ਜਦੋ ਕਲਗੀਧਰ ਪਿਤਾ ਤਲਵੰਡੀ ਸਾਬੋ ਸਨ ਤਾਂ ਇੱਕ ਦਿਨ ਸ਼ਾਮ ਸਮੇ ਭਾਈ ਡੱਲਾ ਹੱਥ ਕਿਰਪਾਨ ਤੇ ਢਾਲ ਫੜ ਗੁਰੂ ਕੇ ਹਾਜਰ ਹੋ ਕਹਿਣ ਲੱਗਾ ਮਹਾਰਾਜ ਅੱਜ ਪਹਿਰੇ ਦੀ ਸੇਵਾ ਮੈ ਕਰਾਂਗਾ। ਬਾਕੀ ਪਹਿਰੇਦਾਰ ਸਿੱਖਾਂ ਨੂੰ ਕਿਹਾ ਤੁਸੀ ਅਰਾਮ ਕਰੋ। ਸਤਿਗੁਰਾਂ ਨੇ ਬਥੇਰਾ ਰੋਕਿਆ ਕੇ ਡੱਲਿਆ , ਤੂ ਚੌਧਰੀ ਆ।
ਪਰ ਡੱਲਾ ਕਹਿਣ ਲੱਗਾ ਨਹੀਂ ਪਾਤਸ਼ਾਹ ਮੇਰੀ ਭਾਵਨਾ ਹੈ।
ਅੱਜ ਸਾਰੀ ਰਾਤ ਪਹਿਰਾ ਦੇਵਾਂਗੇ ਆਪ ਅਰਾਮ ਕਰੋ। ਸਤਿਗੁਰੂ ਸੌਂ ਗਏ। ਰਾਤ ਨੂੰ ਵਿਚ ਵਿਚ ਬੁਲਾਉਂਦੇ ਰਹੇ ਤਾਂ ਕੇ ਪਹਿਰੇਦਾਰ ਸੁਚੇਤ ਡੱਲਾ ਹੁੰਗਾਰਾ ਭਰਦਾ ਰਹੇ।
ਰਾਤ ਬੀਤੀ ਅੰਮ੍ਰਿਤ ਵੇਲਾ ਹੋਇਆ ਕਲਗੀਆਂ ਵਾਲੇ ਜਾਗੇ , ਦੇਖਿਆ ਭਾਈ ਡੱਲਾ ਖਡ਼੍ਹਾ ਪਹਿਰੇ ਤੇ ਬੜੇ ਖੁਸ਼ ਹੋਏ ਮਿਹਰ ਦੇ ਘਰ ਆਏ ਕਿਆ ਡੱਲਿਆ , ਕੁਝ ਮੰਗ ਜੋ ਇੱਛਾ ਮੰਗ , ਡੱਲਾ ਹੱਥ ਜੋੜ ਬੋਲਿਆ ਪਾਤਸ਼ਾਹ ਆਪਣੇ ਚਰਨਾਂ ਚ ਪੀੜ੍ਹੀ ਜਿੰਨੀ ਥਾਂ ਦੇ ਦਿਓ।
ਹੁਕਮ ਹੋਇਆ ਫਿਰ ਅੰਮ੍ਰਿਤ ਛਕ , ਸਿੱਖੀ ਸਿਦਕ ਕਮਾ , ਡੱਲੇ ਤੋਂ ਡੱਲ ਸਿੰਘ ਬਣ , ਜੇ ਸਾਡੇ ਚਰਣਾਂ ਚ ਥਾਂ ਚਾਹੀਦੀ ਆ ਤਾਂ।
ਡੱਲੇ ਨੇ ਕਿਹਾ…
ਮਹਾਰਾਜ ਮੈਂ ਤੇ ਬਹੁਤ ਅੰਮ੍ਰਿਤ ਛਕਿਆ।
ਪਾਤਸ਼ਾਹ ਕਹਿਣ ਲੱਗੇ ਝੂਠ ਕਿਉਂ ਬੋਲਦਾ ਅਸੀ ਤੇ ਦੇਖਿਆ ਨੀ।
ਮਹਾਰਾਜ ਮੈਂ ਆਪ ਜੀ ਦਾ ਸੀਤ ਪ੍ਰਸ਼ਾਦ ਕਈ ਵਾਰ ਛਕਿਆ।
ਉ ਵੀ ਅੰਮ੍ਰਿਤ ਹੀ ਹੋਇਆ
ਸਤਿਗੁਰੂ ਕਹਿਣ ਲੱਗੇ ਨਹੀਂ ਖੰਡੇ ਦਾ ਅੰਮ੍ਰਿਤ ਛਕ।
ਡੱਲੇ ਨੇ ਕਿਹਾ ਜੀ ਪ੍ਰਸ਼ਾਦ ਚ ਵੀ ਸ੍ਰੀ ਸਾਹਿਬ ਭੇਟ ਹੁੰਦੀ ਉਵੀ ਖੰਡੇ ਦਾ ਹੀ ਹੋਇਆ ਫਿਰ …..
ਦਸਮੇਸ਼ ਜੀ ਡੱਲੇ ਦਾ ਭੋਲਾਪਨ ਦੇਖ ਹੱਸ ਪਏ
ਕਹਿੰਦੇ ਨਾ ਡਲਿਆ ਹੁਣ ਟਾਲ ਮਟੋਲ ਨਾ ਕਰ।
ਪੰਜ ਪਿਆਰਿਆ ਦੇ ਹਾਜਰ ਹੋ ਅੰਮ੍ਰਿਤ ਦੀ ਦਾਤ ਲੈ।
ਜਿਹੜਾ ਖੰਡੇ ਦਾ ਅੰਮ੍ਰਿਤ ਛਕਦਾ ਉ ਗੁਰੂ ਕੇ ਜਹਾਜ਼ੇ ਚੜ੍ਹ ਜਾਂਦਾ ਉਸ ਉਪਰ ਸਾਡੀ ਬਹੁਤੀ ਖ਼ੁਸ਼ੀ ਆ।
ਸੁਣ ਕੇ ਡੱਲੇ ਨੇ ਕਿਹਾ ਜੀ ਸਤਿ ਬਚਨ .
ਕਵੀ ਰਾਜ ਭਾਈ ਸੰਤੋਖ ਸਿੰਘ ਦੀ ਲਿਖਦੇ ਆ ਅਗਲੇ ਦਿਨ ਭਾਈ ਡੱਲੇ ਨੇ ਆਪਣੇ 100 ਸਾਥੀਆਂ ਸਮੇਤ ਖੰਡੇ ਬਾਟੇ ਦੀ ਪਾਹੁਲ ਲਈ ਤੇ ਗੁਰੂ ਕੇ ਜਹਾਜੇ ਚੜ੍ਹਿਆ।
ਜੋ ਖੰਡੇ ਕੋ ਅੰਮ੍ਰਿਤ ਲੈਹੈ
ਗੁਰ ਕੋ ਸੋ ਜਹਾਜ਼ ਚੜ੍ਹ ਜੈਹੈ (ਸੂਰਜ ਪ੍ਰਕਾਸ਼ )
ਮੇਜਰ ਸਿੰਘ
ਗੁਰੂ ਕਿਰਪਾ ਕਰੇ