ਕਿਸ਼ਨ ਕੌਰ ਦਾ ਜਨਮ ੧੮੫੬ ਈ . ਵਿਚ , ਸੂਬਾ ਸਿੰਘ ਦੇ ਘਰ ਮਾਤਾ ਸੋਭਾ ਰਾਣੀ ਦੀ ਕੁੱਖੋਂ ਪਿੰਡ ਲੋਹਗੜ੍ਹ ਜ਼ਿਲ੍ਹਾ ਲੁਧਿਆਣਾ ਵਿਚ ਹੋਇਆ । ਆਪ ਦਾ ਪਿਤਾ ਜੀ ਰਾਜਪੂਤ ( ਸੁਨਿਆਰ ਦਾ ਕੰਮ ਕਰਦਾ ਸੀ ) ਪਹਿਲਾਂ ਕੁਝ ਚਿਰ ਲੋਹਗੜ੍ਹ ਰਹਿ ਫਿਰ ਉਹ ਘਰੋਗੀ ਕਾਰੋਬਾਰ ਕਰ ਕੇ ਪਿੰਡ ਚੌਧਰ ਜ਼ਿਲ੍ਹਾ ਫੀਰੋਜ਼ਪੁਰ ਵਿਚ ਜਾ ਵਸਿਆ । ਇਸੇ ਪਿੰਡ ਬੀਬੀ ਕਿਸ਼ਨ ਕੌਰ ਨੇ ਆਪਣੇ ਗੁੱਡੀਆਂ ਪਟੋਲਿਆਂ ਨਾਲ ਖੇਡ ਕੇ ਬਚਪਨ ਬਿਤਾਇਆ ਤੇ ਗੁਰਦੁਆਰੇ ਤੋਂ ਗੁਰਮੁਖੀ ਸਿਖ ਕੇ ਗੁਰਬਾਣੀ ਤੇ ਗੁਰਇਤਿਹਾਸ ਦੀ ਸਿਖਿਆ ਲਈ ਤੇ ਧਾਰਮਿਕ ਵਿਦਿਆ ਵੀ ਪ੍ਰਾਪਤ ਕੀਤੀ । ਪੰਜ ਗ੍ਰੰਥੀ ਪੜ੍ਹ ਪਾਠ ਕਰਨਾ ਸਿਖਿਆ । ਸੰਨ ੧੮੭੫ ਵਿਚ ਕਿਸ਼ਨ ਕੌਰ ਜੁਆਨ ਹੋਈ ਤਾਂ ਇਸ ਦਾ ਵਿਆਹ , ਹਰਨਾਮ ਸਿੰਘ ਕਾਂਉਕੇ ਕਲਾਂ ਜ਼ਿਲ੍ਹਾ ਲੁਧਿਆਣਾ ਨਾਲ ਕਰ ਦਿੱਤਾ । ਸ . ਹਰਨਾਮ ਸਿੰਘ ਤੇ ਇਸ ਦਾ ਭਰਾ ਧੰਨਾ ਸਿੰਘ ਦੋਵੇਂ ਫ਼ੌਜ ਵਿਚ ਭਰਤੀ ਹੋ ਗਏ ਤੇ ਇਨਾਂ ਦਾ ਵੱਡਾ ਭਰਾ ਬੁੱਧੂ ਰਾਮ ਘਟੀਆ ਤੇ ਕਮੀਨੇ ਸੁਭਾਅ ਦਾ ਹਿੰਦੂ ਸੀ । ਇਸ ਦੀ ਦੋਵਾਂ ਭਰਾਵਾਂ ਨਾਲ ਨਾ ਬਣਦੀ । ਕਿਸ਼ਨ ਕੌਰ ਦੇ ਨੇਕ ਤੇ ਹਲੀਮੀ ਭਰਪੂਰ ਸੁਭਾਅ ਦਾ ਵੀ ਇਸ ਤੇ ਕੋਈ ਅਸਰ ਨਾ ਹੋਇਆ । ਇਹ ਦੋਵਾਂ ਅੰਮ੍ਰਿਤਧਾਰੀ ਭਰਾਵਾਂ ਨੂੰ ਵੇਖ ਕੇ ਕੁੜਦਾ ਰਹਿੰਦਾ । ਕਿਸ਼ਨ ਕੌਰ ਦੇ ਲੜਕੇ ਜਨਮੇ ਪਰ ਪ੍ਰਮਾਤਮਾ ਦਾ ਹੁਕਮ ਨਾ ਰਹੇ। ਇਸ ਤੋਂ ਬਾਅਦ ਹਰਨਾਮ ਸਿੰਘ ਦੇ ਘਰ ਕੋਈ ਸੰਤਾਨ ਨਾ ਹੋਈ ਤਾਂ ਇਸ ਨੇ ਆਪਣੇ ਸਾਲੇ ਦਾ ਲੜਕਾ ਖਜ਼ਾਨ ਸਿੰਘ ਕਿਸ਼ਨ ਕੌਰ ਦੇ ਗੋਦੀ ਪਾ ਦਿੱਤਾ । ਦੋਵੇਂ ਭਰਾ ਫਿਰ ਛੁੱਟੀ ਕੱਟ ਕੇ ਬਰਮਾ ਚਲੇ ਗਏ । ਹਰਨਾਮ ਸਿੰਘ ਫੌਜ ਵਿਚ ਰਿਸਾਲਦਾਰ ਬਣ ਗਿਆ । ਪਹਿਲਾਂ ਸ ਹਰਨਾਮ ਸਿੰਘ ਕਾਲ ਵਸ ਹੋ ਗਿਆ ਪੰਜ ਸਾਲ ਬਾਦ ਧੰਨਾ ਸਿੰਘ ਵੀ ਚੱਲ ਵਸਿਆ । ਖਜ਼ਾਨ ਸਿੰਘ ਵੱਡਾ ਹੋ ਕੇ ਆਪਣੀ ਭੂਆ ਦੀ ਚੰਗੀ ਦੇਖ ਭਾਲ ਕਰਦਾ ਤੇ ਆਗਿਆ ਵਿਚ ਰਹਿੰਦਾ । ਤੇ ਪੁੱਤਰਾਂ ਵਾਂਗ ਇਸ ਦੀ ਇੱਜ਼ਤਮਾਨ ਤੇ ਸਤਿਕਾਰ ਕਰਦਾ ਤੇ ਕੋਈ ਦਿੱਕਤ ਨਾ ਆਉਣ ਦੇਂਦਾ । ਕਿਸ਼ਨ ਕੌਰ ਦੀ ਜੁਰਅਤ : ਇਕ ਵਾਰ ਇਸ ਦਾ ਜੇਠ ਬੁੱਧੂ ਰਾਮ ਇਸ ਨੂੰ ਬਹੁਤ ਤੰਗ ਕਰਨ ਲੱਗਾ । ਇਸ ਦੇ ਕਾਮੇ ਨੂੰ ਖੂਹ ਦਾ ਪਾਣੀ ਨਾਂ ਲਾਉਣ ਦੇਵੇ ਤੇ ਉਸ ਨੂੰ ਕਹਿੰਦਾ ਕਿ ਆਪਣੀ ਮਾਲਕ ਨੂੰ ਕਹੁ ਉਹ ਤੈਨੂੰ ਖੂਹ ਹੋਰ ਲਵਾ ਦੇਵੇ । ਇਸ ਖੂਹ ਤੋਂ ਪਾਣੀ ਨਹੀਂ ਲਾ ਸਕਦਾ । ਜਦੋਂ ਇਹ ਗੱਲ ਕਿਸ਼ਨ ਕੌਰ ਨੂੰ ਉਸ ਦੇ ਰਾਹਕਨ ਦੱਸੀ ਤਾਂ ਉਹ ਉਸੇ ਵੇਲੇ ਡਾਂਗ ਫੜ ਕੇ ਨਾਲ ਤੁਰ ਪਈ । ਬੁੱਧੂਰਾਮ ਬੈਠਾ ਗਾਹਟੀ ਤੇ ਖੂਹ ਦੇ ਬਲਦ ਹਿੱਕ ਰਿਹਾ ਸੀ । ਸ਼ੇਰਨੀ ਖੂਹ ਤੇ ਪੁੱਜੀ ਡਾਂਗ ਰੱਖ ਕੇ ਉਸ ਨੂੰ ਪੁੱਛਣ ਲੱਗੀ ਕਿ ਉਸ ਦੀ ਕੀ ਮਰਜ਼ੀ ਬੁੱਧੂਰਾਮ ਅੱਗੋਂ ਉਲਟਾ ਬੋਲਦਿਆਂ ਗਾਟੀ ਤੋਂ ਉਤਰ ਕੇ ਇਸ ਵੱਲ ਵਧ ਰਿਹਾ ਸੀ ਕਿ ਇਸ ਨੇ ਉਸ ਦੇ ਮੂੰਹ ਤੇ ਏਡੇ ਜੋਰ ਦੀ ਥਪੜ ਮਾਰਿਆ ਤੇ ਉਹ ਉਡੀ ਦੂਰ ਜਾ ਡਿੱਗਾ । ਫਿਰ ਆਪਣੀ ਡਾਂਗ ਫੜ ਕੇ ਉਠਾਈ ਤਾਂ ਕਹਿਣ ਲੱਗਾ ਉਹ ਹੁਣੇ ਖੂਹ ਛੱਡ ਦਿੰਦਾ ਹੈ ਆਪਣੇ ਬਲਦ ਲਿਆ ਕੇ ਜੋੜ ਲਵੋ । ਅੱਗੇ ਤੋਂ ਉਹ ਕੰਨ ਪਾਇਆ ਨਹੀਂ ਦੁਖਿਆ । ਤਿਆਗ ਤੇ ਸੇਵਾ ਭਾਵ ਦਾ ਜੀਵਨ : ਉਸ ਦੇ ਪਤੀ ਦੇ ਸੁਰਗਵਾਸ ਹੋਣ ੧੯੦੨ ਤੋਂ ੧੯੨੦ ਤੱਕ ਮਾਤਾ ਕਿਸ਼ਨ ਕੌਰ ਨੇ ਪਿੰਡ ਕਾਉਕੇ ਕਲਾਂ ਦੀ ਸੰਗਤ ਤਿਆਰ ਕੀਤੀ । ਸੇਵਾ ਭਾਵ ਪੈਦਾ ਕੀਤਾ ਤੇ ਚੰਗਾ ਜੀਵਨ ਬਤੀਤ ਕੀਤਾ । ਮਾਤਾ ੧੯੦੩ ਚ ਸ੍ਰੀ ਹਜ਼ੂਰ ਸਾਹਿਬ ਤੋਂ ਅੰਮ੍ਰਿਤ ਛਕ ਕੇ ਪੂਰੇ ਸਿੱਖੀ ਬਾਣੇ ਸਿਰ ਤੇ ਦਸਤਾਰ ਸਜਾ ਲਈ ਸੀ ਪੂਰਨ ਨਿਹੰਗਾਂ ਦਾ ਬਾਣਾ ਧਾਰਨ ਕਰ ਲਿਆ । ਸੰਗਤ ਨੇ ਪਾਤਸ਼ਾਹੀ ਛੇਵੀਂ ਦੇ ਗੁਰਦੁਆਰੇ ਗੁਰੂ ਸਰ ਦੀ ਸੇਵਾ ਮਾਤਾ ਦੇ ਜਿਮੇ ਲਾ ਦਿੱਤੀ । ਮਾਤਾ ਦਾ ਸ ਰਣਧੀਰ ਸਿੰਘ ਕਾਂਉਕੇ ਨੇ ਪੂਰਨ ਸਹਿਯੋਗ ਦਿੱਤਾ ਮਾਤਾ ਨੇ ਆਪਣੇ ਹੱਥੀਂ ਇਸ ਗੁਰਦੁਆਰਾ ਦੀ ਸੇਵਾ ਕੀਤੀ ਤੇ ਸੰਗਤਾਂ ਪਾਸੋਂ ਕਰਵਾਈ ।
ਅਕਾਲੀ ਲਹਿਰ ਵਿਚ ਕੁਦਣਾ :
ਮਾਤਾ ਕਿਸ਼ਨ ਕੌਰ ਜੀ ਹੁਣ ਗੁਰਦੁਆਰਾ ਗੁਰੂਸਰ ਦੀ ਸੇਵਾ ਤੋਂ ਇਲਾਵਾ ਕਈ ਵਾਰ ਸ੍ਰੀ ਅੰਮ੍ਰਿਤਸਰ ਜਲੰਧਰ ਤੇ ਲੁਧਿਆਣਾ ਪੁੱਜ ਆਪਣੇ ਜਥੇ ਸਮੇਤ ਸਾਰੇ ਪੰਥਕ ਇਕੱਠਾ ਵਿਚ ਭਾਗ ਵੀ ਲੈਂਦੀ ਰਹੀ । ਮਾਤਾ ਕਿਸ਼ਨ ਕੌਰ ਨੇ ਸੰਤ ਲਖਬੀਰ ਸਿੰਘ ਦੀ ਖਾਲਸਾ ਬਰਾਦਰੀ ਜਾਤਪਾਤ ਤੋੜ ਸੰਸਥਾ ਵਿਚ ਸੰਤਾਂ ਦਾ ਕਾਫੀ ਸਹਿਯੋਗ ਦਿੱਤਾ । ਇਸੇ ਤਰ੍ਹਾਂ ੧੪ ਅਕਤੂਬਰ ੧੯੨੦ ਨੂੰ ਜਦ ਖਾਲਸਾ ਬਰਾਦਰੀ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਪੁੱਜ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਕਬਜ਼ਾ ਕੀਤਾ ਤੇ ਮਾਤਾ ਕਿਸ਼ਨ ਕੌਰ ਤੇ ਉਸਦਾ ਪਾਲਿਤ ਪੁੱਤਰ ਖਜ਼ਾਨ ਸਿੰਘ ਵੀ ਨਾਲ ਸਨ । ਇਹ ਪਹਿਲੇ ਮਹਿਲਾ ਸੀ ਜਿਨਾਂ ਗੁਰਦੁਆਰੇ ਆਜ਼ਾਦ ਕਰਾਉਣ ਲਈ ਮਹਾਨ ਯੋਗਦਾਨ ਪਾਇਆ ਹੈ ਇਸ ਤੋਂ ਮਾਤਾ ਜੀ ਦਾ ਆਦਰਮਾਨ ਵਧਿਆ ।
ਗੁਰੂ ਕੇ ਬਾਗ ਜ਼ਖ਼ਮੀਆਂ ਦੀ ਸੇਵਾ ਤੋਂ ਬੀ ਟੀ, ਦੇ ਥੱਪੜ :
ਹੁਣ ਮਾਤਾ ਕਿਸ਼ਨ ਕੌਰ ਨੇ ਘਰ ਬਾਰ ਤਿਆਗ ਕੇ ਅਕਾਲੀ ਲਹਿਰ ਵਿਚ ਛਾਲ ਮਾਰ ਦਿੱਤੀ ਜਿੱਥੇ ਵੀ ਸੇਵਾ ਦੀ ਲੋੜ ਹੁੰਦੀ ਉਠ ਭਜਦੀ । ਜਦੋਂ ਸੁਣਿਆ ਕਿ ਗੁਰੂ ਕੇ ਬਾਗ ਦਾ ਮੋਰਚਾ ਲੱਗਾ ਹੈ ਤਾਂ ਨਿਰਦੋਸ਼ ਸਿੰਘਾਂ ਤੇ ਅੰਨੇ ਵਾਹ ਤਸ਼ੱਦਦ ਤੇ ਡਾਂਗਾ ਨਾਲ ਸੈਂਕੜੇ ਸਿੰਘਾਂ ਨੂੰ ਕੁਟ ਕੁਟ ਕੇ ਜ਼ਖਮੀ ਕੀਤਾ ਜਾ ਰਿਹਾ ਹੈ ਤਾਂ ਮਾਤਾ ਕਿਸ਼ਨ ਦਾ ਹਿਰਦਾ ਪਿਘਰਿਆ । ਇਕ ਦਮ ਆਪ ਨੂੰ ਬੀਬੀਆਂ ਦਾ ਜਥਾ ਲੈ ਕੇ ਮਰਮ ਪੱਟੀ ਲਈ ਜਾ ਹਾਜ਼ਰ ਹੋਈ । ਗੁਰੂ ਕੇ ਬਾਗ ਜਾਣ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਹਰੇਕ ਸਿੰਘ ਉਥੇ ਜਾ ਕੇ ਸ਼ਾਂਤਮਈ ਰਹਿਣ ਦਾ ਪ੍ਰਣ ਕਰ ਕੇ ਜਾਂਦਾ ਸੀ । ਉਧਰ ਬੀ.ਟੀ ਪੁਲਿਸ ਨਾਲ ਲਿਜਾ ਕੇ ਸਿੰਘਾਂ ਤੇ ਲਾਠੀਆਂ ਵਰਾਉਂਦਾ । ਪਰ ਸਿੰਘ ਅੱਗੇ ਹੱਥ ਨਹੀਂ ਚੁਕਦੇ । ਇਕ ਦਿਨ ਬੀ : ਟੀ : ਮਖੌਲ ਵਜੋਂ ਮਾਤਾ ਕਿਸ਼ਨ ਕੌਰ ਨੂੰ ਕਹਿਣ ਲੱਗਾ ਕਿ ” ਭੈਣ ਜੀ ਸਤਿ ਸੀ ਅਕਾਲ ਵੇਖੋ ਅਸਾਂ ਸਿੰਘਾਂ ਦੀ ਕਿਹੀ ਭੁਗਤ ਸੁਆਰੀ ਹੈ ਕਿ ਇਹ ਹਮੇਸ਼ਾਂ ਯਾਦ ਰੱਖਣਗੇ । ‘ ‘ ਇਹ ਤਾਅਨਾ ਅਮੇਜ਼ ਸ਼ਬਦ ਸੁਣ ਸ਼ੇਰਨੀ ਦੀਆਂ ਅੱਖਾਂ ਵਿਚ ਲਹੂ ਉਤਰ ਆਇਆ । ਅੱਗੇ ਹੋ ਕੇ ਬੀ ਟੀ ਦੇ ਮੂੰਹ ਤੇ ਐਸੇ ਜ਼ੋਰ ਦੀ ਥੱਪੜ ਮਾਰਿਆ ਕਿ ਉਹ ਬੁੜਕ ਕੇ ਕਿਨੀ ਦੂਰ ਜਾ ਡਿੱਗਾ ਤੇ ਕੁਸਕਿਆ ਤਕ ਨਹੀਂ । ਬੜੇ ਜੋਸ਼ ‘ ਚ ਅਣਖੀਲੀ ਸ਼ੇਰਨੀ ਨੇ ਕਿਹਾ ਕਿ “ ਫਰੰਗੀਆ । ਵੇਖ ਮੇਰੇ ਵੀਰਾ ਨੇ ਸ਼ਾਂਤਮਈ ਰਹਿਣ ਦਾ ਪ੍ਰਣ ਕੀਤਾ ਹੋਇਆ ਹੈ ਉਨਾਂ ਤਾਂ ਤੇਰੀਆਂ ਡਾਗਾਂ ਖਾ ਲਈਆਂ । ਪਰ ਮੈਂ ਸ਼ਾਂਤਮਈ ਦੀ ਕਾਇਲ ਨਹੀਂ ਹਾਂ । ਇਸ ਤਰ੍ਹਾਂ ਬੀਟੀ ਕਪੜੇ ਝਾੜਦਾ ਆਪਣੇ ਕੈਂਪ ਸ਼ਰਮਿੰਦਾ ਹੋ ਕੇ ਚਲਾ ਗਿਆ ।
ਜੈਤੋ ਤੇ ਨਾਭਾ ਵਿਚ ਮਹਾਰਾਜਾ ਰਿਪੁਦਮਨ ਸਿੰਘ ਨਾਭਾ ਨੇ ਮਦਿਉਲਾ ਡੇਹਰਾਦੂਨ ਜਲਾ ਵਤਨ ਕੀਤਾ ਗਿਆ ।
੧੯੨੩ ਵਿਚ ਇਸ ਭੈੜੀ ਚਾਲ ਵਿਰੁੱਧ ਸਿੱਖਾਂ ਵਿਚ ਰੋਸ ਦੀ ਲਹਿਰ ਫੈਲੀ ਮਾਤਾ ਕਿਸ਼ਨ ਨੇ ਪਿੰਡਾਂ ਵਿਚ ਫਿਰ ਪ੍ਰਚਾਰ ਕਰ ਤਗੜਾ ਜਥਾ ਤਿਆਰ ਕਰ ਇਸ ਵਿਚ ਭਾਗ ਲਿਆ । ਇਸ ਤੋਂ ਪਿਛੋਂ ਜੈਤੋ ( ਨਾਭਾ ) ਦੇ ਗੁਰਦੁਆਰੇ ਗੰਗਸਰ ਵਿਚ ਸਰਕਾਰ ਵਲੋਂ ਅਖੰਡ ਪਾਠ ਨੂੰ ਖੰਡਿਤ ਕੀਤੇ ਜਾਣ ਤੇ ਹੋਰ ਤੇਜ਼ ਹੋ ਗਈ ਸਰਕਾਰ ਪਾਸੋਂ ਇਸ ਧਾਰਮਿਕ ਰੋਕ ਨੂੰ ਦੂਰ ਕਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪਹਿਲਾ ਸ਼ਹੀਦੀ ਜਥਾ ੯ ਫਰਵਰੀ ੧੯੨੪ ਨੂੰ ਤੋਰਿਆ ਗਿਆ । ਮਾਤਾ ਜੀ ਵੀ ਕੇਸਰੀ ਸ਼ਹੀਦੀ ਬਾਣਾ ਪਹਿਨ ਆਪਣੇ ਵੀਰਾਂ ਨਾਲ ਸ਼ਾਮਲ ਹੋਈ । ਪਰ ਉਥੇ ਇਸ ਦੀ ਨਾਭਾ ਪੁਲਿਸ ਦਾ ਭੇਤ ਲੈਣ ਲਈ ਜ਼ਿੰਮੇਦਾਰੀ ਲਾ ਦਿੱਤੀ । ਫਿਰ ਕੀ ਸੀ ਇਸ ਸਿੱਖ ਬਾਣਾ ਲਾਹ ਕੇ ‘ ਜੈਨੀ ਸਾਧਣੀ ‘ ਦਾ ਭੇਸ ਧਾਰ ਲਿਆ । ਮੂੰਹ ਅੱਗੇ ਟੱਲੀ ( ਟਾਕੀ ) ਬਨੀ ਜਿਸ ਤਰਾਂ ਹੁਣ ਕਰੋਨਾਂ ਦੇ ਨਾ ਤੇ ਲੋਕ ਬੰਨੀ ਫਿਰਦੇ ਹਨ ਤੇ ਨੰਗੇ ਪੈਰੀਂ ਤੁਰੀ ਫਿਰਨਾ । ੨੧ ਫਰਵਰੀ ਨੂੰ ਜਦੋਂ ਜੈਤੋਂ ਦੇ ਜਥੇ ਤੇ ਗੋਲੀ ਚੱਲੀ ਅਨੇਕਾਂ ਸ਼ਹੀਦ ਤੇ ਫਟੜ ਹੋਏ ਤਾਂ ਮਾਤਾ ਕਿਸ਼ਨ ਕੌਰ ਨੇ ਗੁਪਤ ਢੰਗ ਨਾਲ ਸਾਰੀ ਜਾਣਕਾਰੀ ਅੰਮ੍ਰਿਤਸਰ ਪੁਚਾਈ ਤਾਂ ਜਿਹੜੇ ਤੱਥ ਪੁਲਿਸ ਗੁਪਤ ਰੱਖਣਾ ਚਾਹੁੰਦੀ ਸੀ ਉਨ੍ਹਾਂ ਦਾ ਪੜਦਾ ਇਹ ਮਾਤਾ ਖੋਹਲੀ ਜਾਂਦੀ ਸੀ ਹਾਰ ਕੇ ਇਸ ਤੇ ਪੁਲਿਸ ਨੂੰ ਸ਼ੱਕ ਪੈ ਹੀ ਗਿਆ । ਕਿਉਂਕਿ ਜੈਤੋਂ ਦੇ ਕਿਲ੍ਹੇ ਦੇ ਅੰਦਰ ਬਾਹਰ ਦੇ ਭੇਤ ਸਾਰੇ ਨਿਕਲ ਰਹੇ ਸਨ । ਇਕ ਦਮ ਮਾਤਾ ਕਿਸ਼ਨ ਕੌਰ ਨੂੰ ਗ੍ਰਿਫ਼ਤਾਰ ਕਰ ਨਾਭੇ ਜੇਲ੍ਹ ਵਿਚ ਭੇਜ ਦਿੱਤਾ । ਹੁਣ ਮਾਤਾ ਵਿਰੁੱਧ ਸਰਕਾਰ ਬੜੀ ਤਗੜੀ ਸਾਜ਼ਿਸ਼ ਦਾ ਮੁਕੱਦਮਾ ਤਿਆਰ ਕਰ ਲਿਆ । ਅਨੇਕ ਝੂਠੇ ਗਵਾਹ ਭੁਗਤਾਏ ਗਏ । ਮਾਤਾ ਨੂੰ ਕੋਈ ਉਜਰਦਾਰੀ ਕਰਨ ਦਾ ਅਵਸਰ ਨਾ ਦਿੱਤਾ ਗਿਆ । ਮਾਤਾ ਜੀ ਨੂੰ ਦੇਸ਼ ਧਰੋਹ ਦੇ ਦੋਸ਼ ਵਿਚ ਚਾਰ ਸਾਲ ਦੀ ਸਖਤ ਸਜ਼ਾ ਦਿੱਤੀ ਗਈ । ਜਦੋਂ ਅਗਸਤ ੧੯੨੬ ਵਿਚ ਗੁਰਦੁਆਰਾ ਐਕਟ ਬਣ ਜਾਣ ਕਰਕੇ ਹੋਰ ਕੈਦੀ ਤਾਂ ਛੱਡ ਦਿੱਤੇ , ਪਰ ਮਾਤਾ ਕਿਸ਼ਨ ਕੌਰ ਦੀ ਪੂਰੀ ਕੈਦ ਕੱਟ ਕੇ ੧੯੨੮ ਨੂੰ ਰਿਹਾ ਹੋਈ ।
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਰੋਪਾ ਤੇ ” ਮਾਤਾ ” ਦੀ ਪਦਵੀ :
ਅਗਸਤ ੧੯੨੬ ਵਿਚ ਸਭ ਅਕਾਲੀ ਰਿਹਾਅ ਕਰ ਦਿੱਤੇ ਗਏ । ਪਰ ਜਿਨ੍ਹਾਂ ਨੂੰ ਅਦਾਲਤ ਵਲੋਂ ਸਜਾਵਾਂ ਮਿਲ ਚੁੱਕੀਆਂ ਸਨ । ਉਹ ਨਾ ਛੱਡੇ । ਮਾਤਾ ਕਿਸ਼ਨ ਕੌਰ ਉਨਾਂ ਸਜ਼ਾ ਯਾਫਤਾ ਕੈਦੀਆਂ ਵਿਚੋਂ ਸੀ । ਜੋ ਸਾਰੇ ਆਪਣੀ ਪੂਰੀ ਕੈਦ ਭੁਗਤ ੧੯੨੮ ਵਿਚ ਰਿਹਾਅ ਹੋਏ ਸਨ । ਜਦੋਂ ਮਾਤਾ ਜੀ ਵੀ ਰਿਹਾਅ ਹੋ ਅੰਮ੍ਰਿਤਸਰ ਪੁੱਜੇ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵਲੋਂ ਆਪ ਨੂੰ ਸ਼ਾਨਦਾਰ ਸਿਰੋਪਾ ਬਖਸ਼ਿਆ ਗਿਆ ” ਮਾਤਾ ’ ਦੀ ਪਦਵੀ ਤੇ ੧੫ ਰੁਪੈ ਮਾਹਵਾਰੇ ਪੈਨਸ਼ਨ ਦਿੱਤੀ ਗਈ । ਫਿਰ ਏਥੋਂ ਇਕ ਜਲੂਸ ਦੇ ਰੂਪ ਵਿਚ ਇਸ ਦੇ ਪਿੰਡ ਕਾਉਕੇ ਲਿਜਾਇਆ ਗਿਆ । ਅੱਗੋਂ ਲੁਧਿਆਣੇ ਜ਼ਿਲ੍ਹੇ ਦੀ ਸੰਗਤ ਨੇ ਇਸ ਪਿੰਡ ਕਾਉਕੇ ਪੁੱਜਣ ਤੇ ਨਿੱਘਾ ਸਤਿਕਾਰ ਭਰਿਆ ਸਵਾਗਤ ਕੀਤਾ ਹੁਣ ਹਰ ਕੋਈ ਆਪ ਨੂੰ ਮਾਤਾ ਕਰ ਕੇ ਸਨਮਾਨ ਕਰਨ ਲੱਗਾ । ਇਲਾਕੇ ਦੀ ਸੰਗਤ ਵਲੋਂ ਸਨਮਾਨ ਪੱਤਰ : ਜੁਲਾਈ ੧੯੨੮ ਦੇ ਪਹਿਲੇ ਹਫਤੇ ਕੌਮੀ ਦਰਦ ਅੰਮ੍ਰਿਤਸਰ ਦੇ ਸਟਾਫ ਵਲੋਂ ਅਤੇ ਹੋਰ ਇਲਾਕੇ ਦੀ ਸਿੱਖ ਸੰਗਤ , ਇਲਾਕੇ ਜਗਰਾਓ ਦੀ ਸੰਗਤ ਵਲੋਂ ਵੱਖ ਵੱਖ ਮਾਨ ਪੱਤਰ ਨਾਲ ਨਿਵਾਜਿਆ ਗਿਆ । ਉਸ ਵੇਲੇ ਦੇ ਮਾਨ ਪੱਤਰਾਂ ਵਿਚ ਹੇਠ ਲਿਖੀ ਕਵਿਤਾ ਤੋਂ ਉਨਾਂ ਦੀ ਉਚੇ ਵਿਅਕਤੀਗਤ ਦਾ ਪਤਾ ਲੱਗਦਾ ਮਾਈਆਂ ਜੱਗ ਦੇ ਵਿਚ ਅਨੇਕ ਭਾਵੇ ਐਪਰ ਤੁਦ ਦੇ ਨਹੀਂ ਕੋਈ ਤੁਲ ਮਾਈ । ਡਾਗਾਂ ਪੈਂਦੀਆਂ ਵਰਦੀਆਂ ਗੋਲੀਆਂ ਤੋਂ ਗਈ ਗੰਗਸਰ ਦੇ ਵਿਚ ਜੁਲ ਮਾਈ । ਨਾਭੇ ਜੇਲ੍ਹ ਅੰਦਰ ਜਿਥੇ ਦਿਨੇ ਰਾਤੀਂ ਝੱਖੜ ਜ਼ੁਲਮ ਦੇ ਰਹੇ ਸੀ ਝੁੱਲ ਮਾਈ । ਘਾਲਾਂ ਘਾਲੀਆਂ ਮੁਸ਼ਕਲਾਂ ਝੱਲੀਆਂ ਨੇ ਇਸ ਬਿਰਧ ਸਰੀਰ ਤੇ ਕੁੱਲ ਮਾਈ । ਧੰਨ ਧੰਨ ਕਹਿੰਦੇ ਮਾਈ ਕਿਸ਼ਨ ਕੌਰਾਂ ਜਦੋਂ ਖੁਲ੍ਹਦੇ ਸਾਡੇ ਬੁਲ੍ਹ ਮਾਈ । ਦੇਸ਼ ਮਾਲਵਾ ਕੀ ਪੰਥ ਖਾਲਸਾ ਹੀ , ਨਹੀਂ ਸਕਦਾ ਹੈ ਕਦੇ ਭੁੱਲ ਮਾਈ । ਸੀ ਤਖ਼ਤ ਅਕਾਲ ਦੇ ਹੁਕਮ ਉਤੇ , ਚਾੜੇ ਤੁਸਾਂ ਨੇ ਹੈਨ ਜੋ ਫੁਲ ਮਾਈ । ਬਹੁਤੀ ਗੱਲ ਕੀ ਤੇਰੀਆਂ ਕੁਰਬਾਨੀਆਂ ਦੀ ਕੋਈ ਸਕਦਾ ਪਾ ਨਹੀ ਮੁੱਲ ਮਾਈ ।
ਗੁਰਦੁਆਰਾ ਪਾ : ਛੇਵੀਂ ਦੀ ਮੁੜ ਸੇਵਾ :
ਨਾਭੇ ਤੋਂ ਰਿਹਾ ਹੋ ਕੇ ਪਿੰਡ ਆ ਕੇ ਗੁਰਦੁਆਰਾ ਗੁਰੂਸਰ ਪਾ : ਛੇਵੀਂ ਦੀ ਮੁੜ ਸੇਵਾ ਸੰਭਾਲ ਲਈ ਇਥੇ ਆਪਣੇ ਪਤੀ ਤੇ ਉਸਦੇ ਭਰਾ ਦੀ ਯਾਦ ਵਿਚ ਉਚਾ ਨਿਸ਼ਾਨ ਸਾਹਿਬ ਆਪਣੇ ਪਾਸੋਂ ਲਗਵਾ ਕੇ ਇਹ ਸ਼ਬਦ ਲਿਖਵਾਏ “ ਸਰਦਾਰ ਹਰਿਨਾਮ ਸਿੰਘ ਦਫ਼ੇਦਾਰ , ਧੰਨਾ ਸਿੰਘ ਪਿੰਡ ਕਾਉਕੇ ਕਲਾਂ ਨਿਸ਼ਾਨ ਸਾਹਿਬ ਤੇ ਨਿਗਾਰੇ ਦੀ ਸੇਵਾ ਕਰਵਾਈ ੧੪ ਮਾਘ ਸੰਮਤ ੧੯੯੬ ਮੁਤਾਬਿਕ ਜਨਵਰੀ ੧੯੩੯ ਕਿਸ਼ਨ ਕੌਰ । ਇਸ ਗੁਰਦੁਆਰੇ ਦਾ ਕਰਤਾ ਧਰਤਾ ਮਾਤਾ ਦਾ ਪਾਲਿਤ ਪੁੱਤਰ ਭਾਈ ਖਜਾਨ ਸਿੰਘ ਰਿਹਾ ਹੈ । ਪ੍ਰਭੂ ਭਗਤੀ ਤੋਂ ਸਿਮਰਨ : ਮਾਤਾ ਕਿਸ਼ਨ ਕੌਰ ਅੰਮ੍ਰਿਤ ਵੇਲੇ ਉਠ ਇਸ਼ਨਾਨ ਕਰ ਨਿੱਤਨੇਮ ਕਰ ਅਰਦਾਸ ਉਪਰੰਤ ਮੁਖ ਵਾਕ ਲੈ । ਸਾਧ ਸੰਗਤ ਦੀ ਸੇਵਾ ਤੋਂ ਵੱਖਰਾ , ਸਫਾਈ ਆਦਿ ਕਰਨੀ ਗੁਰੂਸਰ ਵਿਚ । ਇਲਾਕੇ ਵਿਚ ਪੈਦਲ ਤੁਰ ਲਾਗਲੇ ਪਿੰਡ ਵਿਚ ਗੁਰਮਤ ਪ੍ਰਚਾਰ ਕਰਨਾ ਤੇ ਗੁਰੂ ਨਾਲ ਜੋੜਨਾ ਮਨਮਤ ਤੇ ਸਮਾਜਿਕ ਭੈੜੀਆਂ ਰੀਤਾਂ ਵਿਰੁੱਧ ਪ੍ਰਚਾਰ ਕਰਨਾ । ਆਪ ਦਾ ਨਾਮ ਅਭਿਆਸ ਨਾਲ ਆਤਮਿਕ ਬਲ ਏਨਾ ਵਧ ਗਿਆ ਕਿ ਜਿਹੜੀ ਸਹਿਮਨ ਗੱਲ ਮੂੰਹੋਂ ਨਿਕਲ ਜਾਂਦੀ ਉਹ ਪੂਰੀ ਹੋ ਜਾਂਦੀ । ਹੋਰ ਸਮੇਂ ਬਾਰੇ ਵੀ ਦਸ ਦੇਂਦੀ ਕਿ ਹੁਣ ਕਿਹੋ ਜਿਹਾ ਚੰਗਾ ਤਾਂ ਮਾੜਾ ਸਮਾਂ ਆ ਰਿਹਾ ਹੈ ।੧੯੪੭ ਬਾਰੇ ਵੀ ਭਵਿੱਖ ਬਾਣੀ ਕੀਤੀ ਸੀ ਕਿ ਹਿੰਦੂ , ਮੁਸਲਮ ਤੇ ਸਿੱਖਾਂ ਦੀ ਬਹੁਤ ਕੱਟ ਵੱਢ ਹੋਵੇਗੀ । ਜਿਹੜੀ ਠੀਕ ਸਾਬਤ ਹੋਈ । ਮਾਤਾ ਜੀ ਨੇ ਆਪਣੀ ਮ੍ਰਿਤੂ ਬਾਰੇ ਦਿਨ ਤੇ ਸਮਾਂ ਵੀ ਪਹਿਲਾਂ ਦੱਸ ਦਿੱਤਾ ਸੀ । ਜਿਹੜਾ ਕਿ ਠੀਕ ਨਿਕਲਿਆ । ੧੦ ਅਗਸਤ ੧੯੫੨ ਨੂੰ ਮਾਤਾ ਕਿਸ਼ਨ ਕੌਰ ਆਪਣਾ ਗੁਰਮੁਖਤਾ ਤੇ ਸੱਚਾ , ਸਹਿਜ ਤੇ ਸੰਜਮ ਭਰਪੂਰ ਜੀਵਨ ਬਤੀਤ ਕਰ ਅਕਾਲ ਪੁਰਖ ਨਾਲ ਇਕਮਿਕ ਹੋ ਗਈ । ਮਾਤਾ ਜੀ ਦਾ ਦਿਹਾਂਤ ਗੁਰਦੁਆਰਾ ਗੁਰੂਸਰ ਵਿਚ ਹੀ ਹੋਇਆ । ਮਾਤਾ ਜੀ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਉਸ ਦੇ ਅਸਤ ਨਹੀਂ ਚੁਣਨੇ ਤੇ ਰਾਖ ਸਮੇਤ ਕਿਸੇ ਨਦੀ ਨਾਲੇ ਵਿਚ ਪਾ ਦੇਣੇ , ਨਾ ਕੋਈ ਯਾਦ ਬਣਾਉਣੀ ਹੈ । ਮਾਤਾ ਜੀ ਦੇ ਭਤੀਜੇ ਜਥੇਦਾਰ ਖਜ਼ਾਨ ਸਿੰਘ ਨੇ ਮਾਤਾ ਜੀ ਦਾ ਅੰਗੀਠਾ ਤਿਆਰ ਕੀਤਾ ਤੇ ਆਪ ਹੀ ਦਾਗ ਦਿੱਤਾ । ਪੂਰੀ ਗੁਰ ਮਰਿਯਾਦਾ ਨਾਲ ਸਸਕਾਰ ਕਰ ਉਸ ਦੇ ਕਹੇ ਅਨੁਸਾਰ ਰਾਖ ਜਲ ਪ੍ਰਵਾਹ ਕਰ ਦਿੱਤੀ । ਉਨਾਂ ਦੇ ਨਿਪਤ ਪਾਠ ਕਰਾ ਕੇ ਇਲਾਕੇ ਦੀ ਸੰਗਤ ਨੇ ਬਹੁਤ ਮੇਲਾ ਕੀਤਾ ਤੇ ਹਰ ਸਾਲ ਇਸ ਦੀ ਬਰਸੀ ਇਸ ਗੁਰਦੁਆਰੇ ਮਨਾਉਣ ਲੱਗੇ । ਇਸ ਗੁਰਦੁਆਰੇ ਮਾਤਾ ਜੀ ੨੫ ਸਾਲ ਰਹਿ ਹਜ਼ਾਰਾਂ ਪ੍ਰਾਣੀਆਂ ਨੂੰ ਗੁਰਮਤਿ ਨਾਲ ਜੋੜਿਆ । ਹੁਣ ਤੱਕ ਆਪ ਦਾ ਜਸ ਇਲਾਕੇ ਵਿਚ ਹੋ ਰਿਹਾ ਹੈ ।
ਜੋਰਾਵਰ ਸਿੰਘ ਤਰਸਿੱਕਾ।