਂ ਨਾ ਚੁੱਕੇ, ਪਰ ਹਮੇਸ਼ਾ ਸਿੱਖ ਸਿਧਾਂਤਾਂ ਤੇ ਸਿੱਖ ਮੁਫਾਦ ਦੀ ਗੱਲ ਤੇ ਅਕੀਦਾ ਰਹੇ ।
ਭਾਈ ਸੁਬੇਗ ਸਿੰਘ, ਪਿੰਡ ਜੰਬਰ, ਚੂਹਣੀਆਂ ਤਹਿਸੀਲ ਜੋ ਲਾਹੌਰ ਜ਼ਿਲ੍ਹੇ ਦੇ ਰਹਿਣ ਵਾਲੇ ਸੀ ਰਾਇ ਭਾਗਾ (ਸੰਧੂ) ਦੇ ਪੁਤਰ ਸੀ । ਅੱਜਕਲ ਜੰਬਰ ਪਿੰਡ, ਪਾਕਿਸਤਾਨ ਦੇ ਪੰਜਾਬ ਰਾਜ ਦੇ ਜ਼ਿਲ੍ਹਾ ਕਸੂਰ ਵਿਚ ਹੈ, ਜੋ ਲਾਹੌਰ-ਮੁਲਤਾਨ ਸੜਕ ‘ਤੇ ਫੇਰੂ ਤੋਂ ਅੱਗੇ ਛਾਂਗਾ ਮੋੜ ਉੱਤੇ ਅਬਾਦ ਹੈ ਇਹ ਆਪਣੇ ਪੁਰਖਿਆਂ ਵਾਂਗ ਸਰਕਾਰ ਤੋਂ ਠੇਕੇ ਲੈ ਕੇ ਆਪਣਾ ਕੰਮ ਬੜਾ ਹੀ ਮਿਹਨਤ ਅਤੇ ਇਮਾਨਦਾਰੀ ਨਾਲ ਕਰਦੇ ਸੀ । ਉਹ ਚੰਗੇ ਰਸੂਖ ਵਾਲੇ ਜ਼ਮੀਂਦਾਰ ਤੇ ਸਰਕਾਰੀ ਅਜਾਰੇਦਾਰ ਸੀ ਇਹ ਅਰਬੀ ਭਾਸ਼ਾ ਦੇ ਚੰਗੇ ਵਿਦਵਾਨਾਂ ਤੇ ਫ਼ਾਰਸੀ ਦੇ ਆਲਮ ਗਿਣੇ ਜਾਂਦੇ ਸਨ ਸਰਕਾਰ ਵਿਚ ਇਨ੍ਹਾਂ ਦਾ ਚੰਗਾ ਮਾਨ ਸਤਿਕਾਰ ਸੀ । ਇਹ ਭਜਨ ਬੰਦਗੀ ਕਰਨ ਵਾਲੇ ਚੰਗੇ ਆਚਰਣ ਵਾਲੇ ਵਿਅਕਤੀ ਸਨ ਜਿਨ੍ਹਾ ਦੀ ਸਿੱਖ ਵੀ ਬਹੁਤ ਕਦਰ ਕਰਦੇ ਸੀ ।ਜਕਰੀਆ ਖਾਨ ਵੀ ਇਨ੍ਹਾ ਦੀ ਇਜ਼ਤ ਕਰਦਾ ਸੀ , ਕਿਓਕੀ ਦੋਸਤ ਹੋਵੇ ਜਾਂ ਦੁਸ਼ਮਨ ਵਕਤ ਸਿਰ ਹਰ ਇਕ ਦੇ ਕੰਮ ਆਉਣ ਵਾਲੇ ਨਿਰਪੱਖ ਇਨਸਾਨ ਸੀ । ਸਰਦਾਰ ਸੁਬੇਗ ਸਿੰਘ ਜਕਰੀਆ ਖਾਨ ਦੇ ਵਕਤ ਕੁਝ ਦੇਰ ਲਾਹੌਰ ਨਗਰ ਦੇ ਕੋਤਵਾਲ ਵੀ ਤਾਇਨਾਤ ਰਹੇ ਤੇ ਇਨ੍ਹਾ ਨੇ ਲਾਹੌਰ ਵਿਚ ਕਈ ਪ੍ਰਬੰਧਕੀ ਸੁਧਾਰ ਕੀਤੇ ।
ਭਾਈ ਸੁਬੇਗ ਸਿੰਘ ਨੇ ਕੋਤਵਾਲ ਬਣਨ ‘ਤੇ ਲੋਕਾਂ ਨੂੰ ਤਸੀਹੇ ਦੇ ਕੇ ਮੌਤ ਦੇ ਘਾਟ ਉਤਾਰਨ ਦੀ ਸਜ਼ਾ ਬੰਦ ਕਰ ਦਿੱਤੀ। ਮੌਤ ਦੀ ਸਜ਼ਾ ਖਾਸ ਹਾਲਤਾਂ ਵਿਚ ਹੀ ਸਿਰਫ ਫਾਂਸੀ, ਕਤਲ ਜਾਂ ਤੋਪ ਅੱਗੇ ਬੰਨ ਕੇ ਉਡਾ ਦੇਣ ਦੀ ਹੀ ਜਾਰੀ ਰੱਖੀ। ਸ਼ਹੀਦ ਸਿੰਘਾਂ ਦੇ ਸਿਰ ਜੋ ਕਿਲ੍ਹੇ ਦੀਆਂ ਦੀਵਾਰਾਂ ‘ਤੇ ਮੀਨਾਰਾਂ ਵਾਂਗ ਚਿਣੇ ਹੋਏ ਸਨ ਜਾਂ ਖੂਹਾਂ ਵਿਚ ਸੁੱਟੇ ਹੋਏ ਸਨ ਸਾਰਿਆਂ ਨੂੰ ਕਢਵਾ ਕੇ ਉਨ੍ਹਾਂ ਦਾ ਅੰਤਮ ਸਸਕਾਰ ਕਰਵਾ ਦਿੱਤਾ। ਮੰਦਰ ਵਿਚ ਘੰਟੀਆਂ ਤੇ ਟਲ ਖੜਕਾਣੇ ਜੋ ਬੰਦ ਕੀਤੇ ਗਏ ਸੀ ਫਿਰ ਤੋਂ ਚਾਲੂ ਕਰਵਾ ਦਿਤੇ ਸ਼ਹਿਰ ਵਿਚ ਸ਼ਰ-ਏ-ਆਮ ਗਊਆਂ ਵੱਢਣ ‘ਤੇ ਪਾਬੰਦੀ ਲਗਾ ਦਿੱਤੀ । ਇਨ੍ਹਾਂ ਨੇ ਸਾਲ ਭਰ ਆਪਣਾ ਕੰਮ ਬੜੀ ਮਿਹਨਤ, ਇਮਾਨਦਾਰੀ ਅਤੇ ਨਿਆਂ ਪੂਰਵਕ ਢੰਗ ਨਾਲ ਕੀਤਾ। ਇਨ੍ਹਾਂ ਦੇ ਕੰਮ ਕਰਨ ਦੇ ਢੰਗ ਤੋਂ ਲਾਹੌਰ ਦੇ ਵਸਨੀਕ ਬੜੇ ਖੁਸ਼ ਸਨ। ਜਦੋਂ ਲਾਹੌਰ ਵਿਚ ਸਿੱਖਾਂ ਨੂੰ ਕਤਲ ਕਰ ਦਿੱਤਾ ਜਾਂਦਾ ਤਾਂ ਇਨ੍ਹਾਂ ਦਾ ਮਨ ਬੜਾ ਦੁਖੀ ਹੁੰਦਾ ਸੀ। ਇਹ ਲੋਕ ਸਿੱਖਾਂ ਦੀਆਂ ਮ੍ਰਿਤਕ ਦੇਹਾਂ ਇਕੱਠੀਆਂ ਕਰ ਕੇ ਅੰਤਮ ਸਸਕਾਰ ਕਰ ਦਿੰਦੇ ਅਤੇ ਉਨ੍ਹਾਂ ਦੀਆਂ ਯਾਦਗਾਰਾਂ ਦੀ ਨਿਸ਼ਾਨਦੇਹੀ ਕਰ ਦਿੰਦੇ ਸਨ। ਭਾਈ ਸੁਬੇਗ ਸਿੰਘ ਨੇ ਲਾਹੌਰ ਵਿਖੇ ਇਹੋ ਜਿਹੀਆਂ ਨਿਸ਼ਾਨਦੇਹੀਆਂ ‘ਤੇ ਸਿੱਖਾਂ ਦੀਆਂ ਕਈ ਯਾਦਗਾਰਾਂ ਵੀ ਤਾਮੀਰ ਕਰਵਾਈਆਂ ਉਨ੍ਹਾਂ ਨੇ ਹੋਰ ਵੀ ਬਹੁਤ ਸਾਰੇ ਪ੍ਰਬੰਧਕੀ ਸੁਧਾਰ ਕੀਤੇ ਜੋ ਕੱਟਰਪੰਥੀਆਂ ਮੁਸਲਮਾਨਾਂ ਨੂੰ ਰਾਸ ਨਹੀਂ ਆਏ ਤੇ ਉਨ੍ਹਾਂ ਉੱਤੇ ਕਈ ਬੇਵਜਹ ਇਲਜ਼ਾਮ ਲਗਾਕੇ ਇਸ ਪਦ ਤੋਂ ਹਟਵਾ ਦਿੱਤਾ ਗਿਆ।
1728 ਈ:iਇਨ੍ਹਾ ਦੇ ਘਰ ਇਕ ਪੁਤਰ ਹੋਇਆ ਜਿਸਦਾ ਨਾ ਸ਼ਾਹਬਾਜ਼ ਸਿੰਘ ਰਖਿਆ ਗਿਆ । ਜਦ ਉਸਦੀ ਉਮਰ ਪੜ੍ਹਨਯੋਗ ਹੋਈ ਤਾਂ ਭਾਈ ਸ਼ਾਹਬਾਜ ਸਿੰਘ ਜੀ ਨੂੰ ਇਕ ਮਦਰੱਸੇ (ਸਕੂਲ) ਵਿਚ ਕਾਜ਼ੀ ਕੋਲੋਂ ਫ਼ਾਰਸੀ ਪੜ੍ਹਨ ਲਈ ਭੇਜਿਆ ਜਾਣ ਲੱਗਾ।
ਇਹ ਉਹ ਸਮਾਂ ਸੀ, ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਹਕੂਮਤ ਦਾ ਸਿੱਖਾਂ ‘ਤੇ ਕਹਿਰ ਟੁੱਟ ਪਿਆ ਸੀ। ਹਜ਼ਾਰਾਂ ਹੀ ਨਿਰਦੋਸ਼ ਸਿੱਖਾਂ ਨੂੰ ਅਕਹਿ ਤਸੀਹੇ ਦੇ ਕੇ ਸ਼ਹੀਦ ਕੀਤਾ ਜਾ ਰਿਹਾ ਸੀ। ਸਿੱਖਾਂ ਦੇ ਸਿਰਾਂ ਦੇ ਮੁੱਲ ਪਾ ਕੇ ਉਨ੍ਹਾਂ ਦਾ ਖੁਰਾ-ਖੋਜ ਮਿਟਾਉਣ ਲਈ ਢੰਡੋਰੇ ਪਿੱਟੇ ਜਾ ਰਹੇ ਸਨ। ਸਿੱਖ ਵੀ ਆਪਣੇ ਗੁਰੂਆਂ ‘ਤੇ ਪੂਰਾ ਅਕੀਦਾ ਰੱਖਦੇ ਹੋਏ ਗੁਰ ਸਿਧਾਂਤਾਂ ‘ਤੇ ਪਹਿਰਾ ਦਿੰਦੇ, ਮੌਤ ਦੀ ਪ੍ਰਵਾਹ ਨਾ ਕਰਦੇ ਹੋਏ ਮੁਗ਼ਲਾਂ ਨਾਲ ਟੱਕਰ ਲੈਂਦੇ ਰਹਿੰਦੇ ਸੀ ਉਹ ਸਮੇ ਸਮੇ ਸਿਰ ਜੰਗਲ-ਬੇਲਿਆਂ ਚੋਂ ਨਿਕਲ ਆਪਣੇ ਗੁਰੂ ਘਰਾਂ ਦੀ ਸਾਂਭ-ਸੰਭਾਲ ਦਾ ਕਾਰਜ ਸੰਭਾਲਦੇ ਤੇ ਸ਼ਾਹੀ ਫੌਜਾਂ ਤੇ ਹੱਲੇ ਵੀ ਕਰਦੇ। ਜ਼ਕਰੀਆ ਖਾਨ, ਕਾਫੀ ਸਮੇਂ ਤੋਂ ਪੰਜਾਬ ਵਿਚ ਸਿੱਖਾਂ ਨਾਲ ਜੂਝ ਰਿਹਾ ਸੀ । ਉਸਨੇ ਭਾਵੇਂ ਹਜ਼ਾਰਾਂ ਸਿੱਖ ਮਰਵਾ ਦਿੱਤੇ ਪਰ ਫਿਰ ਵੀ ਸਿਖਾਂ ਨੂੰ ਕਾਬੂ ਨਾ ਕਰ ਸਕਿਆ ਇਸ ਮਾਰੋ-ਮਾਰੀ ਵਿਚ ਮੁਗਲਾਂ ਦਾ ਕਾਫੀ ਨੁਕਸਾਨ ਹੋਇਆ । ਆਖਿਰ ਤੰਗ ਆਕੇ ਉਸਨੇ ਸੋਚਿਆ ਕੀ ਕਿਓਂ ਨਾ ਸਿਖਾਂ ਨਾਲ ਸੰਧੀ ਕਰ ਲਈ ਜਾਵੇ । ਮਾਨ ਸਤਕਾਰ ਤੇ ਜਗੀਰ ਦੇਕੇ ਇਕ ਰਿਸ਼ਤਾ ਕਾਇਮ ਕੀਤਾ ਜਾਵੇ ਤਾਕਿ ਮੁਲਕ ਵਿਚ ਅਮਨ ਚੈਨ ਰਹੇ ਜ਼ਕਰੀਆ ਖਾਨ ਨੇ ਇਹ ਤਜ਼ਵੀਜ਼ ਦਿਲੀ ਦੇ ਬਾਦਸ਼ਾਹ ਅਗੇ ਰਖੀ । ਦਿੱਲੀ ਦਰਬਾਰ ਦੀ ਪ੍ਰਵਾਨਗੀ ਉਪਰੰਤ, ਜ਼ਕਰੀਆ ਖਾਨ ਦੇ ਸਰਦਾਰ ਸੁਬੇਗ ਸਿੰਘ ਨੂੰ ਆਪਣਾ ਦੂਤ ਬਣਾ ਕੇ ਸਿੰਘਾਂ ਕੋਲ 1733 ਦੀ ਵਿਸਾਖੀ ਵਾਲੇ ਦਿਹਾੜੇ ਅੰਮ੍ਰਿਤਸਰ ਭੇਜਿਆ, ਜਿਸ ਅਧੀਨ ਰਾਜ ਵੱਲੋਂ ਨਵਾਬੀ ਤੇ ਜਗੀਰ ਦੀ ਪੇਸ਼ਕਸ਼ ਕੀਤੀ ਗਈ। ਅਕਾਲ ਤਖਤ ਦੇ ਜਥੇਦਾਰ ਦਰਬਾਰਾ ਸਿੰਘ ਨੇ ਸਰਬਤ ਖਾਲਸੇ ਵੱਲੋਂ ਇਸ ਤਜਵੀਜ਼ ਨੂੰ ਠੁਕਰਾ ਦਿਤਾ ਤੇ ਕਿਹਾ ਕਿ ਅਸੀਂ ਕਿਸੇ ਦੀ ਦਿੱਤੀ ਹੋਈ ਨਵਾਬੀ ਕਿਉਂ ਲਈਏ ਜੋ ਵੀ ਲਵਾਂਗੇ ਆਪਣੇ ਦਮ ਤੇ ਲੜ ਕੇ ਲਵਾਂਗੇ।
ਬਹੁਤ ਚਿਰ ਵਿਚਾਰਾਂ ਚਲਦੀਆਂ ਗਈਆਂ। ਸ. ਸੁਬੇਗ ਸਿੰਘ ਨੇ ਬਹੁਤ ਸਮਝਾਇਆ ਕਿ ਲੜਾਈ ਵਿਚ ਕੀਮਤੀ ਸਿੱਖ ਜਾਨਾਂ ਜਾ ਰਹੀਆਂ ਹਨ ਤੇ ਫਿਰ ਜਦੋਂ ਸਰਕਾਰ ਵੱਲੋਂ ਸ਼ਾਂਤੀ ਤੇ ਸੰਧੀ ਦੀ ਪਹਿਲ ਹੈ ਤੇ ਇਸ ਨੂੰ ਨਾ ਮੰਨਣਾ ਠੀਕ ਨਹੀਂ। ਜਦੋਂ ਜਥੇਦਾਰ ਆਪ ਨਵਾਬੀ ਤੇ ਖਿਲਅਤ ਲੈਣਾ ਨਾ ਮੰਨੇ ਤਾਂ ਸੁਬੇਗ ਸਿੰਘ ਹੁਰਾਂ ਨੇ ਦਲੀਲ ਦਿੱਤੀ ਕਿ ਇਸ ਤਰ੍ਹਾਂ ਆਈ ਹੋਈ ਤਜਵੀਜ਼ ਤੇ ਸਤਿਕਾਰ ਨੂੰ ਵਾਪਸ ਨਾ ਕਰੋ ਤੇ ਕਿਸੇ ਸੇਵਾਦਾਰ ਅਦਨੇ ਸਿੱਖ ਨੂੰ ਹੀ ਦੇ ਦਿਓ। ਇਹ ਗੱਲ ਖਾਲਸਾ ਪੰਥ ਦੇ ਇਕੱਠ ਨੂੰ ਭਾਅ ਗਈ। ਸੋ ਇਕ ਸੇਵਾਦਾਰ, ਜੋ ਸੰਗਤਾਂ ਨੂੰ ਪੱਖਾ ਝਲ ਰਹੇ ਸਨ, ਹੁਕਮ ਹੋਇਆ ਕਿ ਨਵਾਬੀ ਤੇ ਜਗੀਰ ਭਾਈ ਕਪੂਰ ਸਿੰਘ ਨੂੰ ਦਿਤੀ । ਪਹਿਲਾਂ ਤਾਂ ਭਾਈ ਕਪੂਰ ਸਿੰਘ ਨੇ ਨਵਾਬੀ ਲੈਣ ਤੋਂ ਅਸਮਰਥਾ ਪ੍ਰਗਟ ਕੀਤੀ ਪਰ ਫਿਰ ਸੰਗਤ ਦਾ ਹੁਕਮ ਮੰਨ ਕੇ ਤਿੰਨ ਸ਼ਰਤਾ ਤੇ ਇਸ ਨੂੰ ਪ੍ਰਵਾਨ ਕਰ ਲਿਆ ਬੇਨਤੀ ਕੀਤੀ ਕਿ ਇਸ ਨਵਾਬੀ ਤੇ ਜਗੀਰ ਬਖਸ਼ੀ ਦੀ ਸਨਅਦ ਮੈਨੂੰ ਦੇਣ ਤੋਂ ਪਹਿਲਾਂ ਪੰਜ ਸਿੱਖਾਂ (ਪਿਆਰਿਆਂ)ਦੇ ਜੋੜਿਆਂ ਵਿਚ ਪਹਿਲਾਂ ਰੱਖੀ ਜਾਵੇ। ਦੂਸਰਾ ਇਹ ਜਗੀਰ ਮੈਨੂੰ ਪੰਥ ਦੀ ਦੇਣ ਹੈ ਮੁਗਲ ਹਕੂਮਤ ਦੀ ਨਹੀਂ ਸੋ ਮੈਂ ਮੁਗਲ ਦਰਬਾਰ ਵਿਚ ਹਾਜਰੀ ਨਹੀਂ ਭਰਾਗਾਂ ਤੇ ਤੀਸਰਾ ਮੇਰੀ ਪੱਖਾ ਝਲਣ ਤੇ ਘੋੜਿਆਂ ਦੀ ਸੇਵਾ ਜਾਰੀ ਰਹੇਗੀ । ਇਸ ਤਰਾਂ ਖ਼ਾਲਸੇ ਨੂੰ ਦੀਪਾਲਪੁਰ, ਕੰਗਣਵਾਲ, ਝਬਾਲ ਦੇ ਪਰਗਣਿਆਂ ਦੀ ਜਗੀਰ ਦਿੱਤੀ ਗਈ। ਭਾਈ ਸੁਬੇਗ ਸਿੰਘ ਦੇ ਯਤਨਾਂ ਸਦਕਾ ਕੁਝ ਸਮੇਂ ਲਈ ਪੰਜਾਬ ਦੇ ਮਾਹੌਲ ਵਿਚ ਅਮਨ ਹੋ ਗਿਆ ਤੇ ਸਿਖਾਂ ਨੂੰ ਵੀ ਆਪਣੇ ਆਪ ਨੂੰ ਮਜਬੂਤ ਕਰਨ ਲਈ ਵਕਤ ਮਿਲ ਗਿਆ ।
ਇਸੇ ਦੌਰਾਨ, ਜ਼ਕਰੀਆ ਖਾਨ ਦੀ ਮੌਤ ਹੋ ਗਈ ਤੇ ਉਸ ਦਾ ਪੁੱਤਰ ਯਹੀਆ ਖਾਨ ਜੋ ਆਪਣੇ ਪਿਓ ਨਾਲੋ ਵਧ ਜਾਲਮ ਸੀ ਤੇ ਸਿਖਾਂ ਦੇ ਖਿਲਾਫ਼ ਸੀ , ਲਾਹੌਰ ਦਾ ਸੂਬੇਦਾਰ ਸਥਾਪਤ ਹੋਇਆ। ਸ. ਸੁਬੇਗ ਸਿੰਘ ਦਾ ਲੜਕਾ ਸ਼ਾਹਬਾਜ਼ ਸਿੰਘ ਉਸ ਵਕਤ ਜਵਾਨ ਹੋ ਚੁਕਾ ਸੀ ਤੇ ਉਚਾ ਲੰਬਾ ਤੇ ਸ਼ਕਲ ਸੂਰਤ ਵਜੋਂ ਬਹੁਤ ਖੂਬਸੂਰਤ ਸੀ । ਜਿਸ ਕਾਜ਼ੀ ਤੋਂ ਉਹ ਫਾਰਸੀ ਪੜ੍ਹਨ ਜਾਂਦਾ ਸੀ ਉਸਦੇ ਮਨ ਵਿਚ ਆਇਆ ਕਿ ਕਿਓਂ ਨਾ ਸ਼ਾਹਬਾਜ਼ ਨੂੰ ਮੁਸਲਮਾਨ ਬਣਾ ਕੇ ਆਪਣੀ ਲੜਕੀ ਦਾ ਰਿਸ਼ਤਾ ਇਸ ਨਾਲ ਕੀਤਾ ਜਾਵੇ । ਆਪਣੀ ਇਸ ਸੋਚ ਨੂੰ ਅੰਜਾਮ ਦੇਣ ਲਈ ਓਹ ਤਰੀਕੇ ਤੇ ਬਹਾਨੇ ਢੂੰਡਣ ਲਗਾ ਸ਼ਾਹਬਾਜ਼ ਸਿੰਘ ਦਾ ਮੁਸਲਮਾਨ ਬਣਨਾ ਇਨਕਾਰੀ ਕਰਨ ‘ਤੇ ਕਾਜ਼ੀ ਨੇ ਨਵੇਂ ਸੂਬੇਦਾਰ ਯਹੀਆ ਖਾਨ ਨੂੰ ਸ਼ਿਕਾਇਤ ਕੀਤੀ ਕਿ ਸ਼ਾਹਬਾਜ਼ ਸਿੰਘ ਨੇ ਹਜ਼ਰਤ ਮੁਹੰਮਦ ਸਾਹਿਬ ਬਾਰੇ ਅਪਮਾਨਤ ਸ਼ਬਦ ਕਹੇ ਹਨ ਤੇ ਇਸੇ ਆਧਾਰ ‘ਤੇ ਸ਼ਾਹਬਾਜ਼ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਦੀਵਾਨ ਲਖਪਤ ਰਾਏ ਨੇ ਯਹੀਆ ਖਾਨ ਦੇ ਕੰਨ ਭਰੇ ਕਿ ਸੁਬੇਗ ਸਿੰਘ ਇਕ ਕੱਟੜ ਸਿੱਖ ਤੇ ਹਕੂਮਤ ਦਾ ਦੁਸ਼ਮਨ ਹੈ ਇਸ ਨੇ ਤੁਹਾਡੇ ਪਿਤਾ ਦੇ ਸਿਰ ‘ਤੇ ਤਾਰੂ ਸਿੰਘ ਦੀਆਂ ਜੁੱਤੀਆਂ ਮਰਵਾਈਆਂ ਹਨ ਜਿਸਦੇ ਅਪਮਾਨ ਕਾਰਣ ਜ਼ਕਰੀਆ ਖਾਨ ਦੀ ਮੌਤ ਹੋਈ ਹੈ । ਸੁਬੇਗ ਸਿੰਘ ਨੂੰ ਵੀ ਹਿਰਾਸਤ ਵਿਚ ਲੈ ਲਿਆ ਗਿਆ ਤੇ ਦੋਵਾਂ ਬਾਪ-ਬੇਟੇ ਨੂੰ ਇਸਲਾਮ ਕਬੂਲ ਕਰਨ ਲਈ ਕਿਹਾ ਗਿਆ। ਸਿੱਖ ਕੌਮ ਵਿਚ ਇਸ ਨਿਰਦਈ ਕਾਰੇ ਬਾਰੇ ਬਹੁਤ ਰੋਸ ਜਾਗਿਆ। ਇਸੇ ਦਿਨ ਦੀਵਾਨ ਲਖਪਤ ਰਾਏ ਨੇ ਲਾਹੌਰ ਦੇ ਸਿੱਖਾਂ ਨੂੰ ਇਕੱਠਿਆਂ ਕਰਕੇ ਉਨ੍ਹਾਂ ਨੂੰ ਕਸਾਈਆਂ ਦੇ ਸਪੁਰਦ ਕਰ ਦਿੱਤਾ ਤਾਂ ਕਿ ਉਨ੍ਹਾਂ ਨੂੰ ਕੱਟਿਆ ਤੇ ਵੱਢਿਆ ਜਾਵੇ। ਸ਼ਹਿਰ ਦੇ ਮੋਹਤਬਰ ਹਿੰਦੂਆਂ ਨੇ ਦੀਵਾਨ ਨੂੰ ਅਪੀਲ ਕੀਤੀ ਕਿ ਇਨ੍ਹਾਂ ਬੇਕਸੂਰ ਸਿੱਖਾਂ ਨੂੰ ਸਜ਼ਾ ਨਾ ਦਿੱਤੀ ਜਾਵੇ, ਪਰ ਲਖਪਤ ਰਾਏ, ਆਪਣੇ ਨਿਰਦਈ ਫੈਸਲੇ ਤੋਂ ਨਾ ਟਲਿਆ।
ਅੰਤ ਭਾਈ ਸੁਬੇਗ ਸਿੰਘ ਜੀ ਅਤੇ ਭਾਈ ਸ਼ਾਹਬਾਜ਼ ਸਿੰਘ ਜੀ (ਦੋਵੇਂ ਪਿਉ-ਪੁੱਤਰਾਂ) ਨੂੰ ਇਸਲਾਮ ਕਬੂਲ ਕਰਵਾਉਣ ਲਈ ਹਰ ਹੀਲਾ-ਵਸੀਲਾ ਵਰਤਿਆ ਗਿਆ ਪਰ ਇਹ ਦੋਵੇਂ ਸੂਰਮੇ ਆਪਣੇ ਧਰਮ ’ਤੇ ਡਟੇ ਰਹੇ। ਹਰ ਤਰ੍ਹਾਂ ਦੇ ਤਸੀਹੇ ਝੱਲਣ ਲਈ ਤਿਆਰ ਹੋ ਗਏ। ਭਾਈ ਸੁਬੇਗ ਸਿੰਘ ਜੀ ਅਤੇ ਭਾਈ ਸ਼ਾਹਬਾਜ਼ ਸਿੰਘ ਜੀ ਨੇ ਹਾਕਮਾਂ ਨੂੰ ਕਿਹਾ ਕਿ ‘‘ਜਿਸ ਤਰ੍ਹਾਂ ਤੁਹਾਨੂੰ ਆਪਣਾ ਧਰਮ ਪਿਆਰਾ ਹੈ, ਉਸੇ ਤਰ੍ਹਾਂ ਸਾਨੂੰ ਵੀ ਆਪਣਾ ਧਰਮ ਪਿਆਰਾ ਹੈ। ਮੌਤ ਦਾ ਸਾਨੂੰ ਕੋਈ ਡਰ ਨਹੀਂ, ਮੌਤ ਨੇ ਤਾਂ ਆਉਣਾ ਹੀ ਆਉਣਾ ਹੈ। ਧਰਮ ਤਬਦੀਲ ਕਰਨ ਨਾਲ ਵੀ ਮੌਤ ਨੇ ਤਾਂ ਨਹੀਂ ਟਲ ਜਾਣਾ ਤਾਂ ਫੇਰ ਆਪਣੀ ਜ਼ਮੀਰ ਨੂੰ ਮਾਰ ਕੇ ਜੀਣਾ ਕਿਸ ਕੰਮ ਦਾ ?’’
ਤਵਾਰੀਖ ‘ਗੁਰੂ ਖਾਲਸਾ’ ਦੇ ਕਰਤਾ ‘ਗਿਆਨੀ ਗਿਆਨ ਸਿੰਘ ਜੀ’ ਲਿਖਦੇ ਹਨ ਕਿ – ਭਾਈ ਸੁਬੇਗ ਸਿੰਘ ਜੀ ਤੇ ਭਾਈ ਸ਼ਾਹਬਾਜ਼ ਸਿੰਘ ਨੂੰ ਚਰਖੜੀਆਂ ’ਤੇ ਚੜਾਉਣ ਤੋਂ ਪਹਿਲਾਂ ਅੰਤਾਂ ਦੇ ਤਸੀਹੇ ਦਿੱਤੇ ਗਏ। ਉਨ੍ਹਾਂ ਨੂੰ ਪੁੱਠਾ ਲਟਕਾਇਆ ਗਿਆ, ਕੋੜੇ ਮਾਰੇ ਗਏ ਅਤੇ ਹੋਰ ਕਈ ਤਰ੍ਹਾਂ ਦੇ ਕਸ਼ਟ ਦਿੱਤੇ ਗਏ। ਯਹੀਆ ਖ਼ਾਨ ਨੇ ਇਨ੍ਹਾਂ ਨੂੰ ਚਰਖੜੀ ’ਤੇ ਚਾੜ੍ਹ ਕੇ ਸ਼ਹੀਦ ਕਰਨ ਦਾ ਫ਼ੁਰਮਾਨ ਕਾਜ਼ੀ ਰਾਹੀਂ ਜਾਰੀ ਕਰਵਾ ਦਿੱਤਾ। ਭਾਈ ਸੁਬੇਗ ਸਿੰਘ ਜੀ ’ਤੇ ਕੋਈ ਸਖ਼ਤੀ ਨਾ ਚਲਦੀ ਦੇਖ ਕੇ ਨਵਾਬ ਨੇ ਭਾਈ ਸੁਬੇਗ ਸਿੰਘ ਜੀ ਨੂੰ ਚਰਖੜੀ ਤੋਂ ਉਤਾਰ ਕੇ ਉਸ ਦੇ ਨੌਜਵਾਨ ਸਪੁੱਤਰ ਭਾਈ ਸ਼ਾਹਬਾਜ਼ ਸਿੰਘ ਜੀ ਨੂੰ ਪਹਿਲਾਂ ਚਰਖੜੀ ’ਤੇ ਚਾੜ੍ਹ ਕੇ ਤਸੀਹੇ ਦੇਣ ਦਾ ਹੁਕਮ ਦਿੱਤਾ। ਜੱਲਾਦਾਂ ਨੇ ਭਾਈ ਸੁਬੇਗ ਸਿੰਘ ਜੀ ਦੀਆਂ ਅੱਖਾਂ ਦੇ ਸਾਹਮਣੇ ਭਾਈ ਸ਼ਾਹਬਾਜ਼ ਸਿੰਘ ਜੀ ਨੂੰ ਚਰਖੜੀ ’ਤੇ ਚਾੜ੍ਹ ਕੇ ਘੁਮਾਇਆ। ਇਨ੍ਹਾਂ ਦੋਹਾਂ ਗੁਰਸਿੱਖਾਂ ਨੇ ਅਕਾਲ ਪੁਰਖ ਦੇ ਭਾਣੇ ਅੰਦਰ ਸਿਮਰਨ ਕਰਦਿਆਂ ਸਾਰੇ ਤਸੀਹੇ ਝੱਲੇ।
ਚਰਖੜੀ ਦੀ ਦੋ ਵਾਰ ਦੀ ਮਾਰ ਨਾਲ ਉਨ੍ਹਾਂ ਦਾ ਸਾਰਾ ਸਰੀਰ ਜ਼ਖ਼ਮੀ ਹੋ ਗਿਆ ਸੀ। ਉਨ੍ਹਾਂ ਦਾ ਮਾਸ ਜ਼ੰਬੂਰਾਂ ਨਾਲ ਨੋਚਿਆ ਗਿਆ। ਅਜਿਹੇ ਦਰਦਨਾਕ ਤਸੀਹਿਆਂ ਨੂੰ ਦੇਖ ਕੇ ਹਰ ਇਕ ਨੇ ਮੂੰਹ ਵਿੱਚ ਉਂਗਲਾਂ ਪਾਈਆਂ ਹੋਈਆਂ ਸਨ। ਜੱਲਾਦ ਤਸੀਹੇ ਦੇ ਦੇ ਕੇ ਥੱਕ ਚੁੱਕੇ ਸਨ। ਹਾਰ ਕੇ ਭਾਈ ਸ਼ਾਹਬਾਜ਼ ਸਿੰਘ ਨੂੰ ਬੰਦੀ ਖ਼ਾਨੇ ਵਿੱਚ ਭੇਜ ਦਿੱਤਾ ਗਿਆ।
ਫਿਰ ਇਕ ਨਵੀਂ ਚਾਲ ਰਾਹੀਂ ਦੋਵੇਂ ਪਿਉ-ਪੁੱਤਰਾਂ ਨੂੰ ਇੱਕ ਦੂਜੇ ਨਾਲੋਂ ਵੱਖ ਕਰ ਕੇ ਇਹ ਅਫ਼ਵਾਹਾਂ ਉਡਾਈਆ ਗਈਆਂ ਕਿ ਉਨ੍ਹਾਂ ਨੇ ਤਾਂ ਇਸਲਾਮ ਕਬੂਲ ਕਰ ਲਿਆ ਹੈ। ਇੱਕ ਪਾਸੇ ਭਾਈ ਸ਼ਾਹਬਾਜ਼ ਸਿੰਘ ਨੂੰ ਕਿਹਾ ਗਿਆ ਕਿ – ‘ਤੂੰ ਅਜੇ ਬੱਚਾ ਹੈਂ। ਤੇਰੀ ਉਮਰ ਦੁਨੀਆਂ ਦੇਖਣ ਦੀ ਹੈ। ਤੇਰੇ ਪਿਤਾ ਨੇ ਤਾਂ ਆਪਣੀ ਉਮਰ ਹੰਢਾ ਲਈ ਹੈ, ਤੂੰ ਸਿਆਣਾ ਤੇ ਫ਼ਾਰਸੀ ਪੜ੍ਹਿਆ ਹੋਇਆ ਹੈਂ, ਇਸ ਲਈ ਤੈਨੂੰ ਹੱਠ ਛੱਡ ਕੇ ਇਸਲਾਮ ਕਬੂਲ ਕਰ ਲੈਣਾ ਚਾਹੀਦਾ ਹੈ।’
ਦੂਸਰੇ ਪਾਸੇ ਭਾਈ ਸੁਬੇਗ ਸਿੰਘ ਜੀ ’ਤੇ ਜ਼ੋਰ ਪਾਇਆ ਗਿਆ ਕਿ ‘ਇਸਲਾਮ ਕਬੂਲ ਕਰ ਕੇ ਦੁਨੀਆਂ ਵਿੱਚ ਆਪਣੀ ਜੜ੍ਹ ਬਣਾਈ ਰੱਖੇ। ਇਕਲੌਤੇ ਪੁੱਤਰ ਦੇ ਸ਼ਹੀਦ ਹੋ ਜਾਣ ਤੋਂ ਬਾਅਦ ਦੁਨੀਆਂ ਵਿੱਚ ਉਨ੍ਹਾਂ ਦੇ ਪਿੱਛੇ ਕੋਈ ਨਾਮ ਲੈਣ ਵਾਲਾ ਵੀ ਨਹੀਂ ਬਚੇਗਾ।’ ਭਾਈ ਸੁਬੇਗ ਸਿੰਘ ਜੀ ਨੇ ਧਰਮ ਬਦਲ ਕੇ ਮਰ-ਮਰ ਕੇ ਜੀਉਂਦੇ ਰਹਿਣ ਨਾਲੋਂ ਅਣਖ ਨਾਲ ਧਰਮ ’ਤੇ ਦ੍ਰਿੜ੍ਹ ਰਹਿੰਦੇ ਹੋਏ ਮਰਨ ਨੂੰ ਤਰਜੀਹ ਦਿੱਤੀ।
‘ਪੰਥ ਪ੍ਰਕਾਸ’ ਅਨੁਸਾਰ –
ਸਿੱਖਨ ਕਾਜ ਸੁ ਗੁਰੂ ਹਮਾਰੇ, ਸੀਸ ਦੀਓ ਨਿਜ ਸਨ ਪਰਵਾਰੇ।
ਚਾਰੇ ਪੁਤਰ ਜਾਨ ਕੁਹਾਏ, ਸੋ ਚੰਡੀ ਕੀ ਭੇਂਟ ਕਰਾਏ।
ਹਮ ਕਾਰਨ ਗੁਰ ਕੁਲਹਿ ਗਵਾਈ, ਹਮ ਕੁਲ ਰਾਖੈਂ, ਕੌਣ ਬਡਾਈ ?
– ਅਰਥਾਤ ਗੁਰੂ ਸਾਹਿਬਾਨ ਨੇ ਸਾਡੇ ਲਈ ਚਾਰੇ ਪੁੱਤਰ ਕੁਰਬਾਨ ਕਰ ਦਿੱਤੇ, ਸਰਬੰਸ ਵਾਰ ਦਿੱਤਾ। ਮੈਂ ਆਪਣੀ ਕੁਲ ਰੱਖਾਂ, ਇਹ ਕਿਹੜੀ ਕੁਲ ਦੀ ਵਡਿਆਈ ਹੈ ?
ਭਾਈ ਸੁਬੇਗ ਸਿੰਘ ਜੀ ਦਾ ਉੱਤਰ ਸੁਣ ਕੇ ਤਸੀਹਿਆਂ ਦਾ ਦੌਰ ਫਿਰ ਤੋਂ ਸ਼ੁਰੂ ਹੋ ਗਿਆ। ਬੁਰੀ ਤਰ੍ਹਾਂ ਮਾਰ-ਕੁੱਟ ਕੀਤੀ ਗਈ। ਭਾਈ ਸ਼ਾਹਬਾਜ਼ ਸਿੰਘ ਦੀ ਉਮਰ ਉਸ ਸਮੇਂ ਕੇਵਲ 18 ਸਾਲ ਦੀ ਸੀ ਜਦੋਂ 25 ਮਾਰਚ 1746 ਨੂੰ ਦੋਵਾਂ ਪਿਉ-ਪੁੱਤਰਾਂ ਨੂੰ ਇਕੱਠਿਆਂ ਬੰਨ੍ਹ ਕੇ ਚਰਖੜੀ ’ਤੇ ਚਾੜ੍ਹ ਕੇ ਘੁਮਾਇਆ ਗਿਆ। ਦੋਹਾਂ ਨੂੰ ਆਖ਼ਰੀ ਦਮ ਤੱਕ ਚਰਖੜੀ ਘੁੰਮਾਉਂਦੇ ਹੋਏ ਇਸਲਾਮ ਕਬੂਲ ਕਰਨ ਲਈ ਕਿਹਾ ਜਾਂਦਾ ਰਿਹਾ। ਗੁਰੂ ਦੇ ਸਿੱਖ ਕਸ਼ਟ ਝੱਲਦੇ ਤੇ ‘ਅਕਾਲ ਅਕਾਲ’ ਕਹਿੰਦੇ ਰਹੇ। ਦੋਵੇਂ ਪਿਉ-ਪੁੱਤਰ ਆਖ਼ਰੀ ਦਮ ਤੱਕ ਇਹੋ ਬੋਲਦੇ ਰਹੇ ਕਿ –
ਸੁਬੇਗ ਸਿੰਘ ਤਬ ਕੁਰਨਸ (ਨਮਸਕਾਰ) ਕਰੀ, ਧੰਨ ਚਰਖੜੀ, ਧੰਨ ਯਹ ਘਰੀ (ਘੜੀ, ਸਮਾਂ)।
ਚਾੜ੍ਹ ਚਰਖੜੀ ਹਮੈਂ ਗਿਰਾਵੋ, ਸੋ ਅਬ ਹਮ ਕੋ ਢੀਲ (ਦੇਰ) ਨਾ ਲਾਵੋ।
ਹਮ ਤੋ ਗੁਰ ਕੇ ਸਿੱਖ ਸਦਾਵੈਂ, ਗੁਰ ਕੇ ਹੇਤ ਪ੍ਰਾਣ ਭਲ (ਭਾਵੇਂ) ਜਾਵੈਂ। (ਪੰਥ ਪ੍ਰਕਾਸ)
ਅੰਤ ਭਾਈ ਸੁਬੇਗ ਸਿੰਘ ਜੀ ਤੇ ਭਾਈ ਸ਼ਾਹਬਾਜ਼ ਸਿੰਘ ਜੀ, ਆਪਣੇ ਵਿਸ਼ਵਾਸ ਨੂੰ ਪਾਲਦੇ, ਗੁਰੂ ਆਸ਼ੇ ’ਤੇ ਖਰੇ ਉਤਰਦਿਆਂ, ਦੁਨਿਆਵੀ ਲਾਲਚਾਂ ਦੀ ਪ੍ਰਵਾਹ ਨਾ ਕਰਦੇ ਹੋਏ, ਸ਼ਹਾਦਤ ਦਾ ਜਾਮ ਪੀ ਗਏ। ਕੌਮ ਅੱਜ ਵੀ ਸਤਿਕਾਰ ਸਹਿਤ ਉਨ੍ਹਾਂ ਦੀ ਦ੍ਰਿੜ੍ਹਤਾ ਤੇ ਦਲੇਰੀ ਨੂੰ ਯਾਦ ਕਰ ਕੇ, ਉਨ੍ਹਾਂ ਦੀ ਕੁਰਬਾਨੀ ਅਤੇ ਘਾਲਣਾ ਅੱਗੇ ਸਿਰ ਨਿਵਾਉਂਦੀ ਹੈ। ਇਨ੍ਹਾਂ ਅਣਖੀ ਸਿੱਖਾਂ ਨੇ ਅਨੇਕਾਂ ਤਸੀਹੇ ਝੱਲਣੇ ਤਾਂ ਕਬੂਲ ਕਰ ਲਏ ਲੇਕਿਨ ਬਹਾਦਰ ਅਤੇ ਨਿਧੜਕ ਪਿਓ-ਪੁੱਤਰ ਦੀ ਇਸ ਜੋੜੀ ਨੇ ਕਿਸੇ ਵੀ ਹਾਲਤ ਵਿੱਚ ਈਨ ਮੰਨਣੀ ਕਬੂਲ ਨਹੀਂ ਕੀਤੀ। ਦੋਵੇਂ ਪਿਉ-ਪੁੱਤਰ ਹੱਸਦੇ-ਹੱਸਦੇ ਅਤੇ ਅਕਾਲ ਪੁਰਖ ਦਾ ਜਾਪ ਕਰਦੇ ਕਰਦੇ ਚਰਖੜੀਆਂ ’ਤੇ ਚੜ੍ਹੇ ਹੋਏ ਵੀ ਇਹੀ ਅਰਦਾਸ ਕਰਦੇ ਰਹੇ ਕਿ ਵਾਹਿਗੁਰੂ ! ਸਾਡਾ ਸਿਦਕ ਨਾ ਡੋਲਣ ਦੇਣਾ। ਗੁਰੂ ਨੇ ਉਨ੍ਹਾਂ ਦੀ ਲਾਜ ਰੱਖਦੇ ਹੋਏ ਕਿਸੇ ਵੀ ਹਾਲਤ ਵਿੱਚ ਉਨ੍ਹਾਂ ਦਾ ਸਿਦਕ ਨਾ ਹਾਰਨ ਦਿੱਤਾ। ਉਹ ਅੰਤਮ ਸਾਹਾਂ ਤੱਕ ਮਾਲਕ ਵਿੱਚ ਬਿਰਤੀ ਜੋੜੀ ਸਤਿ ਨਾਮੁ ਦਾ ਸਿਮਰਨ ਕਰਦਿਆਂ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ।
ਦੋਨੋ ਪਿਉ ਪੁਤਰ ਦੀ ਜੋੜੀ ਨੇ ਗੁਰੂ ਆਸ਼ੇ ‘ਤੇ ਖਰੇ ਉਤਰਦਿਆਂ ਦੁਨਿਆਵੀ ਲਾਲਚਾਂ ਦੀ ਪ੍ਰਵਾਹ ਨਾ ਕਰਦੇ ਹੋਏ , ਅਨੇਕਾਂ ਤਸੀਹੇ ਝਲਦੇ, ਅਕਾਲ ਪੁਰਖ ਦਾ ਜਾਪੁ ਕਰਦੇ , ਸ਼ਹਾਦਤ ਦਾ ਜਾਮ ਪੀ ਗਏ ਪਰ ਈਨ ਨਹੀਂ ਮੰਨੀ । ਕੌਮ ਅੱਜ ਵੀ ਸਤਿਕਾਰ ਸਹਿਤ ਯਾਦ ਕਰਕੇ ਉਨ੍ਹਾਂ ਦੀ ਕੁਰਬਾਨੀ ਤੇ ਘਾਲਣਾ ਅੱਗੇ ਸਿਰ ਨਿਵਾਉਂਦੀ ਹੈ। ਅੱਜ ਹਰ ਸਿੱਖ ਦੋਨੋ ਵਕਤ ਅਰਦਾਸ ਕਰਦੇ ਇਨ੍ਹਾ ਸ਼ਹੀਦਾਂ , ਮੁਰੀਦਾਂ ਨੂ ਯਾਦ ਕਰਕੇ ਇਹ ਸ਼ਬਦ ਦੁਹਰਾਉਦਾ ਹੈ,“ਜਿਨ੍ਹਾਂ ਨੇ ਧਰਮ ਹਿੱਤ ਸੀਸ ਦਿੱਤੇ, ਬੰਦ ਬੰਦ ਕਟਵਾਏ….. ਚਰਖੜੀਆਂ ਤੇ ਚੜ੍ਹੇ” ਅਜਿਹੇ ਸਿਰੜੀ ਅਤੇ ਅਟੱਲ ਵਿਸ਼ਵਾਸੀ ਪਿਓ-ਪੁੱਤਰ ਦੀ ਅਨੂਠੀ ਸ਼ਹਾਦਤ ‘ਤੇ ਪੂਰੇ ਸਿੱਖ ਜਗਤ ਨੂੰ ਮਾਣ ਹੈ ਅਤੇ ਰਹਿੰਦੀ ਦੁਨੀਆਂ ਤੱਕ ਇਹ ਸਿੱਖ ਕੌਮ ਦੇ ਨੌਜਵਾਨਾ ਲਈ ਚਾਨਣ ਮੁਨਾਰਾ ਬਣ ਕੇ ਰਹੇਗੀ ।
ਵੀਰੋ , ਭੈਣੋ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ ਬਾਣੀ ਬਾਣੇ ਦੇ ਧਾਰਨੀ ਹੋਵੋ ਚੰਗੇ ਸੁਭਾ ਦੇ ਮਾਲਕ ਬਣੋ ਕਿਸੇ ਬੁਰਾ ਨਾ ਸੋਚੋ ਸਾਰੇ ਆਖੋ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੈ ਸਰਬੱਤ ਦਾ ਭਲਾ ।
ਜੋਰਾਵਰ ਸਿੰਘ ਤਰਸਿੱਕਾ ।