18 ਮਈ ਦਾ ਇਤਿਹਾਸ – ਸਰਦਾਰ ਜੱਸਾ ਸਿੰਘ ਆਹਲੂਵਾਲੀਆ

#18ਮਈ_ਜਨਮ_ਦਿਹਾੜਾ 5 ਜੇਠ (1718)
ਸਰਦਾਰ ਦੇਵਾ ਸਿੰਘ ਆਹਲੂਵਾਲੀਆ ਦੇ ਤਿੰਨ ਪੁੱਤਰ ਸੀ ਸਰਦਾਰ ਗੁਰਬਖ਼ਸ਼ ਸਿੰਘ ਸਦਰ ਸਿੰਘ ਤੇ ਬਦਰ ਸਿੰਘ ਬਦਰ ਸਿੰਘ ਸਭ ਤੋਂ ਛੋਟਾ ਸੀ ਕਲਗੀਧਰ ਜੀ ਦੇ ਹਜ਼ੂਰੀ ਸਿੱਖਾਂ ਤੋਂ ਅੰਮ੍ਰਿਤ ਛਕਿਆ ਬਦਰ ਸਿੰਘ ਦਾ ਵਿਆਹ ਸਰਦਾਰ ਬਾਘ ਸਿੰਘ ਦੀ ਭੈਣ ਬੀਬੀ ਜੀਵਨ ਕੌਰ ਦੇ ਨਾਲ ਹੋਇਆ ਜੋ ਤਿਆਰ ਬਰ ਤਿਆਰ ਸਿੰਘਣੀ ਸੀ ਬਹੁਤ ਸਾਰੀ ਬਾਣੀ ਤੇ ਇਤਿਹਾਸ ਯਾਦ ਸੀ #ਦੁਤਾਰੇ ਨਾਲ ਗੁਰਬਾਣੀ ਦਾ ਕੀਰਤਨ ਬਹੁਤ ਸੋਹਣਾ ਕਰਦੀ ਵਿਆਹ ਤੋਂ ਕਾਫ਼ੀ ਸਮੇ ਬਾਅਦ ਘਰ ਵਿੱਚ ਕੋਈ ਔਲਾਦ ਨਾ ਹੋਈ ਤਾਂ ਦੋਵਾਂ ਜੀਆਂ ਨੇ ਕਲਗੀਧਰ ਪਿਤਾ ਦੇ ਹਜੂਰ ਬੇਨਤੀ ਕੀਤੀ ਗੁਰੂ ਦਸਮੇਸ਼ ਨੇ ਕਿਹਾ ਸੰਗਤ ਦੀ ਸੇਵਾ ਕਰੋ ਬਾਣੀ ਨਾਲ ਜੁੜੋ ਤੁਹਾਡੇ ਘਰ ਗੁਰੂ ਕਾ ਲਾਲ ਆਊ ਸਮਾਂ ਲੰਘਦਾ ਗਿਆ ਕਲਗੀਧਰ ਪਿਤਾ ਜੋਤੀ ਜੋਤ ਸਮਾ ਗਏ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦ ਹੋਗੀ ਲੰਮੀ ਉਡੀਕ ਦੇ ਬਾਦ ਗੁਰੂ ਕਿਰਪਾ ਨਾਲ ਮਾਤਾ ਜੀਵਨ ਕੌਰ ਦੀ ਕੁੱਖ ਨੂੰ ਭਾਗ ਲੱਗੇ 5 ਜੇਠ 1718 ਨੂੰ ਪੁੱਤ ਦਾ ਜਨਮ ਹੋਇਆ ਗੁਰੂ ਜਸ ਕਰਦਿਆਂ ਪੁੱਤ ਜੰਮਿਆ ਸੀ ਨਾਮ #ਜੱਸਾ_ਸਿੰਘ ਰੱਖਤਾ ਜੋ ਸਮੇ ਨਾਲ ਕੌਮੀ ਜਥੇਦਾਰ ਸੁਲਤਾਨਿ ਉਲ ਕੌਮ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਬਣੇ

ਸਰਦਾਰ ਜੀ ਅਜੇ ਚਾਰ ਕੁ ਸਾਲ ਦੇ ਸੀ ਕਿ ਪਿਤਾ ਜੀ ਚਲਾਣਾ ਕਰ ਗਏ ਮਾਤਾ ਨੇ ਹੌਸਲਾ ਨਹੀਂ ਹਾਰਿਆ ਭਾਣਾ ਮਿੱਠਾ ਕਰਕੇ ਮੰਨਿਆ ਕੁਝ ਸਮੇਂ ਬਾਅਦ ਮਾਂ ਪੁਤ ਮਾਤਾ ਸੁੰਦਰੀ ਦੇ ਦਰਸ਼ਨ ਕਰਨ ਦਿੱਲੀ ਗਏ ਮਾਤਾ ਜੀ ਨੇ ਜਦ ਇਨ੍ਹਾਂ ਦੇ ਕੋਲੋਂ ਕੀਰਤਨ ਸੁਣਿਆ ਤਾਂ ਬੜੇ ਪ੍ਰਸੰਨ ਹੋਏ ਪੱਕੇ ਤੌਰ ਤੇ ਆਪਣੇ ਕੋਲ ਰੱਖ ਲਿਆ ਜੱਸਾ ਸਿੰਘ ਦਾ ਬਚਪਨ ਮਾਤਾ ਸੁੰਦਰੀ ਜੀ ਦੀ ਨਿਗਰਾਨੀ ਹੇਠ ਗੁਜਰਣ ਲੱਗਾ ਮਾਤਾ ਜੀ ਨੇ ਪੁੱਤਰ ਕਰਕੇ ਪਾਲਿਆ ਆਪ ਪੜਾਇਆ ਲਿਖਾਇਆ ਹੋਰ ਬੜੀਆਂ ਰਹਿਮਤਾਂ ਕੀਤੀਆਂ ਕਰੀਬ ਸੱਤ ਸਾਲ ਦਿੱਲੀ ਰਹੇ ਫਿਰ ਮਾਮਾ ਬਾਘ ਸਿੰਘ ਵਾਪਸ ਪੰਜਾਬ ਲੈ ਆਏ ਦਿੱਲੀ ਉ ਤੁਰਨ ਤੋਂ ਪਹਿਲਾਂ ਮਾਤਾ ਸੁੰਦਰ ਕੌਰ ਜੀ ਨੇ ਇੱਕ ਤਲਵਾਰ , ਗੁਰਜ ,ਕਮਾਣ, ਤੀਰਾਂ ਦਾ ਭੱਥਾ ,ਢਾਲ ਇੱਕ ਪੁਸ਼ਾਕ ਤੇ ਨਾਲ ਚਾਂਦੀ ਦੀਆਂ ਚੋਭਾਂ ਦਿੱਤੀਆਂ ਫਿਰ ਬਚਨ ਕਹੇ ਲਾਲ ਜੀ ਗੁਰੂ ਕਿਰਪਾ ਕਰੇ ਤੇਰੇ ਤੇ ਤੇਰੀ ਸੰਤਾਨ ਦੇ ਅੱਗੇ ਆਸਿਆ ਵਾਲੇ (ਚੋਬਦਾਰ) ਚਲਿਆ ਕਰਨਗੇ ਮਾਤਾ ਜੀ ਦੀ ਇਹ ਅਸੀਸ ਸਮੇਂ ਨਾਲ ਪੂਰੀ ਹੋਈ

ਪੰਜਾਬ ਆ ਕੇ ਆਪ ਨੂੰ ਪੂਰਨ ਗੁਰਸਿੱਖ ਨਵਾਬ ਕਪੂਰ ਸਿੰਘ ਜੀ ਦੀ ਸੰਗਤ ਦਾ ਸੁਭਾਗ ਪ੍ਰਾਪਤ ਹੋਇਆ ਨਵਾਬ ਜੀ ਨੇ ਵੀ ਪੁਤਾਂ ਵਾਂਗ ਰੱਖਿਆ ਜਿਸ ਕਰਕੇ ਥੋੜ੍ਹੇ ਸਮੇਂ ਚ ਆਪ ਜੰਗਜੂ ਖਾਲਸਾਈ ਗੁਣਾਂ ਚ ਸੰਪੰਨ ਹੋ ਗਏ ਆਪ ਜੀ ਨੇ ਕਈ ਜੰਗਾਂ ਲੜੀਆਂ ਸਰੀਰ ਏਨਾਂ ਬਲਵਾਨ ਸੀ ਕੇ ਤਕੜਾ ਘੋੜਾ ਛੇ ਮਹੀਨੇ ਮਸਾਂ ਕੱਢਦਾ ਆਵਾਜ਼ ਇੰਨੀ ਗਰਜਵੀਂ ਸੀ ਕਿ ਦੋ ਕੋਹ ਤੱਕ ਸਾਫ ਸੁਣ ਜਾਂਦੀ ਨਿਤਨੇਮ ਕਦੇ ਆਪ ਨੇ ਖੁੰਝਾਇਆ ਨਹੀਂ ਸਗੋਂ ਨਾਲ ਦੇ ਸਾਥੀਆਂ ਨੂੰ ਜਗਾ ਕੇ ਕਹਿਣਾ ਅੰਮ੍ਰਿਤ ਵੇਲਾ ਸੌਣ ਦਾ ਵੇਲਾ ਨਹੀਂ ਬਚਪਨ ਚ ਹੀ ਮਾਂ ਕੋਲੋ ਕੀਰਤਨ ਵੀ ਸਿਖ ਲਿਆ ਸੀ

ਪਰ ਉਪਕਾਰੀ ਇੰਨੇ ਕਿ ਜਦੋਂ ਪਤਾ ਲੱਗਾ ਅਬਦਾਲੀ ਹਜਾਰਾਂ ਹਿੰਦੂਆਂ ਨੂੰ ਗੁਲਾਮ ਬਣਾ ਕੇ ਲਈ ਜਾਦਾ ਤਾਂ ਉਸੇ ਵੇਲੇ ਚੜ੍ਹਾਈ ਕਰ ਕੇ ਬੰਦੀ ਰਿਹਾਅ ਕਰਵਾਏ ਇਸ ਕਰਕੇ ਸਰਦਾਰ ਜੀ ਨੂੰ #ਬੰਦੀ_ਛੋੜ ਵੀ ਕਿਹਾ ਜਾਣ ਲੱਗਾ (ਬੰਦੀਛੋੜ ਬਾਰੇ ਪੂਰੀ ਜਾਣਕਾਰੀ ਕਮੈਟ ਚ ਲਿੰਕ ਪਿਆ )

ਨਵਾਬ ਕਪੂਰ ਸਿੰਘ ਤੋਂ ਬਾਅਦ ਸਰਦਾਰ ਜੀ ਪੰਥ ਦੇ ਸਿਰਮੌਰ ਜਥੇਦਾਰ ਰਹੇ ਆਪ ਆਹਲੂਵਾਲੀਆ ਮਿਸਲ ਦੇ ਜਥੇਦਾਰ ਸਨ ਕਪੂਰਥਲਾ ਆਪ ਦੀ ਰਾਜਧਾਨੀ ਸੀ ਇਨ੍ਹਾਂ ਦੀ ਅਗਵਾਈ ਹੇਠ ਜਦੋ ਖਾਲਸੇ ਨੇ ਲਾਹੌਰ ਫ਼ਤਹਿ ਕੀਤਾ ਲਹੌਰ ਤਖਤ ਤੇ ਬੈਠਾ ਕੇ ਪੰਥ ਨੇ ਆਪ ਨੂੰ ਨਾਮ ਦਿੱਤਾ “ਸੁਲਤਾਨਿ-ਉਲ ਕੌਮ” ਭਾਵ ਕੌਮ ਦਾ ਬਾਦਸ਼ਾਹ

ਦਿੱਲੀ ਫਤਹਿ ਸਮੇਂ ਵੀ ਆਪ ਬਾਬਾ ਬਘੇਲ ਸਿੰਘ ਦੇ ਨਾਲ ਸਨ ਛੋਟੇ ਤੇ ਵੱਡੇ ਦੋਨੋਂ ਘੱਲੂਘਾਰੇ ਆਪਣੇ ਪਿੰਡੇ ਤੇ ਹੰਢਾਏ ਵੱਡੇ ਘੱਲੂਘਾਰੇ ਵਿੱਚ ਤਾਂ ਆਪ ਇੰਨੇ ਜੂਝੇ ਕੇ ਕਿ ਕਈ ਵਾਰ ਮਸਾਂ ਮਸਾਂ ਬਚੇ 22 ਗਹਿਰੇ ਫੱਟ ਆਪ ਦੇ ਸਰੀਰ ਤੇ ਸੀ ਸਰਦਾਰ ਜੀ ਦੀ ਅਗਵਾਈ ਹੇਠ ਸਰਹਿੰਦ ਨੂੰ ਪੂਰੀ ਤਰਾਂ ਢਹਿ ਢੇਰੀ ਕਰਕੇ ਖੋਤਿਆਂ ਦੇ ਨਾਲ ਹਲ ਵਾਹੇ ਸੀ ਮਹਾਨ ਕੋਸ਼ ਨੇ ਸਰਦਾਰ ਜੀ ਨੂੰ “ਕਰਨੀ ਵਾਲਾ ਸਿੰਘ” ਲਿਖਿਅਾ ਹੈ

ਐਸੇ ਮਹਾਨ ਪਰਉਪਕਾਰੀ ਪੂਰਨ ਗੁਰਸਿੱਖ ਕੌਮੀ ਜਰਨੈਲ ਸੁਲਤਾਨਿ-ਉਲ ਕੌਮ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ

#ਸਰੋਤ ਡਾ ਗੰਡਾ ਸਿੰਘ ਪ੍ਰਿੰਸੀਪਲ ਸਤਿਬੀਰ ਸਿੰਘ

#ਨੋਟ ਅਜੋਕੇ ਆਗੂਆਂ ਨੂੰ ਸਰਦਾਰ ਜੱਸਾ ਸਿੰਘ ਦਾ ਜੀਵਨ ਜ਼ਰੂਰ ਪੜ੍ਹਨਾ ਚਾਹੀਦਾ

ਮੇਜਰ ਸਿੰਘ
ਗੁਰੂ ਕਿਰਪਾ ਕਰੇ


Share On Whatsapp

Leave a Reply




"1" Comment
Leave Comment
  1. very nice story

top