ਗੁਰਦੁਆਰਾ ਅੰਬ ਸਾਹਿਬ ਤੇ ਪੱਕਾ ਮੋਰਚਾ
ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਮੇ ਇਕ ਸਿਖ ਹੋਇਆ ਭਾਈ ਕੂਰਮ , ਲੰਮੀਆਂ ਪਿੰਡ ਤੋ ਸੀ। ਇਕ ਵਾਰ ਗਰਮੀ ਰੁੱਤੇ ਪਾਤਸ਼ਾਹ ਦੇ ਦਰਸ਼ਨ ਕਰਨ ਅੰਮ੍ਰਿਤਸਰ ਸਾਹਿਬ ਗਿਆ। ਉਥੇ ਕਾਬਲ ਤੋਂ ਸੰਗਤ ਦਾ ਵੱਡਾ ਜਥਾ ਵੀ ਪਹੁੰਚਿਆ ਸੀ। ਕਾਬਲ ਦੀ ਸੰਗਤ ਨੇ ਪਾਤਸ਼ਾਹ ਲਈ ਵਾਹਵਾ ਸਾਰੇ ਅੰਬ ਲਿਆਂਦੇ। ਮਹਾਰਾਜ ਬੜੇ ਪ੍ਰਸੰਨ ਹੋਏ। ਸਾਰੀ ਸੰਗਤ ਚ ਵਰਤਾਏ ਗਏ। ਭਾਈ ਕੂਰਮ ਨੂੰ ਵੀ ਪ੍ਰਸ਼ਾਦ ਰੂਪ ਚ ਅੰਬ ਮਿਲਿਆ ਤੇ ਵੇਖ ਵੇਖ ਸੋਚੇ , ਕਾਸ਼ ਮੈਂ ਵੀ ਅੰਬ ਲਿਆਉਂਦਾ। ਸੰਗਤ ਚ ਵਰਤਦੇ , ਗੁਰੂ ਖੁਸ਼ੀ ਮਿਲਦੀ। ਨਾਲੇ ਸਾਡੇ ਤੇ ਅੰਬ ਹੁੰਦੇ ਵੀ ਵਾਧੂ। ਮਨਾ ਤੂੰ ਕਿੱਡਾ ਮੂਰਖ ਆ….ਅਭਾਗਾ ਆ …. (ਅੰਬਾਲੇ ਦਾ ਮਤਲਬ ਹੀ ਅੰਬਾਂ ਵਾਲਾ ਆ )
ਭਾਈ ਕੂਰਮ ਨੇ ਉਹ ਅੰਬ ਛਕਿਆ ਨਹੀਂ , ਰੱਖ ਲਿਆ। ਅਗਲੇ ਦਿਨ ਇਸਨਾਨ ਕੀਤਾ। ਨਿਤਨੇਮ ਕੀਤਾ। ਅੰਬ ਵੀ ਧੋਤਾ ਤੇ ਗੁਰੂ ਹਜੂਰੀ ਚ ਹਾਜਰ ਹੋਇਆ। ਓਹੀ ਅੰਬ ਪਾਤਸ਼ਾਹ ਦੇ ਅੱਗੇ ਰੱਖ ਦਿੱਤਾ। ਅੰਦਰ ਦੀਆਂ ਜਾਨਣਹਾਰ ਸ਼ਹੀਦਾਂ ਦੇ ਸਰਤਾਜ ਨੇ ਹੱਸ ਕੇ ਕਿਹਾ , ਭਾਈ ਸਿੱਖ ਕਲ ਸਾਥੋਂ ਲੈ ਕੇ ਅਜ ਸਾਨੂੰ ਦੇਤਾ ……
ਭਾਈ ਕੂਰਮ ਨੇ ਹੱਥ ਜੋੜ ਮਨ ਦੀ ਸਾਰੀ ਗੱਲ ਦੱਸੀ , ਪਾਤਸ਼ਾਹ ਸਾਡਾ ਇਲਾਕਾ ਅੰਬਾਂ ਕਰਕੇ ਜਾਣਿਆ ਜਾਂਦਾ , ਪਰ ਮੈਥੋੰ ਗਲਤੀ ਹੋਈ , ਲਿਆਂਦੇ ਨਹੀਂ। ਆ ਕਲ ਸੰਗਤ ਚ ਵੇਖ ਮੇਰੇ ਅੰਦਰ ਚਾਅ ਉਠਿਆ। ਮਹਾਰਾਜ ਹੋਰ ਤੇ ਹੁਣ ਔਖਾ ਸੀ ਤਾਂ ਮੈ ਆਹੀ ਰੱਖਲਿਆ। ਮੇਰੀ ਭਾਵਨਾ ਹੈ ਆਪ ਜੀ ਛਕੋ। ਸਿੱਖ ਦਾ ਪਿਆਰ ਵੇਖ ਪੰਜਵੇਂ ਗੁਰਦੇਵ ਨੇ ਕਿਹਾ, ਕੂਰਮਾਂ ਤੇਰੀ ਭਾਵਨਾ ਸਤਵੇ ਜਾਮੇ ਚ ਪੂਰੀ ਕਰਾਂਗੇ। ਅਸੀਂ ਆਪ ਮੰਗ ਕੇ ਅੰਬ ਛਕਾਂਗੇ ਤੇਰੇ ਤੋਂ ….
ਸਮਾਂ ਬੀਤਿਆ ਸੱਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਤਖਤ ਤੇ ਸੁਭਾਏਮਾਨ ਸੀ , ਕੁਰਕਸ਼ੇਤਰ ਤੋਂ ਵਾਪਸ ਮੁੜਦਿਆਂ ਭਾਈ ਕੂਰਮ ਦੇ ਪਿੰਡ ਪਹੁੰਚੇ। ਪੋਹ ਦਾ ਮਹੀਨਾ ਸੀ ਭਾਈ ਕੂਰਮ ਦਰਸ਼ਨ ਕਰਨ ਆਇਆ। ਬੜਾ ਬਜ਼ੁਰਗ ਹੋ ਗਿਆ ਸੀ। ਸੱਤਵੇਂ ਪਾਤਸ਼ਾਹ ਨੇ ਕਿਹਾ ਲਿਆ ਭਾਈ ਕੂਰਮਾਂ ਸਾਡੇ ਅੰਬ …..
ਭਾਈ ਸਾਹਿਬ ਨੇ ਕਿਹਾ ਮਹਾਰਾਜ ਹੁਣ ਤੇ ਸਿਆਲ ਆ। ਅੰਬ ਗਰਮੀਆਂ ਦਾ ਫਲ ਏਸ ਰੁੱਤੇ ਤੇ ਅੰਬ ਲੱਗਦੇ ਨਹੀਂ….
ਸਤਿਗੁਰਾਂ ਹੱਸ ਕੇ ਕਿਹਾ ਕੂਰਮ ਜੀ ਤੁਸੀਂ ਛਕਉਣਾ ਹੀ ਨਹੀਂ ਚਾਹੁੰਦੇ , ਅੰਬ ਤੇ ਵਾਧੂ ਲੱਗੇ ਆ, ਜਰਾ ਨਿਗਾਹ ਮਾਰੋ ਰੁੱਖਾਂ ਵਲ……
ਕਰਨੀ ਗੁਰੂ ਦੀ ਪੋਹ ਮਹੀਨੇ ਵੀ ਅੰਬਾਂ ਨਾਲ ਰੁੱਖ ਭਰੇ ਪਏ ਸੀ। ਭਾਈ ਕੁਰਮ ਵੇਖ ਵਿਸਮਾਦ ਹੋ ਗਿਆ। ਚਰਨੀ ਢਹਿ ਪਿਆ। ਓਸੇ ਵੇਲੇ ਅੰਬ ਤੋੜ ਪਾਤਸ਼ਾਹ ਨੂੰ ਛਕਾਏ , ਨਾਲ 2200 ਘੋੜਸਵਾਰ ਹੁੰਦੇ ਸੀ। ਸਭ ਨੂੰ ਛਕਾਏ।
ਗੁਰੂ ਬਚਨ ਆ
ਗੁਰੁ ਕਰਤਾ ਗੁਰੁ ਕਰਣਹਾਰੁ ਗੁਰਮੁਖਿ ਸਚੀ ਸੋਇ ॥
ਗੁਰ ਤੇ ਬਾਹਰਿ ਕਿਛੁ ਨਹੀ ਗੁਰੁ ਕੀਤਾ ਲੋੜੇ ਸੁ ਹੋਇ ॥੨॥
ਇੱਥੇ ਅਸਥਾਨ ਬਣਿਆ ਗੁਰਦੁਆਰਾ ਅੰਬ ਸਾਹਿਬ ਪਾਤਸ਼ਾਹੀ ਸਤਵੀੱ।
ਏਥੇ ਕਲ 7 ਜਨਵਰੀ 2023 ਨੂੰ ਪੱਕਾ ਮੋਰਚਾ ਸ਼ੁਰੂ ਹੋਇਆ ਜਿਸ ਵਿਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ , ਲਾ ਪਤਾ ਹੋਏ ਗੁਰੂ ਸਰੂਪ , ਬਹਿਬਲ ਕਲਾਂ ਗੋਲੀ ਕਾੰਡ ਬੰਦੀ ਸਿੰਘਾਂ ਦੀ ਰਿਹਾਈ ਅਦਿਕ ਪੰਥਕ ਮੁੱਦੇ ਸ਼ਾਮਲ ਆ।
ਬੀਤੇ ਸਮੇ ਚ ਤੇ ਅਜੋਕੇ ਹਾਲਾਤ ਕਰਕੇ ਸਿਖ ਆਗੂਆਂ ਪ੍ਰਤੀ ਸੰਗਤ ਚ ਵਧੇਰੇ ਨਿਰਾਸ਼ਾ ਹੀ ਹੈ ਪਰ ਜੇੜਾ ਗੁਰੂ ਬੇ-ਰੁੱਤੇ ਰੁੱਖਾ ਨੂੰ ਅੰਬ ਲਾ ਸਕਦਾ ਉ ਮਿਹਰ ਕਰੇ ਏ ਮੋਰਚਾ ਫਤਹਿ ਹੋਵੇ ਬੰਦੀ ਸਿੰਘ ਰਿਹਾਅ ਹੋਣ ਗੁਰੂ ਦੋਸ਼ੀਆ ਨੂੰ ਸਜਾ ਮਿਲੇ ਏਵੀ ਕੁਦਰਤੀ ਹੈ ਕੇ ਭਾਈ ਕੂਰਮ ਵੇਲੇ ਵੀ ਮੀਨਾ ਪੋਹ ਦਾ ਸੀ ਅੱਜ ਵੀ ਪੋਹ ਦੇ ਦਿਨ ਆ
ਗੁਰੂ ਹਰਰਾਇ ਸਾਹਿਬ ਮਹਾਰਾਜ ਮਿਹਰ ਕਰਨ ਇਸ ਮੋਰਚੇ ਨੂੰ ਫਲ ਲੱਗੇ ਉਦੋਂ ਭਾਈ ਕੂਰਮ ਦੀ ਭਾਵਨਾ ਪੂਰੀ ਸੀ ਹੁਣ ਵੀ ਪਿਆਰ ਵਾਲੇ ਤੇ ਪੰਥ ਦਰਦੀਆਂ ਦੀ ਅਰਦਾਸ ਪਰਵਾਨ ਹੋਵੇ ……
ਜੈਕਾਰੁ ਕੀਓ ਧਰਮੀਆ ਕਾ
ਪਾਪੀ ਕਉ ਡੰਡੁ ਦੀਓਇ ॥੧੬॥
ਮੇਜਰ ਸਿੰਘ
ਗੁਰੂ ਕਿਰਪਾ ਕਰੇ,