ਸੰਤ ਪੁਣੇ ਦਾ ਹੰਕਾਰ

ਬੜੇ ਬੜੇ ਸਿੰਘਾਸਨ ਲਾ ਕੇ ਬੈਠਣ ਵਾਲੇ ਸੰਤ,ਮਹੰਤ ਮੈਂ ਇਨ੍ਹਾਂ ਅੱਖਾਂ ਨਾਲ ਬੜੇ ਨੇੜਿਓਂ ਦੇਖੇ ਨੇ ਔਰ ਨਿੱਕੀ ਜ਼ਬਾਨ ਨਾਲ ਵੱਡੀ ਗੱਲ ਕਰ ਰਿਹਾਂ,ਇਹ ਤਾਂ ਜਗਿਆਸੂ ਵੀ ਨਹੀਂ ਨੇ,ਬਿਲਕੁਲ ਸੰਸਾਰੀ ਨੇ।ਕਾਨਪੁਰ ਦੀ ਗੱਲ ਹੈ, ਇਕ ‘ਸਰਬ ਧਰਮ ਸੰਮੇਲਨ’ ਵਿਚ ਮੈਨੂੰ ਸ਼ਾਮਲ ਹੋਣਾ ਪਿਆ।ਅਜਿਹੇ ਸੰਮੇਲਨ ਭਾਰਤ ਵਿਚ ਅਕਸਰ ਹੁੰਦੇ ਰਹਿੰਦੇ ਨੇ ਔਰ ਦਾਸ ਸ਼ਾਮਿਲ ਹੁੰਦਾ ਰਹਿੰਦਾ ਹੈ।ਅੈਸਾ ਸੰਸਾਰ ਪੱਧਰ ‘ਤੇ ਵੀ ਹੁੰਦਾ ਹੈ।
ਕਾਨਪੁਰ ਵਿਚ ‘ਸਰਬ ਧਰਮ ਸੰਮੇਲਨ’ ਸਮੇਂ ਇਕ ਬਹੁਤ ਵੱਡੀ ਸਟੇਜ਼ ਬਣਾਈ ਗਈ,ਜਿਥੇ ਸਾਰੇ ਧਰਮਾਂ ਦੇ ਵਕਤੇ ਪਹੁੰਚੇ ਸਨ।ਆਰੀਆ ਸਮਾਜ ਦੇ ਵਕਤੇ,ਬ੍ਰਹਮੋ ਸਮਾਜ ਦੇ ਵਕਤੇ,ਸਨਾਤਨ ਮੱਤ ਦਾ ਵਕਤਾ ਵੀ ਸੀ,ਬੋਧ ਭਿਕਸ਼ੂ ਵੀ ਹੈਗਾ ਸੀ,ਜੈਨੀਆਂ ਦਾ ਸਾਧੂ ਸੀ,ਇਕ ਮੁਸਲਮਾਨ ਫ਼ਕੀਰ ਸੀ,ਈਸਾਈ ਪਾਦਰੀ ਵੀ ਦੋ ਆਏ ਹੋਏ ਸਨ,ਸਿੱਖ ਧਰਮ ਦੀ ਤਰਫੋਂ ਦਾਸ ਪਹੁੰਚਿਆ। ਸਨਾਤਨ ਮਤ ਦਾ ਇਕ ਵੱਡਾ ਅਚਾਰੀਆ ਆਇਆ।ਉਹ ਸਟੇਜ ‘ਤੇ ਖੜ੍ਹਾ ਰਿਹਾ।
ਦੋ ਚਾਰ ਸੱਜਣਾ ਨੇ ਕਿਹਾ,”ਅਚਾਰੀਆ ਜੀ!ਤੁਸੀਂ ਵੀ ਬੈਠੋ।”
ਉਨ੍ਹਾਂ ਦਾ ਖੜ੍ਹੇ ਹੋਣਾ ਮੈਨੂੰ ਵੀ ਸੁਭਾਇਮਾਨ ਨਾ ਲੱਗਿਆ।ਮੈਂ ਵੀ ਕਿਹਾ,”ਸੰਤ ਜੀ! ਬਿਰਾਜਮਾਨ ਹੋਵੋ।”
ਉਨ੍ਹਾਂ ਦੇ ਨਾਲ ਦੇ ਸਾਥੀ ਕਹਿਣ ਲੱਗੇ,”ਇਨਾਂ ਦਾ ਸੋਨੇ ਦਾ ਸਿੰਘਾਸਨ ਆਏਗਾ ਤਾਂ ਬੈਠਣਗੇ।ਸਟੇਜ ਦੇ ਉੱਤੇ ਹੋਰ ਸਟੇਜ ਬਣੇਗੀ।ਇਸ ਤਰ੍ਹਾਂ ਕਿਵੇਂ ਤੁਹਾਡੇ ਨਾਲ ਬੈਠ ਜਾਣ!ਜੇ ਤੁਹਾਡੇ ਨਾਲ ਬੈਠ ਜਾਣ,ਫਿਰ ਤੇ ਬਰਾਬਰੀ ਹੋ ਜਾਏਗੀ।”
ਵਾਕਿਆ ਈ ਉਨ੍ਹਾਂ ਦੀ ਸੋਨੇ ਦੀ ਕੁਰਸੀ ਆਈ,ਸੋਨੇ ਦਾ ਸਿੰਘਾਸਨ ਆਇਆ ਤਾਂ ਉਹ ਬੈਠੇ।ਸਮਝੋ ਸਟੇਜ ਦੇ ਉੱਤੇ ਸਟੇਜ ਬਣ ਗਈ।ਇਨ੍ਹਾਂ ਧਰਮ ਅਚਾਰੀਆਂ ਦੇ ਕੋਲ ਬੜਾ ਪ੍ਰਬਲ ਹੰਕਾਰ ਤੁਹਾਨੂੰ ਮਿਲੇਗਾ।ਇਨ੍ਹਾਂ ਗੁਰੂਆਂ ਪਾਸ ਆਕੜ ਹੀ ਆਕੜ ਹੈ।ਇਹ ਤਾਂ ਜਗਿਆਸੂ ਵੀ ਨਈਂ ਨੇ।ਸੰਸਾਰੀ ਮਨੁੱਖ ਸਭ ਕੁਝ ਹੰਕਾਰ ਦੀ ਪੂਰਤੀ ਵਾਸਤੇ ਕਰਦਾ ਹੈ।ਇਹ ਅਖੌਤੀ ਸੰਤ ਵੀ ਹੰਕਾਰ ਦੀ ਪੂਰਤੀ ਵਾਸਤੇ ਕਰ ਰਹੇ ਨੇ।ਇਹ ਤਾਂ ਸੰਸਾਰੀ ਨੇ।ਜਿਤਨੇ ਚਿਰ ਤੱਕ ਅਹੰਕਾਰ ਹੈ,ਉਤਨੇ ਚਿਰ ਤੱਕ ਸੰਸਾਰ ਹੈ।ਜਿਸ ਦਿਨ ਪਰਮਾਤਮਾ ਦੀ ਜਗਿਆਸਾ ਪੈਦਾ ਹੁੰਦੀ ਏ,ਅਹੰਕਾਰ ਦੇ ਮਰਨ ਨਾਲ ਪੈਦਾ ਹੁੰਦੀ ਏ,ਉਂਝ ਨਹੀਂ ਹੁੰਦੀ।ਭੇਖੀਆਂ ਤੋਂ ਸਾਵਧਾਨ ਹੋ ਕੇ ਗੁਰਬਾਣੀ ਰਾਹੀਂ ਸਿੱਧੇ ਵਾਹਿਗੁਰੂ ਨਾਲ ਜੁੜਨ ਦਾ ਰਾਹ ਅਪਣਾਉ।
ਗਿਆਨੀ ਸੰਤ ਸਿੰਘ ਜੀ ਮਸਕੀਨ।


Share On Whatsapp

Leave a Reply




top