ਸ੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਵੱਲੋਂ ਗੂੰਗੇ ਦੇ ਮੂੰਹ ਵਿੱਚੋਂ ਗੀਤਾ ਦੇ ਸ਼ਲੋਕ ਕਹਾਓਣੇ ਅਤੇ ਰੋਗੀਆਂ ਨੂੰ ਠੀਕ ਕਰਨ ਦਾ ਇਤਿਹਾਸ

ਪੰਜੋਖਰਾ ਵਿਖੇ ਲਾਲ ਚੰਦ ਨਾਂਅ ਦਾ ਅਭਿਮਾਨੀ ਬ੍ਰਾਹਮਣ ਰਹਿੰਦਾ ਸੀ। ਉਸ ਨੇ ਸਿੱਖਾਂ ਨੂੰ ਸੁਣਾ ਕੇ ਕਿਹਾ ਕਿ ਦੁਆਪਰ ਦੇ ਅਵਤਾਰ ਸ੍ਰੀ ਕ੍ਰਿਸ਼ਨ ਨੇ ਤਾਂ ਗੀਤਾ ਦੀ ਰਚਨਾ ਕੀਤੀ ਸੀ ਤੇ ਇਹ 7-8 ਸਾਲ ਦਾ ਬੱਚਾ ਖੁਦ ਨੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਅਖਵਾਉਂਦਾ ਹੈ। ਮੈਂ ਇਨ੍ਹਾਂ ਨੂੰ ਤਾਂ ਗੁਰੂ ਮੰਨਾਂਗਾ, ਜੇ ਇਹ ਗੀਤਾ ਦੇ ਕਿਸੇ ਸਲੋਕ ਦਾ ਅਰਥ ਕਰਕੇ ਵਿਖਾਉਣ। ਗੁਰੂ ਜੀ ਨੇ ਉਸ ਦੀ ਤਸੱਲੀ ਕਰਾਉਣ ਲਈ ਕਿਹਾ ਕਿ ਉਹ ਪਿੰਡ ਵਿੱਚੋਂ ਆਪਣੀ ਮਰਜ਼ੀ ਦਾ ਕੋਈ ਬੰਦਾ ਲੈ ਆਵੇ, ਗੀਤਾ ਦੇ ਅਰਥ ਤਾਂ ਉਹੀ ਕਰ ਦੇਵੇਗਾ।
ਪੰਡਿਤ ਪਿੰਡ ‘ਚੋਂ ਇਕ ਗੂੰਗੇ ਤੇ ਬੋਲੇ ਛੱਜੂ ਝਿਉਰ ਨੂੰ ਲੈ ਆਇਆ। ਗੁਰੂ ਜੀ ਨੇ ਉਸ ਦੇ ਸਿਰ ਉੱਤੇ ਆਪਣੀ ਛੜੀ ਰੱਖੀ ਤੇ ਪੰਡਿਤ ਨੂੰ ਕਿਹਾ, ‘ਪੁੱਛੋ, ਜੋ ਪੁੱਛਣਾ ਚਾਹੁੰਦੇ ਹੋ।’ ਪੰਡਿਤ ਨੇ ਜਿੰਨੇ ਵੀ ਸਵਾਲ ਕੀਤੇ, ਗੁਰੂ ਬਖ਼ਸ਼ਿਸ਼ ਨਾਲ ਛੱਜੂ ਨੇ ਸਾਰਿਆਂ ਦੇ ਸਹੀ ਜਵਾਬ ਦਿੱਤੇ। ਪੰਡਿਤ ਦੀ ਤਸੱਲੀ ਹੋ ਗਈ ਤੇ ਉਹ ਗੁਰੂ ਜੀ ਦਾ ਸ਼ਰਧਾਲੂ ਬਣ ਗਿਆ। ਗਿਆਨ-ਚਰਚਾ ਵਾਲੀ ਇਸ ਥਾਂ ‘ਤੇ ਗੁਰਦੁਆਰਾ ਪੰਜੋਖਰਾ ਸਾਹਿਬ ਸੁਸ਼ੋਭਿਤ ਹੈ। ਇਸ ਪ੍ਰਸੰਗ ਨੂੰ ਪੰਥ ਪ੍ਰਸਿੱਧ ਕਵੀ ਡਾ: ਹਰੀ ਸਿੰਘ ਜਾਚਕ ਨੇ ਇਕ ਲੰਬੀ ਕਵਿਤਾ ਵਿਚ ਇਉਂ ਬਿਆਨਿਆ ਹੈ-
ਦਿੱਬ ਦ੍ਰਿਸ਼ਟੀ ਨਾਲ ਛੱਜੂ ਨੇ ਮੁੱਖ ਵਿੱਚੋਂ,
ਪਾਵਨ ਗੀਤਾ ਦਾ ਅਰਥ ਵੀਚਾਰ ਕੀਤਾ।
ਕੌਤਕ ਤੱਕ ਸਾਰਾ ਲਾਲ ਚੰਦ ਪੰਡਿਤ,
ਚਰਨਾਂ ਵਿਚ ਢਹਿ ਕੇ ਨਮਸਕਾਰ ਕੀਤਾ।
(ਵਿਰਸੇ ਦੇ ਅੰਗ ਸੰਗ, ਪੰਨਾ 41)

ਗੁਰੂ ਜੀ ਥਾਨੇਸਰ, ਕੁਰੂਕਸ਼ੇਤਰ, ਪਾਣੀਪਤ ਤੋਂ ਹੁੰਦੇ ਹੋਏ ਦਿੱਲੀ ਵਿਖੇ ਰਾਜਾ ਜੈ ਸਿੰਘ ਦੇ ਬੰਗਲੇ ਵਿਚ ਪਹੁੰਚੇ। ਇਹੋ ਬੰਗਲਾ ਅੱਜਕਲ੍ਹ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਜੋਂ ਪੂਰੀ ਦੁਨੀਆ ਵਿਚ ਵਿਖਿਆਤ ਹੈ।
ਰਾਜੇ ਦੀ ਰਾਣੀ ਨੇ ਗੁਰੂ-ਦਰਸ਼ਨਾਂ ਦੀ ਇੱਛਾ ਪ੍ਰਗਟ ਕੀਤੀ ਪਰ ਨਾਲ ਹੀ ਬਾਲ-ਗੁਰੂ ਦੀ ਪਰਖ ਕਰਨੀ ਚਾਹੀ। ਉਸ ਨੇ ਕੁਝ ਗੋਲੀਆਂ ਨੂੰ ਨਾਲ ਲਿਆ ਤੇ ਸਭ ਨੇ ਇਕੋ ਜਿਹੇ ਕੱਪੜੇ ਪਾ ਕੇ ਗੁਰੂ ਜੀ…

ਨੂੰ ਨਮਸਕਾਰ ਕੀਤੀ। ਜਾਣੀਜਾਣ ਸਤਿਗੁਰੂ ਨੇ ਪੂਰੇ ਇਕੱਠ ਵਿੱਚੋਂ ਰਾਣੀ ਨੂੰ ਪਛਾਣ ਲਿਆ ਤਾਂ ਰਾਣੀ ਦੀ ਸ਼ਰਧਾ ਹੋਰ ਵੀ ਪੱਕੀ ਹੋ ਗਈ।

ਦਿੱਲੀ ਵਿਚ ਗੁਰੂ ਜੀ ਨੇ ਔਰੰਗਜ਼ੇਬ ਨੂੰ ਦਰਸ਼ਨ ਦੇਣ ਤੋਂ ਕੋਰੀ ਨਾਂਹ ਕਰ ਦਿੱਤੀ। ਕਿਹਾ ਜਾਂਦਾ ਹੈ ਕਿ ਬਾਦਸ਼ਾਹ ਅੱਧੀ ਘੜੀ ਬੰਗਲਾ ਸਾਹਿਬ ਦੇ ਸਾਹਮਣੇ ਖੜ੍ਹਾ ਰਿਹਾ। ਅਗਲੇ ਦਿਨ ਬਾਦਸ਼ਾਹ ਨੇ ਆਪਣੇ ਪੁੱਤਰ ਨੂੰ ਭੇਜਿਆ। ਗੁਰੂ ਜੀ ਨੇ ਉਸ ਨੂੰ ਆਤਮਿਕ ਉਪਦੇਸ਼ ਦਿੱਤਾ।

ਜਦੋਂ ਗੁਰੂ ਜੀ ਦਿੱਲੀ ਵਿਚ ਪਹੁੰਚੇ ਸਨ ਤਾਂ ਉਥੇ ਚੇਚਕ ਦੀ ਬਿਮਾਰੀ ਫੈਲੀ ਹੋਈ ਸੀ। ਲੋਕੀਂ ਬਿਮਾਰੀ ਕਾਰਨ ਮਰ ਰਹੇ ਸਨ। ਸਭ ਪਾਸੇ ਹਾਹਾਕਾਰ ਮਚੀ ਹੋਈ ਸੀ। ਗੁਰੂ ਜੀ ਨੇ ਆਪਣੀ ਪ੍ਰਵਾਹ ਨਾ ਕੀਤੀ ਤੇ ਪੀੜਤਾਂ ਦੀ ਹੱਥੀਂ ਸੇਵਾ ਵਿਚ ਜੁਟ ਗਏ। ਉਹ ਲੋਕਾਂ ਦੇ ਘਰਾਂ ਤੇ ਮਹੱਲਿਆਂ ਵਿਚ ਵੀ ਗਏ। ਇਉਂ ਚੇਚਕ ਦੀ ਬਿਮਾਰੀ ਨੇ ਆਪ ਨੂੰ ਵੀ ਘੇਰ ਲਿਆ। ਗੁਰੂ ਜੀ ਨੇ ਸੱਚਖੰਡ ਵਾਪਸੀ ਦਾ ਸਮਾਂ ਨੇੜੇ ਜਾਣ ਕੇ ਨੇੜੇ ਬੈਠੀਆਂ ਸੰਗਤਾਂ ਨੂੰ ਆਖ਼ਰੀ ਬਚਨ ਕਹੇ, ‘ਬਾਬਾ ਬਕਾਲੇ।’ ਅਰਥਾਤ ਸਾਡੇ ਤੋਂ ਬਾਅਦ ਗੁਰਗੱਦੀ ਸੰਭਾਲਣ ਵਾਲੇ ਮਹਾਂਪੁਰਖ ਬਕਾਲੇ ਵਿਚ ਹਨ। ਉਨ੍ਹਾਂ ਦਾ ਇਸ਼ਾਰਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਵੱਲ ਸੀ, ਜੋ ਰਿਸ਼ਤੇ ਵਿਚ ਉਨ੍ਹਾਂ ਦੇ ਦਾਦਾ ਲਗਦੇ ਸਨ। 30 ਮਾਰਚ, 1664 ਈ: ਨੂੰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦਿੱਲੀ ਵਿਖੇ ਹੀ ਜੋਤੀ ਜੋਤਿ ਸਮਾ ਗਏ। ਜਿਥੇ ਆਪ ਦਾ ਸਸਕਾਰ ਕੀਤਾ ਗਿਆ, ਉਥੇ ਅੱਜਕਲ੍ਹ ਗੁਰਦੁਆਰਾ ਬਾਲਾ ਸਾਹਿਬ ਸੁਭਾਇਮਾਨ ਹੈ। ਆਪ ਦੀ ਵਿਲੱਖਣ ਪ੍ਰਤਿਭਾ ਅਤੇ ਦਰਦੀਆਂ ਦਾ ਦਰਦ ਵੰਡਾਉਣ ਕਰਕੇ ਹੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ‘ਚੰਡੀ ਦੀ ਵਾਰ’ ਦੀ ਅਰੰਭਕ ਪਉੜੀ ਵਿਚ ਫ਼ਰਮਾਇਆ ਹੈ-

ਸ੍ਰੀ ਹਰਿਕ੍ਰਿਸ਼ਨ ਧਿਆਈਐ
ਜਿਸੁ ਡਿਠੈ ਸਭਿ ਦੁਖੁ ਜਾਇ॥


Share On Whatsapp

Leave a Reply




top