10 ਸਤੰਬਰ – ਗੁਰਦੁਆਰਾ ਡੇਹਰਾ ਸਾਹਿਬ : ਵਿਆਹ ਪੁਰਬ : ਸ੍ਰੀ ਗੁਰੂ ਨਾਨਕ ਦੇਵ ਜੀ (ਬਟਾਲਾ)

ਇਸ ਸਾਲ ਵਿਆਹ ਪੁਰਬ ਦੀ ਖੁਸ਼ੀ ਦੀ ਸਾਰੇ ਪਾਸੇ ਗਹਿਮਾ-ਗਹਿਮੀ ਪਸਰੀ ਹੋਈ ਹੈ। ਗੁਰਦੁਆਰਾ ਕੰਧ ਸਾਹਿਬ ਅਤੇ ਡੇਰਾ ਸਾਹਿਬ ਵਿੱਚ ਹਫ਼ਤੇ ਭਰ ਪਹਿਲਾਂ ਤੋਂ ਹੀ ਸੰਗਤ ਮੱਥਾ ਟੇਕਣ ਲਈ ਦੂਰੋਂ-ਦੂਰੋਂ ਆਉਂਦੀ ਹੈ। ਗੁਰਦੁਆਰਾ ਸਾਹਿਬ ਨੂੰ ਦੁਲਹਨ ਵਾਂਗ ਸਜਾਇਆ ਜਾਂਦਾ ਹੈ। ਇਸ ਮੇਲੇ ਵਿੱਚ ਹਰ ਤਰ੍ਹਾਂ ਦੇ ਭੰਗੂੜੇ ਅਤੇ ਵੰਨ-ਸਵੰਨੇ ਸਮਾਨ ਨਾਲ ਦੁਕਾਨਾਂ ਸੱਜੀਆ ਹੋਈਆ ਹਨ। ਕਿਸੇ ਵੀ ਕਿਸਮ ਦੀ ਵੰਨਗੀ ਦਾ ਕੋਈ ਹਿਸਾਬ ਹੀ ਨਹੀਂ ਲਗਦਾ।
ਗੁਰੂ ਨਾਨਕ ਦੇਵ ਜੀ 1487 ਈ: ਨੂੰ ਮੂਲ ਚੰਦ ਖੱਤਰੀ ਜੀ ਦੀ ਬੇਟੀ ਬੀਬੀ ਸੁਲੱਖਣੀ ਜੀ ਨੂੰ ਵਿਆਹੁਣ ਆਏ ਸਨ। ਗੁਰਦੁਆਰਾ ਕੰਧ ਸਾਹਿਬ ਵਿਖੇ ਸੰਗਤਾਂ ਦੀ ਆਮਦ ਦਿਨ-ਰਾਤ ਚਲਦੀ ਰਹਿੰਦੀ ਹੈ।ਬਾਬਾ ਜੀ ਦੇ ਵਿਆਹ ਦੀ ਯਾਦ ਵਿੱਚ ਉਹ ਕੰਧ ਸ਼ੀਸ਼ੇ ਵਿੱਚ ਜੜੀ ਹੋਈ ਹੈ ਜੋ ਕਈ ਯਾਦਾਂ ਚੇਤੇ ਕਰਵਾਉਂਦੀ ਹੈ।ਇਸ ਕੱਚੀ ਕੰਧ ਨੂੰ ਬਾਬਾ ਜੀ ਦਾ ਵਰ ਸੀ ਕਿ ਇਹ ਸੱਤਯੁੱਗ ਤੱਕ ਬਰਕਰਾਰ ਰਹੇਗੀ।ਇੱਥੇ ਲੋਕ ਸ਼ਰਧਾ ਨਾਲ ਨਤਮਸਤਕ ਹੁੰਦੇ ਹਨ। ਗੁਰਦੁਆਰਾ ਕੰਧ ਸਾਹਿਬ ਦੇ ਕੋਲ ਹੀ ਗੁਰਦੁਆਰਾ ਡੇਰਾ ਸਾਹਿਬ ਹੈ, ਜਿੱਥੇ ਗੁਰੂ ਜੀ ਦੇ ਫੇਰਿਆਂ ਦੀ ਰਸਮ ਹੋਈ ਸੀ।ਇਥੇ ਹੁਣ ਵੀ ਫੇਰੇ ਪੜ੍ਹੇ ਜਾਂਦੇ ਹਨ ਅਤੇ ਆਤਮਾ ਤੇ ਪਰਮਾਤਮਾ ਦੇ ਡੂੰਘੇ ਭੇਦ ਨੂੰ ਸਮਝਾਇਆ ਜਾਂਦਾ ਹੈ।
ਇਸ ਵਾਰ ਬਾਬਾ ਜੀ ਦਾ ਵਿਆਹ ਅਜੇ ਤੇਰਾਂ ਸਤੰਬਰ ਨੂੰ ਹੈ ,ਪਰ ਰੌਣਕਾਂ ਸ਼ੁਰੂ ਪਹਿਲਾਂ ਹੀ ਹੋ ਜਾਂਦੀਆ ਹਨ।ਮੇਲੇ ਵਿੱਚ ਭੀੜ ਕਾਫੀ ਹੁੰਦੀ ਹੈ ਵਿਆਹ ਪੁਰਬ ਵਾਲੇ ਦਿਨ ਤਾਂ ਤਿਲ ਸੁੱਟਣ ਜਿੰਨੀ ਥਾਂ ਵੀ ਨਹੀਂ ਹੁੰਦੀ। ਆਸੇ ਪਾਸੇ ਦੇ ਇਲਾਕੇ ਵਿੱਚੋਂ ਲੋਕ ਟਰੈਕਟਰ ਟਰਾਲੀਆਂ ਉੱਤੇ ਲੰਗਰ ਲੈ ਕੇ ਆਉਂਦੇ ਹਨ। ਇੰਝ ਮਹਿਸੂਸ ਹੁੰਦਾ ਹੈ ਜਿਵੇਂ ਪੂਰਾ ਜਹਾਨ ਹੀ ਉਮੰਡ ਪਿਆ ਹੋਵੇ।
ਚੀਜਾਂ ਵਸਤਾਂ ਦੀ ਵੰਨਗੀ ਦੀ ਤਾਂ ਅੱਤ ਹੀ ਹੋਈ ਹੁੰਦੀ ਹੈ। ਮੇਲੇ ਵਿੱਚ ਗੁੰਮ ਹੋ ਜਾਣ ਨੂੰ ਦਿਲ ਕਰਦਾ ਹੈ। ਅਸੀਂ ਲੋਕਲ ਹੋਣ…

ਕਾਰਨ ਅਕਸਰ ਹੀ ਮੇਲੇ ਵਿੱਚ ਜਾਂ ਗੁਰਦੁਆਰੇ ਚਲੇ ਜਾਂਦੇ ਹਾਂ। ਵੱਡੇ-ਵੱਡੇ ਝੂਲਿਆਂ ਉੱਤੇ ਹੂਟੇ ਵੀ ਲੈਦੇ ਹਾਂ। ਕਦੀ-ਕਦੀ ਵੱਡੇ ਝੂਲੇ ਉੱਤੇ ਬੈਠਿਆ ਡਰ ਲੱਗੇ ਤਾਂ ਚੀਕਾਂ ਵੀ ਮਾਰ ਲਈਦੀਆਂ ਹਨ। ਖ਼ੂਬ ਮੇਲਾ ਦੇਖੀਦਾ ਹੈ ਅਤੇ ਸਮਾਨ ਦੀ ਖਰੀਦਦਾਰੀ ਵੀ ਹੁੰਦੀ ਹੈ।
ਆਪਣੇ ਆਪ ਨੂੰ ਭਾਗਾਂ ਵਾਲੇ ਮੰਨਦੇ ਹਾਂ ਕਿ ਇਸ ਸ਼ਹਿਰ ਵਿੱਚ ਗੁਰੂ ਨਾਨਕ ਦੇਵ ਜੀ ਦੇ ਚਰਨ ਪਏ ਹਨ।ਉਹ ਚੱਕਰੀ ਬਜ਼ਾਰ ਦੀਆਂ ਗਲੀਆਂ ਭਾਵੇਂ ਭੀੜੀਆਂ ਹਨ, ਪਰ ਲੋਕਾਂ ਦੇ ਦਿਲ ਵੱਡੇ ਹਨ। ਸਭ ਲੋਕ ਮਿਲ ਜੁਲ ਕੇ ਵਿਆਹ ਪੁਰਬ ਨੂੰ ਮਨਾਉਂਦੇ ਹਨ। ਵਿਆਹ ਦੀਆਂ ਤਕਰੀਬਨ ਸਾਰੀਆ ਹੀ ਰਸਮਾਂ ਕੀਤੀਆ ਜਾਂਦੀਆ ਹਨ।
ਮੰਨਿਆ ਜਾਂਦਾ ਹੈ ਕਿ ਜਿਸ ਕਿਸੇ ਦਾ ਵਿਆਹ ਨਾ ਹੋ ਰਿਹਾ ਹੋਵੇ ਉਹ ਵਿਅਕਤੀ ਸਿਹਰਾ ਚੜਾਵੇ ਤਾਂ ਉਸ ਦੇ ਵਿਆਹ ਵਿਚਲੀ ਅੜਚਨ ਦੂਰ ਹੋ ਜਾਂਦੀ ਹੈ।ਗੱਲ ਕੋਈ ਵੀ ਹੋਵੇ ਮੁਰਾਦ ਤਾਂ ਸ਼ਰਧਾ ਕਰਕੇ ਪੂਰੀ ਹੁੰਦੀ ਹੈ।
ਵਿਆਹ ਤੋਂ ਇੱਕ ਦਿਨ ਪਹਿਲਾਂ ਬਰਾਤ ਦੇ ਰੂਪ ਵਿੱਚ ਸੁਲਤਾਨਪੁਰ ਲੋਧੀ ਤੋਂ ਜਥਾ ਨਗਰ ਕੀਰਤਨ ਦੇ ਰੂਪ ਵਿੱਚ ਆਉਂਦਾ ਹੈ। ਉਹਨਾਂ ਦੀ ਬਰਾਤੀਆਂ ਦੇ ਰੂਪ ਵਿੱਚ ਖ਼ੂਬ ਸੇਵਾ ਕੀਤੀ ਹੈ। ਹਰ ਤਰ੍ਹਾਂ ਦੀ ਮਠਿਆਈ ਅਤੇ ਭਾਜੀ ਬਣਾਈ ਜਾਂਦੀ ਹੈ। ਬਾਬਾ ਜੀ ਦੀ ਰੂਹ ਨੂੰ ਮਹਿਸੂਸ ਕੀਤਾ ਜਾਦਾਂ ਹੈ। ਅਗਲੇ ਦਿਨ ਨਗਰ ਕੀਰਤਨ ਵਿੱਚ ਸੁਲਤਾਨਪੁਰ ਤੋਂ ਆਈ ਸੰਗਤ ਸ਼ਾਮਲ ਹੁੰਦੀ ਹੈ।ਇਹ ਨਗਰ ਕੀਰਤਨ ਪੂਰੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਹੁੰਦਾ ਹੋਇਆ ਫਿਰ ਰਾਤ ਨੂੰ ਸੱਤ ਕਰਤਾਰੀਆ ਗੁਰਦੁਆਰੇ ਪਹੁੰਚਦਾ ਹੈ। ਸਾਰੇ ਸ਼ਹਿਰ ਅਤੇ ਇਲਾਕਾ ਨਿਵਾਸੀ ਬਾਬਾ ਜੀ ਦਾ ਵਿਆਹ ਪੁਰਬ ਨੂੰ ਬੜੀ ਸਰਧਾ ਅਤੇ ਧੂੰਮਧਾਮ ਨਾਲ ਮਨਾਉਂਦੇ ਹਨ।
ਬਟਾਲਾ ਸ਼ਹਿਰ ਹੈ ਤਾਂ ਬੜਾ ਇਤਿਹਾਸਕ ਹੈ, ਪਰ ਇਸ ਸ਼ਹਿਰ ਨੂੰ ਚੰਗਾ ਰਹਿਨੁਮਾ ਨਾ ਮਿਲਣ ਕਾਰਨ ਇਸ ਦਾ ਵਿਕਾਸ ਉਨਾ ਨਹੀਂ ਹੋਇਆ ਜਿੰਨਾਂ ਹੋਰਨਾ ਇਤਿਹਾਸਕ ਸ਼ਹਿਰਾਂ ਦਾ ਹੋਇਆ ਹੈ।
ਪਰਵੀਨ ਕੌਰ ਸਿੱਧੂ


Share On Whatsapp

Leave a Reply




top