ਗੁਰਦੁਆਰਾ ਵਿਆਹ ਅਸਥਾਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਮਾਤਾ ਗੁਜਰੀ ਜੀ ਕਰਤਾਰਪੁਰ ਸ਼ਹਿਰ ਦੇ ਵਿਚਕਾਰ ਰਬਾਬੀਆਂ ਵਾਲੀ ਗਲੀ ਵਿਚ ਸਥਿਤ ਹੈ | ਇਸ ਪਾਵਨ ਅਸਥਾਨ ਉੱਪਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ, ਬਾਬਾ ਤਿਆਗ ਮੱਲ (ਗੁਰੂ ਤੇਗ ਬਹਾਦਰ ਸਾਹਿਬ) ਨੂੰ ਵਿਆਹੁਣ ਵਾਸਤੇ ਬਰਾਤ ਲੈ ਕੇ ਆਏ ਸਨ, ਜਿੱਥੇ ਪਿਤਾ ਲਾਲ ਚੰਦ ਸੁਭਿਖੀ ਖੱਤਰੀ ਤੇ ਮਾਤਾ ਬਿਸ਼ਨ ਕੌਰ (ਦੇਈ) ਦੀ ਪੁੱਤਰੀ ਮਾਤਾ ਗੁਜਰੀ ਨਾਲ 30 ਸਤੰਬਰ 1632 ਈ: (15 ਅੱਸੂ, ਗਿਆਨੀ ਗਿਆਨ ਸਿੰਘ ਤਵਾਰੀਖ ਖ਼ਾਲਸਾ) ਨੂੰ ਇਸ ਪਾਵਨ ਅਸਥਾਨ ਉੱਪਰ ਗੁਰੂ ਸਾਹਿਬ ਦਾ ਵਿਆਹ ਹੋਇਆ | ਕਰਤਾਰਪੁਰ ਹੀ ਗੁਰੂ ਹਰਿਗੋਬਿੰਦ ਸਾਹਿਬ ਦੇ ਵੱਡੇ ਸਪੁੱਤਰ ਸੂਰਜ ਮੱਲ ਦੀ ਸ਼ਾਦੀ ਪ੍ਰੇਮ ਚੰਦ ਸਿਲੀ ਦੀ ਲੜਕੀ ਖੇਮ ਕੌਰ ਨਾਲ ਹੋਈ ਸੀ | ਬਰਾਤ ਗੁਰੂ ਕੇ ਮਹਿਲ ਅੰਮਿ੍ਤਸਰ ਤੋਂ ਚੱਲ ਕੇ ਕਰਤਾਰਪੁਰ ਗੁਰਦੁਆਰਾ ਗੰਗਸਰ ਸਾਹਿਬ ਪੁੱਜੀ ਜਿੱਥੋਂ ਤਿਆਰ ਹੋ ਕੇ ਸ਼ਹਿਰ ਅੰਦਰ ਚਾਲੇ ਪਾਏ | ਇਸ ਬਰਾਤ ‘ਚ ਗੁਰੂ ਤੇਗ ਬਹਾਦਰ ਸਾਹਿਬ ਵੀ ਆਏ ਸਨ | ਇਸ ਵਿਆਹ ਦੌਰਾਨ ਹੀ ਪ੍ਰੇਮ ਚੰਦ ਨਾਲ ਗੱਲਬਾਤ ਕਰਕੇ ਗੁਰੂ ਸਾਹਿਬ ਦੀ ਮੰਗਣੀ ਮਾਤਾ ਗੁਜਰੀ ਜੀ ਨਾਲ ਇਸ ਵਿਆਹ ਦੌਰਾਨ ਹੀ ਹੋ ਗਈ | ਗੁਰੂ ਹਰਿਗੋਬਿੰਦ ਸਾਹਿਬ ਦਾ ਪਰਿਵਾਰ ਅੰਮਿ੍ਤਸਰ ਦੀ ਜੰਗ ਤੋਂ ਬਾਅਦ ਕਰਤਾਰਪੁਰ ਸਾਹਿਬ ਆ ਕੇ ਰਹਿਣ ਲੱਗ ਪਿਆ ਸੀ | ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਰਾਤ ਸ਼ੀਸ਼ ਮਹਿਲ ਵਿਚੋਂ ਤੁਰੀ ਤੇ ਗੁਰਦੁਆਰਾ ਥੰਮ੍ਹ ਸਾਹਿਬ ਸੀਸ ਨਿਵਾ ਕੇ ਬਾਜ਼ਾਰ ਵਿਚ ਦੀ ਹੁੰਦੀ ਹੋਈ ਇਸ ਪਾਵਨ ਅਸਥਾਨ ਉੱਪਰ ਪੁੱਜੀ, ਜਿਸ ਵਿਚ ਗੁਰੂ ਨਾਨਕ ਦੇਵ ਜੀ ਦੇ ਵੰਸ਼ਜ ਡੇਰਾ ਬਾਬਾ ਨਾਨਕ ਤੋਂ, ਗੁਰੂ ਅੰਗਦ ਦੇਵ ਜੀ ਦੇ ਵੰਸ਼ਜ ਖਡੂਰ ਸਾਹਿਬ ਤੋਂ, ਗੁਰੂ ਅਮਰਦਾਸ ਜੀ ਦੇ ਵੰਸ਼ਜ ਭੱਲੇ ਗੋਇੰਦਵਾਲ ਸਾਹਿਬ, ਬੀਬੀ ਵੀਰੋ ਅਤੇ ਉਨ੍ਹਾਂ ਦੇ ਪੰਜ ਪੁੱਤਰ ਵੀ ਇਸ ਬਰਾਤ ਦੀ ਸ਼ੋਭਾ ਵਧਾ ਰਹੇ ਸਨ | ਗੁਰੂ ਸਾਹਿਬ ਅਤੇ ਮਾਤਾ ਜੀ ਦੇ ਅਨੰਦ ਕਾਰਜ ਬਾਬਾ ਗੁਰਦਿੱਤਾ (ਪੋਤਰੇ ਬਾਬਾ ਬੁੱਢਾ ਸਾਹਿਬ ਜੀ) ਨੇ ਕਰਵਾਏ | ਇੱਥੇ ਪਹਿਲਾਂ ਇਕ ਛੋਟੀ ਜਿਹੀ ਯਾਦਗਾਰ ਸੀ, ਜਿਸ ਦੀ ਸੇਵਾ-ਸੰਭਾਲ ਖ਼ਾਲਸਾ ਸੇਵਕ ਜਥਾ ਵਲੋਂ ਕੀਤੀ ਜਾਂਦੀ ਸੀ ਫਿਰ ਵਿਦੇਸ਼ਾਂ ਤੋਂ ਆਈ ਸੇਵਾ ਨਾਲ ਨੇੜੇ ਦੀ ਕੁਝ ਜਗ੍ਹਾ ਖ਼ਰੀਦੀ ਗਈ | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੰਮਿ੍ਤਸਰ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨਾਲ ਗੱਲਬਾਤ ਕਰਕੇ ਇਤਿਹਾਸ ਤੋਂ ਜਾਣੂ ਕਰਵਾਇਆ ਤਾਂ ਪ੍ਰਧਾਨ ਨੇ ਇਸ ਅਸਥਾਨ ਦੀ ਸੇਵਾ ਬਾਬਾ ਉੱਤਮ ਸਿੰਘ ਖਡੂਰ ਸਾਹਿਬ ਕਾਰਸੇਵਾ ਵਾਲਿਆਂ ਨੂੰ ਸੌਂਪ ਦਿੱਤੀ ਅਤੇ 51 ਹਜ਼ਾਰ ਰੁਪਏ ਦੀ ਸੇਵਾ ਦੇ ਕੇ ਇਸ ਗੁਰਦੁਆਰਾ ਸਾਹਿਬ ਦਾ ਖੁਦ ਨੀਂਹ ਪੱਥਰ ਰੱਖ ਕੇ 1978 ਵਿਚ ਸੇਵਾ ਸ਼ੁਰੂ ਕੀਤੀ ਜਿੱਥੇ ਹੁਣ ਇਕ ਸੁੰਦਰ ਗੁਰਦੁਆਰਾ ਵਿਆਹ ਅਸਥਾਨ ਸਾਹਿਬ ਸੁਸ਼ੋਭਿਤ ਹੈ | ਇਸ ਪਾਵਨ ਅਸਥਾਨ ਉੱਪਰ 1984 ਤੋਂ ਪਹਿਲਾਂ ਸੰਗਤਾਂ ਵਲੋਂ 3 ਦਿਨ ਵਿਆਹ ਪੁਰਬ ਪ੍ਰੋਗਰਾਮ ਕਰਵਾਏ ਜਾਂਦੇ ਸਨ, ਜਿਸ ਵਿਚ ਕਵੀ ਦਰਬਾਰ, ਭਾਸ਼ਨ ਮੁਕਾਬਲੇ, ਕੀਰਤਨ ਮੁਕਾਬਲੇ ਅਤੇ ਕੀਰਤਨ ਦਰਬਾਰ ਸਕੂਲ ਤੇ ਕਾਲਜ ਪੱਧਰ ‘ਤੇ ਕਰਵਾਏ ਜਾਂਦੇ ਸਨ ਪਰ ਕੁਝ ਸਮਾਂ ਇਹ ਸਮਾਗਮ ਨਾ ਹੋ ਸਕੇ | ਮਾਤਾ ਗੁਜਰੀ ਜੀ ਇਸਤਰੀ ਸਤਿਸੰਗ ਸਭਾ ਅਤੇ ਸੰਗਤਾਂ ਸ਼ਰਧਾ ਭਾਵਨਾ ਨਾਲ ਵਿਆਹ ਪੁਰਬ ਸਮਾਗਮ ਕਰਵਾਉਂਦੀਆਂ ਰਹੀਆਂ | ਗੁਰੂ ਸਾਹਿਬ ਦੀ ਕ੍ਰਿਪਾ ਸਦਕਾ ਹੁਣ ਫਿਰ ਇਹ ਵਿਆਹ ਪੁਰਬ ਹਰ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ, ਮਾਤਾ ਗੁਜਰੀ ਇਸਤਰੀ ਸਤਿਸੰਗ ਸਭਾ ਅਤੇ ਸੰਗਤਾਂ ਵਲੋਂ ਵੱਡੀ ਪੱਧਰ ‘ਤੇ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ |
Waheguru Ji