ਇਕ ਦਿਨ ਗੁਰੂ ਮਹਾਰਾਜ ਜੀ ਰਾਵੀ ਦੇ ਕਿਨਾਰੇ ਤੇ ਸੰਗਤ ਨੂੰ ਉਪਦੇਸ਼ ਦੇ ਰਹੇ ਸਨ ਤਾਂ ਏਨੇ ਨੂੰ ਇਕ ਇਸਤਰੀ ਅਤੀ ਸੁੰਦਰ,ਗਹਿਣਿਆਂ ਨਾਲ ਸਜੀ ਹੋਈ, ਬਿਜਲੀ ਜਿਹੇ ਪ੍ਰਕਾਸ਼ ਵਾਲੀ ਗੁਰੂ ਮਹਾਰਾਜ ਜੀ ਨੂੰ ਦੂਰੋਂ ਹੀ ਮੱਥਾ ਟੇਕ ਕੇ ਪਿਛੇ ਹੀ ਖੜ ਗਈ।
ਗੁਰੂ ਸਾਹਿਬ ਜੀ ਨੇ ਉਸ ਵਲ ਤੱਕਿਆ ਵੀ ਨਾ। ਪਰ ਭਾਈ ਮਰਦਾਨੇ ਨੇ ਦੇਖ ਕੇ ਬੇਨਤੀ ਕੀਤੀ, ਮਹਾਰਾਜ ਜੀ ਇਹ ਇਸਤਰੀ ਕਉਣ ਹੈ ਜੀ ਜੋ ਅੱਗੇ ਆਉਣਾ ਚਾਹੁੰਦੀ ਹੈ ਪਰ ਆਪ ਜੀ ਤੋਂ ਡਰਦੀ ਆਉਂਦੀ ਨਹੀਂ । ਤਾਂ ਬਾਬਾ ਜੀ ਨੇ ਬਚਨ ਕੀਤਾ ।
ਭਾਈ ਇਹ ਮਾਇਆ ਹੈ ।ਏਸ ਨੇ ਵੱਡੇ-ਵੱਡੇ ਦੇਵੀ ਦੇਵਤਾ, ਪੀਰ ਪੈਗੰਬਰ,ਅਵਤਾਰ,ਰਿਸ਼ੀ ਮੁਨੀ ਆਪਣੇ ਵਸ ਕਰਕੇ ਕਲੰਦਰ ਦੇ ਬਾਂਦਰ ਵਾਂਗੂੰ ਨਚਾਏ ਹਨ। ਕੋਈ ਵਿਰਲਾ ਹੀ ਏਸ ਤੋਂ ਬਚ ਕੇ ਪਰਮੇਸ਼ਰ ਨੂੰ ਮਿਲਦਾ ਹੈ ।
ਏਹ ਪਹਿਲਾਂ ਆਪ ਜਪੀ, ਤਪੀ ਪੁਰਖਾਂ ਦੇ ਪੈਰੀਂ ਲਗਦੀ ਹੈ । ਫੇਰ ਉਹਨਾਂ ਨੂੰ ਆਪਣੇ ਪੈਰੀਂ ਲਾ ਲੈਂਦੀ ਹੈ।
ਇਹ ਸਾਡੇ ਚਰਨੀਂ ਲੱਗਣਾ ਚਾਹੁੰਦੀ ਹੈ ਪਰ ਅਸੀਂ ਲਾਉਂਦੇ ਨਹੀਂ । ਪਰੰਤੂ ਸਾਡੇ ਤੋਂ ਪਿਛੋਂ ਜਿਹੜਾ ਹੋਏਗਾ ਉਸਦੇ ਬੂਹੇ ਤਕ ਆਵੇਗੀ ਅਤੇ ਤੀਜੀ ਪੀੜ੍ਹੀ ਵਾਲੇ ਦੇ ਚਰਨੀਂ ਲੱਗੇਗੀ। ਚੌਥੀ ਪੀੜ੍ਹੀ ਵਾਲੇ ਦੇ ਘਰ ਨਿਵਾਸ ਕਰੇਗੀ ਪਰ ਉਹ ਏਸ ਤੋਂ ਸਦਾ ਨਿਰਲੇਪ ਹੀ ਰਹਿਣਗੇ ।
ਏਹ ਉਤਰ ਸੁਣ ਕੇ ਭਾਈ ਮਰਦਾਨੇ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਉਤਨਾ ਚਿਰ ਮੈਨੂੰ ਹੀ ਬਖਸ਼ ਛੱਡੋ।
ਗੁਰੂ ਮਹਾਰਾਜ ਜੀ ਮੁਸਕਰਾ ਕੇ ਬੋਲੇ, ਤੂੰ ਆਪ ਹੀ ਇਸ ਨੂੰ ਪੁੱਛ ਕੇ ਵੇਖ ਲੈ। ਭਾਈ ਮਰਦਾਨਾ ਪੁੱਛਣ ਗਿਆ ਤਾਂ ਉਸ ਨੇ ਆਖਿਆ, ਜੇ ਤੂੰ ਮੈਨੂੰ ਚੁੱਕ ਲਵੇਂ ਤਾਂ ਮੈਂ ਤੇਰੇ ਘਰ ਚਲਦੀ ਹਾਂ । ਭਾਈ ਮਰਦਾਨੇ ਨੇ ਇਸਤਰੀ ਰੂਪ ਮਾਇਆ ਨੂੰ ਆਪਣੇ ਕੰਧੇ ਉੱਤੇ ਚੁੱਕ ਲਿਆ ਤਾਂ ਉਹ ਅੱਡੀਆਂ ਮਾਰ-ਮਾਰ ਕੇ ਇਸ ਨੂੰ ਨਚਾਉਣ ਲੱਗੀ ਅਤੇ ਭਾਈ ਮਰਦਾਨਾ ਵੀ ਆਪਣੇ ਆਪ ਨੂੰ ਭੁੱਲ ਕੇ ਘੋੜੇ ਵਾਂਗੂੰ ਹਿਣਕਨਾਉਣ ਲੱਗ ਪਿਆ । ਮਾਇਆ ਨੇ ਭਾਈ ਮਰਦਾਨੇ ਦੇ ਦੋਵੇਂ ਕੰਨ ਫੜ ਲਏ । ਜਿਧਰ ਨੂੰ ਫੇਰੇ ਉਧਰ ਨੂੰ ਫਿਰੇ । ਜੋ ਮਾਇਆ ਕਰਾਵੇ ਸੋਈ ਮਰਦਾਨਾ ਕਰੇ।
ਜਿਉਂ-ਜਿਉ ਮਾਇਆ ਭਾਈ ਮਰਦਾਨੇ ਦੇ ਮੁੱਖ ਉਤੇ ਚਪੇੜਾਂ ਮਾਰੇ, ਤਿਵੇਂ ਹੀ ਭਾਈ ਮਰਦਾਨਾ ਖੁਸ਼ੀ ਵਿੱਚ ਨੱਚ ਉਠੇ । ਗੁਰੂ ਮਹਾਰਾਜ ਜੀ ਅਤੇ ਸਿੱਖ ਸੰਗਤ ਇਹ ਨਜ਼ਾਰਾ ਵੇਖ ਕੇ ਹੱਸਣ ਲੱਗ ਪਏ । ਫੇਰ ਜਦ ਗੁਰੂ ਮਹਾਰਾਜ ਜੀ ਦੀ ਕਿਰਪਾ ਦ੍ਰਿਸ਼ਟੀ ਹੋਈ ਤਾਂ ਭਾਈ ਮਰਦਾਨੇ ਨੂੰ ਸੋਝੀ ਆਈ। ਫੇਰ ਜਦ ਸ਼ਰਮਿੰਦਾ ਹੋ ਕੇ ਮਾਇਆ ਨੂੰ ਥੱਲੇ ਸਿੱਟਣ ਲੱਗਾ ਤਾਂ ਆਪ ਡਿੱਗ ਪਿਆ ।
ਮਾਇਆ ਮਰਦਾਨੇ ਦੀ ਛਾਤੀ ਉਤੇ ਬੈਠ ਕੇ ਲੱਗੀ ਉਸ ਨੂੰ ਕੋਹਣ।ਭਾਈ
ਮਰਦਾਨਾ ਚੀਕਾਂ ਮਾਰਨ ਲੱਗ ਪਿਆ ਅਤੇ ਗੁਰੂ ਜੀ ਨੂੰ ਵਾਸਤਾ ਪਾਇਆ ਤਾਂ ਗੁਰੂ ਮਹਾਰਾਜ ਜੀ ਨੇ ਆਪਣਾ ਸੋਟਾ ਚੁੱਕਿਆ ਤਾਂ ਮਾਇਆ ਦੌੜ ਕੇ ਦੂਰ ਜਾ ਖੜੀ ਹੋਈ । ਮਰਦਾਨੇ ਨੂੰ ਭਾਈ ਬਾਲਾ ਉਠਾ ਕੇ ਲੈ ਆਇਆ ।
ਗੁਰੂ ਮਹਾਰਾਜ ਜੀ ਨੇ ਸਾਰੀ ਸੰਗਤ ਨੂੰ ਉਪਦੇਸ਼ ਬਖਸ਼ਿਸ਼ ਕੀਤਾ, ਜੇ ਕੋਈ ਇਸ ਮਾਇਆ ਉਤੇ ਮੋਹਿਤ ਹੁੰਦਾ ਹੈ ਤਾਂ ਏਹੋ ਹਾਲ ਮਾਇਆ ਉਸ ਦਾ ਕਰਦੀ ਹੈ । ਇਸ ਨੂੰ ਫੜਨ ਵਾਲੇ ਆਪ ਫੜੇ ਜਾਂਦੇ ਹਨ ਇਸ ਨੂੰ ਭੋਗਣ ਵਾਲੇ ਆਪ ਭੋਗੇ ਜਾਂਦੇ ਹਨ। ਇਹ ਸਦਾ ਮੁਟਿਆਰ ਰਹਿੰਦੀ ਹੈ । ਪ੍ਰਾਣੀਆਂ ਦੀ ਉਮਰ ਹੀ ਇਸ ਦਾ ਭੋਜਨ ਹੈ । ਜੋ ਕੋਈ ਇਸ ਨੂੰ ਦੁਖਦਾਈ ਸਮਝ ਕੇ ਹੰਕਾਰ ਛੱਡ ਕੇ ਸਤਿਗੁਰੂ ਦੀ ਸ਼ਰਨ ਵਿੱਚ ਆਉਂਦਾ ਹੈ ਅਤੇ ਬਚਨ ਮੰਨਦਾ ਹੈ ਤਾਂ ਉਸ ਨੂੰ੮ ਸਤਿਗੁਰੂ ਮਾਇਆ ਤੋਂ ਛੁਡਾ ਕੇ ਪਰਮਪਦ ਬਖਸ਼ ਦੇ ਹਨ।।
ੴ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ੴ ਭੁੱਲ ਚੁੱਕ ਮੁਆਫ ਕਰਨਾ ਸੰਗਤ ਜੀ ਸ਼ੇਅਰ ਕਰਿਉ ਤਾਂ ਜੌ ਹੌਰ ਸੰਗਤ ਪੜ ਸਕੇ
HRਮਨ 🙏