ਗੁਰੂ ਅੰਗਦ ਸਾਹਿਬ ਮਹਾਰਾਜ ਦੇ ਲੰਗਰਾਂ ਵਿੱਚ ਇਕ ਭਾਈ ਮਾਹਣੇ ਨਾਮ ਦਾ ਸਿੱਖ ਸੇਵਾ ਬਹੁਤ ਕਰਦਾ ਸੀ । ਪਤਾ ਹੀ ਉਦੋਂ ਲੱਗਾ ਕਿ ਸੇਵਾ ਜਦ ਹਉਮੈ ਵਿਚ ਬਦਲ ਗਈ; ਜ਼ੁਬਾਨ ਤੋਂ ਗੁਰਸਿੱਖਾਂ ਨੂੰ ਕੌੜਾ ਬੋਲਣਾ , ਗੁਸੈਲਾ ਬੋਲਣਾ ਸ਼ੁਰੂ ਕਰ ਦਿੱਤਾ । ਦਿਨ ਰਾਤ ਲੰਗਰਾਂ ਵਿੱਚ ਸੇਵਾ ਵੀ ਕਰਨੀ।ਕੁਝ ਸਮਾਂ ਤੇ ਗੁਰੂ ਮਹਾਰਾਜ ਨੇ ਵੇਖਿਆ ; ਫਿਰ ਸੱਦ ਕੇ ਸਮਝਾਇਆ, ਜਦ ਫਿਰ ਵੀ ਨ ਸਮਝਿਆ ਤਾਂ ਅਖ਼ੀਰ ਸੱਚੇ ਪਾਤਸ਼ਾਹ ਨੇ ਕਿਹਾ ਕਿ ਭਾਈ ਮਾਹਣਿਆਂ ਹੁਣ ਸਾਡੀ ਤੇਰੇ ਨਾਲ ਨਹੀ ਨਿਭ ਸਕਦੀ ; ਤੂੰ ਆਪਣੇ ਆਪ ਨੂੰ ਸੁਧਾਰਨ ਲਈ ਤਿਆਰ ਨਹੀਂ, ਫਿਕਾ ਬੋਲ ਬੋਲ ਤੂੰ ਆਪਣੀ ਸੇਵਾ ਵੀ ਸੁਆਹ ਕਰ ਲਈ!ਹੁਣ ਤੂੰ ਜਿਥੇ ਮਰਜੀ ਜਾ ਸਕਦਾਂ ਪਰ ਸਾਡੇ ਕੋਲ ਤੇਰੇ ਲਈ ਕੋਈ ਥਾਂ ਨਹੀਂ ।
ਮੈਂ ਜ਼ਿੰਦਗੀ ਵਿਚ ਪਹਿਲੀ ਵਾਰ ਇਹੋ ਜਿਹੀ ਸਾਖੀ ਜਦ ਪੜ੍ਹੀ ਤਾਂ ਠਠੰਬਰ ਗਿਆ ਸੀ । ਹੁਣ ਇਹੋ ਸੋਚ ਕੇ ਡਰ ਜਾਂਦਾ ਹਾਂ ਕਿ ਉਸ ਵਕਤ ਤੇ ਇਕੋ ਭਾਈ ਮਾਹਣਾ ਸੀ ਅੱਜ ਤਾਂ ਮੇਰੇ ਵਰਗੇ ਪਤਾ ਨਹੀਂ ਕਿੰਨੇ ਭਾਈ ਮਾਹਣੇ ਬੂਥਾਪੋਥੀ ਤੇ ਅਸਲ ਜ਼ਿੰਦਗੀ ‘ਚ ਖੌਰੂ ਪਾ ਰਹੇ ਹਨ। ਜਦ ਵੀ ਆਪਣੇ ਨਾਲ ਗੱਲ ਕਰਕੇ ਪੁੱਛਦਾਂ ; ਕੀ ਸਾਡੇ ਲਈ ਵੀ ਗੁਰੂ ਦਾ ਓਹੀ ਜੁਆਬ ਹੈ ਜੋ ਉਸ ਵਕਤ ਭਾਈ ਮਾਹਣੇ ਲਈ ਸੀ ? ਤਾਂ ਜੁਆਬ ਅੰਦਰੋਂ “ਹਾਂ” ਵਿੱਚ ਹੀ ਆਉਂਦਾ ਹੈ ।
ਸਾਡੇ ਵਿੱਚ ਸੌ ਇਕਤਲਾਫ ਹੋ ਸਕਦੇ ਹਨ ; ਇਕ ਦੂਜੇ ਦੀ ਅਲੋਚਨਾ ਵੀ ਹੋ ਸਕਦੀ ਹੈ ; ਪਰ ਸ਼ਬਦਾਵਲੀ ਤਾਂ ਉਹ ਵਰਤੀਆਂ ਜੋ ਗੁਰੂ ਨੂੰ ਭਾਵੇ ਨ ਕਿ ਸਾਡੇ ਧੜਿਆਂ ਨੂੰ। ਕੱਚਿਆਂ ਪੱਕਿਆਂ ਦਾ ਨਿਬੇੜਾ ਤੇ ਸਤਿਗੁਰੂ ਨੇ ਕਰਨਾ ; ਉਹਨਾਂ ਤੇ ਛੱਡ ਦਈਏ! ਵਾਹਿਗੁਰੂ ਸਾਨੂੰ ਸਭ ਨੂੰ ਸੁਮੱਤ ਦੇਵੇ।
ਬਲਦੀਪ ਸਿੰਘ ਰਾਮੂੰਵਾਲੀਆ
ਵਾਹਿਗੁਰੂ ਜੀ🙏