ਇਤਿਹਾਸ – ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ (ਅਕਾਲਗੜ੍ਹ) ਮੂਣਕ

ਸ਼ਹਿਰ ਮੂਣਕ ਜਿਸ ਦਾ ਪੁਰਾਣਾ ਨਾਮ ਅਕਾਲਗੜ੍ਹ ਹੈ, ਇਥੇ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ‘ਚ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ | ਗੁਰੂ ਜੀ ਇਸ ਅਸਥਾਨ ‘ਤੇ ਸੰਮਤ 1721 ਬਿਕਰਮੀ 1665 ਈਸਵੀਂ ਨੂੰ ਬਿਹਾਰ ਵੱਲ ਦੀ ਯਾਤਰਾ ਸਮੇਂ ਪਧਾਰੇ ਸੀ | ਗੁਰੂ ਜੀ ਗੁਰਨੇ ਤੋਂ ਗੋਬਿੰਦਪੁਰਾ ਪਹੁੰਚੇ | ਉਸ ਤੋਂ ਬਾਅਦ ਗੁਰੂ ਜੀ ਪਿੰਡ ਲੇਹਲ ਕਲਾਂ ਪਹੁੰਚੇ ਉਥੇ ਰੇਤਲੀ ਅਤੇ ਉਚੀ ਜਗ੍ਹ੍ਹਾ ਦੇਖ ਕੇ ਠਹਿਰ ਗਏ | ਪਾਸ ਹੀ ਇਕ ਜ਼ਿਮੀਂਦਾਰ ਖੇਤ ਦੀ ਰਾਖੀ ਕਰ ਰਿਹਾ ਸੀ ਜਿਸ ਦਾ ਨਾਂਅ ਅੜਕ ਸੀ | ਉਸ ਨੇ ਸੰਤ ਮਹਾਂਪੁਰਖ ਸਮਝ ਕੇ ਮੱਥਾ ਟੇਕਿਆ ਅਤੇ ਸੇਵਾ ਪੁੱਛੀ, ਸਤਿਗੁਰੂ ਜੀ ਨੇ ਉਸ ਨੂੰ ਪ੍ਰੇਮ ਭਗਤੀ ਦਾ ਉਪਦੇਸ਼ ਦਿੱਤਾ ਅਤੇ ਥੋੜਾ ਸਮਾਂ ਰੁਕ ਕੇ (ਅਕਾਲਗੜ੍ਹ੍ਹ) ਮੂਣਕ ਦੇ ਚਾਲੇ ਪਾ ਦਿੱਤੇ | ਇਹ ਇਕ ਬਹੁਤ ਵੱਡੀ ਝਿੜੀ ਸੀ | ਇਥੇ ਗੁਰੂ ਜੀ ਠਹਿਰ ਗਏ | ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਚਰਨ ਪੈਣ ਤੋਂ ਬਾਅਦ ਅਤੇ ਭਾਈ ਕਾਹਨ ਸਿੰਘ ਨਾਭਾ ਦੀ ਖੋਜ ਮੁਤਾਬਿਕ ਸੰਨ 1953 ਈਸਵੀਂ ਨੂੰ ਸ. ਹਰਚੰਦ ਸਿੰਘ ਜੇਜੀ ਚੁੜਲ ਕਲਾ ਵਾਲਿਆਂ ਨੇ ਇਥੇ ਸ਼ਾਨਦਾਰ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਵਾਈ | ਭਾਈ ਕਾਹਨ ਸਿੰਘ ਨਾਭਾ ਨੇ ਇਸ ਦਾ ਜ਼ਿਕਰ ਇਉਂ ਕੀਤਾ ਹੈ-(ਅਕਾਲਗੜ੍ਹ) ਮੂਣਕ ਰਾਜ ਪਟਿਆਲਾ ਨਜਾਮਤ ਸੁਨਾਮ ਜਾਖ਼ਲ ਜੰਕਸ਼ਨ ਤੋਂ ਪੂਰਬ ਵੱਲ ਇਕ ਨਗਰ ਜਿੱਥੇ ਪੁਰਾਣਾ ਕਿਲ੍ਹਾ ਹੈ | ਇਸ ਕੇ ਇਕ ਵਰਲਾਂਗ ਉੱਤਰ ਸ੍ਰੀ ਗੁਰੂ ਤੇਗ ਬਹਾਦਰ ਜੀ ਵਿਰਾਜੇ ਹਨ | ਕੇਵਲ ਮੰਜੀ ਸਾਹਿਬ ਬਣਿਆ ਹੋਇਆ ਹੈ | ਰਿਆਸਤ ਵਲੋਂ 84 ਵਿਘੇ ਜ਼ਮੀਨ ਹੈ ਪੁਜਾਰੀ ਸਿੰਘ ਹੈ ‘ਮਹਾਨ ਕੋਸ਼ ਅੰਗ 991’ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਪਵਿੱਤਰ ਚਰਨਾਂ ਦੀ ਛੋਹ ਪ੍ਰਾਪਤ ਇਸ ਅਸਥਾਨ ‘ਤੇ ਜੋ ਵੀ ਪ੍ਰਾਣੀ ਸ਼ਰਧਾ ਅਤੇ ਵਿਸ਼ਵਾਸ ਨਾਲ ਗੁਰੂ ਦਰ ‘ਤੇ ਨਤਮਸਤਕ ਹੁੰਦਾ ਹੈ ਅਤੇ ਭਾਵਨਾ ਨਾਲ ਸਰੋਵਰ ਵਿਚ ਇਸ਼ਨਾਨ ਕਰਦਾ ਹੈ | ਗੁਰੂ ਮਹਾਰਾਜ ਉਸ ਦੇ ਸਾਰੇ ਦੁੱਖ ਰੋਗ ਦੂਰ ਕਰ ਕੇ ਆਪਾਰ ਖ਼ੁਸ਼ੀਆਂ ਦੀ ਬਖਸ਼ਿਸ ਕਰਦੇ ਹਨ |


Share On Whatsapp

Leave a Reply




top