ਸਾਖੀ – ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ – ਨਵਾਬ ਅਗੇ ਨਾ ਝੁਕਣਾ

ਬਾਲ ਗੋਬਿੰਦ ਘਰ ਪਹੁੰਚੇ। ਉਨ੍ਹਾਂ ਦਾ ਚਿਹਰਾ ਕਿਸੇ ਅੰਦਰਲੇ ਜੋਸ਼ ਨਾਲ ਭਖ ਰਿਹਾ ਸੀ ਤੇ ਅੱਖਾਂ ਦੀ ਤੱਕਣੀ ਕਿਸੇ ਸੋਚ ਕਾਰਣ ਡੂੰਘੀ ਡੂੰਘੀ ਜਾਪਦੀ ਸੀ।
ਮਾਤਾ ਗੁਜਰੀ ਜੀ ਵਿਹੜੇ ਵਿਚ ਪੀੜ੍ਹੀ ਤੇ ਬੈਠੇ ਸੂਤਰ ਅਟੇਰ ਰਹੇ ਸਨ, ਬਾਲਕ ਗੋਬਿੰਦ ਰਾਏ ਦੇ ਚਿਹਰੇ ਦੇ ਅਸਾਧਾਰਨ ਭਾਵ ਨੂੰ ਵੇਖ ਕੇ ਉਨ੍ਹਾ ਦੇ ਦਿਲ ਨੂੰ ਤੌਖਲਾ ਜਿਹਾ ਲੱਗਾ।
ਪਿਆਰ ਨਾਲ ਪੁੱਛਣ ਲੱਗੇ, ‘ਕਾਕਾ ਜੀ! ਕੀ ਗੱਲ ਏ ਬੜੇ ਹੈਰਾਨ ਜਾਪਦੇ ਹੋ?’
ਗੋਬਿੰਦ ਰਾਏ ਮਾਤਾ ਜੀ ਵਲ ਵੇਖ ਕੇ ਮੁਸਕਰਾਏ ਤੇ ਬੜੇ ਹੁਲਾਸ ਨਾਲ ਬੋਲੇ, ‘ਮਾਤਾ ਜੀ! ਅਜ ਅਸੀਂ ਇਕ ਵੱਡਾ ਕਾਰਨਾਮਾ ਕੀਤਾ ਹੈ। ਅਜ ਅਸੀਂ ਬਦੀ ਦਾ ਮੂੰਹ ਚਿੜਾਇਆ ਹੈ, ਅਸੀਂ ਨਵਾਬ ਅੱਗੇ ਝੁਕਣ ਤੋਂ ਨਾਂਹ ਕੀਤੀ’।
ਮਾਤਾ ਜੀ ਦੇ ਮਿੱਠੇ ਨਕਸ਼ਾ ਤੇ ਚਿੰਤਾ ਭਰੀ ਗੰਭੀਰਤਾ ਛਾ ਗਈ।
ਸਮਾਂ ਬੜਾ ਔਖਾ ਹੈ। ਹਾਕਮ ਬੜੇ ਜ਼ਾਲਮ ਹਨ। ਬਾਲਕ ਬੜਾ ਚੰਚਲ ਹੈ। ਉਹ ਕੋਈ ਅਜਿਹੀ ਗੱਲ ਨਾ ਕਰ ਆਇਆ ਹੋਵੇ। ਉਨ੍ਹਾਂ ਨੇ ਤੌਖਲੇ ਭਰੀ ਕਾਹਲ ਨਾਲ ਪੁਛਿਆ, ‘ਕਿਵੇਂ ਬੇਟਾ ਜੀ? ਕਿਵੇਂ ਤੁਸੀਂ ਇਹ ਕੀਤਾ?’
ਬਾਲ ਗੋਬਿੰਦ ਨੇ ਇਕ ਵੀਰ ਸਿਪਾਹੀ ਦੇ ਜੋਸ਼ੀਲੇ ਲਹਿਜੇ ਵਿਚ ਸਾਰੀ ਘਟਨਾ ਕਹਿ ਸੁਣਾਈ।
ਉਨ੍ਹਾਂ ਨੇ ਗੱਲ ਮੁਕਾਉਂਦਿਆਂ ਕਿਹਾ, ‘ਜ਼ਾਲਮ … ਪਾਪੀ… ਪਰਜਾ ਦੇ ਹਤਿਆਰੇ’।
ਉਹ ਬਾਲ ਗੋਬਿੰਦ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹੋਏ ਕਹਿਣ ਲੱਗੇ, ‘ਪਰ ਪੁੱਤਰ ਜੀ! ਉਹ ਹਾਕਮ ਹਨ। ਤੁਹਾਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਤੁਸੀਂ ਉਨ੍ਹਾਂ ਤੋਂ ਪਰੇ ਰਿਹਾ ਕਰੋ’।
‘ਪਰ ਤੁਸੀਂ ਆਪ ਹੀ ਦਸਦੇ ਹੁੰਦੇ ਹੋ ਕਿ ਉਹ ਲੋਕਾਂ ਦੇ ਦੋਖੀ ਹਨ। ਪਾਪੀ ਹਨ। ਤੇ ਪਿਤਾ ਜੀ ਆਖਿਆ ਕਰਦੇ ਹਨ ਕਿ ਸਾਨੂੰ ਪਾਪ ਅੱਗੇ ਝੁਕਣਾ ਨਹੀਂ ਚਾਹੀਦਾ ਸਗੋਂ ਹੌਂਸਲੇ ਨਾਲ ਉਸ ਦਾ ਟਾਕਰਾ ਕਰਨਾ ਚਾਹੀਦਾ ਹੈ’।
‘ਇਹ ਤਾਂ ਠੀਕ ਹੈ ਪਰ ਤੁਸੀਂ ਅਜੇ ਛੋਟੇ ਹੋ। ਬਹੁਤ ਛੋਟੇ ਹੋ। ਜਦੋਂ ਵੱਡੇ ਹੋਵੋਗੇ, ਉਸ ਵੇਲੇ ਅਜਿਹੇ ਕੌਤਕ ਕਰ ਲੈਣੇ’।
ਬਾਲ ਗੋਬਿੰਦ ਜੋਸ਼ ਨਾਲ ਬੋਲੇ, ‘ਪਾਪ ਨਾਲ ਟੱਕਰ ਲੈਣ ਲਈ ਕੋਈ ਉਮਰ ਛੋਟੀ ਨਹੀਂ’।
ਮਾਤਾ ਜੀ ਹੈਰਾਨ ਹੋ ਕੇ ਸਪੁੱਤਰ ਦੇ ਨੂਰਾਨੀ ਚਿਹਰੇ ਵਲ ਵੇਖਣ ਲੱਗੇ।
ਮਾਤਾ ਜੀ ਦੇ ਦਿਲ ਤੇ ਫ਼ਿਕਰ ਭਰਿਆ ਸਹਿਮ ਛਾ ਗਿਆ।


Share On Whatsapp

Leave a Reply




top