ਬਾਬਾ ਬਕਾਲਾ” ਜਿਸਦੇ ਕਿਸੇ ਸਮੇਂ ਬਿਆਸ ਦਰਿਆ ਬਿਲਕੁਲ ਨਾਲ ਖਹਿਕੇ ਵਗਦਾ ਸੀ ਇਕ ਛੋਟਾ ਜਿਹਾ ਨਗਰ ਸੀ , ਮਾਝੇ ਦੇਸ਼ ਦਾ ।
ਬਿਆਸ ਦਰਿਆ ਦੇ ਪਾਣੀ ਦੀਆਂ ਰੌਣਕਾਂ , ਚਿੜੀ ਚੜੂੰਗਾ , ਮਨੁੱਖ, ਪਸ਼ੂ- ਪੰਛੀ ਸੁਖੀ ਵਸੇਂਦੇ ਪਰ ਸਭ ਤੋਂ ਵਧੇਰੇ ‘ ਬਕ ‘ ਡਾਰਾਂ ਦੀਆਂ ਡਾਰਾਂ ਤੇ ਇਸ ਦਾ ਨਾਮ ਉਨਾਂ ਤੋਂ ਈ ਪੈ ਗਿਆ ” ਬਕ-ਵਾਲਾ” ।
ਫਿਰ ਇਹ ਬਕ-ਵਾਲਾ ਲੋਕਾਂ ਦੀ ਜੁਬਾਨ ਤੇ ਬਕਾਲਾ ਵਜੋਂ ਸਥਾਪਿਤ ਕਦ ਹੋਇਆ ਕਿਸੇ ਨੂੰ ਪਤਾ ਨਹੀਂ ਹੈ।
ਮਾਤਾ ਨਾਨਕੀ ਜੀ ਦਾ ਪੈਤਰਿਕ ਘਰ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਨਾਨਕਾ ਪਿੰਡ ਨਾਨਾ ਹਰਦਾਸ ਜੀ ਤੇ ਨਾਨੀ ਹਰਦਈ ਜੀ ।
ਕੀਰਤਪੁਰ ਸਾਹਿਬ ਸਤਵੇਂ ਗੁਰੂ ਪਾਤਸ਼ਾਹ ਦੀ ਗੁਰਗੱਦੀ ਤੋਂ ਬਾਅਦ ਤੇਗ ਬਹਾਦਰ ਜੀ ਨੇ ਮਾਤਾ ਨਾਨਕੀ ਤੇ ਆਪਣੀ ਪਤਨੀ ਮਾਤਾ ਗੁਜਰੀ ਨਾਲ ਇਸ ਜਗਹ ਆ ਰੈਣ ਬਸੇਰਾ ਬਣਾ ਲਿਆ ।
ਫਿਰ ਸਾਲ ਦਰ ਸਾਲ ਗੁਜਰ ਗਏ ਰੱਬੀ ਰੂਹ ਰੱਬੀ ਸਿਮਰਨ ਤੇ ਉਸ ਵਾਸਤੇ ਇਕ ਭੋਰਾ ।
ਅਠਵੇਂ ਪਾਤਸ਼ਾਹ ਦਾ ਫੁਰਮਾਨ ‘ ਬਾਬਾ’ ਵਸੇ ‘ ਬਕਾਲੇ’ ਬਸ ਫਿਰ ਕੀ ਸੀ ਆ ਬੈਠੇ ਬੇਅੰਤ ਝੂਠ ਦੀਆਂ ਗੱਦੀਆਂ ਲਾਣ।
ਬਖਸ਼ਿਸ਼ ਹੋਈ ਮਖਣ ਸ਼ਾਹ ਲਬਾਣੇ ਹੋਰਾਂ ਤੇ । ਸੁੱਖੀ ਸੁੱਖ ਕਬੂਲ ਹੋਈ ਤੇ ਭੇਟਾ ਦੇਣ ਪਹੁੰਚ ਗਿਆ ਬਕਾਲੇ।
ਇਥੇ ਤੇ ਮੰਜਰ ਈ ਹੋਰ ਸੀ , ਬਾਈ ਗੁਰੂ ਇਕ ਦੂਜੇ ਚ ਵਜਦੇ ਫਿਰਨ , ਸੋਚਾਂ ਚ ਪੈ ਗਿਆ ਕੀ ਕਰੇ ਤੇ ਕੀ ਨ ।
ਫਿਰ ਮੁਸਕਰਾਹਟ ਫਿਰੀ ਬੁਲੀਆਂ ਤੇ । ਲੱਗਾ ਹਰੇਕ ਦੇ ਅਗੇ ਪੰਜ ਪੰਜ ਮੋਹਰਾਂ ਧਰਨ। ਅਖੌਤੀ ਗੁਰੂ ਬਗਲਿਆਂ ਵਾਂਗ ਪੰਜ ਮੋਹਰਾਂ ਚੋਰ ਅੱਖਾਂ ਨਾਲ ਵੇਖ ਖੁਸ਼ੀ ਚ ਅੱਖਾਂ ਬੰਦ ਕਰ ਲੈਣ ਇਹ ਸੋਚ ਅਜ ਦਿਹਾੜੀ ਚੰਗੀ ਬਣੀ।
ਅਖੀਰ ਜਾ ਪਹੁੰਚਿਆਂ ਭੋਰੇ ਚ ,ਪੰਜ ਮੋਹਰਾਂ ਧਰੀਆਂ ਮੱਥਾ ਟੇਕਿਆ । ਉਧਰ ਜਦ ਅੱਖਾਂ ਨਹੀਂ ਖੁਲੀਆਂ ਤਾਂ ਨਿਰਾਸ਼ ਹੋ ਲਗਾ ਵਾਪਸ ਮੁੜਨ । ਅਵਾਜ ਆਈ ” ਪੰਜ ਸੌ ਦੀ ਥਾਂ ਪੰਜ ਝੜਾਵੇ ਕਰਕੇ ਬਚਨ ਮੁਕਰਦਾ ਜਾਵੇ”
ਬਸ ਛਾਲ ਈ ਮਾਰੀ ਪਲ ਵੀ ਨ ਲੱਗਾ ਤੇ ਭੋਰੇ ਦੀ ਛੱਤ ਤੇ ਸੀ ਮੱਖਣ ਸ਼ਾਹ
ਚਾਰ ਚੁਫੇਰੇ ਇਕ ਅਵਾਜ ਦੀ ਗੂੰਜ ਈ ਸੁਣੀ ਲੋਕਾਂ ” ਗੁਰ ਲਾਧੋ ਰੇ ਗੁਰ ਲਾਧੋ ਰੇ” ਵਹੀਰਾਂ ਘੱਤ ਲੋਕ ਭਜ ਤੁਰੇ ਭੋਰੇ ਵਲ ਤੇ ਪਤਾ ਈ ਨ ਲਗਾ ਭੋਰਾ ਕਦ ਭੋਰਾ ਸਾਹਿਬ ਹੋ ਗਿਆ ” ਤੇ ਤਿਆਗ ਮੱਲ” ਪਾਤਸ਼ਾਹ ਹਜੂਰ ਨੌਵੀਂ ਜੋਤ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ।
ਪਿਆਰਿਓ ਇਹੀ ਉਹ ਪਾਕ ਪਵਿੱਤਰ ਅਸਥਾਨ ਹੈ ਜਿਥੇ ਇਹ ਕਰਤਾਰੀ ਕੌਤਕ ਵਾਪਰਿਆ।
ਆਓ ਨਤਮਸਤਕ ਹੋਈਏ ਤੇ ਆਪਣੇ ਮਸਤਕ ਦਾ ਭਾਗ ਬਣਾ ਪਾਤਸ਼ਾਹ ਹਜ਼ੂਰ ਨੂੰ ਹਥ ਜੋੜ ਬੇਨਤੀ ਕਰੀਏ ਦੰਭ ਪਖੰਡ ਤੇ ਦੰਭੀ ਪਖੰਡੀਆਂ ਤੋਂ ਮੁਕਤ ਹੋਏ ਇਹ ਪਾਕ ਭੂ-ਖੰਡ!!