ਜਾਲਮ ਜਦ ਇੱਟਾਂ ਦੇ ਉੱਤੇ ਗਾਰਾ ਲਾਉਂਦੇ ਸੀ,
ਕੰਧ ਨੇ ਰੋ ਰੋ ਦੱਸਿਆ ਬੱਚੇ ਮੁਸਕਰਾਉਂਦੇ ਸੀ।
ਪਾਪੀ ਦੇਵਣ ਧਮਕੀ ਨਾ ਭੋਰਾ ਘਬਰਾਵਣ ਓਹ,
ਕਰਕੇ ਯਾਦ ਪਿਤਾ ਜੀ ਨੂੰ ਜੈਕਾਰੇ ਲਾਵਣ ਓਹ,
ਸੁੱਚੇ ਨੰਦ ਜਹੇ ਝੂਠ ਬੋਲ ਕੇ ਜਦੋਂ ਡਰਾਉਂਦੇ ਸੀ,
ਕੰਧ ਨੇ ਰੋ ਰੋ ਦੱਸਿਆ ਬੱਚੇ ਮੁਸਕਰਾਉਂਦੇ ਸੀ।
ਧਰਮ ਕਰਮ ਭੁੱਲ ਕੇ ਤੇ ਹਾਕਮ ਹੱਥੀਂ ਪੈਣ ਲਗੇ,
ਪਿਤਾ ਦਾ ਬਦਲਾ ਪੁੱਤਾਂ ਪਾਸੋਂ ਲੈਲੋ ਕਹਿਣ ਲਗੇ,
ਨੀਹਾਂ ਵਿੱਚ ਚਿਣ ਦੇਵੋ ਜਦ ਫਤਵਾ ਸੁਣਾਉਂਦੇ ਸੀ,
ਕੰਧ ਨੇ ਰੋ ਰੋ ਦੱਸਿਆ ਬੱਚੇ ਮੁਸਕਰਾਉਂਦੇ ਸੀ।
ਆਖਿਰ ਬੱਚਿਆਂ ਦਾਦੀ ਪਾਸੋਂ ਮੰਗੀ ਵਿਦਾਈ ਏ,
ਤੁਰਨ ਲੱਗੇ ਸੀ ਦਾਦੀ ਤਾਈਂ ਫਤਹਿ ਬੁਲਾਈ ਏ,
ਦਾਦੀ ਜਦ ਦੋਹਾਂ ਨੂੰ ਘੁੱਟ ਕੇ ਗਲ ਨਾਲ ਲਾਉਂਦੇ ਸੀ,
ਕੰਧ ਨੇ ਰੋ ਰੋ ਦੱਸਿਆ ਬੱਚੇ ਮੁਸਕਰਾਉਂਦੇ ਸੀ।
ਰਣਜੀਤ ਓ ਘੜੀ ਅਭਾਗੀ ਦੀ ਹੋਈ ਤਿਆਰੀ ਏ,
ਦੁਆਲੇ ਨਿੱਕੀਆਂ ਜਿੰਦਾਂ ਦੇ ਗਈ ਕੰਧ ਉਸਾਰੀ ਏ,
ਜਾਲਮ ਜਦ ਇੱਟਾਂ ਦੇ ਉੱਤੇ ਗਾਰਾ ਲਾਉਂਦੇ ਸੀ,
ਕੰਧ ਨੇ ਰੋ ਰੋ ਦੱਸਿਆ ਬੱਚੇ ਮੁਸਕਰਾਉਂਦੇ ਸੀ।