ਗੁਰੂ ਗੋਬਿੰਦ ਸਿੰਘ ਜੀ ਦਾ ਨੀਲਾ ਘੋੜਾ – ਜਾਣੋ ਇਤਿਹਾਸ

ਜਦੋਂ ਇਹਨਾਂ ਦਿਨਾਂ ਚ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਅੱਠ ਮਹੀਨਿਆਂ ਦਾ ਘੇਰਾ ਪਿਆ ਅਤੇ ਖਾਣ-ਪੀਣ ਦਾ ਸਾਮਾਨ ਮੁੱਕ ਗਿਆ ਤਾਂ ਪਾਤਸ਼ਾਹ ਜੀ ਦਾ ਇਹ ਪਿਆਰਾ ਘੋੜਾ ਵੀ ਭੁੱਖ ਨਾਲ ਤੜਫ਼-ਤੜਫ਼ ਕੇ ਪ੍ਰਾਣ ਤਿਆਗ ਗਿਆ।
ਦਸਮੇਸ਼ ਜੀ ਨੂੰ ਨੀਲੇ ਦੇ ਸ਼ਾਹ ਅਸਵਾਰ ਕਰਕੇ ਜਾਣਿਆ ਜਾਂਦਾ ਹੈ ਅਤੇ ਆਪ ਜੀ ਦਾ ਇਹ ਸਰੂਪ ਲੋਕ-ਮਨਾਂ ਵਿਚ ਘਰ ਕਰ ਗਿਆ ਹੈ-
ਨੀਲਾ ਘੋੜਾ ਬਾਂਕਾ ਜੋੜਾ,
ਹੱਥ ਵਿਚ ਬਾਜ਼ ਸੁਹਾਏ ਨੇ,
ਚਲੋ ਸਿੰਘੋ ਚੱਲ ਦਰਸ਼ਨ ਕਰੀਏ,
ਗੁਰੂ ਗੋਬਿੰਦ ਸਿੰਘ ਆਏ ਨੇ।
ਆਓ ਜਾਣੀਏ ਇਹ ਨੀਲਾ ਘੋੜਾ ਕੌਣ ਸੀ? ਗੁਰਪ੍ਰਤਾਪ ਸੂਰਜ ਗ੍ਰੰਥ ਵਿਚ ਲਿਖਿਆ ਹੋਇਆ ਹੈ ਕਿ ਮਹਾਰਾਜ ਜੀ ਦੀ ਸਵਾਰੀ ਲਈ ਕਪੂਰੇ ਚੌਧਰੀ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਇਕ ਬਹੁਤ ਸੁੰਦਰ ਘੋੜਾ ਭੇਟ ਕੀਤਾ, ਜਿਸ ਨੂੰ ਉਸ ਨੇ 1100 ਰੁਪਏ ਵਿਚ ਖਰੀਦਿਆ ਸੀ। ਸ੍ਰੀ ਦਸਮੇਸ਼ ਜੀ ਨੇ ਇਸ ਨੂੰ ਪ੍ਰਵਾਨ ਕਰਕੇ ਆਪਣੀ ਸਵਾਰੀ ਲਈ ਨਿਵਾਜਿਆ ਅਤੇ ਇਸ ਦਾ ਨਾਂਅ ਦਲਸ਼ਿੰਗਾਰ ਰੱਖਿਆ। ਭਾਈ ਸੰਤੋਖ ਸਿੰਘ ਲਿਖਦੇ ਹਨ-
ਜੰਗਲ ਵਿਖੇ ਕਪੂਰਾ ਜਾਟ,
ਕੇਤਿਕ ਗ੍ਰਾਮਨ ਕੋ ਪਤਿ ਰਾਠ।
ਇਕ ਸੌ ਇਕ ਹਜ਼ਾਰ ਧਨ ਦੇ ਕੈ।
ਚੰਚਲ ਬਲੀ ਤੁਰੰਗਮ ਲੈ ਕੈ।
ਸੋ ਹਜੂਰ ਮੇ ਦਯੋ ਪੁਚਾਈ।
ਦੇਖਯੋ ਬਹੁ ਬਲ ਸੋਂ ਚਪਲਾਈ।
ਅਪਨੇ ਚਢਬੇ ਹੇਤ ਬੰਧਾਯੋ।
ਦਲ ਸ਼ਿੰਗਾਰ ਤਿਹ ਨਾਮ ਬਤਾਯੋ।
ਇਹ ਘੋੜਾ ਏਨਾ ਸਿਆਣਾ ਅਤੇ ਸੰਵੇਦਨਸ਼ੀਲ ਸੀ ਕਿ ਪਿਆਸਾ ਹੋਣ ਦੇ ਬਾਵਜੂਦ ਉਨ੍ਹਾਂ ਤਲਾਵਾਂ ਵਿਚੋਂ ਪਾਣੀ ਨਹੀਂ ਪੀਂਦਾ ਸੀ, ਜਿਥੇ ਨਿਗੁਰੇ ਪੁਰਸ਼ ਵਸਦੇ ਹੋਣ, ਉਨ੍ਹਾਂ ਥਾਵਾਂ ਤੋਂ ਨਹੀਂ ਲੰਘਦਾ ਸੀ, ਜਿਥੇ ਤੰਬਾਕੂ ਬੀਜਿਆ ਹੋਇਆ ਹੋਵੇ। ਇਕ ਵਾਰ ਪਹਾੜੀਆਂ ਨੇ ਮਹਾਰਾਜ ਜੀ ‘ਤੇ ਹੱਲਾ ਬੋਲਿਆ ਅਤੇ ਉਨ੍ਹਾਂ ਪਹਾੜੀਆਂ ਨੂੰ ਖਦੇੜ ਦਿੱਤਾ ਗਿਆ। ਮਹਾਰਾਜ ਜੀ ਦਾ ਹੁਕਮ ਸੀ ਕਿ ਭੱਜੇ ਜਾਂਦੇ ਦੁਸ਼ਮਣ ਦਾ ਪਿੱਛਾ ਨਹੀਂ ਕਰਨਾ ਪਰ ਸਿੰਘਾਂ ਨੂੰ ਏਨਾ ਜੋਸ਼ ਆਇਆ ਕਿ ਉਹ ਪਿੱਠ ਵਿਖਾ ਕੇ ਭੱਜੇ ਪਹਾੜੀਆਂ ਦਾ ਪਿੱਛਾ ਕਰਨ ਲੱਗੇ। ਹੁਕਮ ਅਦੂਲੀ ਦੇਖ ਕੇ ਮਹਾਰਾਜ ਜੀ ਨੇ ਸਿੰਘਾਂ ਵੱਲ ਪਿੱਠ ਕਰਕੇ ਨੀਲੇ ਨੂੰ ਵਾਪਸ ਮੋੜ ਲਿਆ। ਉਸੇ ਸਮੇਂ ਸਿੰਘਾਂ ਨੂੰ ਹਾਰ ਹੋਣੀ ਸ਼ੁਰੂ ਹੋ ਗਈ। ਭੁੱਲ ਦਾ ਪਛਤਾਵਾ ਕਰਨ ਲਈ ਦੋ ਸਿੰਘ ਮਹਾਰਾਜ ਜੀ ਦੇ ਪਿੱਛੇ ਦੌੜ ਕੇ ਪੁਕਾਰ ਕਰਨ ਲੱਗੇ ਪਰ ਆਪ ਰੁਕੇ ਨਹੀਂ। ਇਕ ਸਿੰਘ ਨੇ ਆਪਣਾ ਘੋੜਾ ਸਰਪਟ ਦੌੜਾ ਕੇ ਗੁਰੂ ਸਾਹਿਬ ਤੋਂ ਅੱਗੇ ਲੰਘ ਕੇ ਫੁਰਤੀ ਨਾਲ ਨੀਲੇ ਅੱਗੇ ਲੀਕ ਵਾਹ ਦਿੱਤੀ ਅਤੇ ਹੱਥ ਬੰਨ੍ਹ ਕੇ ਕਿਹਾ ਕਿ ਤੈਨੂੰ ਗੁਰੂ ਦੀ ਆਣ ਹੈ, ਜੇ ਤੂੰ ਇਕ ਕਦਮ ਵੀ ਅੱਗੇ ਪੁੱਟਿਆ। ਇਹ ਸੁਣਦਿਆਂ ਹੀ ਅਤਿ ਫੁਰਤੀਲਾ ਕੱਦਾਵਰ ਨੀਲਾ ਬੁੱਤ ਬਣ ਕੇ ਖੜ੍ਹ ਗਿਆ। ਮਹਾਰਾਜ ਜੀ ਨੇ ਬਹੁਤ ਅੱਡੀਆਂ ਮਾਰੀਆਂ ਅਤੇ ਇਸ ਨੂੰ ਚੱਲਣ ਲਈ ਕਿਹਾ ਪਰ ਨੀਲੇ ਨੇ ਲੀਕ ਨਾ ਟੱਪੀ। ਸਤਿਗੁਰੂ ਜੀ ਹੱਸ ਕੇ ਘੋੜੇ ਤੋਂ ਉੱਤਰ ਪਏ ਅਤੇ ਲਾਡ ਨਾਲ ਬੋਲੇ ਕਿ ਤੂੰ ਤਾਂ ਕੋਈ ਮਸੰਦ ਹੈਂ ਜੋ ਇਨ੍ਹਾਂ ਦਾ ਲਿਹਾਜ਼ ਕਰਦਾ ਹੈਂ। ਸਿੰਘਾਂ ਨੇ ਖਿਮਾ ਮੰਗੀ ਅਤੇ ਨੀਲੇ ਦਾ ਧੰਨਵਾਦ ਕੀਤਾ। ਸਿੰਘ ਇਸ ਨੂੰ ਪਿਆਰ ਨਾਲ ਦਲ ਬਿਡਾਰ ਵੀ ਆਖਦੇ ਸਨ।
ਜਦੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਅੱਠ ਮਹੀਨਿਆਂ ਦਾ ਘੇਰਾ ਪਿਆ ਅਤੇ ਖਾਣ-ਪੀਣ ਦਾ ਸਾਮਾਨ ਮੁੱਕ ਗਿਆ ਤਾਂ ਪਾਤਸ਼ਾਹ ਜੀ ਦਾ ਇਹ ਪਿਆਰਾ ਘੋੜਾ ਵੀ ਭੁੱਖ ਨਾਲ ਤੜਫ਼-ਤੜਫ਼ ਕੇ ਪ੍ਰਾਣ ਤਿਆਗ ਗਿਆ। ਇਸ ਸਮੇਂ ਦਾ ਹਾਲ ਪੰਥ ਪ੍ਰਕਾਸ਼ ਵਿਚ ਇਉਂ ਲਿਖਿਆ ਹੈ-
ਇਕ ਇਕ ਮੁੱਠੀ ਚਣੇ ਮਿਲੇ ਹੈਂ।
ਅਠ ਪਹਿਰੇ ਸੋ ਭੀ ਨ ਥੈਂ ਹੈਂ।
ਹਸਤੀ ਪ੍ਰਸ਼ਾਦੀ ਲੌ ਭਾਰੇ।
ਦਲ ਬਿਡਾਰ ਸੇ ਘੋੜੇ ਮਾਰੇ।


Share On Whatsapp

Leave a Reply




"3" Comments
Leave Comment
  1. Thankyou from heart 🙏 u give me loads of information waheguru tuhanu tarkiaa bakshish krn 🙏🙏

  2. Raminder Singh Jhabbar

    🙏

  3. 🙏🙏ਵਾਹਿਗੁਰੂ ਵਾਹਿਗੁਰੂ ਵਸ਼ੇਗੁਰੂ ਜੀ 🙏🙏

top