ਰਾਇ ਬੁਲਾਰ ਮੁਹੰਮਦ ਭੱਟੀ ਦਾ ਜਨਮ ਪਿੰਡ ਕੋਟ ਹੁਸੈਨ ਦੇ ਵੱਡੇ ਜ਼ਿਮੀਂਦਾਰ ਰਾਇ ਭੋਇ ਖਾਨ ਭੱਟੀ ਦੇ ਘਰ 1447 ਈਸਵੀ ਨੂੰ ਹੋਇਆ। ਕੋਟ ਹੁਸੈਨ ਹੀ ਬਾਅਦ ਵਿਚ ਰਾਇ ਭੋਇ ਖਾਨ ਭੱਟੀ ਦੇ ਨਾਂਅ ਨਾਲ ਰਾਇ ਭੋਇ ਦੀ ਤਲਵੰਡੀ ਵਜੋਂ ਜਾਣਿਆ ਜਾਣ ਲੱਗਾ ਜੋ ਅੱਜ ਗੁਰੂ ਨਾਨਕ ਦੇਵ ਜੀ ਦਾ ਜਨਮ ਅਸਥਾਨ ਹੋਣ ਕਾਰਨ, ਪੂਰੇ ਸੰਸਾਰ ਵਿਚ ਨਨਕਾਣਾ ਸਾਹਿਬ ਦੇ ਨਾਂਅ ਨਾਲ ਪ੍ਰਸਿੱਧ ਹੈ। ਨਨਕਾਣਾ ਸਾਹਿਬ, ਲਾਹੌਰ (ਪਾਕਿਸਤਾਨ) ਦੀ ਮਗਰਬੀ ਦਿਸ਼ਾ ਵੱਲ, ਲਾਹੌਰ ਤੋਂ ਲਗਪਗ 42 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਸ੍ਰੀ ਗੁਰੂ ਨਾਨਕ ਸਾਹਿਬ ਦੇ ਸਾਖੀ ਸਾਹਿਤ ਦੀ ਇਬਤਦਾ, ਰਾਏ ਬੁਲਾਰ ਦੀਆਂ ਸਾਖੀਆਂ ਨਾਲ ਹੀ ਹੁੰਦੀ ਹੈ। ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ ਉਨ੍ਹਾਂ ਦੇ ਰੂਹਾਨੀ ਨੂਰ ਦਾ ਅਨੁਭਵ ਸਭ ਤੋਂ ਪਹਿਲਾਂ ਗੁਰੂ ਜੀ ਦੀ ਵੱਡੀ ਭੈਣ ਬੇਬੇ ਨਾਨਕੀ ਅਤੇ ਉਸ ਤੋਂ ਬਾਅਦ ਰਾਏ ਬੁਲਾਰ ਜੀ ਨੂੰ ਹੋਇਆ ਸੀ। ਗੁਰੂ ਨਾਨਕ ਦੇਵ ਜੀ ਦੇ ਜਨਮ ਦੀਆਂ ਖੁਸ਼ੀਆਂ ਜਿਵੇਂ ਮਹਿਤਾ ਕਾਲੂ ਜੀ ਦੇ ਪਰਿਵਾਰ ਵਿਚ ਮਨਾਈਆਂ ਗਈਆਂ, ਉਸ ਤੋਂ ਕਿਤੇ ਵੱਧ ਖੁਸ਼ੀ, ਰਾਏ ਬੁਲਾਰ ਸਾਹਿਬ ਦੇ ਪਰਿਵਾਰ ਵਿਚ ਮਨਾਈ ਗਈ ਸੀ। ਰਾਏ ਬੁਲਾਰ ਭੱਟੀ ਗੁਰੂ ਨਾਨਕ ਦੇਵ ਜੀ ਦੇ ਸਾਖੀ ਸਾਹਿਤ ਦੇ ਅਜਿਹੇ ਪਹਿਲੇ ਪਾਤਰਾਂ ਵਿਚੋਂ ਹਨ, ਜਿਨ੍ਹਾਂ ਨੇ ਗੁਰੂ ਜੀ ਦੇ ਰੂਹਾਨੀ ਨੂਰ ਨੂੰ, ਇਲਾਹੀ ਨੂਰ ਦਾ ਸਾਕਾਰ ਰੂਪ ਮੁਜੱਸਮਾ ਮੰਨ ਕੇ, ਉਸ ਦੀ ਉਸਤਤ ਜੀਵਨ ਦੇ ਆਖ਼ਰੀ ਪਲਾਂ ਤੱਕ ਕਰਦੇ ਰਹੇ।
ਵਾਹਿਗੁਰੂ ਜੀ 🙏