ਅੱਖੀਂ ਡਿੱਠਾ ਹਾਲ

ਬੇਅਦਬੀ ਤੇ ਅਦਬ ਆਪ ਲੱਭ ਲਿਓ।
ਮਹਾਰਾਜ ਦਾ ਪ੍ਰਕਾਸ਼ ਨਾਲ ਲਿਆਉਣ ਦਾ ਮਕਸਦ ਇੱਕੋ ਸੀ ਕਿ ਜਦੋਂ ਤੱਕ ਮਸਲਾ ਹੱਲ ਨਹੀਂ ਹੁੰਦਾ ਅਜਨਾਲੇ ਦੀਵਾਨ ਸਜਾਏ ਜਾਣਗੇ ਅਤੇ ਅੰਮ੍ਰਿਤ ਸੰਚਾਰ ਹੋਊ। ਅਜਨਾਲੇ ਸ਼ਹਿਰ ‘ਚ ਵੜ੍ਹਨ ਤੋਂ ਪਹਿਲਾਂ ਦੋ ਥਾਂ ਬੈਰੀਕੇਡ ਸਨ, ਕਚਹਿਰੀ ਲਾਗੇ ਅਤੇ ਬੱਸ ਸਟੈਂਡ। ਤੀਜੀ ਅਤੇ ਆਖ਼ਰੀ ਬੈਰੀਕੇਡਿੰਗ ਜੋ ਥਾਣੇ ਸਾਹਮਣੇ ਸੀ ਤੇ ਪਹੁੰਚਣ ਤੱਕ ਭਾਈ ਅੰਮ੍ਰਿਤਪਾਲ ਸਿੰਘ ਦੀ ਗੱਡੀ ਮਹਾਰਾਜ ਦੀ ਪਾਲਕੀ ਦੇ ਅੱਗੇ ਸੀ ਤੇ ਮਹਾਰਾਜ ਦੀ ਪਾਲਕੀ ਪਿੱਛੇ। ਇੰਝ ਸ਼ਾਇਦ ਪਹਿਲੀ ਵਾਰ ਹੋਇਆ ਸੀ, ਇਹ ਉਦੋਂ ਹੀ ਹੁੰਦਾ ਜਦੋਂ ਅਦਬ ਦੀ ਚਿੰਤਾ ਹੋਵੇ। ਨਹੀਂ ਰਿਵਾਇਤ ਅਨੁਸਾਰ ਮਹਾਰਾਜ ਦੀ ਪਾਲਕੀ ਹਰ ਸਿੱਖ ਇਕੱਠ ‘ਚ ਅੱਗੇ ਹੁੰਦੀ ਆ, ਅਤੇ ਸੰਗਤ ਪਿੱਛੇ। ਥਾਣੇ ਵਾਲਾ ਬੈਰੀਕੇਡ ਵੀ ਬਿੰਨਾ ਕਿਸੇ ਡਾਂਗ ਸੋਟੇ ਤੋਂ ਖੁੱਲ੍ਹ ਜਾਣਾ ਸੀ। ਪਰ ਹਲਾਤ ਦੱਸ ਕੁ ਸਕਿੰਟ ਲਈ ਵਿਗੜ ਗਏ। ਸੰਗਤ ਬੈਰੀਕੇਡ ਤੋੜ ਕੇ ਥਾਣੇ ਅੰਦਰ ਚੱਲੀ ਗਈ। ਮੁਲਾਜ਼ਮ ਵੀ ਥਾਣੇ ਅੰਦਰ ਹੀ ਰਹੇ। ਨਾ ਕੋਈ ਮੁਲਾਜ਼ਮ ਥਾਣਾ ਛੱਡਕੇ ਭੱਜਾ ਤੇ ਨਾ ਹੀ ਕਿਸੇ ਨੇ ਥਾਣੇ ਤੇ ਕਬਜ਼ਾ ਕੀਤਾ। ਭਾਈ ਅੰਮ੍ਰਿਤਪਾਲ ਸਿੰਘ ਦੇ ਦਫ਼ਤਰ ਅੰਦਰ ਜਾਣ ਮਗਰੋਂ ਤੱਕ ਮਹਾਰਾਜ ਦੀ ਪਾਲਕੀ ਥਾਣੇ ਦੇ ਬਾਹਰ ਸੀ। ਤਕਰੀਬਨ ਪੰਜ ਸ਼ਸ਼ਤਰਧਾਰੀ ਤਗੜੇ ਸਿੰਘ ਮਹਾਰਾਜ ਦੀ ਪਾਲਕੀ ਦੇ ਚੁਫੇਰੇ ਸਨ, ਤੇ ਏਨੇ ਹੀ ਪਾਲਕੀ ਦੇ ਅੰਦਰ। ਪੁਲਸ ਅਫਸਰਾਂ ਤੋਂ ਕੋਈ ਤਸੱਲੀਬਖਸ਼ ਜਵਾਬ ਨਾ ਮਿਲਣ ਤੇ ਮਹਾਰਾਜ ਦੀ ਪਾਲਕੀ ਨੂੰ ਥਾਣੇ ਅੰਦਰ ਕਰ ਲਿਆ ਗਿਆ। ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਕਿਸੇ ਕਿਸਮ ਦੀ ਭੰਨ-ਤੋੜ, ਹੁੱਲੜਬਾਜ਼ੀ ਅਤੇ ਕਿਸੇ ਪੁਲਿਸ ਮੁਲਾਜ਼ਮ ਨਾਲ ਬਦਸਲੂਕੀ ਨਾ ਕਰਨ ਦੀ ਅਪੀਲ ਕੀਤੀ ਗਈ। ਪਾਲਕੀ ਸਾਹਿਬ ਦੇ ਉੱਤੇ ਮਾਇਕ ਸੀ, ਧਾਰਨਾ ਪੜ੍ਹੀਆਂ ਜਾਂ ਰਹੀਆਂ ਸਨ, ਜਾਪ ਚੱਲ ਰਿਹਾ ਸੀ। ਮਹਾਰਾਜ ਦੇ ਅਦਬ ਨੂੰ ਮੁੱਖ ਰੱਖਦਿਆਂ ਭਾਈ ਹਰਮੇਲ ਸਿੰਘ ਯੋਧੇ ਅਤੇ ਭਾਈ ਅੰਮ੍ਰਿਤਪਾਲ ਸਿੰਘ ਨੇ ਨੌਜਵਾਨਾਂ ਨੂੰ ਛੱਤ ਅਤੇ ਰੁੱਖਾਂ ਤੋਂ ਥੱਲੇ ਆਉਣ ਦੀ ਬੇਨਤੀ ਕੀਤੀ। ਮਾਇਕ ਤੋਂ ਵਾਰ ਵਾਰ ਮਹਾਰਾਜ ਵੱਲ ਪਿੱਠ ਕਰਕੇ ਨਾ ਖਲੋਣ ਦੀ ਬੇਨਤੀ ਹੋ ਰਹੀ ਸੀ। ਭਾਈ ਅੰਮ੍ਰਿਤਪਾਲ ਸਿੰਘ ਸਮੇਤ ਹੋਰਨਾ ਸਿੰਘਾ ਦੇ ਇੱਕ ਦੋ ਗੇੜੇ ਹੋਰ ਦਫ਼ਤਰ ਦੇ ਅੰਦਰ ਲੱਗੇ। ਕਮਿਸ਼ਨਰ ਦੇ ਆਉਣ ਦੀ ਉਡੀਕ ਹੋਣ ਲੱਗੀ, ਜਾਪ ਚੱਲਦੇ ਰਹੇ। ਆਖਰ ਪਰਚਾ ਕੈਂਸਲ ਹੋਣ ਦਾ ਐਲਾਨ ਹੋ ਗਿਆ। ਭਾਈ ਅੰਮ੍ਰਿਤਪਾਲ ਸਿੰਘ ਨੇ ਸੰਗਤਾਂ ਨੂੰ ਸੰਬੋਧਿਤ ਕਰਨਾ ਸ਼ੁਰੂ ਕੀਤਾ। ਜਿਸ ਮਸਲੇ ਲਈ ਇਕੱਠੇ ਹੋਏ ਸੀ ਓਸ ਬਾਰੇ ਗੱਲ ਹੋਣੀ ਬੰਦ ਹੋ ਗਈ। ਗੱਲ ਅਗਲੇ ਦਿਨ ਹੋਣ ਵਾਲੇ ਅੰਮ੍ਰਿਤ ਸੰਚਾਰ ਲਈ ਨਾਵਾਂ ਦੀ ਹੋਣ ਲੱਗੀ। ਦੱਸ ਮਿੰਟ ਤੋਂ ਵੀ ਘੱਟ ਸਮੇਂ ‘ਚ ਤਕਰੀਬਨ ਪੰਜਾਹ ਨੌਜਵਾਨ ਨਾਮ ਲਿਖਾ ਗਏ। ਥਾਣੇ ਤੋਂ ਨਿਕਲ ਅਜਨਾਲੇ ਦੇ ਗੁਰੂ ਘਰਾਂ ‘ਚ ਜਾਣ ਦੀ ਸਲਾਹ ਹੋਈ। ਪਰ ਸੰਗਤ ਬਹੁਤ ਜ਼ਿਆਦਾ ਹੋਣ ਕਰਕੇ ਗੁਰਦਵਾਰਾ ਬਾਬਾ ਦੀਪ ਸਿੰਘ ਜੀ ਵਿਖੇ ਟਿਕਾਣਾ ਕੀਤਾ ਗਿਆ। ਅਗਲੇ ਦਿਨ ਸਵੇਰੇ ਉੱਠ ਗੁਰੂ ਘਰਾਂ ਦੇ ਦਰਸ਼ਨਾਂ ਲਈ ਤੁਰੇ। ਸਿਰਫ਼ ਦੋ ਗੱਡੀਆਂ ‘ਚ ਸਵਾਰ ਦੱਸ ਕੁ ਸਿੰਘ ਸਭ ਤੋਂ ਪਹਿਲਾਂ ਟਕਸਾਲ ਭਾਈ ਅਮਰੀਕ ਸਿੰਘ ਅਜਨਾਲਾ ਪਹੁੰਚੇ। ਇਸ ਮਗਰੋਂ ਸੰਗਤ ਦਾ ਵੱਡਾ ਇਕੱਠ ਨਾਲ ਜੁੜਨਾ ਸ਼ੁਰੂ ਹੋ ਗਿਆ। ਫਿਰ ਬਾਬੇ ਦੀ ਕੁੱਲ੍ਹੀ, ਗੁਰਦਵਾਰਾ ਸਿੰਘ ਸਭਾ, ਕਲਗ਼ੀਧਰ ਸਾਹਿਬ, ਅਤੇ ਬਾਬਾ ਜੀਵਨ ਸਿੰਘ ਜੀ ਦੇ ਗੁਰਦਵਾਰੇ ਮੱਥਾ ਟੇਕ ਵਾਪਿਸ ਗੁਰਦਵਾਰਾ ਬਾਬਾ ਦੀਪ ਸਿੰਘ ਜੀ ਪਹੁੰਚੇ। ਇਸ ਦਿਨ ਲਗਪਗ 240 ਪ੍ਰਾਣੀ ਗੁਰੂ ਵਾਲੇ ਬਣੇ। ਦੁਪਹਿਰ ਤੋਂ ਮਗਰੋਂ ਵਾਰਿਸ ਪੰਜਾਬ ਵਾਲਿਆਂ ਦਾ ਕਾਫਲਾ ਅਜਨਾਲੇ ਤੋਂ ਚਾਲੇ ਪਾ ਗਿਆ।
ਹਰਕਰਨ ਸਿੰਘ


Share On Whatsapp

Leave a Reply




top