ਸਾਖੀ ਭਾਈ ਮਿਹਰੂ ਜੀ

ਭਾਈ ਮਿਹਰੂ ਜੀ ਚੋਰੀਆਂ ਕਰਿਆ ਕਰਦੇ ਸਨ। ਇਹਨਾ ਦਾ ਪਿੰਡ ਵਿੱਚ ਚਾਰ ਪੰਜ ਚੋਰਾਂ ਦਾ ਗ੍ਰੋਹ ਸੀ ਜੋ ਇੱਕ ਦੂਜੇ ਦੀ ਚੋਰੀ ਵਿੱਚ ਮਦਦ ਵੀ ਕਰਦੇ ਸਨ। ਇੱਕ ਦਿਨ ਸਬੱਬ ਬਣਿਆ ਕਿ ਪਿੰਡ ਦੇ ਲੋਕ ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਲਈ ਤੁਰੇ। ਓਹਨਾ ਦੇ ਨਾਲ ਭਾਈ ਮਿਹਰੂ ਜੀ ਅਤੇ ਕੁਝ ਹੋਰ ਚੋਰ ਵੀ ਤੁਰ ਪਏ। ਰਾਤ ਨੂੰ ਸਾਰੇ ਅੰਮ੍ਰਿਤਸਰ ਹੀ ਰੁਕੇ। ਪ੍ਰਸ਼ਾਦਾ ਪਾਣੀ ਛਕਿਆ, ਸੇਵਾ ਕੀਤੀ ਅਤੇ ਆਰਾਮ ਕੀਤਾ। ਸਵੇਰੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਥਾ ਕੀਤੀ। ਕਥਾ ਵਿੱਚ ਗੁਰੂ ਸਾਹਿਬ ਜੀ ਨੇ ਹੱਕ ਦੀ ਕਿਰਤ ਕਰਨ ਅਤੇ ਪਰਾਇਆ ਹੱਕ ਨਾ ਖਾਣ ਦਾ ਉਪਦੇਸ਼ ਦਿੱਤਾ। ਭਾਈ ਮਿਹਰੂ ਜੀ ਉੱਤੇ ਗੁਰੂ ਜੀ ਦੀਆਂ ਗੱਲਾਂ ਦਾ ਬੜਾ ਅਸਰ ਹੋਇਆ।
ਘਰ ਆ ਕੇ ਭਾਈ ਸਾਬ ਨੇ ਆਪਣੀ ਪਤਨੀ ਨੂੰ ਕਿਹਾ ਕਿ ਜਿਹੜੀ ਸਾਡੇ ਕੋਲ ਮੱਝ ਹੈ ਓਹ ਮੈਂ ਖਰੀਦ ਕੇ ਨਹੀਂ ਲਿਆਂਦੀ ਸਗੋਂ ਚੋਰੀ ਕੀਤੀ ਸੀ। ਹੁਣ ਮੈਂ ਇਹ ਮੱਝ ਵਾਪਿਸ ਕਰਨੀ ਚਾਹੁੰਦਾ ਹਾਂ। ਇਸ ਦੇ ਨਾਲ ਨਾਲ ਜਿੰਨਾ ਅਸੀਂ ਦੁੱਧ ਪੀਤਾ ਹੈ ਓਹਦੇ ਪੈਸੇ ਵੀ ਮੈਂ ਵਾਪਿਸ ਕਰਨੇ ਹਨ। ਭਾਈ ਸਾਬ ਦੀ ਪਤਨੀ ਵੀ ਨੇਕ ਇਨਸਾਨ ਸੀ। ਉਸ ਨੇ ਹਾਮੀ ਭਰ ਦਿੱਤੀ।
ਭਾਈ ਸਾਬ ਮੱਝ ਅਤੇ ਪੈਸੇ ਲੈ ਕੇ ਤੁਰ ਪਏ। ਉਸ ਘਰ ਦਾ ਦਰਵਾਜਾ ਆਣ ਖੜਕਾਇਆ ਜਿਨ੍ਹਾਂ ਦੀ ਮੱਝ ਸੀ। ਘਰ ਵਿੱਚੋਂ ਬਜ਼ੁਰਗ ਬਾਹਰ ਆਇਆ ਅਤੇ ਆਪਣੀ ਮੱਝ ਨੂੰ ਵੇਖ ਕੇ ਹੈਰਾਨ ਹੋ ਗਿਆ। ਭਾਈ ਸਾਬ ਨੇ ਬਜ਼ੁਰਗ ਨੂੰ ਦੱਸਿਆ ਕਿ ਮੈਂ ਹੀ ਤੁਹਾਡੀ ਮੱਝ ਚੋਰੀ ਕੀਤੀ ਸੀ ਅਤੇ ਹੁਣ ਵਾਪਿਸ ਕਰਨ ਆਇਆ ਹਾਂ। ਭਾਈ ਸਾਬ ਨੇ ਪੈਸੇ ਵੀ ਦੇ ਦਿੱਤੇ ਅਤੇ ਬਜ਼ੁਰਗ ਦੇ ਪੈਰੀ ਹੱਥ ਲਾ ਕੇ ਮਾਫੀ ਮੰਗੀ। ਬਜ਼ੁਰਗ ਨੇ ਪੁੱਛਿਆ ਕਿ ਹੁਣ ਤੁਸੀ ਇਹ ਮੱਝ ਕਿਉਂ ਵਾਪਿਸ ਕਰਨ ਆਏ ਹੋ ਤਾਂ ਭਾਈ ਸਾਬ ਨੇ ਦੱਸਿਆ ਕਿ ਗੁਰੂ ਅਰਜਨ ਦੇਵ ਜੀ ਦੇ ਉਪਦੇਸ਼ ਸੁਣ ਕੇ ਮੇਰਾ ਮਨ ਬਦਲ ਗਿਆ ਹੈ। ਹੁਣ ਮੈਂ ਸੱਚੀ ਸੁੱਚੀ ਕਿਰਤ ਕਰਨੀ ਹੈ। ਇਹ ਸੁਣ ਕੇ ਬਜ਼ੁਰਗ ਬਹੁਤ ਪ੍ਰਭਾਵਿਤ ਹੋਇਆ ਅਤੇ ਉਸ ਨੇ ਵੀ ਅੰਮ੍ਰਿਤਸਰ ਆ ਕੇ ਗੁਰੂ ਸਾਹਿਬ ਜੀ ਦੀ ਕਥਾ ਸੁਣਨੀ ਅਤੇ ਸੰਗਤ ਕਰਨੀ ਸ਼ੁਰੂ ਕੀਤੀ ਅਤੇ ਜੀਵਨ ਸਫਲ ਕੀਤਾ।
(ਰਣਜੀਤ ਸਿੰਘ ਮੋਹਲੇਕੇ)


Share On Whatsapp

Leave a Reply




top