ਮਾਤਾ ਗੁਜਰੀ ਜੀ ਨੇ ਜਿਨ੍ਹਾਂ ਮੁਸ਼ਕਲਾਂ ਦਾ ਮੁਕਾਬਲਾ ਜਿਸ ਦਲੇਰੀ ਨਾਲ ਕੀਤਾ ਉਸ ਦੀ ਮਿਸਾਲ ਹੋਰ ਕਿਧਰੇ ਨਹੀਂ ਮਿਲਦੀ।
ਜ਼ਿਲ੍ਹਾ ਜਲੰਧਰ ਵਿਚ ਇਤਿਹਾਸਿਕ ਨਗਰ ਹੈ- ਕਰਤਾਰਪੁਰ। ਇਹ ਨਗਰ ਜਲੰਧਰ ਸ਼ਹਿਰ ਤੋਂ 16 ਕਿਲੋਮੀਟਰ ਦੀ ਦੂਰੀ ’ਤੇ ਉੱਤਰ-ਪੱਛਮ ਵੱਲ ਸਥਿਤ ਹੈ। ਇਸ ਸ਼ਹਿਰ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਨ 1593 ਈ. ਵਿਚ ਵਸਾਇਆ ਸੀ। ਇਕ ਧਾਰਨਾ ਅਨੁਸਾਰ ਮਾਤਾ ਭਾਨੀ ਜੀ ਦੇ ਸਵਰਗਵਾਸ ਹੋ ਜਾਣ ਉਪਰੰਤ ਸ੍ਰੀ ਗੁਰੂ ਅਰਜਨ ਦੇਵ ਜੀ ਗੋਇੰਦਵਾਲ ਸਾਹਿਬ ਤੋਂ ਦੁਆਬੇ ਵੱਲ ਚੱਲ ਪਏ ਅਤੇ ਕਰਤਾਰਪੁਰ ਸਾਹਿਬ ਵਾਲੀ ਥਾਂ ’ਤੇ ਹੱਥ ਵਾਲੀ ਸੋਟੀ ਗੱਡ ਕੇ ਇੱਥੇ ਨਗਰ ਵਸਾਉਣ ਦੀ ਘੋਸ਼ਣਾ ਕੀਤੀ। ਗੁਰੂ ਜੀ ਨੇ ਜਿਸ ਥਾਂ ’ਤੇ ਸੋਟੀ ਗੱਡੀ ਸੀ ਉਸ ਥਾਂ ਗੁਰੂ ਜੀ ਦੀ ਯਾਦ ਵਿਚ ਗੁਰਦੁਆਰਾ ਥੰਮ ਸਾਹਿਬ ਸੁਸ਼ੋਭਿਤ ਹੈ। ਅਕਬਰ ਨੇ ਆਪਣੇ ਰਾਜਕਾਲ ਸਮੇਂ 1597 ਈ. ਵਿਚ ਸ਼ਹਿਜ਼ਾਦਾ ਸਲੀਮ ਨੇ ਇਸ ਦੇ ਮਾਮਲੇ ਦੀ ਮੁਆਫੀ ਦਾ ਪਟਾ ਦਿੱਤਾ ਸੀ। ਅਕਬਰਨਾਮੇ ਅਨੁਸਾਰ ਅਕਬਰ ਸੰਨ 1598 ਈ. ਵਿਚ ਗੋਇੰਦਵਾਲ ਦੇ ਪੱਤਣ ਤੋਂ ਬਿਆਸ ਦਰਿਆ ਪਾਰ ਕਰ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਹਜ਼ੂਰੀ ਵਿਚ ਆਇਆ ਅਤੇ ਇਸ ਜ਼ਮੀਨ ਦਾ ਪਟਾ ਦਰਸ਼ਨ ਭੇਟ ਵਜੋਂ ਦਿੱਤਾ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਮਗਰੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਇਸ ਨਗਰ ਦਾ ਵਿਕਾਸ ਕਰਵਾਇਆ। ਇਸ ਨਗਰ ਵਿਚ ਪਿਤਾ ਭਾਈ ਲਾਲ ਚੰਦ ਜੀ ਅਤੇ ਮਾਤਾ ਬਿਸ਼ਨ ਕੌਰ ਜੀ ਦੇ ਘਰ ਗੁਜਰੀ ਜੀ ਦਾ ਜਨਮ ਹੋਇਆ। ਇਨ੍ਹਾਂ ਦੇ ਜਨਮ ਬਾਰੇ ਕੋਈ ਪੱਕੀ ਤਾਰੀਖ ਨਹੀਂ ਮਿਲਦੀ ਜਿਸ ਕਾਰਨ ਵਿਦਵਾਨਾਂ ਵਿਚ ਇਨ੍ਹਾਂ ਦੀ ਜਨਮ ਮਿਤੀ ਬਾਰੇ ਮਤਭੇਦ ਹਨ। ਬਚਪਨ ਤੋਂ ਹੀ ਆਪ ਧਾਰਮਿਕ ਰੁਚੀਆਂ ਦੇ ਮਾਲਕ ਸਨ। ਆਪ ਜੀ ਦੇ ਮਾਤਾ-ਪਿਤਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਦਰਬਾਰ ਵਿਚ ਜਾਇਆ ਕਰਦੇ ਸਨ।
ਧੰਨ ਮਾਤਾ ਗੁਜਰੀ, ਧੰਨ ਮਾਂ ਦਾ ਸਿਦਕ,ਧੰਨ ਮਾਤਾ ਗੁਜਰ ਕੌਰ ਜਿਨ੍ਹਾਂ ਨੂੰ ਮਾਤਾ ਗੁਜਰੀ ਜੀ ਦੇ ਨਾਮ ਨਾਲ ਨਿਵਾਜਿਆਂ ਜਾਂਦਾ ਹੈ। ਜੇਕਰ ਮਾਤਾ ਗੁਜਰੀ ਜੀ ਦੀਆਂ ਕੁਰਬਾਨੀਆਂ ਦੀ ਗੱਲ ਕੀਤੀ ਜਾਵੇ ਤਾਂ ਮਾਤਾ ਗੁਜਰੀ ਜੀ ਨੂੰ ਅੱਠ ਸ਼ਹੀਦੀਆਂ ਦਾ ਯੁੱਗ ਆਖ ਕੇ ਯਾਦ ਕੀਤਾ ਜਾਂਦਾ ਹੈ। ਇਹ ਸਿਰਜਨਹਾਰੀ ਭਾਵ ਮਾਤਾ ਗੁਜਰੀ ਜੀ ਦੁਨੀਆਂ ਵਿਚ ਆਉਣ ਵਾਲੀ ਹਰ ਸ਼ਖ਼ਸੀਅਤ ਤੋਂ ਵਿਲੱਖਣ ਹਨ। ਆਪ ਜੀ ਦੇ ਪਤੀ ਸ੍ਰੀ ਗੁਰੂ ਤੇਗ ਬਹਾਦਰ ਜੀ, ਪੁੱਤਰ ਗੁਰੂ ਗੋਬਿੰਦ ਸਿੰਘ ਜੀ, ਭਰਾ ਸ੍ਰੀ ਕਿ੍ਰਪਾਲ ਚੰਦ, ਚਾਰ ਪੋਤਰੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ, ਪੰਜ ਦੋਹਤੇ ਤੇ ਖ਼ੁਦ ਆਪ ਕੌਮ ਦੀ ਖ਼ਾਤਰ ਸ਼ਹੀਦ ਹੋਏ ਹਨ। ਜੇ ਅਸੀਂ ਸਤਿਯੁਗ, ਤ੍ਰੇਤਾ, ਦੁਆਪਰ ਜਾਂ ਫਿਰ ਚੱਲ ਰਹੇ ਕੁਲਯੁੱਗ ਵੱਲ ਨਜ਼ਰ ਮਾਰੀਏ ਤਾਂ ਅਜਿਹੀ ਬਲੀਦਾਨ ਵਾਲੀ ਸ਼ਖ਼ਸੀਅਤ ਸਾਨੂੰ ਨਹੀਂ ਲੱਭੇਗੀ। ਮਾਤਾ ਗੁਜਰੀ ਜੀ ਸ਼ਹੀਦ ਦੀ ਮਾਂ, ਸ਼ਹੀਦ ਦੀ ਪਤਨੀ, ਸ਼ਹੀਦ ਦੀ ਭੈਣ , ਸ਼ਹੀਦਾਂ ਦੀ ਦਾਦੀ ਤੇ ਫੇਰ ਅੱਗੇ ਆਪ ਸ਼ਹੀਦ ਸ਼ਖ਼ਸੀਅਤ। ਸਹਿਣਸ਼ੀਲਤਾ, ਧਰਮ, ਦੇਸ਼, ਕੌਮ ਮਰ ਮਿਟ ਜਾਣ ਦੀ ਮਿਸਾਲ ਹੈ ਮਾਤਾ ਗੁਜਰੀ ਜੀ।ਮਨੁੱਖਤਾ ਦੀ ਭਲਾਈ, ਮਨੁੱਖਤਾ ਦਾ ਦਰਦ ਲਈ ਆਪਣਾ ਹੀ ਨਹੀਂ ਸਗੋਂ ਆਪਣੇ ਜਣੇਆਂ ਦਾ ਵੀ ਖੂਨ ਨਿਛਾਵਰ ਕੀਤਾ।
Dalveer Singh