29 ਅਗਸਤ – ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ

29 ਅਗਸਤ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਆ ਰਿਹਾ ਹੈ ਆਉ ਸੰਖੇਪ ਸਾਂਝ ਪਾਈਏ ਗੁਰ ਇਤਿਹਾਸ ਉਤੇ ਜੀ ।
ਸ੍ਰੀ ਗੁਰੂ ਅਰਜਨ ਦੇਵ ਜੀ ਦਾ ਮਹਾਨ ਉਪਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਕਰਨਾ ਪੰਚਮ ਪਾਤਸ਼ਾਹ ਨੇ ਸੰਸਾਰ ਉਤੇ ਜੋ ਪਰਉਪਕਾਰ ਕੀਤੇ ਹਨ , ਉਨ੍ਹਾਂ ਵਿਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਕਰਨਾ ਇਕ ਮਹਾਨ ਉਪਕਾਰ ਹੈ । ਇਹ ਆਪ ਦੀ ਅਮਰ ਯਾਦਗਾਰ ਹੈ । ਸਿਖ ਪੰਥ ਦੀ ਜਥੇਬੰਦੀ , ਕੌਮੀ ਜੀਵਨ ਤੇ ਪ੍ਰਚਾਰ ਦੀ ਉੱਨਤੀ ਇਸੇ ਦੇ ਆਸਰੇ ਹੈ । ਸਾਰੀ ਮਨੁੱਖ ਜਾਤੀ ਨੂੰ ਆਤਮਿਕ ਉੱਨਤੀ , ਵਿਕਾਸ ਸਚਾਈ ਤੇ ਨੇਕੀ ਦਾ ਸੰਦੇਸ਼ ਦਿਤਾ ਗਿਆ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਕੀ ਹਨ ? ਰੂਹਾਨੀ ਸ਼ਾਂਤੀ ਲਈ ਅੰਮ੍ਰਿਤ ਦੇ ਅਮੁਕ ਸਮੇਂ ਭਗਤੀ , ਗਿਆਨ ਤੇ ਵੈਰਾਗ ਦੇ ਭੰਡਾਰ , ਬਾਣੀ ਦੇ ਬੋਹਿਬ ਅਤੇ ਸਚਾਈ ਦਾ ਪ੍ਰਕਾਸ਼ ਹੈ ।
ਗੁਰਬਾਣੀ ਨੂੰ ਗ੍ਰੰਥ ਸਾਹਿਬ ਦੇ ਰੂਪ ਵਿਚ ਤਿਆਰ ਕਰਨ ਦਾ ਮਾਣ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਪ੍ਰਾਪਤ ਹੈ । ਪਹਿਲੇ ਸਤਿਗੁਰੂ ਦੀ ਬਾਣੀ ਮਨਸੁਖ ਆਦਿਕ ਸਿਖਾਂ ਨੇ ਲਿਖੀ । ਕੁਝ ਬਾਣੀ ਦੂਸਰੇ ਪਾਤਸ਼ਾਹ ਨੇ ਭਾਈ ਪੈੜੇ ਮੋਖੇ ਪਾਸੋਂ ਲਿਖਾਈ । ਤੀਸਰੇ ਪਾਤਸ਼ਾਹ ਦੇ ਸਮੇਂ ਬਾਬਾ ਮੋਹਨ ਜੀ ਦੇ ਪੁੱਤਰ ਸਹੰਸ ਰਾਮ ਜੀ ਨੇ ਗੁਰੂਆਂ ਦੀ ਬਾਣੀ ਲਿਖੀ ਜੋ ਸੈਂਚੀਆਂ ਦੇ ਰੂਪ ਵਿਚ ਬਾਬਾ ਮੋਹਨ ਜੀ ਪਾਸ ਗੋਇੰਦਵਾਲ ਵਿਚ ਮੌਜੂਦ ਸੀ । ਸ੍ਰੀ ਗੁਰੂ ਅਰਜਨ ਦੇਵ ਜੀ ਸੰਮਤ ੧੬੫੭ ਤੋਂ ੧੬੬੨ ਤਕ ਸ੍ਰੀ ਅੰਮ੍ਰਿਤਸਰ ਬਿਰਾਜੇ । ਆਪ ਨੇ ਇਸ ਸਮੇਂ ਵਿਚ ਗ੍ਰੰਥ ਸਾਹਿਬ ਤਿਆਰ ਕਰਨ ਦਾ ਮਹਾਨ ਕੰਮ ਕੀਤਾ ਹੈ । ਬਾਬਾ ਮੋਹਨ ਜੀ ਪਾਸੋਂ ਸੈਂਚੀਆਂ ਲਿਆਉਣ ਲਈ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੂੰ ਭੇਜਿਆ ਪਰ ਗੁਰਬਾਣੀ ਵਰਗਾ ਪਦਾਰਥ ਕੌਣ ਦੇਵੇ ? ਮੋਹਨ ਜੀ ਨੇ ਇਨਕਾਰ ਕਰ ਦਿਤਾ । ਇਸ ਪਰ ਮਹਾਰਾਜ ਆਪ ਨੰਗੇ ਚਰਨੀਂ ਸੰਗਤ ਸਮੇਤ ਗੋਇੰਦਵਾਲ ਪੁਜੇ । ਜਿਸ ਚੁਬਾਰੇ ਵਿਚ ਮੋਹਨ ਜੀ ਰਹਿੰਦੇ ਸਨ , ਉਸਦੇ ਥਲੇ ਜਾ ਖਲੋਤੇ । ਮੋਹਨ ਜੀ ਮਸਤਾਨੀ ਬ੍ਰਿਤੀ ਦੇ ਅਤੇ ਸਮਾਧੀ ਵਿਚ ਲੀਨ ਸਨ । ਉਨਾਂ ਨੂੰ ਕੌਣ ਬੁਲਾਉਂਦਾ ? ‘ ਧੇਅ ’ ਇਕ ਵਾਹਿਗੁਰੂ ਸੀ , ‘ ਧਿਆਤਾ ’ ਮੋਹਨ ਜੀ ਸਨ । ਆਤਮਕ ਵਿਸਮਾਦ ਤੇ ਅੰਦਰਲੀ ਮਗਨਤਾ ਵਿਚ ਟਿਕੀ ਹੋਈ ਸੂਰਤ ਅਤੇ ਧਿਆਨ ਨੂੰ ਕੌਣ ਉਖੇੜ ਸਕਦਾ ਸੀ ? ਪੰਚਮ ਸਤਿਗੁਰੂ ਨੇ ਸੋਚਿਆ , ਸ਼ਾਇਦ ਮੋਹਨ ਜੀ ਨਾ ਬੋਲਣ । ਕਿਉਂ ਨਾ ਉਸ ਸੰਸਾਰ ਵਿਆਪੀ ਮੋਹਨ ਨੂੰ ਆਵਾਜ਼ ਮਾਰੀਏ , ਜਿਸ ਦੇ ਧਿਆਨ ਵਿਚ ਉਹ ਬੈਠੇ ਹਨ । ਆਪ ਨੇ ਸਿਰੰਦਾ ਸੁਰ ਕੀਤਾ । ਸ਼ਾਮ ਦਾ ਵਕਤ ਸੀ । ਬੜੀ ਮਧੁਰ ਸੁਰ ਤੇ ਲੈਅ ਵਿਚ ਗਉੜੀ ਰਾਗ ਦਾ ਇਹ ਸ਼ਬਦ ਉਚਾਰਨ ਕੀਤਾ
ਮੋਹਨ ਤੇਰੇ ਊਚੇ ਮੰਦਰ ਮਹਲ ਅਪਾਰਾ ।।
ਮੋਹਨ ਤੇਰੇ ਸੋਹਨਿ ਦੁਆਰ ਜੀਉ ਸੰਤ ਧਰਮਸਾਲਾ ॥
ਇਹ ਸੁਣਕੇ ਮੋਹਨ ਜੀ ਦੀ ਸਮਾਧੀ ਖੁਲ੍ਹ ਗਈ । ਚੁਬਾਰੇ ਦੀ ਬਾਰੀ ਖੋਲ੍ਹ ਕੇ ਉਨ੍ਹਾਂ ਥਲੇ ਵੇਖਿਆ।ਪੰਚਮ ਪਾਤਸ਼ਾਹ ਖੜੇ ਸਨ । ਆਪ ਨੂੰ ਵੇਖ ਕੇ ਬਾਬਾ ਜੀ ਨੇ ਕਿਹਾ
ਪ੍ਰਥਮ ਹਮਾਰੀ ਵਸਤੂ ਲਈ ਪਿਤ ਪਾਸ ਤੇ । ਕੁਲ ਭਲਯਨ ਕੀ ਹੁਤੀ ਜੋ ਗੁਰਤਾ ਜਾਸ ਤੇ । ਲਾਜ ਨ ਧਾਰਿਹੁ ਆਪੁ ਅਬ ਚਲਿ ਆਇਓ ॥ ਸਭਿ ਗੁਰੂਅਨਿ ਕੇ ਸ਼ਬਦ ਲੈਨਿ ਹਿਤੁ ਧਾਇਓ । ਨਿੰਦਾ ਉਸਤਤਿ ਬਯਾਜ ਬਚਨ ਮੋਹਨ ਕਹੇ । ਗੁਰ ਅਰਜਨ ਹੀ ਜਾਨ ਅਪਰ ਨਹਿ ਕਿਸ ਲਹੇ । ( ਗੁਪ੍ਰਸੂ ੩-੩੪ )
ਇਹ ਬਚਨ ਸੁਣ ਕੇ ਪੰਚਮ ਪਾਤਸ਼ਾਹ ਜੀ ਨੇ ਸ਼ਬਦ ਦ ਅੰਕ ਉਚਾਰਨ ਕੀਤਾ ੧੯੨

/> ਮੋਹਨ ਤੇਰੇ ਬਚਨ ਅਨੂਪ ਚਾਲ ਨਿਰਾਲੀ । ਮੋਹਨ ਤੂੰ ਮਾਨੈ ਏਕੁ ਜੀਅ ਅਵਰ ਸਭ ਰਾਲੀ ।।
ਇਸ ਸ਼ਬਦ ਦੇ ਦੋ ਅੰਕ ਹੋਰ ਸੁਣ ਕੇ ਮੋਹਨ ਜੀ ਦਾ ਮਨ ਅਤਿ ਕੋਮਲ ਹੋ ਗਿਆ । ਨਿੰਮ੍ਰਤਾ ਅਤੇ ਪਰੇਮ ਵਸ ਹੋ ਕੇ ਆਪ ਨੇ ਸੈਂਚੀਆਂ ਦਿਤੀਆਂ । ਇਨ੍ਹਾਂ ਨੂੰ ਗੁਰੂ ਜੀ ਬੜੇ ਸਤਿਕਾਰ ਨਾਲ ਅੰਮ੍ਰਿਤਸਰ ਲੈ ਆਏ । ਰਾਮਸਰ ਦੇ ਕਿਨਾਰੇ ਬੈਠ ਕੇ ਭਾਈ ਗੁਰਦਾਸ ਜੀ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਿਖਾਉਣੀ ਆਰੰਭ ਕੀਤੀ । ਪੰਚਮ ਪਾਤਸ਼ਾਹ ਨੇ ਪਹਿਲੇ ਸਤਿਗੁਰਾਂ ਦੀ ਬਾਣੀ ਜੋ ਲਿਖਤ ਰੂਪ ਵਿਚ ਮਿਲ ਸਕੀ , ਉਹ ਵੀ ਮੰਗਾਈ । ਜੋ ਸਿਖਾਂ ਨੂੰ ਜ਼ਬਾਨੀ ਯਾਦ ਸੀ , ਇਕੱਤਰ ਕੀਤੀ । ਇਥੋਂ ਤੀਕ ਕਿ ਭਾਈ ਪੈੜੇ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਪਰ ਦਸੀ ਗਈ ‘ ਪ੍ਰਾਣ – ਸੰਗਲੀ ’ ਲਿਆਉਣ ਲਈ ਸੰਗਲਾ ਦੀਪ ਭੇਜਿਆ , ਭਗਤਾਂ ਦੀ ਜੋ ਬਾਣੀ ਪੰਜਾਬ ਵਿਚੋਂ ਜਾਂ ਬਾਹਰੋਂ ਮਿਲੀ , ਉਹ ਭੀ ਇਕੱਠੀ ਕੀਤੀ । ਜੋ ਭਗਤਾਂ ਤੇ ਪ੍ਰੇਮੀਆਂ ਨੂੰ ਯਾਦ ਸੀ ਉਹ ਭੀ ਸੁਣੀ । ਸਰਬ ਵਿਦਿਆ ਨਿਧਾਨ , ਤਤ੍ਰ ਵੇਤਾ ਆਤਮ ਦਰਸ਼ੀ ਤੇ ਬ੍ਰਹਮ ਗਿਆਨੀ ਸਤਿਗੁਰੂ ਨੇ ਬਾਣੀ ਨੂੰ ਸੋਧਨ , ਲਿਖਣ ਅਤੇ ਸੰਪਾਦਤ ਕਰਨ ਵਿਚ ਕਮਾਲ ਕਰ ਦਿਤਾ ਹੈ । ਆਪ ਨੇ ਸਤਿਗੁਰਾਂ ਦੀ ਬਾਣੀ ਨੂੰ ਕ੍ਰਮ ਤੇ ਅਨੁਸਾਰ ਤਰਤੀਬ ਦਿਤੀ ਹੈ । ਸਾਰੀ ਬਾਣੀ ੩੦ ਰਾਗਾਂ ਵਿਚ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸ੍ਰੀ ਰਾਗ ਤੋਂ ਆਰੰਭ ਕੀਤੀ ਹੈ । ੧ ਓ ਤੋਂ ਲੈ ਕੇ ਦੂਸਰੇ ੧ ਓ ਤਕ ਇਕ ਖਾਸ ਖਿਆਲ ਦਾ ਵਰਣਨ ਮਿਲਦਾ ਹੈ । ਰਾਗ , ਕਾਵਯ , ਛੰਦਾਂ ਬੰਦੀ , ਸ਼ਬਦਾਂ ਦੀ ਰਚਨਾ , ਗੁਰਬਾਣੀ ਨੂੰ ਲਗਾਂ – ਮਾਤਰਾਂ ਅਨੁਸਾਰ ਗੁਰਮੁਖੀ ਵਿਚ ਆਪਣੇ ਢੰਗ ਨਾਲ ਲਿਖਣਾ , ਆਤਮਿਕ ਗਿਆਨ ਨੂੰ ਡਾਢੀ ਸਖੈਨ ਤਰਤੀਬ ਦੇਣੀ ਆਦਿ ਹੈਰਾਨ ਕਰ ਦੇਣ ਵਾਲੀਆਂ ਗੱਲਾਂ ਹਨ । ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰੂ ਬਾਣੀ ਨੂੰ ਇਕੱਤਰ ਕਰਕੇ ਉਸ ਨੂੰ ਗ੍ਰੰਥ ਸਾਹਿਬ ਦਾ ਰੂਪ ਇਸ ਲਈ ਵੀ ਦਿਤਾ ਕਿ ਪਹਿਲੇ ਚਾਰ ਸਤਿਗੁਰੂਆਂ ਦੀ ਬਾਣੀ ਨੂੰ ਸਹੀ ਰੂਪ ਵਿਚ ਸੁਰਖਿਅਤ ਤੇ ਕਾਇਮ ਰਖਿਆ ਜਾਵੇ । ਉਸ ਵਕਤ ਪ੍ਰਿਥੀ ਚੰਦ ਦਾ ਪੁੱਤਰ ਮਨੋਹਰ ਦਾਸ ਮਿਹਰਵਾਨ ਜਿਸਨੇ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਵੀ ਲਿਖੀ ਸੀ , ਉਹ ਆਪਣੀ ਬਾਣੀ ਨਾਨਕ ਨਾਮ ਹੇਠ ਰਚਕੇ ਸਿਖੀ ਨੂੰ ਟਪਲਾ ਦੇਕੇ ਆਪਣਾ ਗੁਰੂ ਡੰਮ ਸਿਧ ਕਰਨਾ ਚਾਹੁੰਦਾ ਸੀ । ਉਸਨੇ ਮਹਲਾ ੧ ਦੇ ਸਿਰਲੇਖ ਹੇਠਾਂ ਕਈ ਸ਼ਬਦ ਲਿਖੇ , ਚਲਾਕੀ ਨਾਲ ਆਪਣੇ ਨਾਂ ਨਾਲ ਮਹਲਾ ੬ ਵੀ ਲਿਖਦਾ ਰਿਹਾ । ਮਜ੍ਹਬ ਵਿਚ ਇਕ ਪੁਰਾਣਾ ਖਿਆਲ ਇਹ ਸੀ ਕਿ ਈਸ਼ਵਰ ਦਾ ਗਿਆਨ ਅਕਾਸ਼ ਬਾਣੀ ਦੇ ਰੂਪ ਵਿਚ ਪਰਗਟ ਹੁੰਦਾ ਹੈ । ਇਲਹਾਮ ਜਾਂ ਫਰਿਸ਼ਤਿਆਂ ਰਾਹੀਂ ਵਹੀ ਦੀ ਸ਼ਕਲ ਵਿਚ ਪੈਗੰਬਰਾਂ ਤੇ ਨਾਜ਼ਲ ਹੁੰਦਾ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਆਕਾਸ਼ ਵਿਚੋਂ ਆਈ ਆਵਾਜ਼ ਜਾਂ ਫਰਿਸ਼ਤਿਆਂ ਰਾਹੀਂ ਨਾਜ਼ਲ ਹੋਈ ਕਲਾਮ ਨਹੀਂ , ਇਹ ਸਤਿਗੁਰਾਂ ਤੇ ਭਗਤਾਂ ਦੀ ਪਵਿੱਤਰ ਆਤਮਾ ਦਾ ਵਾਹਿਗੁਰੂ ਵਿਚ ਲੀਨ ਹੋ ਕੇ ਪ੍ਰਾਪਤ ਕੀਤਾ ਹੋਇਆ ਗਿਆਨ ਤੇ ਅਨੁਭਵ ਹੈ । “ ਜਿਹਾ ਡਿਠਾ ਮੈਂ ਤੋਹ ਕਹਿਆ ਹੈ । ਗੁਰਬਾਣੀ , ਵੇਦ ਅਤੇ ਕਤੇਬ ਸਭ ਤੋਂ ਪਿਛੋਂ ਲਿਖੀ ਗਈ ਹੈ , ਇਸ ਲਈ ਸਭ ਤੋਂ ਵਧੀਕ ਸਾਇੰਟੇਫਿਕ ਹੈ ।
( ਚਲਦਾ )


Share On Whatsapp

Leave a Reply




top