ਇਤਿਹਾਸ – ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਧੁਬੜੀ, ਆਸਾਮ

ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਧੁਬੜੀ (ਆਸਾਮ) ਨੌਵੇਂ ਪਾਤਿਸ਼ਾਹ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਹੈ | ਇਸ ਪਵਿੱਤਰ ਤੇ ਇਤਿਹਾਸਕ ਸਥਾਨ ‘ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਬਾਲਾ ਤੇ ਭਾਈ ਮਰਦਾਨਾ ਦੇ ਨਾਲ ਆਪਣੇ ਚਰਨ ਪਾਏ ਸਨ | ਕੋਲਕਾਤਾ, ਦਿੱਲੀ, ਪੰਜਾਬ ਤੋਂ ਇੱਥੇ ਆਉਣ ਲਈ ਨਿਊ ਕੂਚ ਬਿਹਾਰ ਸਟੇਸ਼ਨ ‘ਤੇ ਉੱਤਰਨ ਤੋਂ ਬਾਅਦ ਬੱਸ ਰਾਹੀਂ ਸਿੱਧੇ ਧੁਬੜੀ ਸਾਹਿਬ ਪਹੁੰਚ ਸਕਦੇ ਹੋ | ਗੁਰਦੁਆਰਾ ਸਾਹਿਬ ਦੇ ਮੈਨੇਜਰ ਗੁਰਵਿੰਦਰ ਸਿੰਘ ਦੱਸਦੇ ਹਨ ਕਿ ਆਸਾਮ ਦੇ ਇਤਿਹਾਸਕਾਰ ਲੇਖਕ ਐਸ.ਕੇ. ਭੁਈਆਂ ਆਪਣੀ ਕਿਤਾਬ ‘ਬੈਕਗ੍ਰਾਉਂਡ ਆਫ਼ ਆਸਾਮੀਜ਼ ਕਲਚਰ’ ‘ਚ ਲਿਖਦੇ ਹਨ ਕਿ ਗੁਰੂ ਨਾਨਕ ਦੇਵ ਜੀ ਆਪਣੀ ਸੰਸਾਰਕ ਯਾਤਰਾ ਦੌਰਾਨ ਧੰਨਪੁਰ ਰਾਹੀ ਆਸਾਮ (ਧੁਬੜੀ) ਆਏ ਅਤੇ ਇਸ ਸਥਾਨ ‘ਤੇ ਸੰਤ ਸ਼ੰਕਰਦੇਵ ਨੂੰ ਮਿਲੇ, ਜਿਹੜੇ ਕਿ ਆਸਾਮ ਦੇ ਵੈਸ਼ਨਵ ਸੁਧਾਰਕ ਸਨ | ਇਸ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਮਤੀਦਾਸ ਤੇ ਹੋਰ ਸਿੱਖਾਂ ਸਮੇਤ 1667 ਇੱਥੇ ਆਏ ਸਨ | ਜਦੋਂ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਨੇ ਜੈਪੁਰ ਦੇ ਰਾਜਾ ਮਾਨ ਸਿੰਘ ਦੇ ਪੋਤਰੇ ਰਾਜਾ ਰਾਮ ਸਿੰਘ ਨੰੂ ਕਾਮਰੂਪ ਆਸਾਮ ਦੇ ਅਹੋਮ ਰਾਜਾ ਚੱਕਰਧਜ ਪਣਿਪਾਲ ਸਿੰਘ ‘ਤੇ ਚੜ੍ਹਾਈ ਕਰਨ ਭੇਜਿਆ ਸੀ | ਰਾਜਾ ਰਾਮ ਸਿੰਘ ਦੀ ਬੇਨਤੀ ‘ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਉਨ੍ਹਾਂ ਦੀ ਰੱਖਿਆ ਵਾਸਤੇ ਇੱਥੇ ਦਰਿਆ ਬ੍ਰਹਮਪੁੱਤਰ ਦੇ ਰਮਣੀਕ ਅਤੇ ਸੁੰਦਰ ਕਿਨਾਰੇ ‘ਤੇ ਬਿਰਾਜੇ ਸਨ | ਨੌਵੇਂ ਪਾਤਿਸ਼ਾਹ ਨੇ ਇੱਥੇ ਬੈਠ ਕੇ ਰਾਮ ਸਿੰਘ ਅਤੇ ਚੱਕਰਧਜ ਪਣਿਪਾਲ ਸਿੰਘ ਦੀ ਆਪਸ ‘ਚ ਸੁਲਾਹ ਕਰਵਾ ਦਿੱਤੀ ਸੀ | ਉਸ ਸੁਲਾਹ ‘ਚ ਦੋਵਾਂ ਰਾਜਿਆਂ ਦੀਆਂ ਫ਼ੌਜਾਂ ਨੇ ਆਪਣੀ ਪੰਜ ਲੱਖ ਢਾਲਾਂ ਮਿੱਟੀ ਦੀਆਂ ਭਰ ਕੇ ਮਹਾਰਾਜ ਦੀ ਆਗਿਆ ਨਾਲ ਇਕ ਉੱਚਾ ਥੜ੍ਹਾ ਬਣਾ ਦਿੱਤਾ ਸੀ, ਜਿਸ ‘ਤੇ ਗੁਰੂ ਜੀ ਆਪ ਪ੍ਰਸੰਨ ਹੋ ਕੇ ਬਿਰਾਜੇ ਸਨ | ਇੱਥੇ ਬੈਠ ਕੇ ਗੁਰੂ ਸਾਹਿਬ ਨੇ ਤਿ੍ਪੁਰਾ ਦੇ ਰਾਜਾ ਰਾਮ ਰਾਏ ਦੀ ਬੇਨਤੀ ‘ਤੇ ਉਸ ਨੂੰ ਵਰ ਬਖ਼ਸ਼ਿਆ, ਜਿਸ ਸਦਕਾ ਉਸ ਦੇ ਘਰ ਇਕ ਲੜਕਾ ਰਤਨ ਰਾਏ ਪੈਦਾ ਹੋਇਆ ਸੀ, ਜਿਸ ਦੇ ਮੱਥੇ ‘ਤੇ ਗੁਰੂ ਜੀ ਦੀ ਅੰਗੂਠੀ ‘ੴ’ ਦਾ ਨਿਸ਼ਾਨ ਸੀ | ਰਾਜਾ ਰਤਨ ਰਾਏ ਨੇ ਵੱਡੇ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਕੇ ਕਲਗ਼ੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ‘ਚ ਪ੍ਰਸ਼ਾਦੀ ਹਾਥੀ, ਚੰਦਨ ਦੀ ਚੌਕੀ, ਪੰਜ ਕਲਾ ਸ਼ਸਤਰ, ਹੀਰਿਆਂ ਨਾਲ ਜੜਿਆ ਹੋਇਆ ਚੰਦੋਆ ਤੇ ਹੀਰੇ ਜਵਾਹਰਾਤ ਬੜੀ ਸ਼ਰਧਾ ਭਾਵਨਾ ਨਾਲ ਭੇਟ ਕੀਤੇ | ਗੋਆਲਪਾੜਾ ਦੀ ਇਕ ਪ੍ਰਸਿੱਧ ਜਾਦੂਗਰਨੀ ਨੇਤਾਈ ਧੋਬਣ ਨੇ ਇੱਥੇ ਬੈਠੇ ਗੁਰੂ ਜੀ ‘ਤੇ ਇਕ ਬੜੇ ਭਾਰੀ ਪੱਥਰ ਦਾ ਵਾਰ ਕੀਤਾ ਸੀ, ਜੋ ਗੁਰੂ ਮਹਾਰਾਜ ਦੇ ਇਸ਼ਾਰੇ ਨਾਲ ਦੂਰ ਹੀ ਡਿੱਗ ਪਿਆ ਸੀ | ਉਹ ਪੱਥਰ ਅੱਜ ਵੀ ਇੱਥੇ ਮੌਜੂਦ ਹੈ | ਜਾਦੂਗਰਨੀ ਆਪਣਾ ਵਾਰ ਖ਼ਾਲੀ ਗਿਆ ਵੇਖ ਕੇ ਵੱਡਾ ਸਾਰਾ ਪਿੱਪਲ ਦਾ ਦਰਖ਼ਤ ਪੁੱਟ ਕੇ ਉਸ ‘ਤੇ ਬੈਠ ਕੇ ਗੁਰੂ ਜੀ ‘ਤੇ ਮਾਰੂ ਹਮਲਾ ਕਰਨ ਆਈ ਸੀ | ਉਹ ਪਿੱਪਲ ਵੀ ਗੁਰੂ ਜੀ ਦੇ ਇਸ਼ਾਰੇ ਨਾਲ ਹਵਾ ‘ਚ ਅਟਕ ਗਿਆ ਸੀ | ਉਹ ਪਿੱਪਲ ਅਜੇ ਵੀ ਮਿੱਟੀ ‘ਤੇ ਬਣਾਏ ਗਏ ਥੜੇ੍ਹ ‘ਤੇ ਕਾਇਮ ਹੈ | ਫਿਰ ਉਹ ਜਾਦੂਗਰਨੀ ਗੁਰੂ ਜੀ ਦੇ ਚਰਨਾਂ ‘ਤੇ ਡਿੱਗ ਪਈ ਅਤੇ ਗੁਰੂ ਜੀ ਤੋਂ ਮੁਆਫ਼ੀ ਮੰਗਦੀ ਹੋਈ ਨੇ ਗੁਰੂ ਜੀ ਨੰੂ ਵਚਨ ਦਿੱਤਾ ਕਿ ਅੱਜ ਤੋਂ ਬਾਅਦ ਕਦੇ ਕਾਲੇ ਜਾਦੂ ਨਹੀਂ ਕਰੇਗੀ | ਗੁਰੂ ਦੀ ਨੇ ਉਸ ਨੂੰ ਮੁਆਫ਼ ਕਰ ਦਿੱਤਾ | ਇਸ ‘ਤੇ ਉਸ ਜਾਦੂਗਰਨੀ ਨੇ ਬੇਨਤੀ ਕੀਤੀ ਕਿ ਉਸ ਦਾ ਨਾਂਅ ਰਹਿੰਦੀ ਦੁਨੀਆ ਤੱਕ ਕਾਇਮ ਰਹੇ | ਨੌਵੇਂ ਪਾਤਿਸ਼ਾਹ ਨੇ ਸ਼ਰਨ ਆਈ ਧੋਬਣ ਜਾਦੂਗਰਨੀ ਨੂੰ ਵਚਨ ਦਿੱਤਾ ਕਿ ਆਉਣ ਵਾਲੇ ਸਮੇਂ ‘ਤੇ ਤੇਰੇ ਨਾਂਅ ‘ਤੇ ਨਗਰੀ ਕਾਇਮ ਹੋਵੇਗੀ | ਉਕਤ ਧੋਬਣ ਦੇ ਨਾਂਅ ‘ਤੇ ਹੀ ਇਸ ਸ਼ਹਿਰ ਦਾ ਨਾਂਅ ਧੋਬੜੀ ਪਿਆ, ਜੋ ਹੌਲੀ-ਹੌਲੀ ਧੁਬੜੀ ਬਣ ਗਿਆ ਤੇ ਹੁਣ ਇਸ ਸ਼ਹਿਰ ਦਾ ਨਾਂਅ ਦੁਨੀਆ ਭਰ ‘ਚ ਪ੍ਰਸਿੱਧ ਹੈ |


Share On Whatsapp

Leave a Reply




top