ਮੇਰਾ ਮਨੁ ਲੋਚੈ ਗੁਰ ਦਰਸ਼ਨ ਤਾਈ

ਅਠਾਰਵੀਂ ਸਦੀ ਦੀ ਗੱਲ ਹੈ ਕਿ ਇੱਕ ਬੀਬੀ ਆਪਣੇ ਬੱਚੇ ਨੂੰ ਚੁੱਕੀ ਲਾਹੌਰ ਤੋਂ ਦਰਬਾਰ ਸਾਹਿਬ ਪ੍ਰਕਰਮਾ ਮੱਥਾ ਟਿਕਾਉਣ ਤੇ ਸਤਿਗੁਰੂ ਦੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਾਉਣ ਦੀ ਇੱਛਾ ਨਾਲ ਤੁਰੀ । ਰਸਤੇ ਵਿੱਚ ਮੀਰ ਮੰਨੂੰ ਦਾ ਅਹਿਲਕਾਰ ਦੀਵਾਨ ਕੌੜਾ ਮੱਲ ਮਿਲ ਗਿਆ ਤੇ ਬੀਬੀ ਨੂੰ ਪੁੱਛਿਆ ਕਿ ਕਿੱਧਰ ਚੱਲੀ ਹੈ ਬੀਬੀ ?ਉਸ ਬੀਬੀ ਨੇ ਜਵਾਬ ਦਿੱਤਾ ਕਿ ਹਰਿਮੰਦਰ ਸਾਹਿਬ ਦਰਸ਼ਨਾਂ ਲਈ ਜਾ ਰਹੀ ਹਾਂ ।
ਦੀਵਾਨ ਕੌੜਾ ਮੱਲ ਨੇ ਕਿਹਾ ਕਿ ਸ਼ਾਇਦ ਤੁਹਾਨੂੰ ਪਤਾ ਨਹੀਂ ਕਿ ਦਰਬਾਰ ਸਾਹਿਬ ਦੇ ਦਰਵਾਜੇ ਤਾਂ ਬੰਦ ਕਰ ਦਿੱਤੇ ਗਏ ਹਨ
ਬੀਬੀ ਨੇ ਕਿਹਾ ਕਿ ਜਦੋਂ ਸਾਰੇ ਦਰਵਾਜੇ ਬੰਦ ਹੋ ਜਾਣ ਤਾਂ ਬੰਦਾ ਹਰਿਮੰਦਰ ਦੇ ਦਰਾਂ ਤੇ ਆਉਂਦਾ , ਬੀਬੀ ਦ੍ਰਿੜ ਭਰੋਸੇ ਨਾਲ ਬੋਲੀ ਕਿ ਉਹ ਦਰ ਕਦੇ ਬੰਦ ਨਹੀਂ ਹੁੰਦੇ ,ਤੈਨੂੰ ਭੁਲੇਖਾ ਲੱਗਿਆ ਹੋਣਾ ਵੀਰਾ
ਕੌੜਾ ਮੱਲ ਨੇ ਵਰਜਦਿਆਂ ਕਿਹਾ ਕਿ ਡਾਹਢਿਆਂ ਅੱਗੇ ਕਾਹਦਾ ਜ਼ੋਰ ਮਾਈ , ਜੋ ਵੀ ਹਰਮਿੰਦਰ ਸਾਹਿਬ ਜਾਏਗਾ , ਉਹ ਹਕੂਮਤ ਦਾ ਬਾਗੀ ਸਮਝਿਆ ਜਾਏਗਾ ਤਾਂ ਬੀਬੀ ਨੇ ਜਵਾਬ ਦਿੱਤਾ ਕਿ
ਜੋ ਵੀ ਹਰਿਮੰਦਰ ਵੱਲ ਨਹੀਂ ਜਾਏਗਾ , ਉਹ ਗੁਰੂ ਤੋਂ ਬਾਗੀ ਹੈ ਵੀਰਾ , ਗੁਰੂ ਤੋਂ ਬੇਮੁੱਖ ਹੋਣ ਨਾਲੋਂ ਮੈਂ ਹਕੂਮਤ ਦਾ ਬਾਗੀ ਅਖਵਾਉਣਾ ਪਸੰਦ ਕਰਾਂਗੀ ।
ਕੌੜਾ ਮੱਲ ਨੇ ਮਮਤਾ ਵਾਲਾ ਦਾਅ ਖੇਡਦਿਆਂ ਆਖਿਆ ਕਿ ਆਪਣਾ ਨਹੀਂ ਤਾਂ ਆਪਣੇ ਬਾਲ ਦਾ ਫਿਕਰ ਤਾਂ ਕਰ ।
ਚਲ ਮਾਰ ਹੀ ਦੇਣਗੇ ਨਾਂ ਇਸਤੋਂ ਵੱਧ ਕੀ ਕਰ ਲੈਣਗੇ , ਜੇ ਸਾਡੇ ਰੱਤ ਦੀ ਇੱਕ ਬੂੰਦ ਵੀ ਅੰਮ੍ਰਿਤ ਸਰੋਵਰ ਵਿੱਚ ਪੈ ਜਾਵੇ ਤਾਂ ਸਾਡੇ ਧੰਨ ਭਾਗ , ਬੀਬੀ ਨੇ ਕਿਹਾ ।
ਕੌੜਾ ਮੱਲ – ਲਗਦਾ ਤੈਨੂੰ ਆਪਣਾ ਬਾਲ ਪਿਆਰਾ ਨਹੀਂ
ਬੀਬੀ – ਬਹੁਤ ਪਿਆਰਾ ਵੀਰ … ਤਾਂ ਹੀ ਤਾਂ ਨਾਲ ਲੈ ਕੇ ਚੱਲੀ ਹਾਂ । ਜਦ ਪਹਿਲੀ ਗੋਲੀ ਆਈ ਤਾਂ ਇਸਨੂੰ ਅੱਗੇ ਕਰਾਂਗੀ । ਹਰਿਮੰਦਰ ਦੇ ਦਰਸ਼ਨਾਂ ਨੂੰ ਜਾਂਦਿਆਂ ਇਹਦੇ ਗੋਲੀ ਵੱਜ ਜਾਵੇ , ਹੋਰ ਕੀ ਚਾਹੀਦਾ ਏਹਨੂੰ ਇਸ ਜਨਮ ਵਿੱਚ । ਸਾਡਾ ਮੱਥਾ ਤਾਂ ਗੁਰੂ ਦੇ ਦਰ ਤੇ ਪ੍ਰਵਾਨ ਹੋ ਜਾਵੇਗਾ ।
ਕੌੜਾ ਮੱਲ ਮੂੰਹ ਵਿੱਚ ਬੋਲਿਆ ਕੀ ਮਾਰੇਗਾ ਮੀਰ ਮੰਨੂੰ ਇਹਨਾਂ ਨੂੰ … ਕੋਈ ਵੀ ਕਿਵੇਂ ਮਾਰੇਗਾ ਇਹਨਾਂ ਨੂੰ ।
ਬੀਬੀ ਨੇ ਕੌੜੇ ਮੱਲ ਨੂੰ ਕਿਹਾ ਕਿ ਇੱਕ ਬੇਨਤੀ ਪ੍ਰਵਾਨ ਕਰ ਕਿ ਮੈਨੂੰ ਇਹ ਦੱਸ ਕਿ ਅਸੀਂ ਕਿਹੜੇ ਪਾਸਿਓਂ ਹਰਮਿੰਦਰ ਸਾਹਿਬ ਦੇ ਏਨਾ ਨੇੜੇ ਜਾ ਸਕਦੇ ਹਾਂ ਕਿ ਕਿ ਜੇ ਸਾਡੇ ਗੋਲੀ ਵੱਜੇ ਤਾਂ ਸਾਡਾ ਲਹੂ ਪਰਕਰਮਾ ਤੱਕ ਪਹੁੰਚ ਜਾਵੇ ।
ਕੌੜਾ ਮੱਲ ਕੁਝ ਬੋਲਿਆ ਨਹੀਂ ਤੇ ਬੀਬੀ ਇਹ ਸ਼ਬਦ ਗਾਉਂਦੀ ਅੱਗੇ ਤੁਰ ਪਈ ,
“ਮੇਰਾ ਮਨੁ ਲੋਚੈ ਗੁਰ ਦਰਸ਼ਨ ਤਾਈ ॥
ਬਿਲਪ ਕਰੇ ਚਾਤ੍ਰਿਕ ਕੀ ਨਿਆਈ ॥
ਤ੍ਰਿਖਾ ਨ ਉਤਰੈ ਸਾਂਤਿ ਨ ਆਵੈ ਬਿਨੁ ਦਰਸਨ ਸੰਤ ਪਿਆਰੇ ਜੀਉ ॥”
ਮਾਤਾ ਨੂੰ ਹਰਮਿੰਦਰ ਸਾਹਿਬ ਨਜਰ ਆਇਆ , ਅੱਖਾਂ ਵਿੱਚ ਆ ਪਾਣੀ ਗਿਆ , ਧੂੜ ਚੁੱਕ ਕੇ ਆਪਣੇ ਅਤੇ ਬੱਚੇ ਦੇ ਮੱਥੇ ਤੇ ਲਾਓਂਦਿਆਂ ਕਿਹਾ ਕਿ ਇਹ ਸੱਚੇ ਪਾਤਸ਼ਾਹ ਦੇ ਚਰਨਾਂ ਦੀ ਛੋਹ ਹੈ ਮੇਰੇ ਬੱਚੇ….ਤੂੰ ਧੰਨ ਹੋ ਗਿਐਂ ….ਪ੍ਰਵਾਨ ਹੋ ਗਿਐਂ ਤੂੰ ।
ਏਨੇ ਨੂੰ ਇੱਕ ਗੋਲੀ ਆਈ ਤੇ ਬੱਚੇ ਦੇ ਸਿਰ ਵਿੱਚ ਧਸ ਗਈ । ‘ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦਿਆਂ ਮਾਈ ਨੇ ਬਾਲ ਹੇਠਾਂ ਰੱਖਿਆ ਤੇ ਹੱਥ ਜੋਡ਼ ‘ਹਰਿਮੰਦਰ ਸਾਹਿਬ’ ਵੱਲ ਵੇਖਣ ਲੱਗੀ । ਇੱਕ ਹੋਰ ਗੋਲੀ ਆਈ , ਮਾਤਾ ਦੇ ਵੱਜੀ ਸ਼ਾਇਦ ਇਹੋ ਮਾਤਾ ਮੰਗ ਰਹੀ ਸੀ ।
ਤੇ ਦੋਹਾਂ ਦੀ ਹਾਜ਼ਰੀ ਵੀ ਗੁਰੂ ਦੇ ਦਰ ਪ੍ਰਵਾਨ ਹੋ ਗਈ , ਲਹੂ ਦੀਆਂ ਦੋ ਧਰਾਵਾਂ ਜੋ ਅੱਗੇ ਜਾ ਇੱਕ ਗਈਆਂ ਤੇ ਦੋਹਾਂ ਦਾ ਸਾਂਝਾ ਲਹੂ ਪਰਕਰਮਾ ਤੱਕ ਪਹੁੰਚ ਗਿਆ ।
ਮੇਰੇ ਐਨਾ ਲਿਖਣ ਦਾ ਕਾਰਨ ਪੁਰਾਤਨ ਸਿੱਖਾਂ ਦੇ ਸਿਦਕ , ਭਰੋਸਾ , ਸ਼ਰਧਾ ਤੇ ਸਮਰਪਣ ਨੂੰ ਦਰਸਾਉਣਾ ਹੈ ਕਿ ਉਹ ਕਿਸ ਤਰਾਂ ਦਾ ਸੀ ਤੇ ਅਸੀਂ ਕਿੱਥੇ ਖੜੇ ਹਾਂ

ਲੇਖਕ ਜਗਦੀਪ ਸਿੰਘ ਦੀ ਲਿਖੀ ਕਿਤਾਬ “ਬੇਲਿਓਂ ਨਿਕਲਦੇ ਸ਼ੇਰ” ਵਿੱਚੋਂ
ਅਮਨਦੀਪ ਸਿੰਘ ਪੰਜਗਰਾਈਂ


Share On Whatsapp

Leave a Reply




"1" Comment
Leave Comment
  1. Dhan Waheguru Ji 🙏🙏🙏🙏

top