ਗਨਿਕਾ ਦੀ ਜੀਵਨੀ

ਗਨਿਕਾ ਦੋ ਹੋਈਆਂ ਦੋਹਾਂ ਦਾ ਜ਼ਿਕਰ ਗੁਰਬਾਣੀ ਅੰਦਰ ਆਉਂਦਾ ਹੈ ਸਰਵਨ ਕਰੋ ਦੋਵਾਂ ਦੀ ਜੀਵਨੀ।
ਗਨਕਾ : ਇਸ ਦਾ ਸ਼ਾਬਦਿਕ ਅਰਥ ਹੀ ਵੇਸਵਾ ਹੈ ਪਰ ਇਹ ਪੁਰਾਤਨ ਸਮੇਂ ਦੀ ਇਕ ਖਾਸ ਵੇਸਵਾ ਲਈ ਵਰਤਿਆ ਜਾਂਦਾ ਹੈ ।
ਇਸ ਦਾ ਅਰਥ ਵੇਸਵਾ ਜਾਂ ਕੰਚਨੀ ਹੈ । ਗੁਰਬਾਣੀ ਵਿਚ ਦੋ ਵੇਸਵਾ ਇਸਤਰੀਆਂ ਦਾ ਪ੍ਰਸੰਗ ਆਉਂਦਾ ਹੈ । ਇਕ ਵੇਸਵਾ ਦਾ ਨਾਂ ਪਿੰਗਲਾ ਸੀ ਜੋ ਰਾਜਾ ਜਨਕ ਦੀ ਪੁਰੀ ਵਿਚ ਰਹਿੰਦੀ ਸੀ । ਇਸ ਨੇ ਇਕ ਦਿਨ ਧਨੀ ਸੁੰਦਰ ਜਵਾਨ ਦੇਖਿਆ ਅਤੇ ਕਾਮ ਨਾਲ ਵਿਆਕੁਲ ਹੋ ਉਠੀ , ਪਰ ਉਹ ਇਸ ਪਾਸ ਨਾ ਆਇਆ ਜਿਸ ਕਰਕੇ ਸਾਰੀ ਰਾਤ ਬੇਚੈਨੀ ਵਿਚ ਬੀਤੀ । ਅੰਤ ਅੱਧੀ ਰਾਤ ਤੋ ਬਾਅਦ ਇਸ ਦੇ ਮਨ ਵੈਰਾਗ ਹੋਇਆ ਕਿ ਜੇ ਅਜਿਹਾ ਪ੍ਰੇਮ ਮੈਂ ਈਸ਼ਵਰ ਵਿਚ ਲਾਉਂਦੀ ਫਿਰ ਕਿਹੋ ਜਿਹਾ ਉੱਤਮ ਫ਼ਲ ਮੈਨੂੰ ਮਿਲਦਾ । ਉਸੇ ਵੇਲੇ ਸਭ ਕੁਕਰਮ ਛੱਡ ਕੇ ਪ੍ਰਭੂ ਦੀ ਹੋ ਗਈ ਅਤੇ ਪਵਿੱਤਰ ਜੀਵਨ ਬਿਤਾਇਆ । ਇਸੇ ਗਨਿਕਾ ਨੂੰ ਦਿੱਤਾ ਤ੍ਰਿਯ ਜੀ ਨੂੰ ਗੁਰੂ ਕਲਪਿਆ ਸੀ ।
ਇਸ ਬਾਰੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਵਿੱਚ ਜਿਹੜੇ ਸ਼ਬਦ ਦਰਜ਼ ਹਨ , ਉਹ ਹੇਠ ਲਿਖੇ ਹਨ । ਜਾ ਕਉ ਸਿਮਰਿ ਅਜਾਮਲੁ ਉਧਰਿਓ ਗਨਿਕਾ ਹੂ ਗਤਿ ਪਾਈ ॥ ( ਅੰਗ ੧੦੦੮ ) ਜਿਹ ਸਿਮਰਤ ਗਨਕਾ ਸੀ ਉਧਰੀ ਤਾ ਕੋ ਜਸੁ ਉਰ ਧਾਰੋ ॥ ( ਅੰਗ ੬੩੨ )
ਦੂਸਰੀ ਗਨਿਕਾ ਇਹ ਹੋਈ ।
ਦੂਜੀ ਗਨਿਕਾ ਦਾ ਨਾਮ ਚੰਦ੍ਰਮਣੀ ਸੀ ।
ਇਹ ਇਕ ਵੇਸਵਾ ਸੀ ਜਾ ਗਨਿਕਾ ਸੀ ਮਤਲਬ ਇਕ ਹੀ ਹੈ ਜਿਹੜੀ ਕਿ ਆਪਣੇ ਸਰੀਰ ਨੂੰ ਵੇਚ ਕੇ ਆਪਣਾ ਗੁਜ਼ਾਰਾ ਕਰਦੀ ਸੀ। ਸਾਰਾ ਜੀਵਣ ਪਾਪਾਂ ਨਾਲ ਭਰਿਆ ਹੋਇਆ ਸੀ। ਨਿੱਤ ਦਿਨ ਨਵੇਂ ਤੋਂ ਨਵਾਂ ਮਰਦ ਆਉਂਦਾ ਗਨਿਕਾ ਕੋਲ ਆਪਣੀ ਹਵਸ ਮਿਟਾਉਣ ਲਈ। ਗਨਿਕਾ ਦਾ ਮਨ ਤਾਂ ਇਸ ਕੰਮ ਤੋਂ ਅਕਿਆ ਹੋਇਆ ਸੀ। ਪਰ ਹੁਣ ਮਜ਼ਬੂਰੀ ਵੀ ਬਣ ਚੁੱਕੀ ਸੀ। ਜਿਸ ਨੂੰ ਆਪ ਛੱਡ ਦੇਣ ਤੋਂ ਉਹ ਅਸਮਰਥ ਸੀ।
ਪ੍ਰਭੂ ਦੀ ਨੇਤ ਅਜਿਹੀ ਹੋਈ ਕਿ ਇਕ ਦਿਨ ਚੰਗਾ ਮੌਹਲੇਧਾਰ ਮੀਂਹ ਪਿਆ। ਇਕ ਮਹਾਂਪੁਰਸ਼ ਜਿਹੜਾ ਕਿ ਰਾਸਤੇ ਚ ਜਾਂਦਾ ਮੀਂਹ ਵਿਚ ਘਿਰ ਗਿਆ ਸੀ। ਉਹ ਗਨਿਕਾ ਦੇ ਕੋਠੇ ਤੇ ਦੀਵਾ ਬਲਦਾ ਦੇਖ ਉਥੇ ਰੁਕ ਗਿਆ ਤੇ ਦਰਵਾਜ਼ਾ ਖਟਕਾਇਆ ਗਨਿਕਾ ਨੇ ਦਰਵਾਜ਼ੇ ਦੀ ਆਵਾਜ਼ ਸੁਣਕੇ ਮਨ ਚ ਸੋਚਿਆ ਤੇ ਖੁਸ਼ ਹੋਈ ਕਿ ਐਨੀ ਰਾਤ ਨੂੰ ਵੀ ਮੇਰੇ ਕੋਲ ਗਾਹਕ ਆਉਂਦੇ ਹਨ। ਜਾਕੇ ਦਰਵਾਜ਼ਾ ਖੋਲ੍ਹਿਆ ਤਾਂ ਅਗੋਂ ਆਵਾਜ਼ ਆਈ ਪੁੱਤਰੀ ਸਾਨੂੰ ਰਾਤ ਕਟ ਲੈਣਦੇ ਬਾਹਰ ਮੀਂਹ ਬਹੁਤ ਹੈ ਤੇ ਅੱਗੇ ਜਾਣਾ ਅਸੰਭਵ ਹੈ ।
ਇਹ ਪਹਿਲੀ ਦਫਾ ਸੀ ਕਿ ਗਨਿਕਾ ਨੂੰ ਕਿਸੇ ਨੇ ਪੁੱਤਰੀ ਸ਼ਬਦ ਨਾਲ ਸੰਬੋਧਨ ਕੀਤਾ ਸੀ। ਨਹੀਂ ਬਾਕੀ ਸਾਰੇ ਤਾਂ ਆਪਣੀ ਹਵਸ ਦੇ ਮਾਰੇ ਕਾਮੀ ਨਾਮਾਂ ਨਾਲ ਹੀ ਬੁਲਾਉਂਦੇ ਸਨ। ਸੋ ਗਨਿਕਾ ਨੇ ਮਹਾਂਪੁਰਸ਼ਾਂ ਨੂੰ ਅੰਦਰ ਬੁਲਾਇਆ ਤੇ ਚੰਗੀ ਆਓ ਭਗਤ ਕੀਤੀ। ਆਪਣੇ ਕੰਮ ਤੋਂ ਤਾਂ ਗਨਿਕਾ ਦਾ ਪਹਿਲਾਂ ਹੀ ਜੀਅ ਅਕ ਚੁੱਕਾ ਸੀ ਉਤੋਂ ਮਹਾਂਪੁਰਸ਼ ਦੀ ਸੰਗਤ ਦੇ ਪ੍ਰਭਾਵ ਨੇ ਗਨਿਕਾ ਦੇ ਹਿਰਦੇ ਨੂੰ ਹਲੂਣਾ ਮਾਰਿਆ ਉਸ ਨੂੰ ਆਪਣੇ ਪਾਪ ਅੱਜ ਪਾਪ ਨਜ਼ਰ ਆਉਣ ਲੱਗੇ ਤੇ ਮਨ ਵਿਚ ਪਛਤਾਵਾ। ਸਾਧੂ ਦਾ ਉੱਚਾ ਸੁੱਚਾ ਜੀਵਣ ਦੇਖ ਗਨਿਕਾ ਅੰਦਰ ਵੀ ਮੁਕਤ ਹੋਣ ਦੀ ਤੜਫ ਪੈਦਾ ਹੋਈ। ਜਿਸ ਤਰ੍ਹਾਂ ਗੁਰਬਾਣੀ ਕਹਿੰਦੀ ਹੈ।
ਜਬ ਤੇ ਦਰਸਨੁ ਭੇਟੇ ਸਾਧੂ ਭਲੇ ਦਿਵਸ ਓਏ ਆਏ।।
ਦੇ ਮਹਾਂਵਾਕਾਂ ਅਨੁਸਾਰ ਗਨਿਕਾ ਦੇ ਵੀ ਹੁਣ ਭਲੇ ਦਿਵਸ ਸ਼ੁਰੂ ਹੋਣ ਵਾਲੇ ਸਨ। ਗਨਿਕਾ ਨੇ ਆਪਣੀ ਸਾਰੀ ਵਿਥਿਆ ਸੁਣਾ ਮਹਾਂਪੁਰਸ਼ਾਂ ਤੋਂ ਮੁਕਤੀ ਦਾ ਸਾਧਨ ਪੁੱਛਿਆ। ਮਹਾਂਪੁਰਸ਼ਾਂ ਕੋਲ ਇਕ ਤੋਤਾ ਸੀ ਜਿਹੜਾ ਕਿ ਰਾਮ ਰਾਮ ਬੋਲਦਾ ਸੀ। ਮਹਾਂਪੁਰਸ਼ਾਂ ਨੇ ਉਸ ਨੂੰ ਉਹ ਤੋਤਾ ਦਿਤਾ ਤੇ ਕਿਹਾ ਇਸ ਨੂੰ ਰਾਮ ਰਾਮ ਜਪਾਇਆ ਕਰ। ਗਨਿਕਾ ਉਸੇ ਤਰ੍ਹਾਂ ਕਹਿਣ ਲੱਗੀ ਬੋਲ ਮਿਠੂ ਰਾਮ ਰਾਮ ਅੱਗੋ ਤੋਤਾ ਬੋਲਦਾ ਰਾਮ ਰਾਮ। ਇਹ ਜੁਗਤ ਸਮਝਾ ਕਿ ਮਹਾਂਪੁਰਸ਼ ਗਨਿਕਾ ਨੂੰ ਤੋਤਾ ਦੇ ਕੇ ਚਲੇ ਗਏ।
ਗਨਿਕਾ ਹੁਣ ਰੋਜ਼ ਤੋਤੇ ਨੂੰ ਰਾਮ ਰਾਮ ਕਰਵਾਉਂਦੀ ਇਸ ਤਰ੍ਹਾਂ ਕਰਦੇ ਕਰਦੇ ਉਸ ਦੇ ਮਨ ਦੀ ਮੈਲ ਕਟਣੀ ਸ਼ੁਰੂ ਹੋ ਗਈ ਉਸ ਦਿਨ ਤੋਂ ਹੀ ਧੰਧਾ ਬੰਦ ਕਰ ਦਿੱਤਾ ਤੇ ਬਸ ਨਾਮ ਹੀ ਜਪਿਆ ਕਰੇ। ਪਾਪਾਂ ਦੀ ਕੀਤੀ ਕਮਾਈ ਗਰੀਬਾਂ ਵਿਚ ਵੰਡ ਦਿੱਤੀ। ਇਸ ਤਰ੍ਹਾਂ ਸਾਰੇ ਸ਼ਹਿਰ ਵਿਚ ਚਰਚਾ ਛਿੜ ਗਈ ਕਿ ਗਨਿਕਾ ਪਾਪਣ ਸਾਧੂ ਬਣ ਗਈ ਹੈ। ਕੋਈ ਕੁਝ ਕਹੇ ਕੋਈ ਕੁਝ ਪਰ ਗਨਿਕਾ ਦੀ ਲਿਵ ਸੱਚੀ ਲੱਗ ਚੁੱਕੀ ਸੀ। ਕੋਈ ਪਾਖੰਡ ਨਹੀਂ ਸੀ।
ਇਸ ਤਰ੍ਹਾਂ ਗਨਿਕਾ ਤੋਤੇ ਨੂੰ ਰਾਮ ਰਾਮ ਕਰਵਾਉਂਦੀ ਹੋਈ ਇਕ ਦਿਨ ਸੁਆਸ ਤਿਆਗ ਗਈ। ਉਸ ਨੇ ਜੋ ਸਾਰੀ ਜ਼ਿੰਦਗੀ ਪਾਪ ਹੀ ਕੀਤੇ ਸਨ। ਪਰ ਕੁਝ ਸਮਾਂ ਕੀਤੀ ਭਗਤੀ ਦੇ ਸਦਕਾ ਉਹ ਚੁਰਾਸੀ ਦੇ ਗੇੜ ਤੇ ਜਮਾਂ ਦੀ ਮਾਰ ਤੋਂ ਬਚ ਗਈ। ਅੰਤ ਵੇਲੇ ਉਸਦੀ ਰੂਹ ਨੂੰ ਦੇਵਲੋਕ ਤੋਂ ਬੇਬਾਣ ਲੈਣ ਆਇਆ ਤੇ ਬੈਕੁੰਠ ਨੂੰ ਲੈ ਗਿਆ।
ਇਸ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਬੰਦਾ ਭਾਂਵੇਂ ਕਿੰਨਾ ਵੀ ਪਾਪੀ ਹੋਵੇ ਪਰ ਰਾਮ ਦਾ ਨਾਮ ਜਪਣ ਨਾਲ ਪਵਿੱਤਰ ਹੋ ਜਾਂਦਾ ਹੈ। ਪਾਪਾਂ ਵਿਚ ਫਸੇ ਨੂੰ ਵੀ ਰੱਬ ਕੱਢ ਲੈਂਦਾ ਹੈ ਜੇ ਉਸ ਦੇ ਮਨ ਵਿਚ ਇੱਛਾ ਛੁੱਟਣ ਦੀ ਹੋਵੇ । ਜੇ ਅੰਦਰ ਇੱਛਾ ਨਾ ਹੋਵੇ ਤੇ ਪਾਪ ਪਿਆਰਾ ਲੱਗਦਾ ਹੋਵੇ ਤਾਂ ਫਿਰ ਰੱਬ ਮੁਕਤ ਨਹੀਂ ਕਰਦਾ। ਇਸ ਲਈ ਸਾਡੀ ਮੁਕਤੀ ਸਾਡੀ ਇੱਛਾ ਤੇ ਨਿਰਭਰ ਕਰਦੀ ਹੈ। ਭਾਈ ਗੁਰਦਾਸ ਜੀ ਆਪਣੀ ਬਾਣੀ ਵਿਚ ਇਸ ਤਰ੍ਹਾਂ ਬਿਆਨ ਕਰਦੇ ਹਨ।
ਗਨਿਕਾ ਪਾਪਣਿ ਹੋਇ ਕੈ ਪਾਪਾਂ ਦਾ ਗਲਿ ਹਾਰੁ ਪਰੋਤਾ।
ਮਹਾਂ ਪੁਰਖੁ ਆਚਾਣਚਕ ਗਨਿਕਾ ਵਾੜੇ ਆਇ ਖਲੋਤਾ।
ਦੁਰਮਤਿ ਦੇਖਿ ਦਇਆਲ ਹੋਇ ਹਥਹੁੰ ਉਸ ਨੋ ਦਿਤੋਨੁ ਤੋਤਾ।
ਰਾਮ ਨਾਮ ਉਪਦੇਸੁ ਕਰਿ ਖੇਲਿ ਗਇਆ ਦੇ ਵਣਜੁ ਸਓਤਾ।
ਲਿਵ ਲਾਗੀ ਤਿਸੁ ਤੋਤਿਅਹੁਂ ਨਿਤ ਪੜ੍ਹਾਏ ਕਰੈ ਅਸੋਤਾ।
ਪਤਿਤ ਉਧਾਰਣੁ ਰਾਮ ਨਾਮੁ ਦੁਰਮਤਿ ਪਾਪ ਕਲੇਵਰੁ ਧੋਤਾ।
ਅੰਤਕਾਲ ਜਮ ਜਾਲੁ ਤੋੜਿ ਨਰਕੈ ਵਿਚਿ ਨਾ ਖਾਧਸੁ ਗੋਤਾ।
ਗਈ ਬੈਕੁੰਠਿ ਬਿਬਾਣਿ ਚੜ੍ਹਿ ਨਾਉ ਨਰਾਇਣੁ ਛੋਤਿ ਅਛੋਤਾ।
ਥਾਉ ਨਿਥਾਵੇ ਮਾਣੁ ਮਣੋਤਾ।
ਇਸ ਬਾਰੇ ਜੋ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਹੈ , ਉਹ ਸ਼ਬਦ ਹੇਠ ਲਿਖੇ ਹਨ । ਸੂਆ ਪੜਾਵਤ ਗਨਿਕਾ ਤਰੀ ॥ ਸੋ ਹਰਿ ਨੈਨਹੁ ਕੀ ਪੂਤਰੀ ॥ ( ਅੰਗ ੮੭੪ )
ਦਾਸ ਜੋਰਾਵਰ ਸਿੰਘ ਤਰਸਿੱਕਾ।


Share On Whatsapp

Leave a Reply




top