ਇਤਿਹਾਸਿਕ ਗੁਰਦੁਆਰਾ ਗਊ ਘਾਟ ਪਾਤਸ਼ਾਹੀ ਪਹਿਲੀ ਉਹ ਪਵਿੱਤਰ ਅਸਥਾਨ ਹੈ ਜਿਥੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ 1515ਈ: ਨੂੰ ਇਸ ਅਸਥਾਨ ਤੇ ਆਏ ਜੋ ਸਤਲੁਜ ਦਰਿਆ ਦੇ ਕਿਨਾਰੇ ਹੈ। ਇਥੇ ਬਿਰਾਜ ਕੇ ਗੁਰੂ ਜੀ ਰੱਬੀ ਬਾਣੀ ਰਾਹੀਂ ਨਿਰੰਕਾਰ ਦੀ ਸਿਫਤ ਸਲਾਹ ਵਿੱਚ ਮਗਨ ਹੋ ਗਏ। ਉਸ ਸਮੇਂ ਲੁਧਿਆਣੇ ਦਾ ਨਵਾਬ ਜਲਾਲ ਖਾਂ ਲੋਧੀ ਆਪਣੇ ਦਰਬਾਰੀਆਂ ਸਮੇਤ ਭੇਟਾ ਲੈ ਕੇ ਗੁਰੂ ਜੀ ਦੀ ਸ਼ਰਨ ਵਿੱਚ ਆਇਆ ਤੇ ਗੁਰੂ ਚਰਨਾਂ ਵਿੱਚ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀਓ , ਇਹ ਸਤਲੁਜ ਦਰਿਆ ਸ਼ਹਿਰ ਨੂੰ ਢਾਹ ਲਾਈ ਜਾ ਰਿਹਾ ਹੈ , ਆਪ ਜੀ ਮੇਹਰ ਕਰੋ। ਉਸ ਸਮੇਂ ਗੁਰੂ ਜੀ ਨੇ ਬਚਨ ਕੀਤੇ ਕਿ ਤੁਸੀਂ ਪ੍ਰਜਾ ਨਾਲ ਇਨਸਾਫ ਕਰੋ। ਸਤਲੁਜ ਦਰਿਆ ਸ਼ਹਿਰ ਤੋਂ 7 ਕੋਹ ਦੂਰ ਹੱਟ ਜਾਵੇਗਾ ਅਤੇ ਇਥੋਂ ਬੁੱਢਾ ਹੋ ਕੇ ਚੱਲੇਗਾ। ਸਮਾਂ ਪਾ ਕੇ ਇਹ ਸ਼ਹਿਰ ਬਹੁਤ ਘੁੱਗ ਵਸੇਗਾ ਜਿਸ ਦਾ ਦੁਨੀਆ ਵਿੱਚ ਨਾਮ ਹੋਵੇਗਾ। ਗੁਰੂ ਸਾਹਿਬ ਦੇ ਕਹੇ ਬਚਨਾਂ ਅਨੁਸਾਰ ਲੁਧਿਆਣਾ ਸ਼ਹਿਰ ਘੁੱਗ ਵੱਸ ਰਿਹਾ ਹੈ ਇਸ ਦਾ ਨਾਮ ਦੁਨੀਆਂ ਵਿੱਚ ਮਸ਼ਹੂਰ ਹੈ ਅਤੇ ਸਤਲੁਜ ਦਰਿਆ ਵੀ ਸੱਤ ਕੋਹ ਦੂਰ ਚੱਲ ਰਿਹਾ ਹੈ। ਇਸ ਤਰਾਂ ਇਹ ਗੁਰੁਦਆਰਾ ਗਊ ਘਾਟ ਪਾਤਸ਼ਾਹੀ ਪਹਿਲੀ ਜੋ ਦਰਿਆ ਘਾਟ ਤੇ ਬਣਿਆ ਹੈ , ਦਾ ਨਾਮ ਗੁਰਦੁਆਰਾ ਗਊ ਘਾਟ ਪੈ ਗਿਆ।
Waheguru ji