ਮਾਛੀਵਾੜਾ ਭਾਗ 16 ਤੇ ਆਖਰੀ

ਮਾਛੀਵਾੜਾ ਭਾਗ 16 ਤੇ ਆਖਰੀ
ਨੂਰਾ ਮਾਹੀ – ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਮਾਛੀਵਾੜੇ ਤੋਂ ਹੁੰਦੇ ਹੋਏ ਰਾਏਕੋਟ ਜ਼ਿਲਾ ਲੁਧਿਆਣਾ ਦੇ ਜੰਗਲਾਂ ਵਿਚ ਇਕ ਛੱਪੜੀ ਦੇ ਕੰਢੇ ਟਾਹਲੀ ਦੇ ਦਰੱਖਤ ਹੇਠ 19 ਪੋਹ (ਜਨਵਰੀ 1705) ਨੂੰ ਅੰਮ੍ਰਿਤ ਵੇਲੇ ਆਸਣ ਲਾ ਕੇ ਉਸ ਧਰਤੀ ਨੂੰ ਭਾਗ ਲਾਏ ਸਨ। ਜਿਉਂ ਹੀ ਦਿਨ ਚੜ੍ਹਿਆ ਰਾਏ ਕੱਲੇ ਦਾ ਚਰਵਾਹਾ ਨੂਰਾ ਮਾਹੀ ਮੱਝਾਂ ਚਾਰਨ ਆ ਗਿਆ ਅਤੇ ਗੁਰੂ ਸਾਹਿਬ ਨੇ ਨੂਰੇ ਨੂੰ ਦੁੱਧ ਛਕਾਉਣ ਲਈ ਕਿਹਾ। ਇਸ ‘ਤੇ ਨੂਰੇ ਨੇ ਬੇਨਤੀ ਕੀਤੀ ਕਿ ਗੁਰੂ ਸਾਹਿਬ ਮੱਝਾਂ ਤਾਂ ਮੈਂ ਅੱਜ ਸਵੇਰੇ ਚੋ ਕੇ ਆਇਆਂ, ਹੁਣ ਮੱਝਾਂ ਥੱਲੇ ਦੁੱਧ ਨਹੀਂ ਹੈ। ਜੇਕਰ ਤੁਸੀਂ ਹੁਕਮ ਕਰੋ, ਮੈਂ ਦੁੱਧ ਘਰੋਂ ਲੈ ਆਉਂਦਾ ਹਾਂ ਪਰ ਗੁਰੂ ਸਾਹਿਬ ਨੇ ਨੂਰੇ ਨੂੰ ਇਕ ਔਸਰ ਝੋਟੀ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਉਸ ਝੋਟੀ ਨੂੰ ਥਾਪੜਾ ਦੇ ਕੇ ਚੋਅ ਲੈ। ਗੁਰੂ ਸਾਹਿਬ ਦਾ ਹੁਕਮ ਮੰਨ ਕੇ ਨੂਰਾ ਮਾਹੀ ਝੋਟੀ ਨੂੰ ਥਾਪੜਾ ਦੇ ਕੇ ਦੁੱਧ ਚੋਣ ਲਈ ਹੇਠਾਂ ਬੈਠ ਗਿਆ ਅਤੇ ਝੋਟੀ ਨੂੰ ਦੁੱਧ ਉਤਰ ਆਇਆ। ਨੂਰੇ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਮੇਰੇ ਕੋਲ ਦੁੱਧ ਚੋਣ ਲਈ ਕੋਈ ਬਰਤਨ ਨਹੀਂ ਹੈ। ਗੁਰੂ ਸਾਹਿਬ ਨੇ ਉਸ ਨੂੰ ਆਪਣੇ 288 ਛੇਕਾਂ ਵਾਲਾ ਬਰਤਨ ਜਿਸ ਨੂੰ ਗੰਗਾ ਸਾਗਰ ਕਹਿੰਦੇ ਹਨ, ਦੇ ਦਿੱਤਾ। ਨੂਰੇ ਮਾਹੀ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ, ਜਦੋਂ ਔਸਰ ਝੋਟੀ ਨੇ ਦੁੱਧ ਦੇ ਦਿੱਤਾ ਅਤੇ 288 ਛੇਕਾਂ ਵਾਲੇ ਬਰਤਨ (ਗੰਗਾ ਸਾਗਰ) ਵਿਚੋਂ ਦੁੱਧ ਬਾਹਰ ਨਹੀਂ ਡੁੱਲਿਆ।
ਇਹ ਸਾਰੀ ਕਹਾਣੀ ਨੂਰੇ ਨੇ ਆਪਣੇ ਮਾਲਕ ਰਾਏ ਕੱਲਾ ਨੂੰ ਜਾ ਦੱਸੀ। ਰਾਏ ਕੱਲਾ ਬਹੁਤ ਅਮੀਰ ਜਾਗੀਰਦਾਰ ਪਰਿਵਾਰ ਰਾਏਕੋਟ ਨਾਲ ਸੰਬੰਧ ਰੱਖਦਾ ਸੀ। ਰਾਏ ਕੱਲਾ ਸਾਰੀ ਕਹਾਣੀ ਸੁਣ ਕੇ ਉਸੇ ਵਕਤ ਗੁਰੂ ਸਾਹਿਬ ਦੇ ਚਰਨੀਂ ਆ ਪਿਆ ਅਤੇ ਬੇਨਤੀ ਕੀਤੀ ਕਿ ਕੋਈ ਸੇਵਾ ਕਰਨ ਦਾ ਮਾਣ ਬਖਸ਼ੋ। ਗੁਰੂ ਸਾਹਿਬ ਨੇ ਕਿਹਾ ਸਰਹੰਦ ਤੋਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਖ਼ਬਰ ਲੈਣੀ ਹੈ, ਕੋਈ ਘੋੜ ਸਵਾਰ ਭੇਜੋ ਅਤੇ ਜਲਦੀ ਖਬਰ ਮੰਗਵਾਓ। ਰਾਏ ਕੱਲਾ ਨੇ ਇਕਦਮ ਨੂਰੇ ਨੂੰ ਸਰਹੰਦ ਲਈ ਰਵਾਨਾ ਕਰ ਦਿੱਤਾ, ਕਿਉਂਕਿ ਨੂਰੇ ਦੀ ਭੈਣ ਨੂਰਾਂ ਸਰਹੰਦ ਵਿਆਹੀ ਹੋਈ ਸੀ। ਸਰਹੰਦ ਪਹੁੰਚ ਕੇ ਆਪਣੀ ਭੈਣ ਨੂਰਾਂ ਤੋਂ ਛੋਟੇ ਗੁਰੂ ਸਾਹਿਬ ਦੇ ਬੱਚਿਆਂ ਅਤੇ ਮਾਤਾ ਬਾਰੇ ਸਾਰੀ ਜ਼ਾਲਮਾਨਾ ਤੇ ਦੁੱਖ ਭਰੀ ਕਹਾਣੀ ਸੁਣ ਕੇ ਵਾਪਸ ਆ ਕੇ ਗੁਰੂ ਜੀ ਨੂੰ ਦੱਸੀ। ਛੋਟੇ ਸਾਹਿਬਜ਼ਾਦੇ ਇਸਲਾਮ ਨੂੰ ਨਾ ਕਬੂਲ ਕਰਦੇ ਹੋਏ ਉਥੋਂ ਦੇ ਨਵਾਬ ਵਜੀਦ ਖਾਨ ਨੇ ਬੱਚਿਆਂ ਨੂੰ ਜ਼ਿੰਦਾ ਨੀਂਹ ਵਿਚ ਚਿਣਵਾ ਕੇ ਸ਼ਹੀਦ ਕਰ ਦਿੱਤਾ। ਗੁਰੂ ਸਾਹਿਬ ਨੇ ਪੁੱਛਿਆ ਕਿਸੇ ਨੇ ਹਮਦਰਦੀ ਦਾ ਹਾਅ ਦਾ ਨਾਅਰਾ ਨਹੀਂ ਮਾਰਿਆ। ਤਦ ਨੂਰੇ ਨੇ ਕਿਹਾ ਬੱਚਿਆਂ ਦੀ ਹਮਦਰਦੀ ਵਿਚ ਹਾਅ ਦਾ ਨਾਅਰਾ ਨਵਾਬ ਮਾਲੇਰਕੋਟਲਾ ਨੇ ਮਾਰਿਆ ਸੀ ਕਿ ਇਨਾਹ੍ ਮਾਸੂਮਾਂ ਦਾ ਕੋਈ ਕਸੂਰ ਨਹੀਂ ਹੈ ਅਤੇ ਇੰਨੀ ਵੱਡੀ ਸਜ਼ਾ ਕਿਉਂ ਦਿੱਤੀ ਜਾ ਰਹੀ ਹੈ, ਜੋ ਨਵਾਬ ਸਰਹੰਦ ਨੇ ਨਹੀਂ ਮੰਨੀ। ਮਾਤਾ ਜੀ ਠੰਡੇ ਬੁਰਜ ਵਿਚ ਸ਼ਹਾਦਤ ਪਾ ਗਏ ਸਨ।
ਗੁਰੂ ਜੀ ਨੇ ਇਹ ਸਾਰੀ ਸ਼ਹਾਦਤ ਦੀ ਵਾਰਤਾ ਸੁਣ ਕੇ ਤੀਰ ਦੀ ਨੋਕ ਨਾਲ ਕਾਹੀ ਦੇ ਬੂਟੇ ਦੀ ਜੜ੍ਹ ਪੁੱਟੀ ਤੇ ਵਚਨ ਕੀਤਾ ਕਿ ਭਾਰਤ ਵਿਚੋਂ ਮੁਗਲ ਰਾਜ ਦੀ ਜੜ੍ਹ ਅੱਜ ਪੁੱਟੀ ਗਈ। ਉਸ ਸਮੇਂ ਸਾਰੀ ਸੰਗਤ ਚੁੱਪ ਰਹੀ ਪਰ ਰਾਏ ਕੱਲਾ ਨੇ ਬੇਨਤੀ ਕੀਤੀ ਕਿ ਗੁਰੂ ਸਾਹਿਬ ਸਾਡੇ ‘ਤੇ ਰਹਿਮ ਕਰੋ, ਅਸੀਂ ਵੀ ਮੁਗਲ ਹਾਂ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਤੁਸੀਂ ਸੇਵਾ ਕੀਤੀ ਹੈ, ਤੇਰਾ ਰਾਜ ਕਾਇਮ ਰਹੇਗਾ ਅਤੇ ਨਵਾਬ ਮਾਲੇਰਕੋਟਲੇ ਦਾ ਵੀ ਰਹੇਗਾ। ਰਾਏ ਕੱਲੇ ਨੂੰ ਗੁਰੂ ਸਾਹਿਬ ਨੇ ਤਲਵਾਰ ਗੰਗਾ ਸਾਗਰ ਅਤੇ ਕੇਹਲ ਬਖਸ਼ਿਸ਼ ਕਰਕੇ ਬਚਨ ਕੀਤਾ ਕਿ ਜਦ ਤਕ ਇਨ੍ਹਾਂ ਸ਼ਸਤਰਾਂ ਦੀ ਸੇਵਾ ਕਰੋਗੇ, ਉਦੋਂ ਤਕ ਉਨ੍ਹਾਂ ਦਾ ਰਾਜ ਕਾਇਮ ਰਹੇਗਾ। ਅੱਜਕਲ ਉਸ ਅਸਥਾਨ ਉੱਪਰ ਬਹੁਤ ਵੱਡਾ ਗੁਰਦੁਆਰਾ ਸਾਹਿਬ ਹੈ, ਜਿਸ ਨੂੰ ਗੁਰਦੁਆਰਾ ਟਾਹਲੀਆਣਾ ਸਾਹਿਬ ਕਹਿੰਦੇ ਹਨ, ਜੋ ਰਾਏਕੋਟ ਲੁਧਿਆਣੇ ਦੇ ਨੇੜੇ ਹੈ। ਇਸ ਵੱਡੇ ਗੁਰਦੁਆਰੇ ਦੇ ਅੰਦਰ ਹੀ ਦੋ ਛੋਟੇ ਗੁਰਦੁਆਰੇ, ਗੁਰਦੁਆਰਾ ਜੜ੍ਹ ਪੁੱਟੀ ਸਾਹਿਬ ਤੇ ਬੂਟਾ ਸਾਹਿਬ ਹਨ।
ਗੁਰਦੁਆਰਾ ਮਾਛੀਵਾੜਾ ਅਤੇ ਹੋਰ ਗੁਰਧਾਮ ।
ਸਿੱਖ ਧਰਮ ਵਿਚ ਗੁਰੂ ਮਹਾਰਾਜ ਤੋਂ ਪਿੱਛੋਂ ਦੂਸਰਾ ਦਰਜਾ ਗੁਰਦੁਆਰਿਆਂ ਨੂੰ ਦਿੱਤਾ ਜਾਂਦਾ ਹੈ । ਗੁਰਦੁਆਰੇ ਗੁਰੂ – ਘਰ ਜਾਂ ਸਿੱਖੀ ਵਿਚ ਮਹਾਨ ਪੂਜਨੀਕ ਹਨ । ਇਕ ਗੁਰੂ ਮਹਾਰਾਜ ਦੀ ਅਮਰ ਯਾਦ , ਦੂਸਰਾ ਸਿੱਖੀ ਪ੍ਚਾਰ ਦੇ ਕੇਂਦਰ ਤੇ ਤੀਸਰਾ ਜੀਵਨ – ਕਲਿਆਣ , ਸ਼ਾਂਤੀ , ਗਿਆਨ , ਭਗਤੀ ਤੇ ਸ਼ਕਤੀ ਦੇ ਸੋਮੇ ਗੁਰਦੁਆਰੇ ਵਿਚੋਂ ਸਿੱਖ ਨੂੰ ਕੀ ਪ੍ਰਾਪਤ ਹੁੰਦਾ ਹੈ । ਇਸ ਪ੍ਰਥਾਇ ਗਿਆਨੀ ਠਾਕੁਰ ਸਿੰਘ ਅੰਮ੍ਰਿਤਸਰੀ ਲਿਖਦੇ ਹਨ :
ਅੰਮ੍ਰਿਤ ਵੇਲੇ ਗੁਰ ਸਿਖ ਜਾਗੈ ॥
ਦਾਤਨ ਸੌਚ ਸਨਾਨ ਸੁ ਲਾਗੈ ।
ਸ੍ਰੀ ਜਪੁਜੀ ਪੁਨ ਜਾਪੁ ਉਚਾਰੈ ॥
ਆਸਾ ਵਾਰ ਸੁਖਮਨੀ ਸਾਰੈ ।
ਨਿਤਨੇਮ ਨਿਤਪ੍ਤਿ ਸਦ ਕਰਨੋ ।
ਜਿਹ ਬਿਧ ਗੁਰ ਸਿਖਨ ਸਦ ਬਰਨੋ ।
ਪੁਨ ਅਰਦਾਸ ਆਹ ਨਾਲ ਕਰ ਕੇ ।
ਮਾਥਾ ਟੇਕ ਧਰਨ ਸਿਰ ਧਰ ਕੇ ।
ਗੁਰ ਪਦ ਪਦਮ ਧਿਆਨ ਉਰ ਧਰਨੋ ।
ਫਤੈ ਗਜਾਇ ਗੁਰੂ ਜਸ ਬਰਨੋ ।
ਭਾਵ ਕਿ ਗੁਰਦੁਆਰਿਆਂ ਦੀ ਬੇਅੰਤ ਮਹਿਮਾ ਹੈ । ਲਿਖਣ ਲੱਗੀਏ ਤਾਂ ਵੱਡਾ ਗ੍ਰੰਥ ਬਣਦਾ ਹੈ । ਸਤਿਗੁਰੂ ਗੋਬਿੰਦ ਸਿੰਘ ਜੀ ਚਮਕੌਰ ਸਾਹਿਬ ਤੋਂ ਚੱਲੇ ਸਨ । ਆਪ ਮਾਛੀਵਾੜੇ ਤੋਂ ਦੀਨੇ ਤਕ ਆਏ । ਮਾਲਵੇ ਦੀ ਇਸ ਜੰਗਲੀ ਧਰਤੀ ਨੇ ਅੱਜ ਤਕ ਗੁਰਦੁਆਰਿਆਂ ਦੇ ਰੂਪ ਵਿਚ ਆਪ ਦੀ ਯਾਦ ਸੰਭਾਲ ਕੇ ਰੱਖੀ ਹੈ । ਜਿਨ੍ਹਾਂ ਦੇ ਦਰਸ਼ਨ ਕਰ ਕੇ ਅੱਜ ਵੀ ਸ਼ਰਧਾਲੂ ਸਿੱਖ , ਸਿੱਖੀ ਜੀਵਨ ਦੀ ਪ੍ਰੇਰਨਾ ਲੈਂਦੇ ਹਨ । ਸਤਿਗੁਰੂ ਮਹਾਰਾਜ ਦਾ ਵਾਕ ਹੈ :
ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ ॥ ਗੁਰ ਸਿਖੀ ਸੋ ਥਾਨੁ ਭਾਲਿਆ ਲੈ ਧੂਰਿ ਮੁਖਿ ਲਾਵਾ ॥
ਜਿਥੇ ਵੀ ਗੁਰੂ ਮਹਾਰਾਜ ਬਿਰਾਜੇ , ਅੱਜ ਉਥੇ ਆਲੀਸ਼ਾਨ ਗੁਰਦੁਆਰੇ ਹਨ । ਉਹਨਾਂ ਗੁਰਦੁਆਰਿਆਂ ਦੇ ਦਰਸ਼ਨ ਕਰਨ ‘ ਤੇ ਤਿੰਨ ਸੌ ਸਾਲ ਦਾ ਇਤਿਹਾਸ ਝੱਟ ਚੇਤੇ ਆ ਜਾਂਦਾ ਹੈ । ਚਮਕੌਰ ਸਾਹਿਬ ਤੋਂ ਅੱਗੇ ਗੁਰਦੁਆਰਿਆਂ ਦਾ ਵੇਰਵਾ ਇਸ ਪ੍ਰਕਾਰ ਹੈ : ਇਕ ਸ਼ਰਧਾਲੂ ਸਿੱਖ , ਜਿਸ ਨੇ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਯਾਦਾਂ ਦੇ ਦਰਸ਼ਨ ਕਰਨੇ ਹੋਣ , ਉਹ ਚਮਕੌਰ ਸਾਹਿਬ ਤੋਂ ਉਸ ਗੱਡੀ ਵਿਚ ਬੈਠੇ ਜਿਹੜੀ ਰੋਪੜ ਨਹਿਰ ਦੀ ਪਟੜੀ ਸਮਰਾਲੇ ਨੂੰ ਆਉਂਦੀ ਹੈ । ਸਾਰੇ ਗੁਰਦੁਆਰੇ ਚਾਰ ਕੋਹ ਦੀ ਵਿੱਥ ‘ ਤੇ ਇਕ ਦੂਸਰੇ ਦੇ ਨਾਲੋ ਨਾਲ ਹਨ । ਹੌਲੀ ਹੌਲੀ ਦਰਸ਼ਨ ਕਰਦਾ ਆਏ । ੧ – ਪਹਿਲਾ ਗੁਰਦੁਆਰਾ ਜੰਡ ਸਾਹਿਬ ਹੈ । ਏਥੇ ਸਤਿਗੁਰੂ ਜੀ ਨੇ ਗੁਜਰਾਂ ਨੂੰ ਸੋਧਿਆ ਸੀ , ਜਿਹੜੇ ਰੌਲਾ ਪਾਉਂਦੇ ਸੀ , “ ਔਹ ਸਿੱਖਾਂ ਦਾ ਗੁਰੂ ਜਾਂਦਾ ਹੈ । ” ਉਹਨਾਂ ਨੂੰ ਮੋਹਰਾਂ ਦਾ ਲਾਲਚ ਵੀ ਦਿੱਤਾ । ਫਿਰ ਵੀ ਦੁਸ਼ਟ ਨਾ ਸਮਝੇ । ੨ — ਗੁਰਦੁਆਰਾ ਝਾੜ ਸਾਹਿਬ — ਬਲੋਲਪੁਰ ਦੇ ਨਹਿਰ ਦੇ ਪੁਲ ਤੋਂ ਪੂਰਬ ਦੱਖਣ ਵੱਲ ਕੋਈ ਅੱਧ ਮੀਲ ਉੱਤੇ ਹੈ । ਇਮਾਰਤ ਸਾਰੀ ਪੱਕੀ , ਗੁਰੂ ਕਾ ਲੰਗਰ ਚੱਲਦਾ ਹੈ ਤੇ ਚੰਗੀਆਂ ਰੌਣਕਾਂ ਰਹਿੰਦੀਆਂ ਹਨ । ਏਥੇ ਗੁਰੂ ਜੀ ਬਲੋਲਪੁਰ ਤੋਂ ਹੋ ਕੇ ਰੁਕੇ ਸਨ । ੩- ਗੁਰਦੁਆਰਾ ਮੰਜੀ ਸਾਹਿਬ – ਇਸ ਅਸਥਾਨ ‘ ਤੇ ਸਤਿਗੁਰੂ ਜੀ ਇਕ ਪਹਿਰ ਰਹੇ ਸਨ ਤੇ ਦਸਤਾਰ ਸਜਾਈ ਸੀ । ਝਾੜ ਸਾਹਿਬ ਤੋਂ ਤਿੰਨ ਕੋਹ ਦੀ ਵਾਟ ` ਤੇ ਹੈ । ਸ਼ਰਧਾਲੂ ਸਿੱਖਾਂ ਨੇ ਯਾਦਗਾਰ ਕਾਇਮ ਕਰ ਰੱਖੀ ਹੈ । ੪ – ਗੁਰਦੁਆਰਾ ਮੰਜੀ ਸਾਹਿਬ ਤੋਂ ਅੱਗੇ ਸ਼ਹਿਰ ਮਾਛੀਵਾੜਾ ਆ ਜਾਂਦਾ ਇਹ ਦਰਿਆ ਸਤਲੁਜ ਦੇ ਕਿਨਾਰੇ ਕਦੀ ਹੁੰਦਾ ਸੀ , ਹੁਣ ਦਰਿਆ ਕੁਝ ਪਿੱਛੇ ਹਟ ਗਿਆ ਹੈ । ਸ਼ਹਿਰ ਦੇ ਪੂਰਬ ਵੱਲ ਗੁਰਦੁਆਰਾ ਚਰਨ ਕੰਵਲ ਸਾਹਿਬ ਹੈ । ਇਹ ਉਹ ਪਵਿੱਤਰ ਅਸਥਾਨ ਹੈ ,…
ਜਿਥੇ ਸਤਿਗੁਰੂ ਜੀ ਗੁਲਾਬੇ ਮਸੰਦ ਦੇ ਬਾਗ ਵਿਚੋਂ ਖੂਹ ਤੋਂ ਪਾਣੀ ਪੀ ਕੇ ਜੰਡ ਹੇਠਾਂ ਬਿਰਾਜੇ ਸਨ ਤੇ ਏਥੇ ਹੀ ਭਾਈ ਦਇਆ ਸਿੰਘ , ਭਾਈ ਮਾਨ ਸਿੰਘ ਤੇ ਭਾਈ ਧਰਮ ਸਿੰਘ ਜੀ ਆ ਮਿਲੇ ਸਨ । ਅਜੇ ਵੀ ਬਾਗ ਹੈ ਤੇ ਆਲੀਸ਼ਾਨ ਗੁਰਦੁਆਰਾ ਬਣਿਆ ਹੋਇਆ ਹੈ । ਪੱਕੀ ਸੜਕ ਜਾਂਦੀ ਹੈ । ਇਸ਼ਨਾਨ ਕਰਨ ਲਈ ਬੰਬੀ ਲੱਗੀ ਹੈ ਤੇ ਗੁਰੂ ਕਾ ਲੰਗਰ ਤਿਆਰ ਵਰਤੀਂਦਾ ਰਹਿੰਦਾ ਹੈ । ੫ – ਮਾਛੀਵਾੜਾ ਸ਼ਹਿਰ ਗੁਲਾਬੇ ਮਸੰਦ ਦਾ ਘਰ , ਗੁਰਦੁਆਰਾ ਹੈ । ਉਥੇ ਲਾਗੇ ਹੀ ਉਹ ਇਤਿਹਾਸਕ ਮੱਟੀ ਪਈ ਹੈ , ਜਿਸ ਵਿਚ ਸਤਿਗੁਰੂ ਜੀ ਦੇ ਬਸਤਰ ਨੀਲੇ ਰੰਗੇ ਸਨ , ਜਦੋਂ ਉੱਚ ਦੇ ਪੀਰ ਬਣਨ ਦੀ ਸਲਾਹ ਕੀਤੀ ਸੀ । ਇਤਿਹਾਸਕ ਯਾਦਗਾਰ ਹੈ । ੬ – ਨਬੀ ਖ਼ਾਂ ਗਨੀ ਖ਼ਾਂ ਦਾ ਘਰ — ਇਹ ਅਸਥਾਨ ਵੀ ਮਾਛੀਵਾੜੇ ਸ਼ਹਿਰ ਵਿਚ ਹੈ । ਨਿੱਕੀ ਨਾਨਕਸ਼ਾਹੀ ਇੱਟ ਦਾ ਮਕਾਨ ਹੈ । ਪਾਕਿਸਤਾਨ ਬਣਨ ਤੋਂ ਪਹਿਲਾਂ ਇਸ ਅਸਥਾਨ ਦੀ ਸੰਭਾਲ ਨਬੀ ਖ਼ਾਂ ਗ਼ਨੀ ਖ਼ਾਂ ਦੀ ਸੰਤਾਨ ਕਰਦੀ ਸੀ । ਪਰ ਜਦੋਂ ਦੇਸ਼ ਦੀ ਵੰਡ ਪੈ ਗਈ ਤੇ ਮੁਸਲਮਾਨ ਹਿਜਰਤ ਕਰ ਗਏ ਤਾਂ ਨਬੀ ਖ਼ਾਂ ਗ਼ਨੀ ਖ਼ਾਂ ਦੀ ਸੰਤਾਨ ਵਾਲੇ ਮੁਸਲਮਾਨ ਵੀ ਪਾਕਿਸਤਾਨ ਚਲੇ ਗਏ । ਗੁਰੂ ਜੀ ਦਾ ਯਾਦਗਾਰੀ ਇਤਿਹਾਸਕ ਪਲੰਘ ਨਾਲ ਲੈ ਗਏ , ਕਿਉਂਕਿ ਉਹ ਪੂਜਾ ਕਰਦੇ ਹਨ । ਅੱਜ ਕੱਲ ਇਕ ਸੇਵਾਦਾਰ ਹੈ । ਓਸੇ ਤਰ੍ਹਾਂ ਦਾ ਹੋਰ ਨਵਾਂ ਪਲੰਘ ਰੱਖਿਆ ਹੈ ਤੇ ਗੁਰੂ ਜੀ ਦਾ ਆਉਣਾ , ਪਲੰਘ ਤੇ ਗੁਰੂ ਜੀ ਦੇ ਦਿੱਤੇ ਵਰ ਆਦਿਕ ਬਾਬਤ ਲਿਖ ਕੇ ਰੱਖਿਆ ਹੈ । ਸਿੱਖ ਸੰਗਤਾਂ ਦਰਸ਼ਨ ਕਰਦੀਆਂ ਹਨ । ਸਤਿਗੁਰੂ ਮਹਾਰਾਜ ਦੀ ਕ੍ਰਿਪਾ ਨਾਲ ਸ਼ਹਿਰ ਵੱਸਦਾ ਹੈ । ਪਾਕਿਸਤਾਨ ਬਣਨ ਵੇਲੇ ਬਹੁਤ ਉਜੜਿਆ ਜਾਂ ਢੱਠਾ ਨਹੀਂ ਸੀ । ੭ – ਗੁਰੂ ਸਰ ਸਾਹਿਬ , ਲੇਲ ਪਿੰਡ — ਇਹ ਮਾਛੀਵਾੜੇ ਤੋਂ ਪੰਜ ਕੋਹ ਦੀ ਦੂਰੀ ` ਤੇ ਹੈ । ਏਥੇ ਮੁਸਲਮਾਨੀ ਲਸ਼ਕਰ ਨੇ ਗੁਰੂ ਜੀ ਨੂੰ ਰੋਕਿਆ ਸੀ । ਪਰ ਨਬੀ ਖ਼ਾਂ ਗਨੀ ਖਾਂ ਦੀ ਹਿੰਮਤ ਤੇ ਅਕਲ ਨਾਲ , ਕੁਝ ਅਕਾਲ ਪੁਰਖ ਦੀ ਕ੍ਰਿਪਾ ਨਾਲ ਅੱਗੇ ਨਿਕਲ ਗਏ ਸਨ । ਇਥੇ ਸਰੋਵਰ ਗੁਰਦੁਆਰਾ ਹੈ —੮ ਕਟਾਣੀ ਪਿੰਡ — ਰੋਪੜ ਨਹਿਰ ਦੇ ਕਿਨਾਰੇ ਕਟਾਣੀ ਬੜਾ ਵੱਡਾ ਪਿੰਡ ਹੈ । ਉਥੇ ਵੀ ਗੁਰਦੁਆਰਾ ਹੈ । ੯ — ਗੁਰਦੁਆਰਾ ਕਨੇਚ ਨਗਰ ੧੦ – ਗੁਰਦੁਆਰਾ ਆਲਮਗੀਰ ੧੧ – ਗੁਰਦੁਆਰਾ ਜੋਧ ਪਿੰਡ ੧੨ — ਗੁਰਦੁਆਰਾ ਮੋਹੀ ਪਿੰਡ — ਇਸ ਗੁਰਦੁਆਰੇ ਦਾ ਇਤਿਹਾਸ ਇਉਂ ਹੈ ਕਿ ਸਤਿਗੁਰੂ ਮਹਾਰਾਜ ਨੂੰ ਮੋਹੀ ਨਗਰ ਵਿਚ ਇਕ ਲੁਹਾਰ ਗੋਚਰਾ ਕੰਮ ਪਿਆ । ਉਸ ਨੇ ਬੜੀ ਸ਼ਰਧਾ ਨਾਲ ਕੰਮ ਕੀਤਾ ਤੇ ਹੱਥ ਜੋੜ ਕੇ ਬੇਨਤੀ ਕੀਤੀ , “ ਆਪ ਕੋਈ ਵਲੀ – ਔਲੀਏ ਦਿਖਾਈ ਦਿੰਦੇ ਹੋ । ਮੇਰੇ ਉੱਤੇ ਕ੍ਰਿਪਾ ਕਰੋ । ” ਸਤਿਗੁਰੂ ਜੀ , “ ਗੁਰਮੁਖਾ , ਤੈਨੂੰ ਕੀ ਕਸ਼ਟ ਜਾਂ ਤੰਗੀ ਹੈ ? ” ਲੁਹਾਰ , ਮਹਾਰਾਜ ! ਮੇਰੇ ਘਰ ਸੰਤਾਨ ਨਹੀਂ । ਮੈਂ ਚਾਹੁੰਦਾ ਹਾਂ ਦੋ ਪੁੱਤਰ ਹੋਣ । ਬੂਟੇ ਤੋਂ ਬੂਟਾ ਲੱਗੇ , ਦੀਵੇ ਨਾਲ ਦੀਵਾ ਬਲਦਾ ਰਹੇ ਤਾਂ ਕਿ ਇਸ ਘਰ ਤੇ ਦੁਕਾਨ ਵਿਚ ਚਾਨਣ ਰਹੇ । ਸੰਤਾਨ ਨਾਂ ਹੋਣੀ ਤਾਂ ਇਕ ਪ੍ਰਕਾਰ ਦਾ ਕਸ਼ਟ ਹੈ । ਰਾਤ ਦਿਨ ਸੋਚਾਂ ਵਿਚ ਬੀਤ ਜਾਂਦਾ ਹੈ । ਅੰਤਰਯਾਮੀ ਸਤਿਗੁਰੂ ਮਹਾਰਾਜ , ਘਟ ਘਟ ਦੀ ਜਾਣਨਹਾਰ ਨੇ ਜਦੋਂ ਧਿਆਨ ਮਾਰਿਆ ਤਾਂ ਲੁਹਾਰ ਦੇ ਖ਼ਾਨਦਾਨ ਦਾ ਅੰਤ ਹੋਣਾ ਲਿਖਿਆ ਨਜ਼ਰ ਆਇਆ । ਦਰਗਾਹੇ ਲੇਖੇ ਮੁੱਕ ਚੁੱਕੇ ਸਨ । ਪਰ ਕਿਉਂਕਿ ਉਸ ਨੇ ਬੇਨਤੀ ਕੀਤੀ , ਬੇਨਤੀ ਹੋਈ ਅਕਾਲ ਪੁਰਖ ਦੇ ਬੇਟੇ ਕੋਲ , ਜਿਸ ਉੱਤੇ ਅਕਾਲ ਪੁਰਖ ਦੀਆਂ ਸਭ ਮਿਹਰਾਂ ਸਨ । ਮਹਾਰਾਜ ਨੇ ਉਸ ਵੇਲੇ ਧਿਆਨ ਧਰ ਕੇ ਅਕਾਲ ਪੁਰਖ ਨਾਲ ਬਚਨ ਕੀਤੇ , “ ਇਸ ਲੁਹਾਰ ਨੇ ਆਪ ਦੇ ਬੇਟੇ ਅੱਗੇ ਬੇਨਤੀ ਕੀਤੀ ਹੈ । ਜੇ ਬੇਨਤੀ ਮੰਨੀ ਨਾ ਜਾਏ ਤਾਂ ਆਪ ਦੀ ਵਡਿਆਈ ਵਿਚ ਫ਼ਰਕ ਆਉਂਦਾ ਹੈ । ” ਉਸ ਵੇਲੇ ਅਕਾਲ ਪੁਰਖ ਨੇ ਬਚਨ ਕੀਤਾ , “ ਬੇਟਾ ਗੋਬਿੰਦ ਸਿੰਘ ਜੋ ਕੁਝ ਬਚਨ ਕਰੋਗੇ ਸੋ ਸੱਚ ਹੋਣਗੇ । ਅਸਾਂ ਦੀ ਮਰਜ਼ੀ ਜਾਂ ਲਿਖਤ ਦੇ ਉਲਟ ਵੀ ਹੋ ਸਕਦਾ ਹੈ । ਤੁਸਾਂ ਦੀ ਤਪੱਸਿਆ , ਘਾਲਣਾ ਤਿਆਗ ਤੇ ਸੇਵਾ ’ ਤੇ ਅਸੀਂ ਪ੍ਰਸੰਨ ਹਾਂ । ਅੱਜ ਤੁਸੀਂ ਜੀਵਨ ਦੇ ਉਸ ਪੜਾਅ ‘ ਤੇ ਤੁਰੇ ਜਾ ਰਹੇ ਹੋ , ਜਿਸ ‘ ਤੇ ਕੋਈ ਵਲੀ , ਅਵਤਾਰ ਨਹੀਂ ਪਹੁੰਚਿਆ । ਸਭ ਰੁਕ ਜਾਂਦੇ ਰਹੇ । ਅਸਾਂ ਦੀ ਪੈਦਾ ਕੀਤੀ ਮਾਯਾ ਦੇ ਜਾਲ ਵਿਚ ਫਸ ਕੇ ਜੀਵਨ – ਨਿਸ਼ਾਨੇ ਤੇ ਕਰਮ ਟੀਚੇ ਤੋਂ ਉਰੇ ਹੀ ਰਹਿ ਜਾਂਦੇ ਰਹੇ । ਇਸ ਲੁਹਾਰ ਨੂੰ ਕੀ , ਜੇ ਮਿੱਟੀ ਨੂੰ ਵਰ ਦਿਉਗੇ ਤਾਂ ਉਹ ਵੀ ਪੂਰਾ ਹੋਏਗਾ । ਅਸੀਂ ਪ੍ਰਸੰਨ ਹਾਂ । ” ਐਸਾ ਅਕਾਲ ਪੁਰਖ ਦਾ ਬਚਨ ਸੁਣ ਕੇ ਸਤਿਗੁਰੂ ਜੀ ਦੇ ਚਿਹਰੇ ਉੱਤੇ ਇਕ ਅਨੋਖਾ ਚਮਤਕਾਰੀ ਨੂਰ ਆਇਆ । ਉਹਨਾਂ ਦਾ ਤਨ ਲਰਜ਼ਿਆ ਤੇ ਚੜ੍ਹਦੀ ਕਲਾ ਦਾ ਪ੍ਰਕਾਸ਼ ਹੋਇਆ । ਉਹਨਾਂ ਨੇ ਲੁਹਾਰ ਵੱਲ ਦੇਖਿਆ । ਉਸ ਦੀ ਆਤਮਾ ਨੂੰ ਦੇਖਿਆ , ਉਹ ਨਿਰਮਲ ਤੇ ਆਸ਼ਾਵੰਤ ਮਾਸੂਮ ਸੀ । “ ਭਾਈ ! ” ਸਤਿਗੁਰੂ ਜੀ ਨੇ ਲੁਹਾਰ ਨੂੰ ਸੰਬੋਧਨ ਕੀਤਾ । “ ਹੁਕਮ ਮਹਾਰਾਜ ! ” ਉਸ ਨੇ ਦੋਵੇਂ ਹੱਥ ਜੋੜੇ । “ ਤੇਰੀ ਇੱਛਾ ਪੁੱਤਰ ਦੀ ਹੈ ! ” “ ਦੋ ਪੁੱਤਰਾਂ ਦੀ ਮਹਾਰਾਜ ! ” “ ਅੱਛਾ ! ਅਕਾਲ ਪੁਰਖ , ਮੇਰੇ ਮਾਲਕ ਨੇ ਤੇਰੇ ਭਾਗ ਵਿਚ ਅਦਲਾ – ਬਦਲੀ ਕਰ ਦਿੱਤੀ ਹੈ । ਤੇਰੇ ਘਰ ਦੋ ਪੁੱਤਰ ਹੋਣਗੇ । ਦੋ ਦੋ ਡੋਲੇ ਆਇਆ ਕਰਨਗੇ । ਪਰਵਾਰ ਵਧੇਗਾ | ਤੇਰੇ ਘਰ ਰੌਣਕਾਂ ਰਹਿਣਗੀਆਂ । ” ਮਹਾਰਾਜ ਨੇ ਵਰ ਦਿੱਤਾ । ਲੁਹਾਰ ਦੀ ਆਤਮਾ ਪ੍ਰਸੰਨ ਹੋ ਗਈ । ਉਸ ਨੂੰ ਭਰੋਸਾ ਹੋ ਗਿਆ ਤੇ ਮਹਾਰਾਜ ਦੀ ਸੇਵਾ ਕੀਤੀ । ਉਸ ਨੇ ਗੁਰੂ ਮਹਾਰਾਜ ਦੀ ਯਾਦਗਾਰ ਕਾਇਮ ਕੀਤੀ । ਲੁਹਾਰ ਦੇ ਘਰ ਦੋ ਪੁੱਤਰ ਹੋਏ ਤੇ ਪੁੱਤਰਾਂ ਦਾ ਪਰਵਾਰ ਵਧਿਆ । ਉਸ ਲੁਹਾਰ ਦੇ ਪੁੱਤਰਾਂ ਤਕ ਜਦੋਂ ਗੁਰੂ ਜੀ ਦੇ ਵਰ ਦੀ ਚਰਚਾ ਚਲੀ ਆਈ ਤਾਂ ਉਸ ਵੇਲੇ ਨੂੰ ਪੰਜਾਬ ਵਿਚ ਸਿੰਘਾਂ ਦਾ ਬੋਲ – ਬਾਲਾ ਹੋ ਗਿਆ । ਮੋਹੀ ਨਗਰ ਵਾਸੀਆਂ ਤੇ ਸਤਿਗੁਰੂ ਮਹਾਰਾਜ ਦੇ ਵਰ ਨਾਲ ਜਨਮੇ ਲੜਕਿਆਂ ਨੇ ਗੁਰੂ ਜੀ ਦੇ ਚਰਨ – ਛੋਹ ਵਾਲੀ ਧਰਤ ਸੁਹਾਵੀ ਨੂੰ ਗੁਰਦੁਆਰੇ ਦਾ ਰੂਪ ਦਿੱਤਾ । ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਤੇ ‘ ਪੂਜਾ ਆਸਣ ਥਾਪਨ ਸੋਆ ‘ ਦਾ ਬਚਨ ਅਟੱਲ ਹੋਇਆ । ਸੀਨਾ – ਬ – ਸੀਨਾ ਤੁਰੀਆਂ ਆ ਰਹੀਆਂ ਕਥਾਵਾਂ ਤੋਂ ਪ੍ਰਗਟ ਹੁੰਦਾ ਹੈ ਕਿ ਜਿਸ ਨੇ ਵੀ ਸੇਵਾ ਕੀਤੀ , ਉਸੇ ਦੀ ਸੰਤਾਨ ਵਧੀ । ਹੁਣ ਗੁਰਦੁਆਰੇ ਦੀ ਬੜੀ ਮਹਿਮਾ ਹੈ ਤੇ ਜਿਹੜਾ ਵੀ ਸ਼ਰਧਾ ਧਾਰ ਕੇ ਪੁੱਤਰ ਦੀ ਇੱਛਾ ਕਰਦਾ ਹੈ , ਉਸ ਦੇ ਘਰ ਪੁੱਤਰ ਹੋ ਜਾਂਦਾ ਹੈ । ਇਸ ਗੁਰਦੁਆਰੇ ਦੀ ਮਹਿਮਾ ਵਧੀ ਸੀ , ਸਿੱਖ ਰਾਜ ਦੇ ਮੁੱਢਲੇ ਦਿਨਾਂ ਵਿਚ ਜਦੋਂ ਕਿ ਸਿੱਖ ਸਰਦਾਰਾਂ ਨੇ ਪੁੱਤਰ ਪ੍ਰਾਪਤੀ ਦੀ ਅਰਦਾਸ ਕਰਵਾਈ ਤੇ ਇਹ ਕਿਹਾ , “ ਪੁੱਤਰ ਹੋਣ ‘ ਤੇ ਗੁਰਧਾਮ ਦਾ ਨਿਸ਼ਾਨ ਪੱਕਾ ਕਰਾਏਗਾ । ਨਿਸ਼ਾਨ ਸਾਹਿਬ ਕਾਇਮ ਕਰੇਗਾ । ” ਅਰਦਾਸ ਕਰਨ ਦੇ ਇਕ ਸਾਲ ਪਿੱਛੋਂ ਉਸ ਦੇ ਘਰ ਪੁੱਤਰ ਹੋਇਆ ਤੇ ਉਸ ਨੇ ਗੁਰਦੁਆਰੇ ਦੀ ਸੇਵਾ ਤਨੋਂ ਮਨੋਂ ਹੋ ਕੇ ਕਰਾਈ । ਬੱਸ ਫਿਰ ਜੱਸ ਸਾਰੇ ਇਲਾਕੇ ਵਿਚ ਖਿੱਲਰ ਗਿਆ ਤੇ ਅਸਥਾਨ ਦੀ ਮੰਨਤਾ ਵਧ ਗਈ । ਅੱਜ ਵੀ ਜੋ ਇੱਛਾ ਧਾਰ ਕੇ ਸੱਚੇ ਦਿਲੋਂ ਅਰਦਾਸ ਕਰਾਉਂਦਾ ਹੈ , ਉਸ ਦੇ ਘਰ ਬਾਲਕਾਂ ਦੀ ਰੌਣਕ ਹੋ ਜਾਂਦੀ ਹੈ । ਉਸ ਦਾ ਨਿਸ਼ਾਨ ਕਾਇਮ ਹੁੰਦਾ ਅਤੇ ਦੀਵੇ ਨਾਲ ਦੀਵਾ ਜਗਦਾ ਰਹਿੰਦਾ ਹੈ ।
ਸੰਪੂਰਨ


Share On Whatsapp

Leave a Reply




top