ਇਤਿਹਾਸ – ਭਾਈ ਲਾਲੋ ਤੇ ਗੁਰੂ ਨਾਨਕ ਦੇਵ ਜੀ

ਭਾਈ ਲਾਲੋ ਸੱਚੀ-ਸੁੱਚੀ ਕਿਰਤ ਕਰਨ ਵਾਲਾ ਗੁਰੂ ਦਾ ਸਿੱਖ ਸੀ, ਜਿਨ੍ਹਾਂ ਨੇ ਦਸਾਂ ਨਹੁੰਆਂ ਦੀ ਕਿਰਤ ਕੀਤੀ ਅਤੇ ਉਸ ਕਮਾਈ ਚੋਂ ਲੋੜਵੰਦਾਂ ਦੀ ਮਦਦ ਅਤੇ ਲੰਗਰ ਪਾਣੀ ਵੀ ਛਕਾਉਂਦੇ ਸਨ। ਉਨ੍ਹਾਂ ਦਾ ਜਨਮ ਸਾਲ 1452 ਈਸਵੀ ਚ ਸੈਦਪੁਰ, ਪਾਕਿਸਤਾਨ ਵਿਖੇ ਹੋਇਆ। ਉਨ੍ਹਾਂ ਦੇ ਪਿਤਾ ਭਾਈ ਜਗਤ ਰਾਮ ਸਨ, ਜੋ ਕਿ ਤਰਖਾਣ ਕਬੀਲੇ ਨਾਲ ਸੰਬੰਧਤ ਸਨ। ਭਾਈ ਲਾਲੋ ਨੂੰ ਸਿੱਖ ਇਤਿਹਾਸ ’ਚ ਬਹੁਤ ਜਾਣਿਆ ਜਾਂਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਲੋਧੀ ਤੋਂ ਜਗਤ ਦਾ ਉਧਾਰ ਕਰਨ ਲਈ ਭਾਈ ਮਰਦਾਨਾ ਨੂੰ ਲੈ ਕੇ ਨਿਕਲੇ ਤਾਂ ਪਹਿਲੀ ਉਦਾਸੀ ਦੌਰਾਨ ਉਹ ਸਭ ਤੋਂ ਪਹਿਲਾਂ ਸੈਦਪੁਰ ਵਿਖੇ ਭਾਈ ਲਾਲੋ ਦੇ ਗ੍ਰਹਿ ਵਿਖੇ ਗਏ। ਭਾਈ ਲਾਲੋ ਨੇ ਬਹੁਤ ਹੀ ਨਿਮਰਤਾ ਅਤੇ ਸਤਿਕਾਰ ਨਾਲ ਉਨ੍ਹਾਂ ਦਾ ਸੁਆਗਤ ਕੀਤਾ। ਗੱਲਬਾਤਾਂ ਕਰਦਿਆਂ ਭੋਜਨ ਤਿਆਰ ਹੋ ਗਿਆ। ਭੋਜਨ ਪਰੋਸਿਆ ਗਿਆ ਤਾਂ ਕੋਧਰੇ ਦੀ ਰੋਟੀ ਅਤੇ ਸਰ੍ਹੋਂ ਦਾ ਸਾਗ ਦੇਖ ਕੇ ਬਾਬੇ ਨਾਨਕ ਨੇ ਕਿਹਾ, ‘ਮਰਦਾਨਾ ਖਾਵੇਗਾ।’ ਜਦੋਂ ਮਰਦਾਨੇ ਨੇ ਰੋਟੀ ਦਾ ਇਕ ਟੁੱਕੜਾ ਮੂੰਹ ’ਚ ਪਾਇਆ ਤਾਂ ਅੰਮ੍ਰਿਤ ਦਾ ਸਵਾਦ ਆਇਆ। ਮਰਦਾਨੇ ਨੇ ਕਿਹਾ ਕੋਧਰੇ ਦੀ ਰੋਟੀ ਅਤੇ ਸਰ੍ਹੋਂ ਦੇ ਸਾਗ ਚ ਅੰਮਿ੍ਤ ਹੈ।

ਸੈਦਪੁਰ ਵਿਚ ਮਲਿਕ ਭਾਗੋ ਨਾਮ ਦਾ ਇਕ ਅਮੀਰ ਸਰਕਾਰੀ ਅਧਿਕਾਰੀ ਸੀ। ਉਹ ਇਕ ਵੱਡੀ ਦਾਵਤ ਦਾ ਆਯੋਜਨ ਕਰ ਰਿਹਾ ਸੀ। ਪੂਰੇ ਪਿੰਡ ਨੂੰ ਇਸ ਦਾਵਤ ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ। ਉਸ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਵੀ ਸੱਦਾ ਭੇਜਿਆ ਪਰ ਗੁਰੂ ਜੀ ਨਹੀਂ ਗਏ। ਜਦੋਂ ਮਲਿਕ ਭਾਗੋ ਨੇ ਆਪਣੇ ਆਦਮੀ ਨੂੰ ਸੰਦੇਸ਼ ਨਾਲ ਵਾਰ-ਵਾਰ ਭੇਜਿਆ, ਗੁਰੂ ਜੀ ਆਖਰਕਾਰ ਉਸ ਦੇ ਘਰ ਗਏ। ਗੁਰੂ ਨਾਨਕ ਪਾਤਸ਼ਾਹ ਚਲੇ ਤਾਂ ਲਾਲੋ ਤੋਂ ਰਿਹਾ ਨਾ ਗਿਆ ਤੇ ਬਾਬੇ ਨਾਨਕ ਦੇ ਨਾਲ ਹੀ ਚੱਲ ਪਏ। ਮਲਿਕ ਭਾਗੋ ਗੁਰੂ ਨਾਨਕ ਪਾਤਸ਼ਾਹ ਨਾਲ ਨਾਰਾਜ਼ ਸਨ ਅਤੇ ਉਨ੍ਹਾਂ ਨੂੰ ਪੁੱਛਿਆ ਕਿ ਉਹ ਸ਼ਾਹੀ ਖਾਣੇ ਦਾ ਆਨੰਦ ਲੈਣ ਲਈ ਕਿਉਂ ਨਹੀ ਆਏ। ਗੁਰੂ ਜੀ ਨੇ ਪੁੱਛਿਆ ਕਿ ਕੀ ਤੁਸੀਂ ਸੱਚਮੁੱਚ ਇਹ ਜਾਣਨਾ ਚਾਹੁੰਦੇ ਹੋ ਕਿ ਮੈਂ ਕਿਉਂ ਆਉਣ ਤੋਂ ਇਨਕਾਰ ਕਰ ਦਿੱਤਾ। ਮਲਿਕਾ ਭਾਗੋ ਨੇ ਜਵਾਬ ਦਿੱਤਾ, ਹਾਂ। ਮੈਂ ਇਹ ਜਾਣਨਾ ਚਾਹੁੰਦਾ ਹਾਂ ਕਿ ਤੁਸੀਂ ਮੇਰੀ ਦਾਵਤ ਨਾਲੋਂ ਭਾਈ ਲਾਲੋ ਦੀ ਰੋਟੀ ਨੂੰ ਕਿਉਂ ਤਰਜੀਹ ਦਿੱਤੀ।

ਗੁਰੂ ਜੀ ਨੇ ਮਲਿਕ ਭਾਗੋ ਨੂੰ ਆਪਣਾ ਭੋਜਨ ਲਿਆਉਣ ਲਈ ਕਿਹਾ ਅਤੇ ਭਾਈ ਲਾਲੋ ਨੂੰ ਵੀ ਅਜਿਹਾ ਕਰਨ ਲਈ ਕਿਹਾ। ਗੁਰੂ ਜੀ ਨੇ ਇਕ ਹੱਥ ’ਚ ਭਾਈ ਲਾਲੋ ਦੀ ਕੋਧਰੋ ਦੀ ਰੋਟੀ ਅਤੇ ਦੂਜੇ ਹੱਥ ਵਿਚ ਮਲਿਕ ਭਾਗੋ ਦਾ ਬ੍ਰਹਮ ਭੋਜ ਫੜਿਆ। ਗੁਰੂ ਜੀ ਨੇ ਉਨ੍ਹਾਂ ਨੂੰ ਘੁੱਟ ਕੇ ਨਿਚੋੜਿਆ ਤਾਂ ਭਾਈ ਲਾਲੋ ਦੀ ਰੋਟੀ ’ਚੋਂ ਦੁੱਧ, ਜਦ ਕਿ ਭਾਗੋ ਦੇ ਭੋਜਨ ’ਚ ਖੂਨ ਨਿਕਲਿਆ। ਇਹ ਦੇਖ ਕੇ ਸਾਰੇ ਹੈਰਾਨ ਰਹਿ ਗਏ। ਜਿਸ ਤੋਂ ਬਾਅਦ ਬਾਬਾ ਨਾਨਕ ਨੇ ਮਲਿਕ ਭਾਗੋ ਨੂੰ ਸਮਝਾਇਆ ਕਿ ਗਰੀਬ ਲੋਕਾਂ ਦਾ ਖੂਨ ਨਿਚੋੜ ਕੇ ਭਾਵ ਤੰਗ ਪਰੇਸ਼ਾਨ ਕਰ ਕੇ, ਗਰੀਬਾਂ ਦਾ ਹੱਕ ਮਾਰੇ ਇਕੱਠੇ ਕੀਤੇ ਪੈਸੇ ਤੋਂ ਕੀਤਾ ਬ੍ਰਹਮ ਭੋਜ ਕਿਤੇ ਵੀ ਪ੍ਰਵਾਨ ਨਹੀਂ ਹੁੰਦਾ।

ਇਹ ਭੋਜਨ ਲਹੂ ਪੀਣ ਦੇ ਬਰਾਬਰ ਹੈ ਅਤੇ ਦਸਾਂ ਨਹੁੰਆਂ ਦੀ ਕਿਰਤ ਕਰ ਕੇ ਈਮਾਨਦਾਰੀ ਨਾਲ ਵੰਡ ਛਕਣ ਵਾਲਾ ਰੁੱਖਾ ਸਿੱਸਾ ਭੋਜਨ ਵੀ ਦੁੱਧ ਅੰਮ੍ਰਿਤ ਦੇ ਬਰਾਬਰ ਹੈ। ਇਸ ਤਰ੍ਹਾਂ ਬਾਬੇ ਨਾਨਕ ਨੇ ਮਲਿਕ ਭਾਗੋ ਨੂੰ ਸਿੱਖਿਆ ਦਿੰਦੇ ਹੋਏ ਦਸਾਂ ਨਹੁੰਆਂ ਦੀ ਕਿਰਤ ਕਰ ਕੇ ਵੰਡ ਛਕਣ ਦਾ ਉਪਦੇਸ਼ ਦਿੱਤਾ। ਗੁਰੂ ਜੀ ਦਾ ਉਪਦੇਸ਼ ਸੁਣ ਕੇ ਮਲਿਕ ਭਾਗੋ ਸ਼ਰਮਿੰਦਾ ਹੋ ਗਿਆ ਅਤੇ ਗੁਰੂ ਜੀ ਦੇ ਪੈਰੀ ਪੈ ਗਿਆ🙏

#—ਸੁੱਖਵੀਰ ਸਿੰਘ ਖੈਹਿਰਾ ✍🏻✍🏻✍🏻


Share On Whatsapp

Leave a Reply




"1" Comment
Leave Comment
  1. ਦਲਬੀਰ ਸਿੰਘ

    🙏🙏satnam Sri Waheguru Ji🙏🙏

top