ਖ਼ੁਆਜਾ ਰੋਸ਼ਨ ਜੀ

ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਜੀਵਨੀ ਪੜ੍ਹਦਿਆਂ ਇਹ ਅਹਿਸਾਸ ਹੋ ਜਾਂਦਾ ਹੈ ਕਿ ਕਿਸ ਤਰ੍ਹਾਂ ਗੁਰੂ ਦੇ ਸਿੱਖ ਗੁਰੂ ਦੀਦਾਰ ਲਈ ਅੱਖਾਂ ਵਿਛਾਏ ਬੈਠੇ ਰਹਿੰਦੇ ਸਨ । ਇਕ ਝਲਕ , ਇਕ ਸ਼ਬਦ , ਇਕ ਪਲ ਲਈ ਉਨ੍ਹਾਂ ਦਾ ਦੀਦਾਰ ਕਰਨ ਲਈ ਤੜਫਦੇ ਰਹਿੰਦੇ ਸਨ । ਉਨ੍ਹਾਂ ਦੇ ਦਰਸ਼ਨ ਕਰ ਅਨੁਭਵ ਦੀ ਦੁਨੀਆਂ ਵਿਚ ਚਲੇ ਜਾਂਦੇ । ਗੁਰੂ ਦੇ ਦੀਦਾਰ ਕਰ ਐਸੀ ਮਸਤੀ ਛਾਂਦੀ ਕਿ ਆਪਣੇ ਅੰਦਰ ਇਕ ਮਿੱਠੀ ਮਿੱਠੀ ਰਸ ਭਿੰਨੀ ਖੁਸ਼ਬੂ ਛਿੜਕੀ ਮਹਿਸੂਸ ਕਰਦੇ । ਆਪਣਾ ਜੀਵਨ ਸਫ਼ਲ ਸਮਝਦੇ । ਜਿਨ੍ਹਾਂ ਅੱਖਾਂ ਨੇ ਉਸ ਵਾਹਿਗੁਰੂ ਦਾ ਦੀਦਾਰ ਕੀਤਾ ਹੁੰਦਾ ਉਹ ਉਨ੍ਹਾਂ ਅੱਖਾਂ ਨੂੰ ਭਾਗਾਂ ਵਾਲਾ ਸਮਝ ਕਈ ਵਾਰੀ ਤਾਂ ਅੱਖਾਂ ਵੀ ਝਮਕਣਾ ਭੁੱਲ ਜਾਂਦੇ ਕਿ ਕਿਤੇ ਵਾਹਿਗੁਰੂ ਓਹਲੇ ਨਾ ਹੋ ਜਾਵੇ । ਪਰ ਜਦ ਬੰਦ ਕਰਦੇ ਤਾਂ ਵੀ ਉਸੇ ਹੀ ਵਾਹਿਗੁਰੂ ਦੀ ਮੂਰਤ ਅੱਖਾਂ ਅੱਗੇ ਆਉਂਦੀ । ਕੁਝ ਸਿੱਖ ਐਸੇ ਸਨ ਜੋ ਰੋਜ਼ ਦੇ ਦਰਸ਼ਨ ਕਰਨ ਪੈਂਡਾ ਮਾਰ ਆਉਂਦੇ ਰਾਹਾਂ ਵਿਚ ਖੜ੍ਹੇ ਹੋ ਜਾਂਦੇ ਜਿਸ ਰਾਹ ਗੁਰੂ ਨੇ ਗੁਜ਼ਰਨਾ ਹੁੰਦਾ । ਭਾਈ ਗੁਰਦਾਸ ਜੀ ਨੇ ਲਿਖਿਆ : ਐਸਾ ਇਸ ਲਈ ਹੁੰਦਾ ਕਿ ਗੁਰੂ ਜੀ ਇਕ ਥਾਂ ਮੰਜੀ ਲਗਾ ਨਹੀਂ ਸਨ ਬੈਠਦੇ । ਨਮ ਫ਼ਿਰੋਂ ਨ ਡਰੈ ਡਰਾਇਆ } ਖ਼ੁਆਜਾ ਰੋਸ਼ਨ ਨੇ ਵੀ ਜਦ ਗੁਰੂ ਹਰਿਗੋਬਿੰਦ ਜੀ ਦੀ ਵਡਿਆਈ ਸੁਣੀ ਤਾਂ ਗੁਰੂ ਜੀ ਪਾਸ ਆਇਆ ਤੇ ਉਥੋਂ ਦਾ ਹੀ ਹੋ ਗਿਆ । ਜਦ ਸੇਵਾ ਦੀ ਮੰਗ ਕੀਤੀ ਤਾਂ ਗੁਰੂ ਹਰਿਗੋਬਿੰਦ ਜੀ ਨੇ ਖ਼ੁਆਜਾ ਰੋਸ਼ਨ ਨੂੰ ਘੋੜਿਆਂ ਦੀ ਸੇਵਾ ਕਰਨ ਨੂੰ ਲਗਾ ਦਿੱਤਾ । ਰੋਜ਼ ਨਿੱਤ ਦਰਸ਼ਨ ਪਾ ਅਨੰਦਤ ਹੁੰਦਾ । ਇਕ ਦਿਨ ਜਦ ਗੁਰੂ ਜੀ ਘੋੜੇ ਉੱਤੇ ਸਵਾਰ ਹੋ ਕਿਧਰੇ ਜਾਣ ਲੱਗੇ ਤਾਂ ਉਸ ਨੇ ਮਹਿਸੂਸ ਕੀਤਾ ਕਿ ਗੁਰੂ ਜੀ ਉਸ ਤੋਂ ਦੂਰ ਹੋ ਜਾਣਗੇ । ਇਹ ਖ਼ਿਆਲ ਆਉਂਦੇ ਹੀ ਉਸ ਨੇ ਗੁਰੂ ਜੀ ਦਾ ਘੋੜਾ ਦੌੜਦਾ ਦੇਖ ਉਸ ਪਿੱਛੇ ਆਪ ਵੀ ਦੌੜਨਾ ਸ਼ੁਰੂ ਕਰ ਦਿੱਤਾ । ਜਦ ਕੋਈ ਕੋਹਾਂ ਤੱਕ ਗੁਰੂ ਜੀ ਦਾ ਪਿੱਛਾ ਕਰਕੇ ਉਨ੍ਹਾਂ ਪਾਸ ਪੁੱਜਾ ਤਾਂ ਮਹਾਰਾਜ ਨੇ ਪ੍ਰਸੰਨ ਹੋ ਕੇ ਗਲ ਨਾਲ ਲਗਾਇਆ ਤੇ ਅੰਗ ਸੰਗ ਵਾਹਿਗੁਰੂ ਸਹਾਈ ਹੋਣ ਦੀ ਅਸੀਸ ਦਿੱਤੀ । ਉਸ ਦੀ ਘਾਲ ਥਾਇ ਪਈ ਆਖ ਕੇ ਦੁਆਬੇ ਵਿਚ ਪ੍ਰਚਾਰ ਕਰਨ ਲਈ ਨਿਯੁਕਤ ਕੀਤਾ ( ਜਿਵੇਂ ਖ਼ਵਾਜਾ ਨੂੰ ਰੋਸ਼ਨੀ ਮਿਲੀ ਉਸੇ ਤਰ੍ਹਾਂ ਉਸ ਨੇ ਵੀ ਰੁਸ਼ਨਾਈ ਦੁਆਬੇ ਦਾ ਅੰਧੇਰਾ ਦੂਰ ਕਰਨ ਲਈ ਖਿਲਾਰੀ । ਉਸ ਨੇ ਨਗਰ ਨਗਰ ਫਿਰ ਕੇ ਸਿੱਖੀ ਦਾ ਪ੍ਰਚਾਰ ਕੀਤਾ ਤੇ ਆਪਣਾ ਕੇਂਦਰ ਟਿਕਾਣਾ ਮਉ ਪਿੰਡ ਨੂੰ ਬਣਾ ਲਿਆ । ਉਸ ਦਾ ਮਜ਼ਾਰ ਵੀ ਉਸੇ ਪਿੰਡ ਬਣਿਆ ਹੋਇਆ ਹੈ ।
ਓਨੀ ਦਿਨੀਂ ਗੋਬਿੰਦਪੁਰ ( ਰੋਹੇਲਾ ) ਪਿੰਡ ਅਤੇ ਆਸ – ਪਾਸ ਮੁਸਲਿਮ ਵਸੋਂ ਕਾਫੀ ਸੀ । ਸ਼ੱਯਦ ਜਾਨੀ ਸ਼ਾਹ , ਜੋ ਹਜ਼ਰਤ ਮੁਹੰਮਦ ਸਾਹਿਬ ਜੀ ਦੀ ਸੰਤਾਨ ਵਿਚੋਂ ਸੀ ਉਹ ਵੀ ਇਥੇ ਹੀ ਰਹਿੰਦਾ ਸੀ । ਉਹ ਖੁਦਾ ਦੀ ਤਲਾਸ਼ ਅਤੇ ਸ਼ਾਂਤੀ ਲਈ ਭਟਕ ਰਿਹਾ ਸੀ । ਕਈ ਸੂਫ਼ੀ ਫ਼ਕੀਰਾਂ ਦੀ ਸੰਗਤ ਕਰ ਚੁੱਕਾ ਸੀ ਪਰ ਭਟਕਣਾ ਓਸੇ ਤਰਾਂ ਕਾਇਮ ਸੀ । ਉਸ ਨੇ ਆਪਣੀ ਭਟਕਣਾ ਦੀ ਗੱਲ ਇੱਕ ਹੋਰ ਜਗਿਆਸੂ ਨੂੰ ਦੱਸੀ ਤਾਂ ਉਸ ਨੇ ਖੁਆਜਾ ਰੋਸ਼ਨ ਦੀ ਦੱਸ ਪਾਈ । ਜਦੋਂ ਸ਼ੱਯਦ ਜਾਨੀ ਸ਼ਾਹ ਖੁਆਜਾ ਰੋਸ਼ਨ ਕੋਲ ਪੁੱਜਾ ਤਾਂ ਉਸਨੇ ਉਸ ਕੋਲ ਵੀ ਜਾ ਕੇ ਇਹੀ ਕਿਹਾ ਕਿ ‘ ਜਾਨੀ ਕੋ ਜਾਨੀ ਮਿਲਾ ਦੇ । ਖੁਆਜਾ ਰੋਸ਼ਨ ਨੇ ਕਿਹਾ ਕਿ ਜੇਕਰ ਉਹ ਜਾਨੀ ਨੂੰ ਮਿਲਣਾ ਚਾਹੁੰਦਾ ਹੈ ਤਾਂ ਉਹ ਸਿਰਫ ਗੁਰੂ ਹਰਗੋਬਿੰਦ ਸਾਹਿਬ ਤਲਵਾਰ ਤੇ ਤਸਬੀ ਵਾਲੇ ਕੋਲੋਂ ਹੀ ਮਿਲੇਗਾ । ਜਾਨੀ ਸ਼ਾਹ ਨੇ ਹੈਰਾਨੀ ਨਾਲ ਪੁੱਛਿਆ ਕਿ ਤਲਵਾਰ ਤੇ ਤਸਬੀ ਕਿਵੇਂ ਉਸਨੂੰ ਜਾਨੀ ਮਿਲਾ ਸਕਦੇ ਹਨ … ? ਖੁਆਜ਼ਾ ਰੌਸ਼ਨ ਨੇ ਜਾਨੀ ਸ਼ਾਹ ਦੇ ਮਨ ਵਿੱਚ ਇਹ ਗੱਲ ਪੱਕੀ ਤਰਾਂ ਪਾ ਦਿੱਤੀ ਸੀ ਕਿ ਜੇ ਕੋਈ ਮੰਗਤਾ ਦਾਤੇ ਦੇ ਦਰ ਜਾਏ ਤੇ ਅਵਾਜ਼ ਦੇਵੇ ਤਾਂ ਮਾਲਕ ਅਰਜ਼ ਜਰੂਰ ਸੁਣੇਗਾ । ਜਾਨੀ ਸ਼ਾਹ ਗੁਰੂ ਦੇ ਦਰ ਅੱਗੇ ਜਾ ਕੇ ਬੈਠ ਗਿਆ ਅਤੇ ਲੱਗਾ ਪੁਕਾਰ ਕਰਨ ਕਿ ‘ ਜਾਨੀ ਕੋ ਜਾਨੀ ਮਿਲਾ ਦੇ । ਖੁਆਜਾ ਰੋਸ਼ਨ ਨੇ ਸਾਰੀਆਂ ਸੰਗਤਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਘਰ ਨਾਲ ਹੀ ਜੋੜਿਆ ਕਦੇ ਵੀ ਆਪਣੀ ਵਡਿਆਈ ਨਹੀ ਕਰਵਾਈ ਐਸੀ ਮਹਾਨ ਰੂਹ ਸਨ ਖੁਆਜਾ ਰੋਸ਼ਨ ਜੀ ।


Share On Whatsapp

Leave a Reply




top