ਅਰਦਾਸ ਸ਼ਬਦ ਫਾਰਸੀ ਅਤੇ ਸੰਸਕ੍ਰਿਤ ਦੋ ਭਾਸ਼ਾਵਾਂ ਤੋਂ ਆਇਆ ਹੈ,ਫਾਰਸੀ ਚ ਅਰਜ਼ ਦਾਸਤ ਤੇ ਸੰਸਕ੍ਰਿਤ ਵਿੱਚ ਅਰਧ ਆਸ ਇਹਨਾਂ ਦੋਵਾਂ ਸ਼ਬਦਾਂ ਦਾ ਭਾਵ ਵੀ ਅਰਦਾਸ ਬੇਨਤੀ ਹੀ ਹੈ ਸੋ ਇਸੇ ਤੋਂ ਅਰਦਾਸ ਸ਼ਬਦ ਹੋਂਦ ਵਿੱਚ ਆਇਆ,ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਸਿੱਖਾਂ ਨੂੰ ਹਦਾਇਤ ਕੀਤੀ ਕਿ ਅਰਦਾਸ ਸਿਰਫ ਉਸ ਇੱਕ ਕਰਤਾਰ ਦੇ ਅੱਗੇ ਹੀ ਕਰਨੀ ਹੈ,ਗੁਰੂ ਅੰਗਦ ਦੇਵ ਜੀ ਨੇ ਆਪਣੀ ਬਾਣੀ ਵਿੱਚ ਖੜ੍ਹੇ ਹੋ ਕੇ ਅਰਦਾਸ ਕਰਨ ਦੀ ਹਦਾਇਤ ਕੀਤੀ ਤੇ ਬਾਣੀ ਵਿੱਚ ਦਰਜ ਕੀਤਾ “ਤਿਸੈ ਅਗੈ ਨਾਨਕਾ ਖਲਿਇ ਕੀਚੈ ਅਰਦਾਸ”ਗੁਰੂ ਅਮਰਦਾਸ ਜੀ ਨੇ ਕਿਹਾ”ਜਿਸੁ ਨਾਲਿ ਜੋਰੁ ਨ ਚਲਈ ਖਲਿਇ ਕੀਚੈ ਅਰਦਾਸ”ਗੁਰੂ ਅਰਜੁਨ ਦੇਵ ਜੀ ਨੇ ਦਰਬਾਰ ਸਾਹਿਬ ਦੀ ਉਸਾਰੀ ਦੇ ਨਾਲ ਸਿੱਖਾਂ ਨੂੰ ਦੋਵੇਂ ਹੱਥ ਜੋੜ ਕੇ ਅਰਦਾਸ ਕਰਨ ਦੀ ਮਰਿਆਦਾ ਵਿੱਚ ਬੰਨ੍ਹਦੇ ਹੋਏ ਨਾਲ ਬਾਣੀ ਵਿੱਚ ਦਰਜ ਕਰ ਦਿੱਤਾ”ਦੁਇ ਕਰ ਜੋੜਿ ਕਰਉ ਅਰਦਾਸ” ਭਾਵ ਦੋਵੇਂ ਹੱਥ ਜੋੜ ਕੇ ਅਰਦਾਸ ਕਰੋ,ਮੁਸਲਮਾਨ ਇਤਿਹਾਸਕਾਰ ਮੋਸਨ ਫਾਨੀ ਆਪਣੀ ਕਿਤਾਬ ਦਬਸਤਾਨੇ ਮੁਜਾਹਿਦ ਵਿੱਚ ਸਿੱਖਾਂ ਬਾਰੇ ਲਿਖਦਾ ਹੈ ਕਿ ਸਿੱਖ ਆਪ ਅਰਦਾਸ ਨਹੀਂ ਕਰਦਾ ਤੇ ਗ੍ਰੰਥੀ ਸਿੰਘ ਕੋਲੋਂ ਅਰਦਾਸ ਕਰਵਾਉਂਦਾ ਹੈ ਤੇ ਇਹ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਸਮੇਂ ਦੀ ਕਿਤਾਬ ਹੈ ਭਾਵ ਇਹ ਮਰਿਆਦਾ ਵੀ ਗੁਰੂ ਸਾਹਿਬ ਵਲੋਂ ਹੀ ਸ਼ੁਰੂ ਕੀਤੀ ਹੋਈ ਹੈ,ਪਹਿਲੇ 9 ਗੁਰੂ ਸਾਹਿਬਾਨ ਜੀ ਦੇ ਸਮੇਂ ਦੀ ਪ੍ਰਚਲਿਤ ਅਰਦਾਸ ਦਾ ਕਿਸੇ ਇਤਿਹਾਸਕਾਰ ਨੇ ਜਿਕਰ ਨਹੀਂ ਕੀਤਾ ਹੈ,ਉਸ ਤੋਂ ਬਾਅਦ ਕਲਗੀਧਰ ਪਾਤਸ਼ਾਹ ਜੀ ਨੇ ਆਪ ਅਰਦਾਸ ਦੀ ਰਚਨਾ ਕੀਤੀ ਜੋ ਕਿ ਸ਼੍ਰੀ ਦਸਮ ਗ੍ਰੰਥ ਸਾਹਿਬ ਵਿੱਚ ਚੰਡੀ ਦੀ ਵਾਰ ਤੋਂ ਪਹਿਲਾਂ ਦਰਜ ਹੈ ਅਤੇ ਪ੍ਰਿਥਮ ਭਗਉਤੀ ਸਿਮਰ ਕੈ ਤੋਂ ਲੈ ਕੇ “ਗੁਰੂ ਤੇਗ ਬਹਾਦਰ ਸਿਮਰੀਐ ਘਰ ਨਉ ਨਿਧਿ ਆਵੈ ਧਾਇ,ਸਭ ਥਾਈਂ ਹੋਇ ਸਹਾਇ ਤੱਕ ਹੈ,ਕਲਗੀਧਰ ਪਾਤਸ਼ਾਹ ਜੀ ਨੇ ਆਪਣਾ ਨਾਮ ਅਰਦਾਸ ਵਿੱਚ ਨਹੀਂ ਸ਼ਾਮਿਲ ਕੀਤਾ,ਉਸਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸਮਾਂ ਸ਼ੁਰੂ ਹੋ ਗਿਆ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਅਰਦਾਸ ਵਿੱਚ ਦਸਵੇਂ ਪਾਤਸ਼ਾਹ ਜੀ ਦਾ ਨਾਮ ਦਰਜ ਕੀਤਾ,ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਸਭ ਥਾਈਂ ਹੋਇ ਸਹਾਇ,ਸਾਰੀ ਸਿੱਖ ਸੰਗਤ ਨੂੰ ਹਾਲੇ ਇਹ ਖਬਰ ਨਹੀਂ ਪਹੁੰਚੀ ਸੀ ਕਿ ਕਲਗੀਧਰ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦੇ ਕੇ ਗਏ ਹਨ ਤੇ ਕਿਤੇ ਸੰਗਤ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਅਗਲਾ ਗੁਰੂ ਨਾ ਸਮਝਣ ਲੱਗ ਜਾਵੇ ਇਸੇ ਕਰਕੇ ਨਾਲ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਭ ਥਾਈਂ ਹੋਇ ਸਹਾਇ ਵੀ ਦਰਜ ਕੀਤਾ ਤਾਂ ਕਿ ਸੰਗਤ ਨੂੰ ਸਹਿਜੇ ਹੀ ਪਤਾ ਲੱਗ ਜਾਵੇ ਕਿ ਗੁਰਗੱਦੀ ਦੇ ਸਦੀਵੀਂ ਮਾਲਕ ਹੁਣ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ,ਬਾਬਾ ਜੀ ਨੇ ਸਿੱਖ ਰਾਜ ਦੀ ਸਥਾਪਨਾ ਕਰਕੇ ਦੋਹਰਾ ਦਰਜ ਕੀਤਾ,”ਰਾਜ ਕਰੇਗਾ ਖਾਲਸਾ,ਆਕੀ ਰਹੇ ਨਾ ਕੋਇ” ਇਹ ਦੋਹਰਾ ਕਿਉਂ ਦਰਜ ਕਰਨਾ ਪਿਆ ਇਹ ਅਗਲੇ ਭਾਗ ਵਿੱਚ ਲਿਖਾਂਗਾ ਜੀ ਤੇ ਸਿੱਖੀ ਦੇ 550 ਸਾਲਾਂ ਦੇ ਇਤਿਹਾਸ ਵਿੱਚ ਅਰਦਾਸ ਵਿੱਚ ਹੋਰ ਕੀ ਕੀ ਜੋੜਿਆ ਜਾਂਦਾ ਰਿਹਾ ਤੇ ਕਿਉਂ ਜੋੜਿਆ ਗਿਆ-ਦਾਸ ਪ੍ਰਿਤਪਾਲ ਸਿੰਘ ਖਾਲਸਾ