ਇਤਹਾਸ ਕੌਮਾਂ ਲਈ ਰੂਹ ਦਾ ਕੰਮ ਕਰਦਾ ਹੈ।ਜੇ ਕਿਸੇ ਕੌਮ ਕੋਲੋਂ ਉਸਦਾ ਇਤਿਹਾਸ ਖੋਹ ਲਿਆ ਜਾਵੇ ਜਾਂ ਉਹ ਕੌਮ ਆਪ ਹੀ ਇਤਿਹਾਸ ਨੂੰ ਵਿਸਾਰ ਬੈਠੇ ਤਾਂ ਉਹ ਕੌਮ ਆਪਣੀ ਹੋਂਦ ਗਵਾ ਬੈਠਦੀ ਹੈ।ਆਪਣੇ ਇਤਹਾਸ ਤੇ ਹਰ ਕੌਮ ਮਾਣ ਕਰਦੀ ਹੈ,ਪਰ ਜਿਸ ਤਰ੍ਹਾਂ ਦਾ ਇਤਿਹਾਸ ਸਿੱਖ ਕੌਮ ਨੇ ਸਿਰਜਿਆ ਉਸਦੀ ਮਿਸਾਲ ਲੱਭਣਾ ਵਾਕਿਆ ਔਖਾ ਕੰਮ ਹੈ।ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ , ਸਿੱਖਾਂ ਨੂੰ ਅੱਧੀ ਸਦੀ ਤੱਕ ਟਿਕ ਕਿ ਬੈਠਣ ਦੀ ਵਿਹਲ ਨ ਮਿਲੀ।ਇਹਨਾਂ ਦੇ ਸਿਰਾਂ ਦੇ ਮੁੱਲ ਰੱਖੇ ਗਏ, ਘਰ ਘਾਟ ਉਜਾੜੇ ਗਏ, ਸ਼ੀਰ ਖੋਰ ਬੱਚੇ ਮਾਵਾਂ ਸਮੇਤ ਸ਼ਹੀਦ ਕੀਤੇ ਗਏ, ਅਤਿ ਦੇ ਤਸੀਹੇ ਦੇ ਕੇ ਸਿੰਘ ਸ਼ਹੀਦ ਕੀਤੇ ਜਾਂਦੇ ਰਹੇ।ਇਹ ਉਹ ਵਕਤ ਸੀ ਜਦ ਸਿੰਘ ਹੁਣਾ ਮੌਤ ਨੂੰ ਵਾਜਾਂ ਮਾਰਨਾ ਸੀ।ਜਿਸ ਬੀਬੀ ਦੇ ਚਾਰ ਪੁਤ ਹੋਣੇ ਤੇ ਕਿਤੇ ਉਹਨਾਂ ਵਿਚੋਂ ਇੱਕ ਸਿੰਘ ਸੱਜ ਜਾਣਾ ਤਾਂ ਉਸ ਨੇ ਕਿਸੇ ਹੋਰ ਜਨਾਨੀ ਨੂੰ ਆਪਣੀ ਔਲਾਦ ਬਾਰੇ ਦੱਸਦੇ ਕਹਿਣਾ ਭੈਣੇ! ਮੇਰੇ ਤਾਂ ਤਿੰਨ ਹੀ ਪੁਤ ਹਨ । ਜਿਸਦਾ ਸਿੱਧਾ ਜਾ ਭਾਵ ਸੀ ਕਿ ਜੋ ਸਿੰਘ ਸਜ ਗਿਆ ,ਉਹ ਤੇ ਅੱਜ ਕੱਲ ਵਿੱਚ ਸ਼ਹੀਦ ਹੋ ਹੀ ਜਾਣਾ ਹੈ।ਪਰ ਇਸ ਔਖੇ ਸਮੇਂ ਵਿੱਚ ਵੀ ਗੁਰੂ ਦਾ ਕੁੰਡਲੀਆ ਖਾਲਸਾ ਚੜ੍ਹਦੀ ਕਲਾ ਵਿੱਚ ਹੈ।ਮੈਲਕਮ ਦੇ ਸ਼ਬਦ ਬੜੇ ਭਾਵਪੂਰਤ ਹਨ:-
” ਇਸ ਭਿਆਨਕ ਸਮੇਂ ਸਿੰਘਾਂ ਨੇ ਜਿਤਨੀਆਂ ਸੱਟਾਂ ਖਾਧੀਆਂ , ਉਨ੍ਹਾਂ ਹੀ ਉਹ ਜਿਆਦਾ ਉਤਾਂਹ ਉੱਠੇ।ਪੰਜਾਬ ਦੀ ਖੇਡ ਭੂਮੀ ਵਿਚ ਬਹਾਦਰ ਸਿੰਘਾਂ ਦੀ ਕੌਮ ਉਸ ਖੁੱਦੋ ਵਾਂਗ ਸੀ, ਜਿਸ ਨੂੰ ਸਭ ਪਾਸਿਉਂ ਠੁੱਡੇ ਪੈ ਰਹੇ ਹੋਣ ਪਰ ਉਹ ਹਮੇਸ਼ਾ ਅਸਮਾਨ ਵੱਲ ਉਛਲਦੀ ਰਹੀ ।”
ਸੋਨਾ ਅੱਗ ਤੇ ਨਿਖਰਦਾ ਵੀ ਹੈ ਤੇ ਸ਼ੁਧ ਵੀ ਹੁੰਦਾ ਹੈ ,ਬਿਲਕੁਲ ਇਸੇ ਤਰ੍ਹਾਂ ਇਸ ਭਿਆਨਕ ਸਮੇਂ ਅੰਦਰ ਖਾਲਸਾ ਨਿਖਰ ਕੇ ਸਾਹਮਣੇ ਆਇਆ।ਇਸ ਅੱਤ ਦੇ ਦੁਖਦਾਈ ਸਮੇਂ ਵਿਚ ਸਿੰਘਾਂ ਨੇ ਆਪਣੇ ਇਖਲਾਕ ਨੂੰ ਡਿੱਗਣ ਨਹੀਂ ਦਿੱਤਾ ਤੇ ਰਾਜਸੀ ਸੱਤਾ ਦੀ ਪ੍ਰਾਪਤੀ ਲਈ ਵੀ ਪਿੜ ਜਮਾਇਆ।ਇਹ ਸਭ ਚੰਗੇ ਸੁਘੜ ਆਗੂਆਂ ਦੁਆਰਾ ਮਿਲੀ ਸੁਚੱਜੀ ਅਗਵਾਈ ਹੀ ਸੀ।ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਦੀਵਾਨ ਦਰਬਾਰਾ ਸਿੰਘ , ਬੁੱਢਾ ਸਿੰਘ , ਭਾਈ ਮਨੀ ਸਿੰਘ ,ਬਾਬਾ ਦੀਪ ਸਿੰਘ ਆਦਿ ਨੇ ਕੌਮ ਨੂੰ ਡੋਲਣ ਨ ਦਿੱਤਾ।ਇਸੇ ਸਮੇਂ ਇੱਕ ਹੋਰ ਸ਼ਖਸੀਅਤ ਉਭਰ ਕੇ ਸਾਹਮਣੇ ਆਉਂਦੀ ਹੈ , ਜਿਸਨੇ ਖਿੰਡੀ ਹੋਈ ਤਾਕਤ ਨੂੰ ਕੱਠਾ ਕਰਕੇ ,’ ਰਾਜ ਕਰੇਗਾ ਖਾਲਸਾ’ ਦੇ ਆਦਰਸ਼ ਨੂੰ ਪੂਰਾ ਕਰਨ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਇਆ।ਇਹ ਮਾਨਮਤੀ ਸਖਸ਼ੀਅਤ ‘ਨਵਾਬ ਕਪੂਰ ਸਿੰਘ’ ਜੀ ਸਨ।
ਨਵਾਬ ਕਪੂਰ ਸਿੰਘ ਦਾ ਜਨਮ 1697 ਈਸਵੀ ਵਿੱਚ ਚੌਧਰੀ ਦਲੀਪ ਸਿੰਘ ਵਿਰਕ ਦੇ ਘਰ , ਪਿੰਡ ਕਾਲੋ ਕੇ (ਸ਼ੇਖੂਪੁਰਾ) ਵਿਚ ਹੋਇਆ।ਘਰ ਦਾ ਮਾਹੌਲ ਸਿੱਖੀ ਆਭਾ ਮੰਡਲ ਵਾਲਾ ਹੋਣ ਕਾਰਨ , ਕਪੂਰ ਸਿੰਘ ਨੂੰ ਵਿਰਾਸਤ ਵਿਚ ਸਿੱਖੀ ਰਹੁ ਰੀਤਾਂ ਦੀ ਪ੍ਰਾਪਤੀ ਹੋਈ।ਘਰ ‘ਚ ਅੰਨ ਪਾਣੀ ਦੀ ਖੁਲ ਬਹਾਰ ਹੋਣ ਕਾਰਨ , ਚੰਗੀ ਖੁਰਾਕ ਨੇ ਕਪੂਰ ਸਿੰਘ ਨੂੰ ਆਪਣੇ ਹਾਣੀਆਂ ਨਾਲੋਂ ਸਿਰ ਕੱਢਵਾਂ ਬਣਾ ਦਿੱਤਾ।ਜਿੱਥੇ ਧਰਮੀ ਮਾਂ ਕੋਲ ਬੈਠ ਕਿ ਗੁਰਬਾਣੀ ਪੜ੍ਹਦਾ ,ਉਥੇ ਹੀ ਆਪਣੇ ਪਿਤਾ ਤੇ ਭਰਾਵਾਂ ਨਾਲ ਜੰਗੀ ਸ਼ਸ਼ਤ੍ਰ ਵੀ ਚਲਾਉਣ ਦਾ ਅਭਿਆਸ ਕਰਦਾ।ਚੌਧਰੀ ਦਲੀਪ ਸਿੰਘ ਨੂੰ ਸੋਹਣੇ ਘੋੜੇ ਘੋੜੀਆਂ ਰੱਖਣ ਦਾ ਸ਼ੌਂਕ ਸੀ, ਜਿਸ ਕਾਰਨ ਬਚਪਨ ਵਿੱਚ ਹੀ ਕਪੂਰ ਸਿੰਘ ਇੱਕ ਹੁਨਰਮੰਦ ਘੋੜ ਸਵਾਰ ਬਣ ਗਿਆ।ਇਹਨਾ ਨੇ ਆਪਣੇ ਭਾਈ ਦਾਨ ਸਿੰਘ ਸਮੇਤ ਖੰਡੇ ਬਾਟੇ ਦੀ ਪਾਹੁਲ ਭਾਈ ਮਨੀ ਸਿੰਘ ਜੀ ਹੁਣਾ ਪਾਸੋਂ ਲਈ ਸੀ।
ਭਾਈ ਤਾਰਾ ਸਿੰਘ ਵਾਂ ਪਿੰਡ ਵਾਲੇ ਦੀ ਸ਼ਹਾਦਤ ਦੀ ਖਬਰ ਜੰਗਲ ਦੀ ਅੱਗ ਵਾਂਗ ਫੈਲੀ ਤਾਂ ਸੁਤੇ ਸਿੱਧ ਹੀ , ਸਿੱਖ ਹਿਰਦਿਆਂ ਵਿੱਚ ਭਾਂਬੜ ਬਲ ਉੱਠੇ।ਬੇਅੰਤ ਸਿੱਖ ਆਪਣੇ ਨਿੱਜੀ ਕੰਮ ਛੱਡ , ਨਿਰੋਲ ਪੰਥਕ ਕਾਰਜਾਂ ਲਈ ਦੀਵਾਨ ਦਰਬਾਰਾ ਸਿੰਘ ਦੀ ਛਤਰ ਛਾਇਆ ਹੇਠ ਇਕੱਠੇ ਹੋਣੇ ਸ਼ੁਰੂ ਹੋ ਗਏ।ਇਹਨਾਂ ਛੈਲ ਬਾਂਕਿਆਂ ਵਿਚ ਇੱਕ ਨਾਮ ਕਪੂਰ ਸਿੰਘ ਦਾ ਵੀ ਸੀ।ਅੰਮ੍ਰਿਤਸਰ ਵਿੱਚ ਹੋਏ ਪੰਥਕ ‘ਕੱਠ ਵਿੱਚ, ਜਾਲਮ ਮੁਗਲੀਆ ਹਕੂਮਤ ਨੂੰ ਸਬਕ ਸਿਖਾਉਣ ਲਈ ਹੇਠ ਲਿਖੇ ਇਹ ਫੈਸਲੇ ਕੀਤੇ ਗਏ ;-
1. ਸਰਕਾਰੀ ਖਜਾਨੇ ਲੁਟ ਲਏ ਜਾਣ।
2. ਸਰਕਾਰੀ ਹਥਿਆਰ ਘਰ ਲੁਟ ਲਏ ਜਾਣ।
3.ਜ਼ਾਲਮ ਹਾਕਮਾਂ , ਮੁਖਬਰਾਂ ਤੇ ਸਰਕਾਰੀ ਖੁਸ਼ਾਮਦੀਆਂ ਦਾ ਸੋਧਾ ਲਾਇਆ ਜਾਵੇ।
ਇਸਦੇ ਫਲਸਰੂਪ ਜਲਦ ਹੀ ਕਪੂਰ ਸਿੰਘ ਦੇ ਜੱਥੇ ਨੇ ਮੁਲਤਾਨ ਦਾ ਸਰਕਾਰੀ ਮਾਲੀਆ ਜੋ ਸ਼ਾਹੀ ਖਜਾਨੇ ਵਿਚ ਜਮਾ ਹੋਣ ਲਈ ਜਾ ਰਿਹਾ ਸੀ , ਲਾਹੌਰ ਦੇ ਇਲਾਕੇ ਖੁੱਡੀਆਂ ਕੋਲ ਲੁੱਟ ਲਿਆ।ਇਹ ਤਕਰੀਬਨ 4 ਲੱਖ ਰੁਪਈਆ ਸੀ।ਇਸਤੋਂ ਦੋ ਕੁ ਮਹੀਨੇ ਬਾਅਦ ਹੀ ਕਸੂਰ ਤੋਂ ਲਾਹੌਰ ਭੇਜਿਆ ਜਾ ਰਿਹਾ ਇੱਕ ਲੱਖ ਰੁਪਈਆ ਕਾਹਨੇ ਕਾਛੇ ਕੋਲ ਸਿੰਘਾਂ ਨੇ ਲੁਟ ਲਿਆ।ਤੀਜੀ ਘਟਨਾ ਜੰਡਿਆਲੇ ਕੋਲ ਵਾਪਰੀ ਜਦੋਂ ਮੁਰਤਜ਼ਾ ਖ਼ਾਨ ਉਚਕਜ਼ਈ ਕੋਂਲੋ ਸੈਂਕੜੇ ਘੋੜੇ ਤੇ ਹਥਿਆਰ ਕਪੂਰ ਸਿੰਘ ਦੇ ਜੱਥੇ ਨੇ ਉਡਾ ਲਏ।ਦਿੱਲੀ ਤੇ ਲਾਹੌਰ ਦੀਆਂ ਸਾਂਝੀਆਂ ਫੌਜਾਂ ਨੇ ਸਿੰਘਾਂਂ ਨੂੰ ਖਤਮ ਕਰਨ ਦੀ ਬਹੁਤ ਵਾਹ ਲਈ,ਪਰ ਜਦ ਟਾਕਰੇ ਹੋਏ ਤਾਂ ਟਕਿਆਂ ਪਿੱਛੇ ਲੜਨ ਵਾਲੇ ਸਿਪਾਹੀ ਮੂੰਹ ਵਿੱਚ ਘਾਹ ਲੈ ਕਿ ਜਾਨ ਬਚਾਉਣ ਲਈ ਦੌੜਦੇ ਰਹੇ।ਇਸ ਵਕਤ ਖਾਲਸਾ ਸਿਰਫ ਸਰਕਾਰੀ ਖਜਾਨੇ ਲੁਟ ਕੇ ਸਰਕਾਰ ਦਾ ਆਰਥਿਕ ਪੱਖੋਂ ਲੱਕ ਤੋੜਨ ਲਈ ਵਿਤੋਂ। ਬਾਹਰ ਜਾ ਕੇ ਯਤਨਸ਼ੀਲ ਸੀ ।ਇਸ ਸਮੇਂ ਭੁਲੇਖੇ ਨਾਲ ਇੱਕ ਸਿਆਲਕੋਟ ਦੇ ਪ੍ਰਤਾਪ ਚੰਦ ਦਾ ਕਾਫਲਾ ਸਰਕਾਰੀ ਟਾਂਡਾ ਸਮਝ ਕੇ ਲੁਟ ਲਿਆ।ਇਸ ਵਿੱਚ ਬਹੁਤਾ ਕੱਪੜਾ ਸੀ।ਪਰ ਜਦ ਪਤਾ ਲੱਗਾ ਕਿ ਇਹ ਤਾਂ ਕਿਸੇ ਦਾ ਨਿੱਜੀ ਟਾਂਡਾ ਸੀ ਤਾਂ ਖਾਲਸੇ ਨੇ ਸਾਰਾ ਸਾਜੋ ਵਾਜੋ ਪ੍ਰਤਾਪ ਚੰਦ ਨੂੰ ਵਾਪਿਸ ਕੀਤਾ।ਅੱੱਗੇ ਸਿਆਲ ਆ ਰਿਹਾ ਸੀ, ਤਨ ਦੇ ਲੀੜੇ ਵੀ ਪਾਟੇ ਤੇ ਪੁਰਾਣੇ ਸਨ ਸਿੰਘਾਂ ਦੇ,ਪਰ ਫਿਰ ਵੀ ਕਿਸੇ ਨੇ ਕੱਪੜੇ ਦੀ ਇੱਕ ਨਿੱਕੀ ਜਿਹੀ ਕਣਤਰ ਤੱਕ ਨਹੀਂ ਰੱੱਖੀ।ਇਸ ਘਟਨਾ ਤੋਂ ਖਾਲਸਾਈ ਕਿਰਦਾਰ ਦੀ ਉਤਮਤਾ ਦਾ ਪਤਾ ਲੱਗਦਾ ਕਿ ਉਹ ਕਿੰਨਾ ਸਿੱਦਕਵਾਨ ਹੈ।
ਜਦ ਜਕਰੀਆ ਖਾਨ ਤੇ ਸਰਕਾਰ-ਇ-ਹਿੰਦ ਸਿੱਖਾਂ ਨੂੰ ਤਲਵਾਰ ਦਾ ਜੋਰ ਨਾਲ ਨ ਦਬਾਅ ਸਕੀ ਤਾਂ , ਲਾਹੌਰ ਦਰਬਾਰ ਨੇ ਦਿੱਲੀ ਦਰਬਾਰ ਨਾਲ ਗੱਲਬਾਤ ਕਰਕੇ , ਪੰਜਾਬ ਵਿੱਚ ਨਿੱਘਰਦੀ ਆਪਣੀ ਹਾਲਤ ਨੂੰ ਠੁੰਮਣਾ ਦੇਣ ਲਈ , ਖਾਲਸਾ ਪੰਥ ਨਾਲ ਸੁਲਾਹ ਕਰਨ ਜਾਂ ਇਸ ਨੂੰ ਰਾਜਸੀ ਚਾਲ ਕਹਿ ਲਵੋ , ਤਹਿਤ ਨਵਾਬੀ ਦੀ ਖਿੱਲਤ ਤੇ ਇੱਕ ਲੱਖ ਰੁਪਏ ਤੱਕ ਦੀ ਜਾਗੀਰ ਭਾਈ ਸੁਬੇਗ ਸਿੰਘ ਜੰਬਰ ਹੱਥ ਅੰਮ੍ਰਿਤਸਰ ਭੇਜੀ।ਇਹ ਘਟਨਾ ਕੋਈ 1733 ਦੇ ਨੇੜੇ ਦੀ ਹੈ।ਸਭਾ ਅੰਦਰ ਗੁਰੂ ਦੀ ਹਜੂਰੀ ਵਿੱਚ ਜੁੜੇ ਪੰਥ ਦੇ ਆਗੂਆਂ ਨੇ ਸਰਕਾਰੀ ਸੁਗਾਤ ਲੈਣ ਤੋਂ ਇਨਕਾਰ ਕਰਦਿਆਂ ਕਿਹਾ;-
” ਹਮ ਕੋ ਸਤਿਗੁਰ ਬਚਨ ਪਾਤਿਸਾਹੀ।
ਹਮਕੋ ਜਾਪਤ ਢਿਗ ਸੋਊ ਆਹੀ।36।..
ਪਤਿਸਾਹੀ ਛਡ ਕਿਮ ਲਹੈਂ ਨਿਬਾਬੀ।
ਪਰਾਧੀਨ ਜਿਹ ਮਾਂਹਿ ਖਰਾਬੀ।38।
ਸੁਬੇਗ ਸਿੰਘ ਨੇ ਕਿਹਾ ਕਿ ਵਕਤ ਦੀ ਨਜਾਕਤ ਨੂੰ ਸਮਝਦਿਆਂ ਇਸ ਨੂੰ ਸਵੀਕਾਰ ਕਰਨਾ ਬਣਦਾ ਹੈ।ਇਹ ਤੁਸੀਂ ਮੰਗ ਕੇ ਨਹੀਂ ਲਈ,ਸਗੋਂ ਲਾਹੌਰ ਦਰਬਾਰ ਨੇ ਖਾਲਸੇ ਅੱਗੇ ਭੇਟਾ ਰੱਖੀ ਹੈ।ਗੁਰਧਾਮਾਂ ਦੀ ਮੁਰੰਮਤ ਤੇ ਖਾਲਸਈ ਜੱਥਿਆਂ ਨੂੰ ਹੋਰ ਤਿੱਖੇ ਕਰਨ ਲਈ ਇੱਕ ਸ਼ਾਂਤ ਸਮੇਂ ਦੀ ਲੋੜ ਹੈ ।ਜਿਨ੍ਹਾਂ ਚਿਰ ਨਿਭਦੀ ਹੈ ਠੀਕ ਹੈ , ਜਦ ਲੱਗੇ ਹੁਣ ਨਹੀਂ ਚਾਹੀਦੀ ਤਾਂ ਇਸ ਨਵਾਬੀ ਨੂੰ ਵਾਪਸ ਕਰ ਦੇਣਾ।ਜਕਰੀਆ ਖਾਨ ਨੇ ਖਾਲਸੇ ਨੂੰ ਭਰੋਸਾ ਦਿਵਾਇਆ ਸੀ ;
“ਕਸਮ ਕੁਰਾਨ ਬਹੁ ਬਾਰ ਉਠਾਵਹਿ।
ਗੁਰ ਚਕ ਹਮ ਕਦੇ ਪੈਰ ਨ ਪਾਵਹਿ।
ਬਿਸ਼ਕ ਲੇਹੁ ਤੁਮ ਮੇਲਾ ਲਾਇ।
ਨਨਕਾਣੇ ਮੈਂ ਰੋੜੀ ਜਾਇ।
ਬਡੇ ਡੇਹਰੇ ਖੰਡੂਰ ਗੁਰ ਥਾਨ।
ਤਰਨ ਤਾਰਨ ਗੁਰ ਔਰ ਮਕਾਨ।”
ਅਖੀਰ ਫੈਸਲਾ ਹੋਇਆ ਕਿ ਨਵਾਬੀ ਕਿਸੇ ਸੇਵਾਦਾਰ ਨੂੰ ਦੇ ਦਿੱਤੀ ਜਾਵੇ ਤਾਂ ਸਾਰੇ ਆਗੂਆਂ ਦੀ ਅੱਖ ਸੰਗਤ ਵਿਚ ਪੱਖੇ ਦੀ ਸੇਵਾ ਕਰਦੇ ਕਪੂਰ ਸਿੰਘ ਤੇ ਜਾ ਪਈ।ਇਸ ਜਵਾਨ ਦੀ ਬਹਾਦਰੀ ਤੇ ਸੇਵਾ ਭਾਵਨਾ ਤੋਂ ਪ੍ਰਸੰਨ ਹੋ ਗੁਰੂ ਪੰਥ ਨੇ ਇਸਨੂੰ ਨਵਾਬੀ ਦੀ ਖਿੱਲਤ ਦੇਣ ਵਾਸਤੇ ਬੁਲਾਇਆ ਗਿਆ।ਕਪੂਰ ਸਿੰਘ ਦੀ ਇੱਛਾ ਅਨੁਸਾਰ ਪੰਜ ਸਿੰਘਾਂ, ਭਾਈ ਹਰੀ ਸਿੰਘ ਹਜੂਰੀਆ, ਬਾਬਾ ਦੀਪ ਸਿੰਘ, ਜੱਸਾ ਸਿੰਘ ਰਾਮਗੜ੍ਹੀਆ, ਭਾਈ ਕਰਮ ਸਿੰਘ ਤੇ ਬੁਢਾ ਸਿੰਘ ਸ਼ੁਕਰਚੱਕੀਆ ਦੇ ਚਰਨਾਂ ਨਾਲ ਛੁਹਾ ਕੇ ਖਿੱਲਤ ਦਿੱਤੀ ਗਈ ਤੇ ਇਸ ਤਰ੍ਹਾਂ ਭਾਈ ਕਪੂਰ ਸਿੰਘ ਨਵਾਬ ਕਪੂਰ ਸਿੰਘ ਬਣ ਗਿਆ।ਖ਼ਿਲਤ ਵਿਚ ਸ਼ਾਲ ਦੀ ਪੱਗ, ਇੱਕ ਜੜਾਊ ਕਲਗੀ, ਜਿਗਾ, ਇਕ ਜੋੜੀ ਸੋਨੇ ਦੇ ਕੰਗਣਾ ਦੀ, ਕੰਠਾ, ਇਕ ਕੀਮਤੀ ਮੋਤੀਆਂ ਦੀ ਮਾਲਾ, ਇਕ ਕੀਨਖੁਵਾਬ ਦਾ ਜਾਮਾਂ , ਇਕ ਜੜਾਊ ਸ਼ਮਸ਼ੀਰ ਤੇ ਝਬਾਲ, ਕੰਗਣਪੁਰ ਤੇ ਦੀਪਾਲਪੁਰ ਦੀ ਇੱਕ ਲੱਖ ਰੁਪਏ ਦੀ ਜਾਗੀਰ ਸੀ।ਨਵਾਬੀ ਦਾ ਰੁਤਬਾ ਹਾਸਲ ਕਰਨ ਤੋਂ ਬਾਅਦ ਵੀ ਕਪੂਰ ਸਿੰਘ ਜੀ ਸੰਗਤ ਵਿਚ ਪੱਖੇ ਦੀ ਤੇ ਪੰਗਤ ਵਿਚ ਪ੍ਰਸ਼ਾਦੇ ਪਾਣੀ ਦੀ ਨਿਮਰਤਾ ਸਹਿਤ ਸੇਵਾ ਨਿਰੰਤਰ ਉਸੇ ਤਰ੍ਰਾਂ ਕਰਦੇ ਰਹੇ ਜਿਵੇਂ ਪਹਿਲਾਂ ਕਰਦੇ ਸਨ।
1734 ਈਸਵੀ ਵਿੱਚ ਦੀਵਾਨ ਦਰਬਾਰਾ ਸਿੰਘ ਗੁਰਪੁਰੀ ਸੁਧਾਰ ਗਏ।ਇਹਨਾਂ ਦਿਨਾਂ ਵਿੱਚ ਇੱਕ ਭਾਰੀ ਇਕੱਠ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਹੋਇਆ।ਇਸ ਵਿੱਚ ਖਾਲਸੇ ਨੂੰ ਦੋ ਭਾਗਾਂ ਵਿੱਚ ਵੰਡਿਆ ,ਇੱਕ ਭਾਗ ਵਿਚ 40 ਤੋਂ ਉਪਰ ਸਨ , ਇਸ ਨੂੰ ਬੁੱਢਾ ਦਲ ਆਖਿਆ ਗਿਆ, ਦੂਜੇ ਵਿਚ 40 ਤੋਂ ਛੋਟੇ ਸਨ ਤੇ ਇਸਨੂੰ ਤਰਨਾ ਦਲ ਕਿਹਾ ਗਿਆ।ਦੋਹਾਂ ਦਲਾਂ ਦਾ ਸਮੁੱਚ ਦਲ ਖਾਲਸਾ ਸੀ ਤੇ ਇਸਦਾ ਜੱਥੇਦਾਰ ਸਰਬ ਸੰਮਤੀ ਨਾਲ ਨਵਾਬ ਕਪੂਰ ਸਿੰਘ ਬਣਿਆ।ਬੁੱਢੇ ਦਲ ਵਾਲਿਆਂ ਦਾ ਕੰਮ ਗੁਰਧਾਮਾਂ ਦੀ ਸੇਵਾ ਸੰਭਾਲ , ਬਾਣੀ ਬਾਣੇ ਦਾ ਪ੍ਰਚਾਰ, ਲੋੜ ਪੈਣ ਤੇ ਜੰਗ ਦੇ ਮੈਦਾਨ ਵਿਚ ਤਰਨਾ ਦਲ ਦਾ ਸਾਥ ਦੇਣਾ । ਤਰਨੇ ਦਲ ਦਾ ਕੰਮ ਮਜਲੂਮਾਂ ਨੂੰ ਜਾਲਮਾਂ ਤੋਂ ਬਚਾਉਣਾ, ਸਰਕਾਰੀ ਖਜਾਨੇ ਤੇ ਹੱਥ ਫੇਰਨਾ, ਲੋੜ ਸਮੇਂ ਕਿਰਪਾਨ ਨਾਲ ਪਾਪੀਆਂ ਨੂੰ ਸੋਧਾ ਲਾਣਾ।
ਨਵਾਬ ਕਪੂਰ ਸਿੰਘ ਦੇ ਹੱਥੋਂ ਖੰਡੇ ਬਾਟੇ ਦੀ ਪਾਹੁਲ ਲੈਣਾ , ਬੜਾ ਸਵਾਬ ਦਾ ਕੰਮ ਸਮਝਿਆ ਜਾਂਦਾ ਸੀ।ਜੋ ਵੀ ਬਚਨ ਇਸ ਗੁਰੂ ਸੂਰੇ ਦੇ ਮੂੰਹ ਵਿਚੋਂ ਨਿਕਲਦਾ ਉਹ ਸਫਲ ਹੁੰੰਦਾ ਸੀ।ਦਲਾਂ ਲਈ ਹੇਠ ਲਿਖੇ ਨਿਯਮ ਬਣਾਇ ਗਏ;-
1.ਮਾਇਆ ਕਿਸੇ ਵੀ ਵਸੀਲੇ ਰਾਹੀਂ ਜੋ ਦੋਂਹੇ ਦਲ ਇਕੱਠੀ ਕਰਨਗੇ ਉਹ ਇਕੋ ਗੋਲਕ ਵਿੱਚ ਸਾਰੀ ਜਮ੍ਹਾਂ ਹੋਵੇਗੀ।
2.ਦੋਵਾਂ ਜੱਥਿਆਂ ਦੇ ਸਿੰਘਾਂ ਦੀਆਂ ਜ਼ਰੂਰਤਾਂ ਇਸ ਸਾਂਝੀ ਮਾਇਆ ਵਿਚੋਂ ਪੂਰੀਆਂ ਕੀਤੀਆਂ ਜਾਣਗੀਆਂ।
3.ਦੋਵਾਂ ਜੱਥਿਆਂ ਦਾ ਲੰਗਰ ਇਕੋ ਜਾ , ਇਕੋ ਥਾਂ ਤਿਆਰ ਕਰਕੇ, ਇੱਕ ਸਮਾਨ ਵਰਤਾਇਆ ਜਾਵੇ।
4. ਆਪਣੇ ਜੱਥੇਦਾਰ ਦਾ ਹਰ ਹੁਕਮ ਮੰਨਣਾ ਹਰ ਸਿੰਘ ਲਈ
ਜਰੂਰੀ ਹੈ।
ਇਸ ਨਿਯਮਾਵਲੀ ਨੇ ਸਾਰੇ ਪੰਥ ਅੰਦਰ ਆਪਸੀ ਭਾਈਚਾਰੇ ਨੂੰ ਹੋਰ ਪੀਢਾ ਕੀਤਾ।ਦੁਖ ਸੁਖ ਭੁਖ ਸਭ ਕੁਝ ਸਾਂਝਾ ਸੀ।ਪੰਥ ਦੀ ਚੜ੍ਹਦੀਕਲਾ ਵੱਲ ਵੇਖ ਨੌਜਵਾਨ ਧੜਾ ਧੜ ਤਰਨਾ ਦਲ ਵਿੱਚ ਸ਼ਾਮਿਲ ਹੋ ਰਹੇ ਸਨ । ਦਿਨਾਂ ਵਿੱਚ ਹੀ ਤਰਨਾ ਦਲ ਦੀ ਗਿਣਤੀ 12ਹਜਾਰ ਦੇ ਲਗਭਗ ਹੋ ਗਈ।ਨਵਾਬ ਕਪੂਰ ਸਿੰਘ ਨੇ ਤਰਨੇ ਦਲ ਨੂੰ 5 ਜੱਥਿਆਂ ਵਿਚ ਵੰਡ ਦਿੱਤਾ;-
1.ਪਹਿਲਾ ਜੱਥਾ- ਬਾਬਾ ਦੀਪ ਸਿੰਘ
2.ਦੂਜਾ ਜੱਥਾ–ਕਰਮ ਸਿੰਘ ਧਰਮ ਸਿੰਘ ਅੰਮ੍ਰਿਤਸਰ ਵਾਲੇ
3.ਤੀਜਾ ਜੱਥਾ – ਬਾਬਾ ਕਾਹਨ ਸਿੰਘ ਤੇ ਬਾਵਾ ਬਿਨੋਦ ਸਿੰਘ
4.ਚੌਥਾ ਜੱਥਾ -ਦਸੌਂਧਾ ਸਿੰਘ ਦਾ।
5.ਪੰਜਵਾ ਜੱਥਾ- ਵੀਰ ਸਿੰਘ ਰੰਘਰੇਟੇ ਦਾ।
ਇਹਨਾਂ ਜੱਥਿਆਂ ਨੂੰ ਹਦਾਇਤ ਸੀ ਕਿ ਉਹ ਭੰਡਾਰੇ ਚੋਂ ਰਸਤਾਂ ਲੈ ਕੇ ਆਪੋ ਆਪਣੇ ਲੰਗਰ ਤਿਆਰ ਕਰਨ।ਇਹ ਵਕਤ ਸੁਖਾਵਾਂ ਹੋਣ ਕਾਰਨ ਬੇਅੰਤ ਲੋਕ ਸਿੱਖੀ ਵਿੱਚ ਪ੍ਰਵੇਸ਼ ਕਰਦੇ ਹਨ।
1735 ਦੀ ਹਾੜੀ ਦੀ ਫ਼ਸਲ ਵਕਤ , ਲਾਹੌਰ ਦਰਬਾਰ ਨੇ ਸਿੰਘਾਂ ਨਾਲ ਹੋਈ ਸੁਲਾ ਤੋੜ ਦਿੱਤੀ, ਸਿੰਘ ਵੀ ਇਸ ਮੌਕੇ ਦੀ ਭਾਲ ਵਿੱਚ ਸਨ।ਜਕਰੀਆ ਖਾਨ ਨੇ 4000ਸਵਾਰਾਂ ਦੀ ਫਿਰਤੂ ਫੌਜ ਬਣਾ ਕੇ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਲਈ ਤੋਰੀ।ਗੁਰੂ ਦੇ ਲਾਲਾਂ ਨੇ ਇਸ ਫੌਜ ਦਾ ਚੈਨ ਆਰਾਮ ਉਡਾ ਦਿੱਤਾ, ਉਹ ਕਦੇ ਘੋੜੇ ਖੋਹ ਲੈਂਦੇ , ਕਦੇ ਹਥਿਆਰ, ਬਹੁਤਾ ਨੁਕਸਾਨ ਵੀ ਲਾਹੌਰ ਦਰਬਾਰ ਦਾ ਹੋ ਰਿਹਾ ਸੀ।ਅੰਤ ਜਕਰੀਆ ਖਾਨ ਨੇ ਹੇਠ ਲਿਖਿਆ ਫ਼ੁਰਮਾਨ ਜਾਰੀ ਕੀਤਾ;-
1. ਜੇ ਕੋਈ ਸਿੰਘ ਦਾ ਸਿਰ ਪੇਸ਼ ਕਰੇ,ਉਸਨੂੰ 50 ਰੁਪਏ ਇਨਾਮ।
2.ਜੇ ਕੋਈ ਜਿਉਂਦਾ ਸਿੰਘ ਪੇਸ਼ ਕਰੇ,ਉਸਨੂੰ ਵੀ 50 ਰੁਪਏ ਇਨਾਮ
3.ਜੇ ਕੋਈ ਸਿੰਘ ਦਾਆ ਪਤਾ ਦੱੱਸੇ, ਉਸਨੂੰ 10 ਰੁਪਏ ਇਨਾਮ।
4.ਜੇ ਕੋਈ ਫੜਵਾਏ ਉਸਨੂੰ 15 ਰੁਪਏ ਇਨਾਮ
5.ਸਿੰਘ ਦਾ ਘਰ ਬਾਰ ਲੁਟਣ ਵਾਲੇ ਤੋਂ ਕੋਈ ਪੁੱਛ ਪ੍ਰਤੀਤ ਨਹੀਂ।
ਇਸਦੇ ਨਾਲ ਹੀ ਜੋ ਸਿੰਘਾਂ ਦੀ ਮੱਦਦ ਕਰੇਗਾ ਉਸਨੂੰ ਸਰਕਾਰ ਹੇਠ ਲਿਖੀਆਂ ਸਜਾਵਾਂ ਦਵੇਗੀ;
1.ਜੇ ਕੋਈ ਪਨਾਹ ਦੇਵੇਗਾ ਤਾਂ ਮੌਤ ਦੀ ਸਜਾ।
2.ਜੋ ਬਾਗੀ ਸਿੰਘ ਦਾ ਪਤਾ ਜਾਣ ਕੇ ਵੀ ਨ ਦੱਸੇ,ਉਸਨੂੰ ਵੀ ਮੌਤ ਹੀ
3.ਜੋ ਸਿੰਘਾਂ ਦੀ ਅੰਨ ਕਪੜੇ ਨਾਲ ਮੱਦਦ ਕਰੇਗਾ, ਉਸਨੂੰ ਮੁਸਲਮਾਨ ਬਣਾਇਆ ਜਾਵੇਗਾ।
4.ਜੋ ਸਰਕਾਰੀ ਕਰਮਚਾਰੀ ਗ਼ਲਤੀ ਕਰੇਗਾ, ਉਸਨੂੰ ਅਹੁਦੇ ਤੋਂ ਹਟਾ ਦਿੱਤਾ ਜਾਵੇਗਾ।
ਇਸ ਬਿਖੜੇ ਸਮੇਂ ਵਿਚ ਨਵਾਬ ਕਪੂਰ 800 ਸਿੰਘਾਂ ਸਮੇਤ ਬਾਬਾ ਆਲਾ ਸਿੰਘ , ਬਾਨੀ ਪਟਿਆਲਾ ਰਿਆਸਤ ਕੋਲ ਠੀਕਰੀਵਾਲ ਆ ਰਹੇ।ਬਾਬਾ ਆਲਾ ਸਿੰਘ ਨੇ ਵੀ ਪਾਹੁਲ ਨਵਾਬ ਕਪੂਰ ਸਿੰਘ ਹੱਥੋਂ ਲਈ ਸੀ। ਮਾਲਵੇ ਦੇ ਗੁਰ ਸਿੱਖਾਂ ਨੇ ਇਹਨਾਂ ਬਾਗੀ ਸਿੰਘਾਂ ਦੀ ਬਹੁਤ ਮੱਦਦ ਕੀਤੀ।ਇਸ ਸਮੇਂ ਮਾਲਵੇ ਵਿੱਚ ਧਰਮ ਪ੍ਰਚਾਰ ਜੋਰਾਂ ਤੇ ਹੋਇਆ ਤੇ ਪਾਹੁਲ ਦੇ ਬਾਟੇ ਖੁਲ੍ਹੇ ਵਰਤੇ।ਉਧਰ ਜਕਰੀਏ ਨੇ ਭਾਈ ਮਨੀ ਸਿੰਘ ਸਮੇਤ ਬੇਅੰਤ ਸਿੰਘਾਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ।ਜਿਸਦਾ ਜ਼ਿਕਰ ਰਤਨ ਸਿੰਘ ਭੰਗੂ ਕਰਦਾ ਹੈ;
ਦੋਹਿਰਾ।। ਮਨੀ ਸਿੰਘ ਜਬ ਮਾਰਿਓ, ਬੰਦ ਬੰਦ ਤਿਸੈ ਕਟਾਏ।
ਔਰ ਸਿੰਘ ਥੇ ਜੋ ਮਰੇ ਕੋ ਸਭ ਸਕੇ ਗਿਨਾਏ।2।
ਚੌਪਈ।। ਕਈ ਚਰਖੀ ਕਈ ਫਂਸੀ ਮਾਰੇ।
ਕਈ ਤੋਪਨ ਕਈ ਛੁਰੀ ਕਟਾਰੇ।
ਕਈਅਨ ਸਿਰ ਮੁੰਗਲੀ ਕੁੱਟੇ।
ਕਈ ਡੋਬੇ ਕਈ ਘਸੀਟ ਸੁ ਸੁਟੇ।
ਦਬੇ ਕਟੇ ਬੰਦੂਖਨ ਦਏ ਮਾਰ।
ਕੌਣ ਗਣੇ ਜੋ ਮਰੇ ਹਜਾਰ।
ਪਾਂਤ ਪਾਂਤ ਕਈ ਪਕੜ ਬਹਾਏ।
ਸਾਥ ਤੇਗਨ ਕਈ ਸੀਸ ਉਡਵਾਏ।4।
ਕਿਸੇ ਹੱਥ ਕਿਸੇ ਟੰਗ ਕਟਵਾਈ।
ਅੱਖ ਕੱਢ ਕਿਸੇ ਖੱਲ ਉਤਰਵਾਈ।
ਕੇਸਨ ਵਾਲੇ ਜੋ ਨਰ ਹੋਈ।
ਬਾਲ ਬਿਰਧ ਲੱਭ ਛੱਡੇ ਨ ਕੋਈ।
ਹਰੀ ਰਾਮ ਗੁਪਤਾ ਇਸ ਔਖੇ ਸਮੇਂ ਪੰਥ ਦੀ ਜੋ ਤਸਵੀਰ ਖਿੱਚਦਾ ਉਹ ਬਹੁਤ ਭਾਵਪੂਰਤ ਹੈ।ਉਹ ਆਖਦਾ ਹੈ ” ਇਹਨਾਂ ਡਰਾਉਣੇ ਕਸ਼ਟਾਂ ਦੇ ਸਹਾਰਨ ਪਿੱਛੇ ਜੋ ਸ਼ਕਤੀ ਤੇ ਉਤਸ਼ਾਹ ਕੰਮ ਕਰਦਾ ਸੀ , ਉਹ ਸੀ ਹਰ ਇੱਕ ਗੁਰੂ ਦਾ ਸਿੱਖ ਇਸ ਗੱਲ ਤੇ ਭਰੋਸਾ ਰਖਦਾ ਸੀ ਕੇ ਇਹ ਤਨ, ਮਨ ਅਤੇ ਧਨ ਮੇਰਾ ਆਪਣਾ ਨਹੀਂ ,ਇਹ ਸੱਚੇ ਪਾਤਸਾਹ(ਗੁਰੂ) ਅਤੇ ਉਸਦੇ ਪਿਆਰੇ ਪੰਥ ਦੀ ਅਮਾਨਤ ਹੈ।ਗੁਰੂ- ਪੰਥ ਲਈ ਜੇ ਸ਼ਹਾਦਤ ਦਿੱਤੀ ਜਾਏ , ਇਸ ਬਦਲੇ ਸਤਿਗੁਰੂ ਦੇ ਦਰੋਂ ਉਹਨਾਂ ਨੂੰ ਬਰਕਤਾਂ , ਮੁਕਤੀ ਤੇ ਜੁਗਤੀ ਪਰਾਪਤ ਹੁੰਦੀ ਹੈ।”
ਇਸ ਸਮੇਂ ਖਾਲਸਾ ਪੂਰੀ ਚੜ੍ਹਦੀ ਕਲਾ ਵਿਚ ਹੈ, ਇਸ ਸਮੇਂ ਹੀ ਖਾਲਸਾਈ ਬੋਲੇ ਵੀ ਹੋਂਦ ਵਿੱਚ ਆਏ।
ਇਹਨਾਂ ਦਿਨਾਂ ਵਿੱਚ ਹੀ ਲਾਹੌਰ ਦਰਬਾਰ ਦੀ ਆਕੜ ਭੰਨਣ ਲਈ ,ਨਵਾਬ ਕਪੂਰ ਸਿੰਘ , ਕੁਝ ਚੁਣਵੇਂ ਸਿੰਘਾਂ ਨਾਲ ,ਲਾਹੌਰ ਦੇ ਕੋਤਵਾਲ ਨੂੰ ਕੋਤਵਾਲੀ ਵਿਚ ਡੱਕ ਕੇ ,ਆਪ ਕੋਤਵਾਲ ਬਣ ਕੇ ਫੈਸਲੇ ਕਰਦਾ ਹੈ ।ਇੱਕ ਦਿਨ ਦਾ ਰਾਜ ਚਲਾ ਉਹ ,ਹਰਨ ਹੋ ਜਾਂਦੇ ਹਨ ਤੇ ਮਾਲਵੇ ਵਿੱਚ ਆ ਸਿਰ ਕੱਢਦੇ ਹਨ ।1736-37 ਵਿੱਚ ਨਵਾਬ ਕਪੂਰ ਸਿੰਘ ਦੀ ਅਗਵਾਈ ਥੱਲੇ ਖਾਲਸਾ ਗੁਰੂ ਮਾਰੀ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਦਿੰਦਾ ਹੈ।ਸਰਹਿੰਦ ਸਿੰਘਾਂ ਤਸੱਲੀ ਨਾਲ ਲੁਟੀ।ਉਧਰ ਅੰਮ੍ਰਿਤਸਰ ਸ਼ਹਿਰ ਤੇ ਜਕਰੀਆ ਕਬਜਾ ਕਰੀ ਬੈਠਾ ਸੀ।ਇਸ ਸਮੇਂ ਮੁਗਲਾਂ ਤੇ ਸਿੰਘਾਂ ਦੀਆਂ ਕਾਫੀ ਝੜਪਾਂ ਹੋਈਆਂ।
1739 ਵਿੱਚ ਨਾਦਰ ਸ਼ਾਹ ਨੇ ਹਿੰਦ ਤੇ ਹਮਲਾ ਕੀਤਾ ।ਦਿੱਲੀ ਦੀ ਲੁਟ ਤੋਂ ਬਾਅਦ ਜਦ ਨਾਦਰ ਸ਼ਾਹ ਆਪਣੇ ਮੁਲਕ ਨੂੰ ਵਾਪਸ ਤੁਰਨ ਲੱਗਾ ਤਾਂ ਉਸਨੇ ਲਗਭਗ 20 ਹਜਾਰ ਹਾਥੀ, ਘੋੜੇ, ਖੱਚਰਾਂ ਉਪਰ 15 ਕਰੋੜ ਨਕਦੀ,50 ਕਰੋੜ ਦਾ ਮਾਲ ਸਾਮਾਨ, ਤਖਤਿ ਤਾਊਸ ਤੇ 50 ਹਜਾਰ ਕੁੜੀਆਂ ਮੁੰਡਿਆਂ ਨੂੰ ਲੱਦਿਆ ਹੋਇਆ ਸੀ।ਇਸਦੀ ਚੰਗੀ ਭੁਗਤ ਸਿੰਘਾਂ ਨੇ ਸਵਾਰੀ।ਇਸਦਾ ਬਹੁਤਾ ਮਾਲ ਅਸਬਾਬ ਤੇ ਹਿੰਦੁਸਤਾਨ ਦੇ ਬਹੁਤੇ ਮੁੰਡੇ ਕੁੜੀਆਂ ਇਸਤੋਂ ਛੁਡਾ ਲਏ।ਜਦ ਇਸਨੇ ਸਿੰਘਾਂ ਬਾਰੇ ਜਕਰੀਆ ਖਾਨ ਤੋਂ ਜਾਣ ਲਿਆ ਸਭ ਕੁਝ ਤਾਂ ,ਨਾਦਰ ਸ਼ਾਹ ਨੇ ਜਕਰੀਏ ਨੂੰ ਮੈਂ ਤੇਰੀ ਮੱਦਦ ਕਰਾਂਗਾ ,ਇਹਨਾਂ ਦਾ ਕੁਝ ਕਰ ,ਜੇ ਨ ਕਰ ਸਕਿਆ ਤਾਂ ਇਹਨਾਂ ਤੇਰੇ ਪੈਰਾਂ ਥੱਲੋਂ ਜਮੀਨ ਖਿੱਚ ਲੈਣੀ ਹੈ।ਭਾਵ ਇਹ ਪੰਜਾਬ ਦੇ ਹਾਕਮ ਬਣ ਬੈਠਣਗੇ।
ਨਾਦਰ ਸ਼ਾਹ ਦੀ ਦਿੱਤੀ ਮਤ ਤੇ ਅਮਲ ਕਰਦਿਆਂ ਜਕਰੀਆ ਖਾਨ ਨੇ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਦਾ ਅਹਿਦ ਕਰ ਲਿਆ ।ਇਸ ਅਧੀਨ ਦਰਬਾਰ ਸਾਹਿਬ ਦੀ ਬੇਅਦਬੀ ਮੱਸੇ ਰੰਘੜ ਦੁਆਰਾ ਕੀਤੀ ਗਈ।ਉਸਦੀ ਕਰਨੀ ਦਾ ਫਲ ਉਸਨੂੰ ਸ੍ਰਦਾਰ ਸੁਖਾ ਸਿੰਘ ਮਾੜੀ ਕੰਬੋ ਤੇ ਸ੍ਰਦਾਰ ਮਹਿਤਾਬ ਸਿੰਘ ਮੀਰਾਂ ਕੋਟੀਆਂ ਨੇ ਦਿੱਤਾ।ਇਸ ਸਮੇਂ ਵਿੱਚ ਭਾਈ ਤਾਰੂ ਸਿੰਘ ਪੂਹਲਾ, ਭਾਈ ਸੁਬੇਗ ਸਿੰਘ ਜੰਬਰ , ਭਾਈ ਸ਼ਾਹਬਾਜ਼ ਸਿੰਘ ਜੰਬਰ , ਭਾਈ ਬੋਤਾ ਸਿੰਘ, ਭਾਈ ਗਰਜਾ ਸਿੰਘ , ਭਾਈ ਮਹਿਤਾਬ ਸਿੰਘ ਆਦਿ ਚੜ੍ਹਦੀਕਲਾ ਵਾਲੇ ਸਿੰਘ ਬੁਲੰਦ ਹੌਂਸਲੇ ਨਾਲ ਸ਼ਹੀਦੀ ਹਾਸਿਲ ਕਰਦੇ ਹਨ।
ਨ ਮਿਲਵਰਤਨੀੲਏ ਸਿੰਘ(ਬਾਗੀ) ਉਹਨਾਂ ਦੀ ਗਿਣਤੀ ਵੱਧਦੀ ਜਾ ਰਹੀ ਹੋਣ ਕਾਰਨ ਨਵਾਬ ਕਪੂਰ ਸਿੰਘ ਦੀ ਸਰਪ੍ਰਸਤੀ ਦੇ ਥੱਲੇ 1745 ਦੇ ਵੈਸਾਖੀ ਦੇ ਸਰਬੱਤ ਖਾਲਸੇ ਵਿਚ 25 ਜੱਥੇਦਾਰਾਂ ਦੀ ਸਰਪ੍ਰਸਤੀ ਥੱਲੇ 25 ਜੱਥੇ ਤਿਆਰ ਬਰ ਤਿਆਰ ਸਿੰਘਾਂ ਦੇ ਬਣਾਇ ਗਏ।ਹਰ ਸਿੰਘ ਲਈ ਤਲਵਾਰ ਤੇ ਘੋੜਾ ਰੱਖਣਾ ਜਰੂਰੀ ਸੀ।ਕੋਈ ਵੀ ਸਿੰਘ ,ਕਿਸੇ ਵੀ ਜੱਥੇ ਵਿੱਚ, ਕਦੇ ਵੀ ਸ਼ਾਮਲ ਹੋ ਸਕਦਾ ਸੀ।ਪ੍ਰਮੁੱਖ ਜੱਥੇਦਾਰ, ਨਵਾਬ ਕਪੂਰ ਸਿੰਘ, ਜੱਸਾ ਸਿੰਘ ਆਹਲੂਵਾਲੀਆ, ਨੌਧ ਸਿੰਘ ਸ਼ੁਕਰਚੱਕੀਆ, ਹਰੀ ਸਿੰਘ ਭੰਗੀ , ਬਾਬਾ ਦੀਪ ਸਿੰਘ ਆਦਿ ਦੇ ਸਨ।ਇਸੇ ਸਮੇਂ ਵਿਚ 1746 ਵਿੱਚ ਛੋਟੇ ਘੱਲੂਘਾਰੇ ਵਿਚ ਤਕਰੀਬਨ 10 ਹਜਾਰ ਸਿੰਘ/ਸਿੰਘਣੀਆਂ ਸ਼ਹੀਦ ਹੋਏ।ਇਸ ਬਿਖੜੇ ਸਮੇਂ ਵਿਚ ਕੌਮ ਦੀ ਸੁਚੱਜੀ ਅਗਵਾਈ ਨਵਾਬ ਕਪੂਰ ਸਿੰਘ, ਸੁਖਾ ਸਿੰਘ ਮਾੜੀ ਕੰਬੋ ,ਜੱਸਾ ਸਿੰਘ ਆਹਲੂਵਾਲੀਆ ਆਦਿ ਸਰਦਾਰਾਂ ਨੇ ਕੀਤੀ ।
ਅਬਦਾਲੀ ਦੇ ਪਹਿਲੇ ਹੱਲੇ ਤੋ ਕੁਝ ਸਮੇਂ ਬਾਅਦ ਹੀ ਵੈਸਾਖੀ 1748 ਦੇ ਸਰਬਤ ਖਾਲਸਾ ਵਿਚ ਨਵਾਬ ਕਪੂਰ ਸਿੰਘ ਨੇ ” ਦਲ ਖਾਲਸਾ” ਦੀ ਨੀਂਹ ਰੱਖੀ ਤੇ ਨਾਲ ਹੀ 60 ਤੋਂ ਉਪਰ ਪਹੁੰਚ ਚੁਕੇ ਜੱਥਿਆਂ ਨੂੰ ਭੰਗ ਕਰਕੇ 11 ਮਿਸਲਾਂ ਹੋਂਦ ਵਿੱਚ ਆਈਆਂ।°ਇਹਨਾਂ ਮਿਸਲਾਂ ਨੇ ਹਾਕਮਾਂ ਦੀ ਪੈਰਾਂ ਥੱਲੜੀ ਧਰਤੀ ਤੇ ਭਾਂਬੜ ਮਚਾ ਦਿੱਤੇ।ਭਾਂਵੇ ਇਸ ਵਕਤ ਮੀਰ ਮਨੂੰ ਅਤਿ ਜੁਲਮੀ ਸਮਾਂ ਵੀ ਆਇਆ,ਪਰ ਨਵਾਬ ਕਪੂਰ ਸਿੰਘ ਵਰਗੇ ਗੁਰਮੁਖਾਂ ਦਾ ਸਾਧਿਆ ਹੋਇਆ ਖਾਲਸਾ ,ਇਸ ਭਿਆਨਕ ,ਦਰਦਨਾਕ ਦੌਰ ਵਿੱਚ ਬੁਲੰਦ ਹੌਸਲੇ ਨਾਲ ਗਾ ਰਿਹਾ ਸੀ;
” ਮਨੂੰ ਸਾਡੀ ਦਾਤਰੀ ਅਸੀਂ ਮਨੂੰ ਦੇ ਸੋਇ।
ਜਿਉਂ ਜਿਉਂ ਮਨੂੰ ਵੱਢਦਾ ਅਸੀਂ ਦੂਣ ਸਵਾਏ ਹੋਏ।”
ਨਵਾਬ ਕਪੂਰ ਸਿੰਘ ਨੇ ਜਦ ਆਪਣਾ ਆਖ਼਼ਰੀ ਸਮਾਂ ਨੇੜੇ ਵੇਖਿਆ ਤਾਂ ਅੰਮ੍ਰਿਤਸਰ ਵਿੱਚ ਦਲ ਖਾਲਸਾ ਦਾ ਭਾਰੀ ‘ਕੱਠ ਬੁਲਾਇਆ।ਸਭ ਨੂੰ ਸੰਬੋਧਨ ਹੁੰਦਿਆਂ ਕਿਹਾ, ਗੁਰੂ ਤੇ ਭਰੋਸਾ ਰੱਖਣਾ, ਆਪਸ ਵਿੱਚ ਇਤਫਾਕ, ਕਿਰਦਾਰ ਸੁਚੇ ਰੱਖਣਾ, ਗਰੀਬ ਦੀ ਰੱਖਿਆ ਤੇ ਜਾਲਮ ਦੀ ਸੋਧ ਕਦੇ ਨ ਵਿਸਾਰਨਾ।ਆਪਣੀ ਕਿਰਪਾਨ ਸ੍ਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਸੌਂਪ ਤੇ ਜੱਥੇਦਾਰੀ ਸੰਭਾਲ ਕੇ 7 ਅਕਤੂਬਰ 1753 ਨੂੰ ਆਪ ਗੁਰਪੁਰੀ ਪਿਆਨਾ ਕਰ ਗਏ।ਆਪ ਦਾ ਸਸਕਾਰ ਬਾਬਾ ਅਟੱਲ ਦੇ ਦੇਹੁਰੇ(ਹੁਣ ਗੁਰਦੁਆਰਾ ਸਾਹਿਬ) ਕੋਲ ਕੀਤਾ ਗਿਆ।ਜੱਸਾ ਸਿੰਘ ਆਹਲੂਵਾਲੀਆ ਨੇ ਇਥੇ ਸੰਗਮਰਮਰ ਦੀ ਸਮਾਧ ਬਣਵਾਈ(1923 ਵਿਚ ਇਹ ਢਾਹ ਦਿੱਤੀ ਗਈ) ਸੀ।ਜਿਸ ਉਪਰ ਲਿਖਿਆ ਸੀ;-
ੴ
ਸਮਾਧ ਨਵਾਬ ਕਪੂਰ ਸਿੰਘ ਜੀ ਬਹਾਦਰ ਬਜ਼ੁਰਗ
ਮਹਾਰਾਜਾ ਸਾਹਿਬ ਬਹਾਦਰ ਵਾਲੀਏ ਕਪੂਰਥਲਾ।
ਬਲਦੀਪ ਸਿੰਘ ਰਾਮੂੰਵਾਲੀਆ