ਰਸਤੇ ਵਿਚ ਡੇਰੇ ਪੜਾਅ ਕਰਦੇ ਤੇ ਜਗ੍ਹਾ ਜਗ੍ਹਾ ਗੁਰਮੱਤ ਦਾ ਉਪਦੇਸ਼ ਦਿੰਦੇ ਹੋਏ ਗੁਰੂ ਜੀ ਦਿੱਲੀ ਪੁਜ ਗਏ।
ਮਿਰਜ਼ਾ ਰਾਜਾ ਜੈ ਸਿੰਘ ਨੇ ਅਗਾਂਹ ਆ ਕੇ ਆਪ ਦਾ ਸੁਆਗਤ ਕੀਤਾ ਤੇ ਰਾਏ ਸੀਨਾ ਵਿਖੇ ਆਪਣੇ ਮਹਿਲ ਵਿਚ ਉਤਾਰਾ ਕਰਾਇਆ।
ਦਿੱਲੀ ਦੀਆਂ ਸੰਗਤਾਂ ਨੂੰ ਖ਼ਬਰ ਲੱਗੀ ਤਾਂ ਉਹ ਹੁਮ ਹੁਮਾ ਕੇ ਦਰਸ਼ਨਾਂ ਲਈ ਪਹੁੰਚਣ ਲਗੀਆਂ। ਦੀਵਾਨ ਸਜਣੱ ਲੱਗੇ। ਨਾਮ ਦਾ ਪ੍ਰਵਾਹ ਚਲ ਪਿਆ।
ਕੁਝ ਦਿਨ ਲੰਘੇ। ਤਦ ਬਾਦਸ਼ਾਹ ਔਰੰਗਜ਼ੇਬ ਨੇ ਦਰਸ਼ਨ ਦੇਣ ਲਈ ਬੇਨਤੀ ਕਰ ਭੇਜੀ।
ਗੁਰੂ ਜੀ ਨੇ ਉੱਤਰ ਵਿਚ ਕਹਿ ਭੇਜਿਆ, ‘ਸਾਡਾ ਵੱਡਾ ਭਾਈ ਤੁਹਾਡੇ ਦਰਬਾਰ ਵਿਚ ਮੌਜੂਦ ਹੈ ਅਤੇ ਤੁਹਾਡੇ ਕਹੇ ਵਿਚ ਹੈ। ਪਿਤਾ ਜੀ ਦੀ ਸਾਨੂੰ ਆਗਿਆ ਸੀ ਕਿ ਰਾਜਸੀ ਮਾਮਲਿਆਂ ਬਾਰੇ ਸਾਡਾ ਵੱਡਾ ਭਾਈ ਹੀ ਤੁਹਾਡੇ ਨਾਲ ਗੱਲ ਬਾਤ ਕਰੇ। ਸਾਨੂੰ ਉਹ ਇਸ ਵਿਚ ਦਖ਼ਲ ਦੇਣ ਤੋਂ ਮਨ੍ਹਾ ਕਰ ਗਏ ਸਨ।
ਸਾਡਾ ਕਾਰਜ ਖੇਤਰ ਤਾਂ ਸਤਿਨਾਮ ਦਾ ਉਪਦੇਸ਼ ਦੇਣਾ ਤੇ ਗੁਰਮਤ ਦਾ ਪ੍ਰਚਾਰ ਕਰਨਾ ਹੈ। ਬਾਦਸ਼ਾਹ ਨੇ ਸਾਡੇ ਪਾਸੋਂ ਕੀ ਲੈਣਾ ਹੈ ਤੇ ਅਸੀਂ ਉਸ ਤੋਂ ਕੀ ਲੈਣਾ ਹੈ?’
ਔਰੰਗਜ਼ੇਬ ਇਹ ਉੱਤਰ ਸੁਣ ਕੇ ਗੁਰੂ ਜੀ ਦੀ ਸਾਦਗੀ ਤੇ ਨਿਰਛਲਤਾ ਤੇ ਹੈਰਾਨ ਹੋਇਆ। ਅਗਲੇ ਦਿਨ ਉਸ ਨੇ ਆਪਣੇ ਸ਼ਹਿਜ਼ਾਦੇ ਨੂੰ ਗੁਰੂ ਪਾਸ ਭੇਜਿਆ ਕਿ ਉਹ ਰਾਮ ਰਾਇ ਦੇ ਗੁਰ-ਗੱਦੀ ਬਾਰੇ ਦਾਅਵੇ ਦੀ ਉਨ੍ਹਾਂ ਨਾਲ ਗੱਲ ਕਰੇ।
ਗੁਰੂ ਜੀ ਨੇ ਸ਼ਹਿਜ਼ਾਦੇ ਰਾਹੀਂ ਬਾਦਸ਼ਾਹ ਨੂੰ ਇਹ ਕਹਿ ਭੇਜਿਆ, ‘ਗੁਰ ਗੱਦੀ ਕੋਈ ਵਿਰਾਸਤ ਜਾਂ ਜੱਦੀ ਜਾਇਦਾਦ ਨਹੀਂ ਜਿਹੜੀ ਬਾਪ ਤੋਂ ਬਾਅਦ ਵੱਡੇ ਪੁੱਤਰ ਨੂੰ ਹੀ ਮਿਲੇ।
ਆਦਿ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਪੁੱਤਰਾਂ ਨੂੰ ਛੱਡ ਕੇ ਆਪਣੇ ਸੇਵਕ ਸਿੱਖ ਨੂੰ ਗੱਦੀ ਬਖ਼ਸ਼ੀ ਸੀ।
ਸ੍ਰੀ ਗੁਰੂ ਅੰਗਦ ਦੇਵ ਜੀ ਅਤੇ ਸ੍ਰੀ ਗੁਰੂ ਅਮਰਦਾਸ ਜੀ ਨੇ ਵੀ ਆਪਣੇ ਪੁੱਤਰਾਂ ਨੂੰ ਗੱਦੀ ਨਹੀਂ ਦਿੱਤੀ ਸੀ ਸਗੋਂ ਯੋਗ ਸਿੱਖਾਂ ਨੂੰ ਗੁਰਿਆਈ ਦਾ ਤਿਲਕ ਲਗਾਇਆ ਸੀ।
ਸ੍ਰੀ ਗੁਰੂ ਰਾਮਦਾਸ ਜੀ ਨੇ ਆਪਣੇ ਵੱਡੇ ਪੁੱਤਰ ਨੂੰ ਛਡ ਕੇ ਸਭ ਤੋਂ ਛੋਟੇ ਪੁੱਤਰ ਨੂੰ ਗੁਰਤਾ ਬਖ਼ਸ਼ੀ ਸੀ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਪੁੱਤਰਾਂ ਨੂੰ ਤੇ ਵੱਡੇ ਪੋਤਰੇ ਨੂੰ ਛੱਡ ਕੇ ਛੋਟੇ ਪੋਤਰੇ ਨੂੰ ਗੁਰ ਗੱਦੀ ਲਈ ਨਾਮਜ਼ਦ ਕੀਤਾ ਸੀ।
ਇਸ ਤੋਂ ਪ੍ਰਤੱਖ ਹੈ ਕਿ ਗੁਰੂ ਸਾਹਿਬਾਨ ਨੇ ਜਿਸ ਨੂੰ ਯੋਗ ਤੇ ਧੁਰੋਂ ਅੰਗਿਆ ਹੋਇਆ ਜਾਣਿਆ, ਉਸ ਨੂੰ ਹੀ ਗੁਰਿਆਈ ਸੌਂਪੀ। ਸੋ ਗੁਰੂ ਪਿਤਾ ਜੀ ਲਈ ਵੀ ਜ਼ਰੂਰੀ ਨਹੀਂ ਸੀ ਕਿ ਗੁਰ ਗੱਦੀ ਵੱਡੇ ਪੁੱਤਰ ਰਾਮਰਾਇ ਨੂੰ ਹੀ ਦੇ ਕੇ ਜਾਂਦੇ।
ਜੇ ਕਰ ਉਨ੍ਹਾਂ ਨੇ ਵੱਡੇ ਪੁੱਤਰ ਨੂੰ ਛਡ ਕੇ ਛੋਟੇ ਪੁੱਤਰ ਨੂੰ ਗੱਦੀ ਲਈ ਚੁਣਿਆ ਤਾਂ ਇਹ ਕੋਈ ਅਨੋਖੀ ਜਾਂ ਅਲੋਕਾਰ ਗੱਲ ਨਹੀਂ ਕੀਤੀ।
ਸਾਡੇ ਵੱਡੇ ਭਾਈ ਰਾਮ ਰਾਇ ਨੇ ਗੁਰ ਮਰਿਆਦਾ ਭੰਗ ਕੀਤੀ ਜਿਸ ਕਰਕੇ ਪਿਤਾ ਗੁਰੂ ਜੀ ਨੇ ਉਹਨਾਂ ਦਾ ਤਿਆਗ ਕਰ ਦਿੱਤਾ। ਇਸ ਵਿਚ ਕੋਈ ਵਧੀਕੀ ਜਾਂ ਬੇਇਨਸਾਫ਼ੀ ਨਹੀਂ। ਰਾਮਰਾਇ ਦਾ ਦਾਅਵਾ ਝੂਠਾ ਤੇ ਨਿਰਾਧਾਰ ਹੈ’।
ਗੁਰੂ ਜੀ ਦਾ ਤਰਕਸ਼ੀਲ ਉੱਤਰ ਸੁਣ ਕੇ ਔਰੰਗਜ਼ੇਬ ਦੀ ਤਸੱਲੀ ਹੋ ਗਈ। ਉਸ ਨੇ ਜਾਣ ਲਿਆ ਕਿ ਰਾਮ ਰਾਇ ਦਾ ਗੱਦੀ ਲਈ ਦਾਅਵਾ ਕੁਝ ਵਜ਼ਨ ਨਹੀਂ ਰਖਦਾ। ਉਸ ਨਾਲ ਕੋਈ ਬੇਇਨਸਾਫ਼ੀ ਨਹੀਂ ਹੋਈ। ਨਾ ਗੁਰੂ ਘਰ ਦੀ ਰਵਾਇਤ ਤੋੜੀ ਗਈ ਹੈ।