27 ਨਵੰਬਰ ਵਾਲੇ ਦਿਨ ਤੀਸਰੇ ਗੁਰੂ ਅਮਰਦਾਸ ਸਾਹਿਬ ਜੀ ਦਾ ਵਿਆਹ ਮਾਤਾ ਮਨਸਾ ਦੇਵੀ ਜੀ ਨਾਲ ਹੋਇਆ ਸੀ ਆਉ ਸੰਖੇਪ ਝਾਤ ਮਾਰੀਏ ਮਾਤਾ ਮਨਸਾ ਦੇਵੀ ਜੀ ਦੇ ਜੀਵਨ ਕਾਲ ਤੇ ਜੀ ।
ਮਾਤਾ ਮਨਸਾ ਦੇਵੀ ਜੀ । ਗੁਰੂ ਅਮਰਦਾਸ ਜੀ ਦੇ ਮਹਿਲ।
ਪੇਕਿਆਂ ਦਾ ਨਾਂਮ ਬੀਬੀ ਰਾਮ ਕੌਰ ਦਾ ਜਨਮ ੧੪੮੪ ਈ : ਦੇ ਲਗਭਗ ਹੋਇਆ । ਆਪ ਦੇ ਪਿਤਾ ਦੇਵੀ ਚੰਦ ਬਹਿਲ ਖੱਤਰੀ ਪਿੰਡ ਸਨਖਤਰਾ ਸਿਆਲਕੋਟ ਤੋਂ ਵੀਹ ਕੁ ਮੀਲ ਦੱਖਣ ਵੱਲ ਦੇ ਰਹਿਣ ਵਾਲੇ ਸਨ । ਬੀਬੀ ਦੀ ਸ਼ਾਦੀ ( ਗੁਰੂ ) ਅਮਰਦਾਸ ਜੀ ਨਾਲ ੨੭ ਨਵੰਬਰ ੧੫੦੨ ਵਿਚ ਹੋਈ । ਉਹ ਉਸ ਸਮੇਂ ੨੫ ਕੁ ਸਾਲ ਦੇ ਸਨ । ਦੇਵੀ ਚੰਦ ਵੀ ਇਕ ਚੰਗਾ ਖਾਂਦਾ ਪੀਂਦਾ ਬਿਉਪਾਰੀ ਸੀ । ਹੋ ਸਕਦਾ ਹੈ ਕਿ ਸ੍ਰੀ ਅਮਰਦਾਸ ਦੇ ਪਿਤਾ ਜੀ ਤੇਜ ਭਾਨ ਵੀ ਇਕ ਚੰਗੇ ਵਿਉਪਾਰੀ ਤੇ ਧਾਰਮਿਕ ਰੁਚੀਆਂ ਵਾਲੇ ਕਿਤੇ ਵਿਉਪਾਰ ਦੇ ਸੰਬੰਧ ਵਿਚ ਇਕ ਦੂਜੇ ਥਾਂ ਦੇਵੀ ਚੰਦ ਨੂੰ ਮਿਲੇ ਹੋਣ ਤਾਂ ਗੱਲਾਂ ਬਾਤਾਂ ਕਰਦੇ ਇਕ ਦੂਜੇ ਦੇ ਰਿਸ਼ਤੇਦਾਰ ਬਣ ਗਏ ਹੋਣ । ਬਾਸਰਕੇ ਸਨਖਤਰੇ ਦਾ ਆਪੋ ਵਿਚ ਬੜਾ ਫਾਸਲਾ ਹੈ । ਪੇਕਾ ਘਰ ਰੱਜਿਆ ਪੁੱਜਿਆ ਹੋਣ ਕਰਕੇ ਰਾਮ ਕੌਰ ਦਲੇਰ , ਬੜੀ ਸਿਆਣੀ , ਸੁਚੱਜੀ ਸੁਲਝੀ ਹੋਏ ਧਾਰਮਿਕ ਰੁਚੀਆਂ ਰੱਖਦੇ ਸਨ ।
ਵਿਆਹ ਤੋਂ ਬਾਅਦ ਸੌਹਰੇ ਘਰ ਆਏ ਇਨ੍ਹਾਂ ਦਾ ਨਾਂ ਬਦਲ ਕੇ ਮਨਸਾ ਦੇਵੀ ਰੱਖ ਲਿਆ । ਪੁਰਾਣੇ ਜ਼ਮਾਨੇ ਵਿਚ ਰਿਵਾਜ਼ ਸੀ ਕਿ ਸਹੁਰੇ ਘਰ ਆ ਕੇ ਨਾਮ ਬਦਲ ਦਿੱਤਾ ਜਾਂਦਾ ਸੀ । ( ਗੁਰੂ ) ਅਮਰਦਾਸ ਆਪਣੇ ਭਰਾਵਾਂ ਤੋਂ ਵੱਡੇ ਸਨ ਪਰ ਵਿਆਹੇ ਸਾਰਿਆਂ ਤੋਂ ਪਿਛੋਂ ਗਏ।ਆਪ ਬੁੱਧੀਮਾਨ ਹੋਣ ਕਰਕੇ ਸਾਰੇ ਘਰ ਦੇ ਕਾਰ ਮੁਖਤਿਆਰ ਵੀ ਸਨ । ਦੋ ਭਰਾ ਖੇਤੀਬਾੜੀ ਦਾ ਕੰਮ ਕਰਦੇ ਸਨ । ਇਕ ਆਪਣੇ ਪਿਤਾ ਤੇਜ ਭਾਨ ਨਾਲ ਦੁਕਾਨ ਦਾ ਕੰਮ ਕਰਦਾ ਸੀ । ਸ੍ਰੀ ਅਮਰਦਾਸ ਦੁਕਾਨ ਲਈ ਸੌਦਾ ਸੂਤ ਘੋੜੇ ਤੇ ਲਿਆ ਦੁਕਾਨ ` ਚ ਪੌਦੇ ਤੇ ਫਿਰ ਆਪ ਘੋੜੇ ਤੇ ਦੂਰ ਸੌਦਾ ਵੇਚਣ ਜਾਂਦੇ ॥ ਛੋਟੀਆਂ ਭਰਜਾਈਆਂ ਸ੍ਰੀ ਅਮਰਦਾਸ ਜੀ ਦਾ ਆਦਰਮਾਨ ਕਰਦੀਆਂ ਇਸ ਲਈ ਮਾਤਾ ਮਨਸਾ ਦੇਵੀ ਦਾ ਵੀ ਦਿਰਾਣੀਆਂ ਜੇਠਾਣੀ ਸਮਝ ਬੜਾ ਸਤਿਕਾਰ ਕਰਦੀਆਂ । ਮਨਸਾ ਦੇਵੀ ਬੜੇ ਧੀਰੇ , ਸਬਰ ਸੰਤੋਖ ਵਾਲੇ ਸਨ ਮਿੱਠੇ ਬੋਲਾਂ ਨਾਲ ਸਾਰਿਆਂ ਦਾ ਪਿਆਰ ਜਿੱਤ ਲਿਆ ਸੁਯੰਕਤ ਪਰਿਵਾਰ ਵਿਚ ਭੈਣਾਂ ਵਾਂਗ ਪਿਆਰ ਨਾਲ ਰਹਿੰਦੀਆਂ । ਹਰ ਕੰਮ ਵੱਡੀ ਭੈਣ ਦੀ ਸਲਾਹ ਨਾਲ ਕਰਦੀਆਂ । ਸਾਰਾ ਪ੍ਰਵਾਰ ਬੜਾ ਧਾਰਮਿਕ ਰੁਚੀਆਂ ਵਾਲਾ ਸੀ । ਸਾਰਾ ਪ੍ਰਵਾਰ ਵੈਸ਼ਨਵ ਮਤ ਦੇ ਉਪਾਸ਼ਿਕ ਸਨ । ਸਾਰਾ ਪ੍ਰਵਾਰ ਦਸਾਂ ਨੌਹਾਂ ਦੀ ਕਿਰਤ ਕਰਦਾ , ਨੇਕ ਕਮਾਈ ਕਰ ਪ੍ਰਭੂ ਭਗਤੀ ਵੱਲ ਵੀਂ ਸਮਾਂ ਦੇਂਦੇ । ਧਾਰਮਿਕ ਰੁਚੀਆਂ ਪੇਕੇ ਘਰ ਤੋਂ ਲੈ ਕੇ ਆਏ ਮਨਸਾ ਦੇਵੀ ਵੀ ਇਸ ਪ੍ਰਵਾਰ ਵਿਚ ਰਚ ਮਿਚ ਗਏ ਸਨ । ਸੋ ਸਾਰਾ ਕੰਮ ਕਾਰ ਕਰਦਿਆਂ ਹੱਸਦਿਆਂ ਖੇਡਦਿਆਂ ਸਾਰਾ ਦਿਨ ਨਿਕਲ ਜਾਂਦਾ । ਜਦੋਂ ( ਗੁਰੂ ) ਅਮਰਦਾਸ ਜੀ ਵਿਉਪਾਰ ਦੇ ਸੰਬੰਧ ਵਿਚ ਘਰੋਂ ਗਏ ਹੁੰਦੇ ਤਾਂ ਪਿਛੋਂ ਮਾਤਾ ਮਨਸਾ ਦੇਵੀ ਸਾਰੇ ਦੁਕਾਨਦਾਰੀ ਦੇ ਕੰਮ ਵਿਚ ਹੱਥ ਵਟਾਉਂਦੇ । ( ਗੁਰੂ ) ਅਮਰਦਾਸ ਜੀ ਨੇ ਰੇਸ਼ਮ ਦੇ ਕਪੜੇ ਦਾ ਧੰਦਾ ਵੀ ਰੱਖਿਆ ਹੋਇਆ ਸੀ । ਇਸ ਲਈ ਦੂਰੋਂ ਦੂਰੋਂ ਲੋਕ ਬਾਸਰਕੇ ਆਉਂਦੇ ਸਨ । ਆਏ ਗਏ ਗਾਹਕ ਤੇ ਸਾਧੂ ਸੰਤਾਂ ਦੀ ਸੇਵਾ ਸੰਭਾਲ ਮਾਤਾ ਮਨਸਾ ਦੇਵੀ ਦੇ ਜ਼ਿੰਮੇ ਸੀ । ਜਦੋਂ ਗੰਗਾ ਦੇ ਇਸ਼ਨਾਨ ਲਈ ( ਗੁਰੂ ) ਅਮਰਦਾਸ ਜੀ ਜਾਣਾ ਹੁੰਦਾ ਤਾਂ ਸਾਧੂਆਂ ਸੰਤਾਂ ਦੇ ਝੁੰਡ ਇਕੱਠੇ ਹੋ ਜਾਂਦੇ । ਕਈ ਕਈ ਦਿਨ ਏਥੇ ਰਹਿੰਦੇ ਗਿਆਨ ਗੋਸ਼ਟੀਆਂ ਹੁੰਦੀਆਂ । ਇਨ੍ਹਾਂ ਦੇ ਲੰਗਰ ਆਦਿ ਰਿਹਾਇਸ਼ ਦਾ ਪ੍ਰਬੰਧ ਵੀ ਮਾਤਾ ਮਨਸਾ ਦੇਵੀ ਹੀ ਕਰਦੇ । ਆਂਢਣ ਗੁਆਂਢਣ ਆਉਣ ਤਾਂ ਉਨ੍ਹਾਂ ਨੂੰ ਵੀ ਪ੍ਰਭੂ ਭਗਤੀ ਦੀਆਂ ਗੱਲਾਂ ਸੁਣਾਉਂਦੇ ਤੇ ਨਿਦਿਆਂ ਚੁਗਲੀ ਕਰਨੋਂ ਵਰਜਦੇ ਸਤਿਸੰਗ ਲਾਈ ਰੱਖਦੇ । ਮਾੜੀ ਤੀਵੀਂ ਆ ਜਾਵੇ ਤਾਂ ਉਹ ਵੀ ਇਸ ਸੰਗਤ ਵਿਚ ਆਉਣ ਕਰਕੇ ਚੰਗੀ ਬਣ ਜਾਂਦੀ । ਸੋ ਜਿਹੜੀਆਂ ਬੀਬੀਆਂ ਆਉਂਦੀਆਂ ਉਨ੍ਹਾਂ ਨਾਲ ਸਮਾਜ ਸੁਧਾਰਨ ਦੀਆਂ ਗੱਲਾਂ ਕਰਦੇ । ਇਨਾਂ ਨੇ ਬੀਬੀਆਂ ਨੂੰ ਪ੍ਰੇਰ ਕੇ ਇਕ ਇਸਤ੍ਰੀ ਸਮਾਜ ਸੁਧਾਰ ਸੰਗ ਬਣਾ ਲਿਆ । ਹਰ ਦੁਖੀ ਇਸਤੀ ਦਾ ਦੁਖ ਸੁਣ ਕੇ ਜਿਵੇਂ ਕਿ ਜੇ ਕਿਸੇ ਦੇ ਸਹੁਰੇ ਤੰਗ ਕਰਦੇ ਹਨ ਆਦਿ ਤਾਂ ਉਨ੍ਹਾਂ ਦਾ ਸੌਹਰੇਂ ਘਰ ਸਮਝਾਉਣ ਜਾਣਾ | ਇਸ ਤਰ੍ਹਾਂ ਦੁਖੀਆਂ ਦੇ ਦੁਖ ਨਵਿਰਤ ਕਰਨ ਦਾ ਵੱਧ ਤੋਂ ਵੱਧ ਜਤਨ ਕਰਦੇ ।
ਮਾਤਾ ਮਨਸਾ ਦੇਵੀ ਦੇ ਵਿਆਹ ਨੂੰ ਪੰਦਰਾਂ ਸਾਲ ਹੋ ਗਏ ਕੋਈ ਔਲਾਦ ਨਹੀਂ ਹੋਈ । ( ਅੱਜ ਕਲ ਦੋ ਸਾਲ ਬੱਚਾ ਨਾ ਹੋਵੇ ਤਾਂ ਫਿਕਰਮੰਦ ਹੋ ਜਾਂਦੇ ਹਨ । ਪਰ ਮਾਤਾ ਜੀ ਸੰਤਾਨ ਨਾ ਹੋਣ ਕਰਕੇ ਕਿੰਨੇ ਪ੍ਰੇਸ਼ਾਨ ਤੇ ਚਿੰਤਾਤਨ ਤੇ ਫਿਕਰਮੰਦ ਹੋਣਗੇ । ਫਿਰ ਕਿੰਨ੍ਹਾਂ ਵੱਡਾ ਜਿਗਰਾ , ਸਬਰ ਸਿਦਕ ਹੋਵੇਗਾ , ਕਿਡੀ ਰਜ਼ਾ ਦੇ ਮੂਰਤ ਸਨ । ਹਰ ਵਕਤ ਪਭੂ ਤੇ ਡੋਰੀਆਂ ਸੁੱਟ ਛੱਡਦੇ ਕਿ ਜੇ ਭਾਗਾਂ ਵਿਚ ਹੋਈ ਤਾਂ ਸੰਤਾਨ ਹੋ ਹੀ ਜਾਵੇਗੀ । ਪ੍ਰਮਾਤਮਾ ਤੇ ਡੋਰੀਆਂ ਸੁੱਟ ਦਿਲ ਨੂੰ ਧਰਵਾਸ ਦੇ ਕਦੇ ਪਤੀ ਦੇਵ ਨਾਲ ਨਹੀਂ ਉਭਾਸਰੇ । ਸਗੋਂ ਆਪਣਿਆਂ ਦੇਉ ਦੇ ਬੱਚਿਆਂ ਨਾਲ ਧੀਆਂ ਪੁੱਤਰਾਂ ਜਿਨਾਂ ਪਿਆਰ ਕਰ ਸਮਾਂ ਕੱਢੀ ਜਾਂਦੇ । ਸੰਯੁਕਤ ਪ੍ਰਵਾਰ ਹੋਣ ਕਰਕੇ ਇਕੱਲਾਪਨ ਮਹਿਸੂਸ ਨਾ ਹੁੰਦਾ । ਘਰ ਬੱਚਿਆਂ ਦੀ ਚਹਿਲ ਪਹਿਲ ਵਿਚ ਹੀ ਲੱਗਾ ਰਹਿੰਦਾ । ਬੱਚਿਆਂ ਨੂੰ ਨਿਹਲਾਉਂਦੇ ਬਸਤਰ ਪਾਉਂਦੇ ਸੇਵਾ ਕਰਦੇ । ਇਨਾ ਬੱਚਿਆਂ ਦੀ ਸੇਵਾ ਨੇ ਵਰ ਲਾਇਆ ਤਵਾਰੀਖ ਗੁਰੂ ਖਾਲਸਾ ਅਨੁਸਾਰ ਸਭ ਤੋਂ ਪਹਿਲਾਂ ਬੀਬੀ ਦਾਨੀ ਜੀ ੧੫੩੩ ਈ . ਜਨਮੇ ।੧੫੩੮ ਈ . ਬਾਦ ਮੋਹਨ ਜੀ ੧੫੪੧ ਨੂੰ ਬਾਬਾ ਮੋਹਰੀ ਜੀ ੧੫੪੪ ਨੂੰ ਬੀਬੀ ਭਾਨੀ ਜੀ ਦਾ ਜਨਮ ਹੋਇਆ । ਡਾ . ਦਲੀਪ ਸਿੰਘ ਤੇ ਪ੍ਰੋ . ਸਤਿਬੀਰ ਸਿੰਘ ਅਨੁਸਾਰ ‘ ਬੀਬੀ ਦਾਨੀ ਦਾ ਪਹਿਲਾਂ ਜਨਮ ਹੋਇਆ ਹੈ । ਮਾਤਾ ਜੀ ਨੇ ਬੱਚਿਆਂ ਨੂੰ ਚੰਗੀ ਤੇ ਸੁਚੱਜੀ ਸਿੱਖਿਆ ਜਿਵੇਂ ਸੇਵਾ ਸਿਮਰਨ ਵਿਚ ਰਹਿ ਪਰਉਪਕਾਰੀ , ਅਗਿਆਕਾਰੀ , ਸਦਾਚਾਰੀ ਜਿਹੇ ਗੁਣ ਹਿਣ ਕਰਨ ਲਈ ਦਿੱਤੀ । ਇਨ੍ਹਾਂ ਸਿੱਖਿਆਵਾਂ ਦਾ ਚੰਗਾ ਪ੍ਰਭਾਵ ਬੀਬੀ ਭਾਨੀ ਦੇ ਸੁਭਾਅ ਤੋਂ ਪ੍ਰਤੱਖ ਹੈ । ਕਿਵੇਂ ਆਪਣੇ ਬਿਰਧ ਪਿਤਾ ਜੀ ਦੀ ਤਨ , ਮਨ ਲਾ ਸੇਵਾ ਕਰ ਹਰ ਸਹੂਲਤ ਪ੍ਰਦਾਨ ਕਰਦੇ । ਬਾਬਾ ਮੋਹਨ ਜੀ ਗੁਰੂ ਜੀ ਦੀ ਬਾਣੀ ਲਿਖਣ ਵੇਲੇ ਪੂਰੀ ਪੂਰੀ ਸਹਾਇਤਾ ਕਰਦਾ । ਇਹ ਇਨਾਂ ਦੇ ਮਿਹਨਤ ਸਦਕਾ ਕਿ ਇਨ੍ਹਾਂ ਬਾਣੀ ਸੰਭਾਲ ਕੇ ਰੱਖ ਛਡੀ ਜਿਹੜੀ ਕਿ ਆਦਿ ਗ੍ਰੰਥ ਰਚਨ ਵੇਲੇ ਕੰਮ ਆਈ । ਸੋ ਬੱਚਿਆਂ ਦੇ ਕਿਰਦਾਰ ਤੇ ਸੁਭਾਵਾਂ ਤੇ ਮਾਤਾ ਮਨਸਾ ਦੇਵੀ ਦੀ ਜੀ ਚੰਗੀ ਮੋਹਰ ਛਾਪ ਦਾ ਪ੍ਰਭਾਵ ਪ੍ਰਤੱਖ ਹੈ । ( ਗੁਰੂ ) ਅਮਰਦਾਸ ਬੜੇ ਦਿਆਲੂ ਤੇ ਲੋਕ ਭਲਾਈ ਦੇ ਵਿਚਾਰਾਂ ਦੇ ਧਾਰਨੀ ਸਨ । ਦੂਰ ਦੂਰ ਘੋੜੀ ਤੇ ਸੌਦਾ ਵੇਚ ਆਉਂਦੇ । ਕਿਉਂਕਿ ਉਦੋਂ ਪਿੰਡ ਬਹੁਤ ਦੂਰ ਸਨ ਪਿੰਡ ‘ ਚ ਦੁਕਾਨਾਂ ਵੀ ਘਟ ਸਨ । ਇਸ ਸਖਤ ਘਾਲ ਕਰਕੇ ਕੁਝ ਰਕਮ ਜੋੜ ਲੋਕ ਭਲਾਈ ਦੇ ਕੰਮ ਕਰਦੇ।ਕਿਸੇ ਗਰੀਬ ਦੀ ਕੰਨਿਆ ਵਿਆਹ ਦੇਂਦੇ । ਕਿਸੇ ਬੀਮਾਰ ਦੀ ਸਹਾਇਤਾ ਕਰ ਦੇਂਦੇ । ਉਨ੍ਹਾਂ ਦਿਨਾਂ ਵਿਚ ਪਾਣੀ ਦੀ ਬਹੁਤ ਥੋੜ ਸੀ । ਇਨਾਂ ਬਾਸਰਕੇ ਪਿੰਡ ਦੇ ਵਿਚਕਾਰ ਇਕ ਖੂਹ ਲਵਾਇਆ । ਇਸ ਤੋਂ ਬਾਅਦ ਇਕ ਤਲਾਬ ਲੋਕਾਂ ਦੇ ਨਹਾਉਣ ਧੋਣ ਲਈ ਮੀਂਹ ਦਾ ਪਾਣੀ ਜਮਾ ਕਰਨ ਲਈ ਪੁਟਵਾਇਆ । ਜਿਸ ਦੇ ਪੁਟਣ ਦੀ ਸਾਰੀ ਸੇਵਾ ਆਪ ਨੇ ਦੋ ਮਜ਼ਦੂਰ ਰੋਜ਼ਾਨਾ ਲਾ ਕੇ ਕੀਤੀ । ਇਸ ਤਲਾਬ ਦੇ ਪੁੱਟਣ ਵਿਚ ਮਾਤਾ ਮਨਸਾ ਦੇਵੀ ਨੇ ਕਾਫੀ ਯੋਗਦਾਨ ਪਾਇਆ । ਪਿੰਡ ਦੀ ਇਸਤ੍ਰੀ ਸੁਧਾਰ ਸੰਗ ਨੂੰ ਨਾਲ ਲੈ ਆਪ ਟੋਕਰੀ ਫੜ ਸਿਰ ਤੇ ਰੱਖ ਮਿੱਟੀ ਬਾਹਰ ਦੂਰ ਲਿਜਾਣ ਦੀ ਸੇਵਾ ਕਰਦੇ ਪਿੰਡ ਦੀਆਂ ਮੁਟਿਆਰਾਂ ਤੇ ਬੁਢੜੀਆਂ ਨੇ ਆਪਣੇ ਕੰਮ ਸਮਝ ਇਹ ਸੇਵਾ ਕੀਤੀ ।
ਜਦੋਂ ( ਗੁਰੂ ) ਅਮਰਦਾਸ ਜੀ ਹਰ ਸਾਲ ਕਈ ਮਹੀਨੇ ਹਰਿਦੁਆਰ ਦੀ ਯਾਤਰਾ ਤੇ ਲਾ ਆਉਂਦੇ । ਪਿੱਛੋਂ ਮਨਸਾ ਦੇਵੀ ਘਰ ਤੇ ਦੁਕਾਨ ਦੀ ਜ਼ਿੰਮੇਵਾਰੀ ਬੜੇ ਸੁਚੱਜੇ ਢੰਗ ਨਾਲ ਨਿਭਾਉਂਦੇ । ਫਿਰ ਆਏ ਨੂੰ ਕੋਈ ਗਿਲਾਹ ਸ਼ਿਕਵਾ ਸ਼ਿਕਾਇਤ ਨਹੀਂ ਕਰਨੀ ਕਿ ਪਿਛੋਂ ਬੱਚਿਆਂ ਸਤਾਇਆ ਆਦਿ । ਪਿਛੋਂ ਆਏ ਗਏ ਦੀ ਸੇਵਾ ਸੰਭਾਲ ਵੀ ਕਰਦੇ । ਗੰਗਾ ਦਾ ਖਹਿੜਾ ਛੱਡ , ਹੁਣ ਬੱਚੇ ਪਿੱਛੇ ਛੱਡ ਆਪ ਖਡੂਰ ਜਾ ਸੇਵਾ ਤੇ ਲੱਗੇ ਤੇ ਮਾਤਾ ਜੀ ਦੀ ਪ੍ਰੀਖਿਆ ਦਾ ਸਮਾਂ ਸੀ । ਇਕ ਪਾਸੇ ਪਤੀ ੭੨ ਸਾਲ ਦੀ ਆਯੂ ਵਿਚ ਗੁਰੂ ਜੀ ਸੇਵਾ ਵਿਚ ਜੁਟ , ੧੨ ਸਾਲ ਇਸ਼ਨਾਨ ਲਈ ਬਿਆਸਾ ਤੋਂ ਖਡੂਰ ੬ ਮੀਲ ਹਟਵਾਂ ਜਲ ਲਿਆਉਣਾ | ਮਾਤਾ ਮਨਸਾ ਦੇਵੀ ਜੀ ਨੇ ਅਕਾਲ ਪੁਰਖ ਦੇ ਰਜ਼ਾ ਵਿਚ ਰਹ ਬੱਚਿਆਂ ਦੀ ਪੂਰੀ ਸੰਭਾਲ ਤੇ ਫਿਰ ਗੁਰਬਾਣੀ ਦਾ ਸਬਕ ਵੀ ਕੰਠ ਕਰਾਉਂਦੇ । ( ਗੁਰੂ ) ਅਮਰਦਾਸ ਜੀ ਦੇ ਪਿੰਡ ਬਾਸਰਕੇ ਨੂੰ ਇੰਝ ਤਿਆਗਣ ਤੇ ਕਿਤੇ ਮੱਥੇ ਵਟ ਨਹੀਂ ਪਾਈ ਨਾਂ ਹੀ ਉਨ੍ਹਾਂ ਦੀ ਲਗਨ ਤੋਂ ਸੇਵਾ ਵਿਚ ਕੋਈ ਘਾਟ ਆਉਣ ਦਿੱਤੀ ਸਗੋਂ ਉਨ੍ਹਾਂ ਦੇ ਨੇਕ ਕੰਮ ਵਿਚ ਪੂਰੀ ਸਹਾਇਤਾ ਕੀਤੀ । ਉਨਾਂ ਦੀ ਗੈਰ ਹਾਜ਼ਰੀ ਵਿਚ ਬੱਚਿਆਂ ਨੂੰ ਨੇਕ ਕਿਰਤ ਕਮਾਈ ਕਰਨ ਲਈ ਆਪਣੇ ਨਾਲ ਲਾ ਕੇ ਪੂਰੀ ਸਿੱਖਿਆ ਦਿੱਤੀ ਤੇ ਉਨ੍ਹਾਂ ਦੇ ੧੨ ਸਾਲ ਜੁਦਾ ਰਹਿਣ ਤੇ ਕੋਈ ਦਿੱਕਤ ਮਹਿਸੂਸ ਨਹੀਂ ਕੀਤੀ ।
ਗੁਰੂ ਅੰਗਦ ਦੇਵ ਜੀ ਨੇ ( ਗੁਰੂ ) ਅਮਰਦਾਸ ਜੀ ਨੂੰ ਗੋਇੰਦੇ ਮਰਵਾਹੇ ਖੱਤਰੀ ਦੇ ਨਾਲ ਉਸ ਦੇ ਵਡੇਰਿਆਂ ਦਾ ਉਜੜਿਆ ਥੇਹ ਨਗਰ ਦੇ ਰੂਪ ਵਿਚ ਆਬਾਦ ਕਰਨ ਲਈ ਭੇਜਿਆ । ਜਿਥੇ ਕਿ ਸੁਲਤਾਨਪੁਰ ਤੋਂ ਸ਼ਾਹੀ ਸੜਕ ਲੰਘਣ ਕਰਕੇ ਧਾੜਵੀ ਲੁਟੇਰੇ ਵੀ ਲੁਟ ਖੋਹ ਕਰ ਲੈਂਦੇ ਤੇ ਭੂਤ , ਪ੍ਰੇਤਾਂ ਦਾ ਵੀ ਵਾਸਾ ਸੀ ਗੁਰੂ ਅੰਗਦ ਦੇਵ ਜੀ ਇਕ ਲੋਹੇ ਦੀ ਛੜੀ ਦੇ ਕੇ ਆਪਣਾ ਬਲ ਦੇ ਕੇ ( ਗੁਰੂ ) ਅਮਰਦਾਸ ਜੀ ਨੂੰ ਸਾਰੇ ਥੇਹ ਦੇ ਦੁਆਲੇ ਸਤਿਨਾਮ ਦਾ ਜਾਪ ਕਰਕੇ ਉਹ ਲੋਹੇ ਦੀ ਛੜੀ ਫੈਰਨ ਲਈ ਕਹਿ ਕੇ ਭੇਜਿਆ । ਏਵੇਂ ਹੀ ਕੀਤਾ ਗਿਆ ਸਭ ਅੱਛਾ ਹੋ ਗਿਆ । ਨਗਰ ਆਬਾਦ ਹੋਣਾ ਸ਼ੁਰੂ ਹੋ ਗਿਆ । ਭਾਈ ਗੋਇਦੇ ਜੋ ਗੁਰੂ ਕੇ ਮਹਿਲ ( ਗੁਰਦੁਆਰਾ ਚੁਬਾਰਾ ਸਾਹਿਬ ) ਬਣਾਉਣ ਵਿਚ ਕਾਫੀ ਸਹਾਇਤਾ ਕੀਤੀ । ( ਗੁਰੂ ) ਅਮਰਦਾਸ ਜੀ ਨੇ ਬਾਸਰਕੇ ਤੋਂ ਆਪਣਾ ਸਾਰਾ ਪ੍ਰਵਾਰ ਤੇ ਭਤੀਜੇ ਵੀ ਇਥੇ ਸੱਦ ਲਏ।ਭਾਈ ਗੁਰਦਾਸ ਜੀ ਨੇ ਆਪਣੇ ਭਤੀਜੇ ਨੂੰ ਵੀ ਬੁਲਾ ਲਿਆ । ਹੋਰ ਵੀ ਕਈਆਂ ਏਥੇ ਆ ਆਪਣੇ ਕਾਰੋਬਾਰ ਖੋਲ੍ਹੇ । ਨਗਰ ਆਬਾਦ ਹੋਣ ਤੇ ਗੋਇਦ ਦੇ ਨਾਮ ਤੇ ਇਸ ਦਾ ਨਾਮ ਗੋਇੰਦਵਾਲ ਰੱਖ ਦਿੱਤਾ ਗਿਆ । ਏਥੇ ਜੰਗਲ ਵਿਚ ਮੰਗਲ ਲੱਗ ਗਿਆ । ਭੈੜੀਆਂ ਰੂਹਾਂ ਭੱਜ ਗਈਆਂ । ਬਿਆਸਾ ਤੋਂ ਅੰਮ੍ਰਿਤ ਵੇਲੇ ਗੁਰੂ ਜੀ ਲਈ ਜਲ ਦੀ ਗਾਗਰ ਭਰ ਛੱਡ ਕੇ ਫਿਰ ਵਾਪਸ ਆ ਕੰਮ ਵਿਚ ਜੁਟ ਜਾਂਦੇ । ਸਭ ਤੋਂ ਪਹਿਲਾਂ ਪਾਣੀ ਲਈ ਬਾਉਲੀ ਸਾਹਿਬ ਦੀ ਸੇਵਾ ਆਰੰਭੀ । ਦੂਰੋਂ ਨੇੜਿਓਂ ਬਾਉਲੀ ਦੀ ਸੇਵਾ ਲਈ ਸੰਗਤ ਆਉਂਦੀ।ਉਧਰ ਲਾਹੌਰ ਤੋਂ ਸਿੱਖ ਸੰਗਤ ਆਈ ਤਾਂ ਭਾਈ ਜੇਠਾ ਜੀ ਸੋਢੀ ਬੰਸ ਵਿਚੋਂ ਇਥੇ ਰਹਿ ਪਏ ਬੜੀ ਲਗਨ ਨਾਲ ਸੇਵਾ ਕਰਦੇ । ਸ਼ਾਮ ਨੂੰ ਛੋਲਿਆਂ ਦੀਆਂ ਘੁੰਗਣੀਆਂ ਬਣਾ ਕੇ ਵੇਚ ਕੇ ਨੇਕ ਕਿਰਤ ਕਰਦੇ । ਇਸ ਵੱਟਤ ਵਿਚੋਂ ਕੁਝ ਮਾਪਿਆਂ ਨੂੰ ਕੁਝ ਮਹੀਨਿਆਂ ਬਾਅਦ ਇਕੱਠੀ ਕਰ ਦੇ ਆਉਂਦੇ । ਕੁਝ ਆਪਣੇ ਗੁਜ਼ਾਰੇ ਲਈ ਰੱਖਦੇ ਲੰਗਰ ਵਿਚੋਂ ਘਟ ਛੱਕਦੇ ॥
ਮਾਤਾ ਮਨਸਾ ਦੇਵੀ ਵੀ ਇਸਤੀਆਂ ਦੇ ਜਥੇ ਬਣਾ ਕੇ ਕਾਰ ਸੇਵਾ ਵਿਚ ਹੱਥ ਵਟਾਉਂਦੇ ਮਿੱਟੀ ਦੇ ਟੋਕਰੇ ਭਰ ਬਾਹਰ ਸੁੱਟ ਆਉਂਦੇ।ਨਾਲ ਸੇਵਾ ਨਾਲ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ । ਸੇਵਾ ਤੋਂ ਸੰਗਤ ਦੀ ਪੰਗਤ ਲਗਦੀ ਜਿਸ ਵਿਚ ਕਿਸੇ ਭਿੰਨ ਭੇਤ ਤੋਂ ਬਗੈਰ ਸਾਰੇ ਵਰਨਾਂ ਨੂੰ ਇਕੱਠੇ ਬੈਠ ਕੇ ਲੰਗਰ ਛਕਣਾ ਪੈਂਦਾ । ਲੰਗਰ ਛਕਾਉਂਦਿਆਂ ਵੀ ਜਿਨਾ ਚਿਰ ਸਾਰੇ ਸੰਗਤ ਵਿਚ ਲੰਗਰ ਨਾ ਵਰਤਦਾ । ਇਕ ਸਿੱਖ ਸਾਰੀ ਸੰਗਤ ਨੂੰ ਨਾਮ ਜਪਾਉਂਦਾ ਸਾਰੇ ਲੰਗਰ ਨੂੰ ਵਰਤਣ ਬਾਅਦ ਸਭ ਇਕੱਠੇ ਛਕਣਾ ਸ਼ੁਰੂ ਕਰਦੇ ॥ ਕਾਰ ਸੇਵਾ ਕਰਦਿਆਂ ਇਕ ਘੁੰਡ ਕੱਡੇ ਬੀਬੀ ਨੂੰ ਠੋਕਰ ਲਗੀ ਸਿਰ ਤੋਂ ਮਿੱਟੀ ਦਾ ਟੈਕ ਡਿੱਗ ਪਿਆ ਨਾਲ ਹੀ ਉਸ ਦੇ ਗੋਡਿਆਂ ਤੇ ਸੱਟ ਲੱਗ ਗਈ । ਇਹ ਇਕ ਤਤਫਟ ਕਾਰਨ ਬਣਿਆ ਬੀਬੀਆਂ ਦਾ ਘੁੰਡ ਦਾ ਰਿਵਾਜ਼ ਹਟਾਉਣ ਦਾ ਉਂਝ ਤਾਂ ਬੀਬੀ ਭਾਨੀ ਜੀ ਤੇ ਮਾਤਾ ਮਨਸਾ ਦੇਵੀ ਜੀ ਨੇ ਇਸ ਭੈੜੀ ਰਸਮ ਨੂੰ ਹਟਾਉਣ ਲਈ ਕਈ ਵਾਰ ਕਿਹਾ ਸੀ । ਹੁਣ ਗੁਰੂ ਅਮਰਦਾਸ ਜੀ ਨੇ ਸਾਰੀ ਸੰਗਤ ਨੂੰ ਆਦੇਸ਼ ਦਿਤਾ ਕਿ ਗੁਰੂ ਜੀ ਨੂੰ ਕੋਈ ਬੀਬੀ ਅੱਗੇ ਤੋਂ ਪਰਦਾ ਕਰਕੇ ਦਰਬਾਰ ਵਿਚ ਨਹੀਂ ਆਵੇਗੀ । ਜਦੋਂ ਇਸ ਰਸਮ ਨੂੰ ਖਤਮ ਕਰ ਦਿੱਤਾ ਤਾਂ ਮਾਤਾ ਮਨਸਾ ਦੇਵੀ ਜੀ ਨੇ ਗੁਰੂ ਜੀ ਨੂੰ ਦੋ ਹੋਰ ਭੈੜੀਆਂ ਲਾਣਤਾਂ ( ਸਤੀ ਜਦੋਂ ਕਿਸੇ ਇਸਤ੍ਰੀ ਦਾ ਪਤੀ ਮਰ ਜਾਂਦਾ ਤਾਂ ਉਸ ਨੂੰ ਵੀ ਚਿਖਾ ਵਿਚ ਸੜਣਾ ਪੈਂਦਾ । ਜੇ ਕੋਈ ਸਤੀ ਨਾ ਹੁੰਦੀ ਤਾਂ ਉਹ ਸਾਰੀ ਉਮਰ ਵਿਧਵਾ ਰਹਿੰਦੀ । ਗੁਰੂ ਜੀ ਨੇ ਇਹ ਰਸਮ ਵੀ ਬੰਦ ਕਰਾ ਕੇ ਮੁੜ ਵਿਧਵਾ ਦਾ ਵਿਆਹ ਚਾਲੂ ਕੀਤਾ । ਦੂਜੀ ਭੈੜੀ ਰਸਮ ਜੰਮਦੀ ਕੁੜੀ ਨੂੰ ਮਾਰ ਦੇਣਾ ( ਜਾਂ ਤਾਂ ਦਾਈ ਜਾਂ ਕੋਈ ਬਜ਼ੁਰਗ ਔਰਤ ਗਲ ਘੁੱਟ ਕੇ ਜਾਂ ਜਨਮੀ ਬੱਚੀ ਦੇ ਮੂੰਹ ਵਿਚ ਅੱਕ ਦਾ ਦੁੱਧ ਰੱਖ ਦੇਣਾ ) ਇਹ ਰਿਵਾਜ਼ ਹਿੰਦੂ ਸਮਾਜ ਵਿਚ ਉਨ੍ਹਾਂ ਦੀ ਕਮਜ਼ੋਰੀ ਕਰਕੇ ਪੈ ਗਿਆ ਕਿਉਂਕਿ ਮੁਸਲਮਾਨਾਂ ਦਾ ਰਾਜ ਸੀ ਉਹ ਕਿਸੇ ਦੀ ਚੰਗੀ ਧੀ ਭੈਣ ਜਬਰਨ ਚੁੱਕ ਕੇ ਲੈ ਜਾਂਦੇ ਸਨ । ਮਾਪੇ ਆਪਣੀ ਧੀ ਦੀ ਰਾਖੀ ਕਰਨ ਤੋਂ ਅਸਮਰਥ ਸਨ । ਆਪਣੀ ਇੱਜ਼ਤ ਆਬਰੂ ਬਚਾਉਣ ਖਾਤਰ ਜੰਮਦੀ ਧੀ ਨੂੰ ਮਾਰ ਦੇਂਦੇ।ਜਿਹੜਾ ਧੀ ਨੂੰ ਨਾਂ ਮਾਰਦਾ । ਉਹ ਚਾਰ ਪੰਜ ਸਾਲ ਦੀ ਨੂੰ ਵਿਆਹ ਕੇ ਸੌਹਰੇ ਘਰ ਭੇਜ ਦੇਂਦਾ । ਏਸੇ ਕਰਕੇ ਬਾਲ ਵਿਆਹ ਦਾ ਰਿਵਾਜ ਪ੍ਰਚਲਤ ਹੋਇਆ ਸੀ ਸੋ ਇਨ੍ਹਾਂ ਦੋਵਾਂ ਭੈੜੀਆਂ ਰਸਮਾਂ ਨੂੰ ਗੁਰੂ ਅਮਰਦਾਸ ਨੇ ਰੋਕਿਆ ਤੇ ਗੁਰਬਾਣੀ ਵਿਚ ਸਤੀ ਵਿਰੁੱਧ ਵਾਰ ਸੂਹੀ ਕੀ ਮਃ ੩ ਪੰਨਾ ੭੮੭ ਵਿਚ ਇਉਂ ਦਰਜ ਹੈ ।
ਸਤੀਆਂ ਏਹਿ ਨਾ ਆਖੀਅਨਿ ਜੋ ਮੜੀਆ ਲਗਿ ਜਲਨਿ ।। ਨਾਨਕ ਸਤੀਆਂ ਜਾਣੀਅਨਿ ਜਿ ਬਿਰਹੇ ਚੋਟ ਮਰੰਨਿ ॥ ਮ : ੩ ਭੀ ਸੋ ਸਤੀਆ ਜਾਣੀਅਨਿ ਸੀਲ ਸੰਤੋਖਿ ਰਹੰਨਿ ॥ ਸੇਵਨਿ ਸਾਈ ਆਪਣਾ ਨਿਤ ਉਠਿ ਸੰਮੇਲੰਨਿ ॥੨ ॥
ਵਿਧਵਾ ਵਿਆਹ ਸਤੀ ਰੋਕਣਾ ਹਿੰਦੂ ਸਮਾਜ ਵਿਚ ਇਕ ਮਹਾਨ ਕ੍ਰਾਂਤੀ ਸੀ । ਮਾਤਾ ਮਨਸਾ ਦੇਵੀ ਜੀ ਨੇ ਸਮਾਜ ਸੁਧਾਰ ਇਸਤ੍ਰੀ ਸੰਗ ਬਾਰੇ ਸਤਿਸੰਗ ਸਭਾ ਬਣਾ ਕੇ ਗੁਰਬਾਣੀ ਦਾ ਪ੍ਰਚਾਰ ਵੀ ਆਰੰਭ ਕਰ ਦਿੱਤਾ । ਲਗਾਤਾਰ ਸਿੱਖ ਇਤਿਹਾਸ ਬਾਰੇ ਦਸਣ ਤੇ ਗੁਰਮਤਿ ਬਾਰੇ ਦੱਸਣ ਨਾਲ ਕਾਫੀ ਬੀਬੀਆਂ ਏਧਰ ਪ੍ਰੇਰੀਆਂ ਗਈਆਂ ਦਿਨ ਵੇਲੇ ਬੀਬੀਆਂ ਸੇਵਾ ਕਰਦੀਆਂ ਰਾਤ ਸਤਿਸੰਗ ਵਿਚ ਜੁੜਦੀਆਂ । ਗੁਰੂ ਜੀ ਆਪ ਵੀ ਧਰਮ ਬਾਰੇ ਦਸਦੇ । ਬੀਬੀਆਂ ਕਾਫੀ ਗਿਆਨ ਪ੍ਰਾਪਤ ਕਰ ਲਿਆ । ਫਿਰ ਇਨ੍ਹਾਂ ‘ ਚੋਂ ਚੰਗੀਆਂ ਪ੍ਰਚਾਰਕਾਂ ਨੂੰ ਦੂਰ ਦੂਰ ਪ੍ਰਚਾਰ ਲਈ ਭੇਜਿਆ । ਗੁਰੂ ਅਮਰਦਾਸ ਜੀ ਨੇ ਸਿੱਖ ਧਰਮ ਪ੍ਰਚਾਰ ਲਈ ਸੂਝਵਾਨ ਤੇ ਗਿਆਨਵਾਨ ਸਿੱਖਾਂ ਨੂੰ ਪ੍ਰਚਾਰਕ ਬਣਾਇਆ ਤੇ ਦੂਰ ਦੂਰ ਭੇਜਿਆ ਜਿਹੜੇ ਗਿਣਤੀ ਵਿਚ ੨੨ ਸਨ ਜਿਨਾਂ ਨੂੰ ੨੨ ਮੰਜੀਆਂ ਕਿਹਾ ਗਿਆ ਹੈ ਜਿਨਾਂ ਵਿਚ ਇਕ ਕਪੂਰਥਲੇ ਦਾ ਪਠਾਨ ਅੱਲਾਯਾਰ ਖਾਂ ਵੀ ਸੀ । ਏਸੇ ਤਰਾ ਮਾਤਾ ਮਨਸਾ ਦੇਵੀ ਜੀ ਦੇ ਸਲਾਹ ਨਾਲ ਗਿਆਨਵਾਨ ਤੇ ਉਚੇ ਜੀਵਨ ਵਾਲੀਆਂ ਬੀਬੀਆਂ ਨੂੰ ਪ੍ਰਚਾਰ ਪੀਹੜੇ ਬਖਸ਼ੇ ਗਏ । ਇਸ ਤਰ੍ਹਾਂ ੫੨ ਪੀਹੜੀਆਂ ਵੀ ਕਾਇਮ ਕੀਤੀਆਂ ਗਈਆਂ ਮਾਈ ਸੇਵਾ ਮਾਈ ਭਾਗੋ ( ਭਾਗਭਰੀ ਸ੍ਰੀ ਨਗਰ ) ਦੇ ਨਾਂ ਮਿਲਦੇ ਹਨ । ਮਾਈ ਭਾਗ ਭਰੀ ਬੜੀ ਲੰਮੀ ਉਮਰ ਦੇ ਹੋਏ ਹਨ । ਛੇਵੇਂ ਪਾਤਸ਼ਾਹ ਦੇ ਦਰਸ਼ਨ ਕਰਕੇ ਪ੍ਰਲੋਕ ਸਿਧਾਰੇ ਸਨ । ਗੁਰੂ ਜੀ ਆਪਣੀ ਹੱਥੀਂ ਉਨਾਂ ਦੇ ਸਸਕਾਰ ਕੀਤਾ ਤੇ ਉਨਾਂ ਦੀ ਯਾਦ ਵਿਚ ਇਕ ਧਰਮਸਾਲ ਕਾਇਮ ਹੈ ਜਿਹੜੀ ਅੱਜ ਵੀ ਵੇਖੀ ਜਾ ਸਕਦੀ ਹੈ । ਇਸ ਮੰਜੀ ਤੇ ਪੀਹੜੇ ਪ੍ਰਥਾ ਨੇ ਸਿੱਖ ਪ੍ਰਚਾਰ ਘਰ ਘਰ ਤੇ ਦੇਸ਼ ਦੇ ਕੋਨੇ ਕੋਨੇ ਵਿਚ ਖਿਲਾਰ ਦਿੱਤਾ । ਸਿੱਖ ਧਰਮ ਨੇ ਬਹੁਤ ਉਨਤੀ ਕੀਤੀ । ਇਨ੍ਹਾਂ ਮੰਜੀਆਂ ਨੇ ਸਿੱਖਾਂ ਵਿਚ ਰਾਜਨੀਤੀ ਦਾ ਬੀ ਬੀਜ ਦਿੱਤਾ । ਮਹਾਨ ਅਕਬਰ ਨੇ ਸਾਰੇ ਭਾਰਤ ਨੂੰ ੨੨ ਸੂਬਿਆਂ ਵਿਚ ਵੰਡਿਆਂ ਹੋਇਆ ਸੀ ਇਹ ਬਾਈ ਮੰਜੀਆਂ ਇਹ ਪ੍ਰਗਟ ਕਰਦੀਆਂ ਸਨ ਕਿ ਸਿੱਖ ਧਰਮ ਇਕ ਵੱਖਰੀ ਹੋਂਦ ਰੱਖਦਾ ਹੈ ਜਿਥੇ ਇਹ ਮੰਜੀਦਾਰ ਧਰਮ ਪ੍ਰਚਾਰ ਕਰਦਾ ਉਥੇ ਇਸ ਮੰਜੀ ਤੇ ਬੈਠੇ ਸਿੱਖਾਂ ਦੇ ਆਪਸੀ ਝਗੜੇ ਤੇ ਹੋਰ ਮੁਸ਼ਕਲਾਂ ਦਾ ਹੱਲ ਵੀ ਦਸਦੇ।ਤਾਂ ਇੰਦੂ ਭੂਸ਼ਨ ਬੈਨਰਜੀ ਲਿਖਦਾ ਹੈ ਕਿ ਗੁਰੂ ਅਮਰਦਾਸ ਜੀ ਦੇ ਵੇਲੇ ਸਿੱਖੀ ਕਈ ਪਾਸਿਆਂ ਤੋਂ ਦੂਜੇ ਧਰਮ ਤੋਂ ਵੱਖਰੀ ਦਿਸਣ ਲੱਗ ਪਈ । ਨਾਰੰਗ ਲਿਖਦਾ ਹੈ ਕਿ ਇਸ ਮੰਜੀ ਪ੍ਰਣਾਲੀ ਦੇ ਉਪਰਾਲੇ ਨੇ ਸਿੱਖ ਮੰਦਰ ਦੀਆਂ ਨੀਂਹਾਂ ਬਹੁਤ ਮਜ਼ਬੂਤ ਕਰ ਦਿੱਤੀਆਂ । ਸਾਰੇ ਦੇਸ਼ ਵਿਚ ਸਿੱਖੀ ਦਾ ਪ੍ਰਚਾਰ ਕਰਨ ਲਈ ਇਸ ਪ੍ਰਣਾਲੀ ਨੇ ਸਹਾਇਤਾ ਕੀਤੀ । ਇਨ੍ਹਾਂ ਮੰਜੀਆਂ ਸਦਕਾ ਸਿੱਖੀ ਵਧੀ ਫੁੱਲੀ ਇਨ੍ਹਾਂ ਮੰਜੀਆਂ ਦੁਆਰਾ ਸਿੱਖ ਸੰਗਤ ਕੇਂਦਰੀ ਧੁਰੇ ( ਗੁਰੂ ) ਜੀ ਨਾਲ ਮਿਲੀ ਰਹੀ । ਮਾਤਾ ਮਨਸਾ ਦੇਵੀ ਜੀ ਦੀ ਸੂਝ ਬੂਝ ਦਾ ਪਤਾ ਬੀਬੀ ਭਾਨੀ ਜੀ ਦੇ ਵਰ ਟੋਲਣ ਦੀ ਸਾਖੀ ਤੋਂ ਜ਼ਾਹਿਰ ਹੁੰਦਾ ਹੈ ਕਿ ਇਨਾਂ ਬੀਬੀ ਜੀ ਬਾਰੇ ਗੱਲ ਕੀਤੀ ਬੀਬੀ ਭਾਨੀ ਜੁਆਨ ਹੋ ਗਈ ਹੈ ਕੋਈ ਵਰ ਟੋਲਣਾ ਚਾਹੀਦਾ ਹੈ । ਜੇ ਗੁਰੂ ਜੀ ਕਿਹਾ ਕਿ ਕਿਹੋ ਜਿਹਾ ਕਿਡਾ ਕੁ ਹੋਵੇ ਤਾਂ ਲਾਗਿਓਂ ਭਾਈ ਜੇਠਾ ਜੀ ਸੇਵਾ ਦੀ ਟੋਕਰੀ ਸਿਰ ਉਠਾਈ ਲਾਗੋਂ ਦੀ ਲੰਘਆ ਤਾਂ ਮਾਤਾ ਜੀ ਇਸ ਵੱਲ ਇਸ਼ਾਰਾ ਕਰ ਇਸ ਵਰਗਾ ਹੋਵੇ । ਗੁਰੂ ਜੀ ਕਿਹਾ “ ਬੱਸ ਇਹੋ ਜਿਹਾ ਤਾਂ ਇਹ ਹੀ ਹੈ । ਗੁਰੂ ਜੀ ਪ੍ਰੋਹਤ ਰਾਹੀਂ ਬੀਬੀ ਭਾਨੀ ਦਾ ਰਿਸ਼ਤਾ ਭਾਈ ਜੇਠੇ ਜੀ ਨਾਲ ਪੱਕਾ ਕਰ ਦਿੱਤਾ । ਇਸ ਗੱਲ ਤੋਂ ਸਿੱਧ ਹੁੰਦਾ ਹੈ ਕਿ ਮਾਤਾ ਜੀ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਕਿੰਨੇ ਸੁਚੇਤ ਤੇ ਫਿਕਰਮੰਦ ਸਨ ॥ ਗੋਇੰਦਵਾਲ ਸਾਹਿਬ ਵਿਚ ‘ ਚੌਬਾਰਾ ਸਾਹਿਬ ” ਗੁਰੂ ਅਮਰਦਾਸ ਦੇ ਪ੍ਰਵਾਰ ਦੀ ਰਿਹਾਇਸ਼ ਗਾਹ ਅੱਜ ਵੀ ਮਾਤਾ ਮਨਸਾ ਦੇਵੀ ਜੀ ਦੀ ਯਾਦ ਤਾਜ਼ਾ ਕਰ ਰਹੀ ਹੈ । ਜਿਥੇ ਸਾਰੇ ਭੈਣ ਭਰਾ ਬੜੇ ਚਾਵਾਂ ਤੇ ਖੁਸ਼ੀਆਂ ਨਾਲ ਮਾਤਾ ਮਨਸਾ ਦੇਵੀ ਦੀ ਠੰਢੀ ਛਾਂ ਹੇਠ ਸੇਵਾ ਸਿਮਰਨ ਤੇ ਸੁਚੱਜਾ ਪ੍ਰਭੂ ਭਗਤੀ ਵਾਲਾ ਜੀਵਨ ਬਤੀਤ ਕੀਤਾ । ਖੂਹੀ ਤੇ ਹੋਰ ਨਿਸ਼ਾਨੀਆਂ ਪਈਆਂ ਹਨ । ਏਥੇ ਦੋਹਤੇ ਬਾਲ ਅਰਜਨ ਨੂੰ ਲੋਰੀਆਂ ਦਿੱਤੀਆਂ । ਜਿਹੜੇ ਸਿੱਖਾਂ ਦੇ ਪੰਜਵੇਂ ਨਾਨਕ ਬਣ , ਕੁਰਬਾਨੀ ਦਿੱਤੀ । ਮਾਤਾ ਮਨਸਾ ਦੇਵੀ ਜੀ ਭਾਗਾਂ ਵਾਲੇ ਜਿਨਾਂ ਦੇ ਗੁਰੂ ਪਤੀ , ਗੁਰੂ ਦਾਮਾਦ , ਗੁਰੂ ਦੋਹਤਾ ਬਾਣੀ ਦਾ ਬੋਹਥਾ ਹੋ ਨਿਬੜਿਆ । ਮਾਤਾ ਮਨਸਾ ਦੇਵੀ ਜੀ ੧੫੬੯ ਈ . ਵਿਚ ਏਥੇ ਹੀ ਅਕਾਲ ਚਲਾਣਾ ਕਰ ਗਏ । ਇਨ੍ਹਾਂ ਤੋਂ ਪੰਜ ਸਾਲ ਬਾਦ ਗੁਰੂ ਅਮਰਦਾਸ ਜੀ ੨੨ ਸਾਲ 2 ਮਹੀਨੇ ਗੁਰਗੱਦੀ ਤੇ ਬਿਰਾਜ ੯੫ ਸਾਲ ਦੀ ਉਮਰ ਵਿਚ ਜੋਤੀ ਜੋਤਿ ਜਾ ਰਲੇ ।
ਦਾਸ ਜੋਰਾਵਰ ਸਿੰਘ ਤਰਸਿੱਕਾ ।