ਇਤਿਹਾਸ – ਸੱਯਦ ਸ਼ਾਹ ਜਾਨੀ

ਸੱਯਦ ਸ਼ਾਹ ਜਾਨੀ ਜੋ ਹਜ਼ਰਤ ਮੁਹੰਮਦ ਸਾਹਿਬ ਦੀ ਪੀੜ੍ਹੀ ਵਿਚੋਂ ਸੀ , ਸੱਚੇ ਮਾਰਗ ਦੀ ਤਲਾਸ਼ ਵਿਚ ਭਟਕ ਰਿਹਾ ਸੀ । ਉਸ ਨੂੰ ਰੌਸ਼ਨੀ ਦਾ ਤੇ ਪਤਾ ਸੀ ਪਰ ਰੌਸ਼ਨੀ ਕਿੱਥੋਂ ਪੈਦਾ ਹੁੰਦੀ ਹੈ ਇਹ ਨਹੀਂ ਸੀ ਜਾਣਦਾ । ਉਸ ਕੋਲ ਰਤਨ ਤਾਂ ਬਥੇਰੇ ਸਨ । ਉਹ ਰਤਨਾਂ ਦਾ ਪਾਰਖੂ ਵੀ ਸੀ , ਪਰ ਉਹ ਰਤਨ ਨਹੀਂ ਸੀ ਮਿਲਿਆ ਜਿਸ ਕਾਰਨ ਸਾਰੇ ਰਤਨ ਪ੍ਰਕਾਸ਼ਵਾਨ ਹੁੰਦੇ ਹਨ ਅਤੇ ਜਿਸ ਨੂੰ ਹੀਰੇ ਵਿਚ ਜੜਾਇਆ ਜਾ ਸਕੇ । ਸੂਫ਼ੀ ਫ਼ਕੀਰਾਂ ਦੀ ਸੰਗਤ ਉਹ ਨਿੱਤ ਕਰਦਾ ਪਰ ਭਟਕਣਾ ਉਸੇ ਤਰ੍ਹਾਂ ਕਾਇਮ ਸੀ । ਉਸ ਨੇ ਆਪਣੀ ਅੰਦਰਲੇ ਨਾ ਠਹਿਰਨ ਦੀ ਗੱਲ ਇਕ ਹੋਰ ਜਗਿਆਸੂ ਨਾਲ ਕੀਤੀ ਤਾਂ ਉਸ ਜਗਿਆਸੂ ਨੇ ਖ਼ੁਆਜਾ ਰੋਸ਼ਨ ਦੀ ਦੱਸ ਪਾਈ । ਖੁਆਜਾ ਰੋਸ਼ਨ ਪਾਸ ਜਦ ਉਹ ਆਇਆ ਤਾਂ ਉਸ ਕਿਹਾ ਕਿ ਜੇ ਅਜੇ ਤੱਕ ਜਾਨੀ ਨੂੰ ਜਾਨੀ ਨਹੀਂ ਮਿਲਿਆ ਤਾਂ ਉਹ ਸਿਰਫ਼ ਗੁਰੂ ਹਰਿਗੋਬਿੰਦ ਮੀਰੀ ਪੀਰੀ ਮਾਲਿਕ ਕੋਲੋਂ ਹੀ ਮਿਲੇਗਾ । ਉਸ ਨੇ ਹੈਰਾਨੀ ਨਾਲ ਪੁੱਛਿਆ ਕਿ ਤਲਵਾਰ ਦੇ ਮਾਲਿਕ ਉਸ ਨੂੰ ਕਿਵੇਂ ਅਲਾਹ ਦਾ ਦੀਦਾਰ ਕਰਵਾ ਸਕਦੇ ਹਨ । ਪਰ ਹੋਰਨਾਂ ਨੇ ਵੀ ਕਿਹਾ ਕਿ ਤੇਰੀ ਤਸੱਲੀ ਮੀਰੀ ਪੀਰੀ ਦੇ ਮਾਲਕ ਕੋਲੋਂ ਹੀ ਹੋਣੀ ਹੈ । ਗੁਰੂ ਹਰਿਗੋਬਿੰਦ ਜੀ ਦਾ ਹਰਿਗੋਬਿੰਦਪੁਰ ਹੋਣਾ ਸੁਣ ਕੇ ਉੱਥੇ ਆਇਆ । ਸੰਗਤ ਕੀਤੀ ਹੈ ਪੁਕਾਰ ਉਠਿਆ : “ ਜਾਨੀ ਕੋ ਜਾਨੀ ਮਿਲਾ ਦੋ । ਉਸਦਾ ਯਕੀਨ ਬੱਝ ਗਿਆ ਸੀ ਕਿ ਜੋ ਵੀ ਗੁਰੂ ਦੇ ਦਰ ਨਿਮਾਣਾ ਹੋ ਕੇ ਆਉਂਦਾ ਹੈ ਗੁਰੂ ਉਸ ਦੀ ਇੱਛਾ ਪੂਰੀ ਕਰਦੇ ਹਨ । ਉਹ ਗੁਰੂ ਦਵਾਰੇ ਬਾਹਰ ਬੈਠ ਉੱਚੀ ਉੱਚੀ ਪੁਕਾਰ ਕਰੀ ਜਾਣ ਲੱਗ ਪਿਆ । “ ਜਾਨੀ ਕੋ ਜਾਨੀ ਮਿਲਾ ਦੋ ! ਰੱਬ ਦੀ ਛੋਅ ਲਈ ਤਰਸਣ ਲੱਗਾ । ਗੁਰੂ ਅੰਤਰਜਾਮੀ ਸਭ ਘਟਾਂ ਦੀ ਜਾਣਨ ਵਾਲੇ ਸਨ । ਉਹ ਤਾਂ ਸਯਦ ਦੀ ਪਰਪੱਕਤਾ ਤੇ ਦ੍ਰਿੜ੍ਹਤਾ ਕਿੱਥੋਂ ਤੱਕ ਹੈ , ਪਰਖਣਾ ਲੋੜਦੇ ਸਨ । ਉਹ ਉਸ ਪਾਸੋਂ ਆਪਣੀ ਮੌਜ ਵਿਚੋਂ ਲੰਘ ਜਾਂਦੇ ਪਰ ਉਸ ਵੱਲ ਧਿਆਨ ਤੱਕ ਨਾ ਦੇਂਦੇ । ਪੁੱਛ ਗਿੱਛ ਤੱਕ ਵੀ ਨਾ ਕਰਦੇ । ਇਕ ਵਾਰ ਘੋੜੇ ਦੇ ਸੁੰਮਾਂ ਨਾਲ ਠੁੱਡਾ ਵੀ ਮਾਰਿਆ ! ਜਿੱਥੇ ਉਹ ਬੈਠਾ ਸੀ ਇੱਟਾਂ ਦੀ ਦੀਵਾਰ ਵੀ ਖੜੀ ਕਰ ਦਿੱਤੀ ਤਾਂ ਕਿ ਗੁਰੂ ਜੀ ਨੂੰ ਆਉਂਦਾ ਜਾਂਦਾ ਵੀ ਨਾ ਦੇਖ ਸਕੇ , ਪਰ ਉਹ ਜਾਨੀ ਆਪਣੀ ਥਾਵੇਂ ਦ੍ਰਿੜ੍ਹ ਚਿੱਤ ਬੈਠਾ ਪੁਕਾਰੀ ਗਿਆ : ਜਾਨੀ ਕੌਂ ਜਾਨੀ ਮਿਲਾ ਦੋ । ਜੋ ਵੀ ਸਿੱਖ ਗੁਰੂ ਦੇ ਦਰਸ਼ਨਾਂ ਲਈ ਆਉਂਦਾ ਉਸ ਵੱਲ ਨੀਝ ਭਰ ਇਹ ਹੀ ਕਹਿੰਦਾ ਕਿ ਜਾਨੀ ਕੋ ਜਾਨੀ ਮਿਲਵਾ ਦੋ। ਗੁਰੂ ਜੀ ਤੱਕ ਕਈ ਉਸ ਦੀ ਇਹ ਹਾਲ ਗਲਤਾਨ ਪੁਜਾਂਦੇ । ਤਾਂ ਗੁਰੂ ਜੀ ਨੇ ਰੁਪਿਆਂ ਦੀ ਭਰੀ ਹੋਈ ਥੈਲੀ ਭੇਜੀ । ਉਸ ਨੇ ਰੁਪਿਆਂ ਵੱਲ ਦੇਖ ਸਿਰਫ਼ ਇਤਨਾ ਹੀ ਆਖਿਆ , “ ਜਾਨੀ ਕੋ ਜਾਨੀ ਮਿਲਾ ਦੋ ਜੀ ’ ਗੁਰੂ ਦੇ ਸਿੱਖਾਂ ਨੇ ਜਦ ਸੱਯਦ ਸ਼ਾਹ ਦਾ ਰੁਪਿਆਂ ਦੀ ਥੈਲੀ ਠੁਕਰਾਣ ਦੀ ਗੱਲ ਗੁਰੂ ਜੀ ਨੂੰ ਦੱਸੀ ਤਾਂ ਗੁਰੂ ਜੀ ਨੇ ਕਿਹਾ ਕਿ ਉਸ ਨੂੰ ਕਹੋ ਕਿ ਜੇ ਇਤਨੀ ਜਲਦੀ ਹੈ ਤਾਂ ਦਰਿਆ ਵਿਚ ਛਾਲ ਮਾਰ ਦੇਵੇ । ਗੁਰੂ ਜੀ ਨੇ ਤਾਂ ਸੁਭਾਵਿਕ ਬਚਨ ਕਹੇ ਸਨ ਪਰ ਉਸ ਸੁਣਨ ਦੀ ਦੇਰ ਸੀ ਕਿ ਦਰਿਆ ਵੱਲ ਨੱਸ ਉਠਿਆ ! ਪਰ ਜਦ ਅਸਲ ਗੱਲ ਗੁਰੂ ਜੀ ਨੂੰ ਪਤਾ ਲੱਗੀ ਤਾਂ ਉਨ੍ਹਾਂ ਕੁਝ ਸਿੱਖਾਂ ਨੂੰ ਘੋੜਿਆਂ ਤੇ ਦੌੜਾਇਆ । ਸਿੱਖ ਉਸ ਨੂੰ ਦਰਿਆ ਵਿਚੋਂ ਕੱਢ ਗੁਰੂ ਜੀ ਪਾਸ ਲੈ ਆਏ । ਗੁਰੂ ਜੀ ਨੇ ਉਸ ਉੱਤੇ ਬਖ਼ਸ਼ਸ਼ ਕੀਤੀ । ਉਸ ਦੀ ਜਾਨ ਵਿਚ ਜਾਨ ਆਈ । ਸੱਚੇ ਗੁਰੂ ਦੀ ਪ੍ਰਾਪਤੀ ਹੋਈ । ਸੱਚਮੁੱਚ ਸ਼ਬਦ ਰੂਪੀ ਰਤਨ ਨਾਲ ਮਨ ਰੂਪੀ ਉਸ ਦਾ ਹੀਰਾ ਵਿੰਨਿਆ ਗਿਆ | ਗੁਰੂ ਦੇ ਸਿੱਖ ਰਤਨ ਪਦਾਰਥ ਹਨ । ਇਹ ਸਾਧ ਸੰਗਤ ਵਿਚ ਮਿਲਦੇ ਹਨ । ਪਾਰਬ੍ਰਹਮ ਤੇ ਪੂਰਨ ਬ੍ਰਹਮ । ਗੁਰੂ ਅਤੇ ਪਰਮੇਸ਼ਵਰ ਸਭ ਉਸੇ ਵਿਚ ਸਮਾਏ ਹਨ । ਜਾਨੀ ਨੂੰ ਸੁਖ ਫਲ ਦਾ ਸਹਿਜ ਦਾ ਨਿਵਾਸ ਹੋ ਗਿਆ । ਗੁਰੂ ‘ ਚੇਲੇ ਦੀ ਵਿੱਥ ਮੁੱਕ ਗਈ । ਉਹੀ ਗੁਰੂ ਹੋ ਕੇ ਚੇਲਾ ਹੈ ਤੇ ਚੇਲਾ ਹੋ ਕੇ ਉਹੀ ਗੁਰੂ ਹੈ । ਦੋਵੇਂ ਇਕ ਦੂਜੇ ਵਿਚ ਮਿਲ ਗਏ । ਜਾਨੀ ਨੂੰ ਜਾਨੀ ਮਿਲ ਗਿਆ । ਗੁਰੂ ਜੀ ਨੇ ਉਸ ਨੂੰ ਪ੍ਰਚਾਰ ਹਿੱਤ ਕਾਬਲ ਭੇਜਿਆ । ਗੁਰੂ ਜੀ ਇਹ ਪ੍ਰਗਟਾਉਣਾ ਚਾਹੁੰਦੇ ਸਨ ਕਿ ਪਰਮਾਤਮਾ ਉਸੇ ਨੂੰ ਹੀ ਮਿਲਦਾ ਹੈ ਜੋ ਦੁੱਖ ਵਿਚ ਸੁੱਖ ਮਨਾ ਸਕਦਾ ਹੈ । ਜੋ ਕਸ਼ਟਾਂ ਵਿਚ ਮੁਸਕਰਾ ਸਕਦਾ ਹੈ , ਜੋ ਰਿਧੀਆਂ ਸਿੱਧੀਆਂ ਨੂੰ ਠੁਕਰਾ ਸਕਦਾ ਹੈ ਅਤੇ ਸਭ ਉੱਤੇ ਆਪਣਾ ਮਿਟਾ ਸਕਦਾ ਹੈ ਤਾਂ ਕਿਧਰੇ ਅੰਦਰ ਗੁਰੂ ਵਸਦਾ ਹੈ ਜਿਸ ਨੇ ਪਾਰਬ੍ਰਹਮ ਤੱਕ ਪਹੁੰਚ ਕਰਾਉਣੀ ਹੈ । ਸੱਯਦ ਸ਼ਾਹ ਜਾਨੀ ਦੀ ਯਾਦ ਵਿੱਚ ਗੁਰਦੁਵਾਰਾ ਸਾਹਿਬ ਸ੍ਰੀ ਹਰਿਗੋਬਿੰਦਪੁਰ ਵਿੱਖੇ ਵੱਡੇ ਗੁਰਦੁਵਾਰਾ ਸਾਹਿਬ ਦੇ ਗੇਟ ਦੇ ਅੰਦਰ ਵੜਦਿਆ ਨਾਲ ਹੀ ਖੱਬੇ ਹੱਥ ਬਣਿਆ ਹੈ ।


Share On Whatsapp

Leave a Reply




"1" Comment
Leave Comment
  1. Kulvinder singh

    Very nice

top