ਜਦੋਂ ਸਿੱਖ ਛਕਦੇ ਹਨ ਤਾਂ ਉਸ ਦਾ ਰਸ ਗੁਰੂ ਨੂੰ ਆਉਂਦਾ ਹੈਂ…
ਭਾਈ ਸਾਬ ਭਾਈ ਗੁਰਦਾਸ ਜੀ ਨੇ ਇੱਕ ਵਾਰ ਸ੍ਰੀ ਗੁਰੂ ਅਮਰਦਾਸ ਜੀ ਨੂੰ ਗੋਇੰਦਵਾਲ ਸਾਹਿਬ ਵਿਖੇ ਬੇਨਤੀ ਕੀਤੀ ਕਿ ਗੁਰੂ ਜੀ ਮੈਂ ਬਹੁਤ ਸਮੇਂ ਤੋਂ ਆਪ ਜੀ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਸੀ ਪਰ ਝਿਜਕ ਜਾਂਦਾ ਸੀ। ਹੁਕਮ ਕਰੋ ਕਿ ਅੱਜ ਬੇਨਤੀ ਕਰ ਸਕਾਂ। ਗੁਰੂ ਸਾਹਿਬ ਕਹਿਣ ਲੱਗੇ ਦੱਸੋ ਭਾਈ ਸਾਬ ਜੀ। ਭਾਈ ਸਾਬ ਕਹਿਣ ਲੱਗੇ ਕਿ ਗੁਰੂ ਜੀ ਸਾਰੀ ਸੰਗਤ ਵਾਸਤੇ ਖੀਰ ਵੀ ਘਿਓ ਵਾਲੀ ਬਣਦੀ ਹੈ। ਵਧੀਆ ਸੋਹਣਾ ਭੋਜਨ ਬਣਦਾ ਹੈ। ਪਰ ਆਪ ਜੀ ਵਾਸਤੇ ਰੋਜ਼ ਅਲੂਣਾ ਦਲੀਆ (ਓਗਰਾ) ਬਣਦਾ ਹੈ। ਰੋਜ ਇਸ ਗੱਲ ਨਾਲ ਮੇਰਾ ਦਿਲ ਦੁਖਦਾ ਹੈ ਅਤੇ ਇੰਝ ਲਗਦਾ ਹੈ ਕਿ ਤੁਸੀਂ ਅਲੂਣਾ ਖਾਂਦੇ ਹੋ ਅਤੇ ਅਸੀਂ ਮਿੱਠਾ ਭੋਜਨ ਖਾ ਕੇ ਪਾਪ ਕਰ ਰਹੇ ਹਾਂ। ਗੁਰੂ ਜੀ ਅਸੀਂ ਰੋਜ ਏਨਾ ਸੋਹਣਾ ਭੋਜਨ ਛਕਦੇ ਹਾਂ ਤਾਂ ਤੁਸੀਂ ਕਿਉਂ ਨਹੀਂ ਛਕਦੇ। ਗੁਰੂ ਜੀ ਨੇ ਅੱਗੋਂ ਕਿਹਾ ਕਿ ਭਾਈ ਗੁਰਦਾਸ ਜੀ ਵੇਖੋ ਸਾਡੇ ਦੰਦਾਂ ਨਾਲ ਮਿੱਠਾ ਭੋਜਨ ਲੱਗਾ ਹੋਇਆ ਹੈ। ਅਸੀਂ ਤਾਂ ਰੋਜ ਸਾਰੇ ਪਦਾਰਥ ਛਕਦੇ ਹਾਂ। ਭਾਈ ਸਾਬ ਕਹਿਣ ਲੱਗੇ ਗੁਰੂ ਜੀ ਅਸੀਂ ਰੋਜ ਦੇਖਦੇ ਹਾਂ ਕਿ ਤੁਸੀਂ ਦਲੀਆ ਸਕਦੇ ਹੋ। ਅਸੀਂ ਤੁਹਾਨੂੰ ਮਿੱਠਾ ਭੋਜਨ ਛਕਦੇ ਕਦੇ ਨਹੀਂ ਦੇਖਿਆ। ਗੁਰੂ ਜੀ ਕਹਿਣ ਲੱਗੇ ਕਿ ਭਾਈ ਗੁਰਦਾਸ ਜੀ ਇਹ ਜਿਹੜੇ ਸਿੱਖ ਹਨ ਇਹ ਮੇਰੀ ਜਿੰਦ ਹਨ। ਜੋ ਇਹਨਾਂ ਦੇ ਮੁੱਖ ਵਿੱਚ ਪੈਂਦਾ ਹੈ ਮੈਂ ਉਸ ਦਾ ਰਸ ਲੈਂਦਾ ਹਾਂ। ਇਹ ਸਿੱਖ ਮੇਰਾ ਰੂਪ ਹਨ ਅਤੇ ਇਹਨਾਂ ਦਾ ਮੁੱਖ ਮੇਰਾ ਮੁਖ ਹੈ। ਜੋ ਇਹਨਾ ਦੇ ਮੁੱਖ ਵਿੱਚ ਪੈਂਦਾ ਹੈ ਉਸ ਦਾ ਰਸ ਮੈਨੂੰ ਆਉਂਦਾ ਹੈ।
ਮਾਤਾ ਪ੍ਰੀਤਿ ਕਰੇ ਪੁਤੁ ਖਾਇ॥
ਮੀਨੇ ਪ੍ਰੀਤਿ ਭਈ ਜਲਿ ਨਾਇ॥
ਸਤਿਗੁਰ ਪ੍ਰੀਤਿ ਗੁਰਸਿਖ ਮੁਖਿ ਪਾਇ॥
ਪਿਆਰਿਓ ਗੁਰੂ ਆਪਣੇ ਸਿੱਖਾਂ ਨੂੰ ਬਹੁਤ ਪਿਆਰ ਕਰਦਾ ਹੈ। ਜਿਵੇਂ ਜੇ ਕੋਈ ਚੀਜ ਮਾਂ ਨੂੰ ਖਾਣ ਨੂੰ ਮਿਲੇ ਤਾਂ ਮਾਂ ਓਹ ਚੀਜ ਆਪਣੇ ਬੱਚੇ ਨੂੰ ਦੇ ਕੇ ਜਿਆਦਾ ਸੁਆਦ ਮਹਿਸੂਸ ਕਰਦੀ ਹੈ। ਇਸ ਨੂੰ ਪਿਆਰ ਕਹਿੰਦੇ ਹਨ। ਆਪਣੇ ਨਾਲੋਂ ਜਿਆਦਾ ਜਦੋਂ ਦੂਜੇ ਨੂੰ ਖੁਸ਼ ਵੇਖ ਕੇ ਖੁਸ਼ੀ ਹੁੰਦੀ ਹੈ ਉਹੀ ਪ੍ਰੀਤਿ ਹੁੰਦੀ ਹੈ। ਮੈਨੂੰ ਯਾਦ ਹੈ ਕੁਝ ਸਾਲ ਪਹਿਲਾਂ ਮੈਂ ਰੋਜ ਰਾਤ ਨੂੰ ਹਰਿਮੰਦਰ ਸਾਹਿਬ ਵਿਖੇ ਅੰਮ੍ਰਿਤਵੇਲੇ ਤਿੰਨ ਪਹਿਰ ਦੀ ਸੇਵਾ ਕਰਨ ਲਈ ਜਾਇਆ ਕਰਦਾ ਸੀ। ਸਿੰਘਾਂ ਨਾਲ ਏਨਾ ਪ੍ਰੇਮ ਹੁੰਦਾ ਸੀ ਕਿ ਜਦੋਂ ਘਰ ਵਿੱਚ ਕਿਸੇ ਪਾਸਿਓਂ ਮਿਠਾਈ ਦਾ ਡੱਬਾ ਆਉਣਾ ਤਾਂ ਘਰ ਵਿੱਚ ਮਿਠਾਈ ਖਾਣ ਦੀ ਬਜਾਏ ਡੱਬਾ ਸਿੰਘਾਂ ਲਈ ਲੈ ਜਾਣਾ ਅਤੇ ਵੰਡ ਦੇਣਾ। ਜਦੋਂ ਸੇਵਾ ਵਾਲੇ ਸਿੰਘ ਮਿਠਾਈ ਖਾਂਦੇ ਤਾਂ ਆਪਣੇ ਆਪ ਨੂੰ ਹੋਰ ਜਿਆਦਾ ਸਵਾਦ ਆਉਂਦਾ।
ਪਿਆਰਿਓ ਇੱਕ ਗੱਲ ਸਮਝ ਆਈ ਕਿ ਜੇ ਸਿੱਖਾਂ ਦਾ ਸਤਿਕਾਰ ਕਰੋਗੇ ਤਾਂ ਗੁਰੂ ਨੂੰ ਸਤਿਕਾਰ ਮਿਲੇਗਾ। ਸਿੱਖਾਂ ਨਾਲ ਪਿਆਰ ਕਰੋਗੇ ਤਾਂ ਗੁਰੂ ਨੂੰ ਪਿਆਰ ਮਿਲੇਗਾ। ਸਿੱਖਾਂ/ਲੋੜਵੰਦਾਂ ਦੀ ਮਦਦ ਕਰੋਗੇ ਤਾਂ ਗੁਰੂ ਓਹਨੂੰ ਪਰਵਾਨ ਕਰੇਗਾ। ਸੋ ਗੁਰੂ ਸਾਹਿਬ ਕਿਰਪਾ ਕਰਨ ਕਿ ਸਾਨੂੰ ਸਾਰਿਆਂ ਨੂੰ ਗੁਰਸਿੱਖਾਂ ਦਾ ਪਿਆਰ ਮਿਲ ਜਾਵੇ।
(ਰਣਜੀਤ ਸਿੰਘ ਮੋਹਲੇਕੇ – Ranjeet Singh Mohleke)