ਮੰਘਿਰਿ ਮਾਹਿ ਸੋਹੰਦੀਆ ਹਰਿ ਪਿਰ ਸੰਗਿ ਬੈਠੜੀਆਹ॥ ਤਿਨ ਕੀ ਸੋਭਾ ਕਿਆ ਗਣੀ ਜਿ ਸਾਹਿਬਿ ਮੇਲੜੀਆਹ॥
ਤਨੁ ਮਨੁ ਮਉਲਿਆ ਰਾਮ ਸਿਉ ਸੰਗਿ ਸਾਧ ਸਹੇਲੜੀਆਹ॥ ਸਾਧ ਜਨਾ ਤੇ ਬਾਹਰੀ ਸੇ ਰਹਨਿ ਇਕੇਲੜੀਆਹ॥
ਤਿਨ ਦੁਖੁ ਨ ਕਬਹੂ ਉਤਰੈ ਸੇ ਜਮ ਕੈ ਵਸਿ ਪੜੀਆਹ॥ ਜਿਨੀ ਰਾਵਿਆ ਪ੍ਰਭੁ ਆਪਣਾ ਸੇ ਦਿਸਨਿ ਨਿਤ ਖੜੀਆਹ॥
ਰਤਨ ਜਵੇਹਰ ਲਾਲ ਹਰਿ ਕੰਠਿ ਤਿਨਾ ਜੜੀਆਹ॥ ਨਾਨਕ ਬਾਂਛੈ ਧੂੜਿ ਤਿਨ ਪ੍ਰਭ ਸਰਣੀ ਦਰਿ ਪੜੀਆਹ॥
ਮੰਘਿਰਿ ਪ੍ਰਭੁ ਆਰਾਧਣਾ ਬਹੁੜਿ ਨ ਜਨਮੜੀਆਹ॥੧੦॥ (ਮਾਝ ਬਾਰਹਮਾਹਾ , ਮ:੫/੧੩੫)
ਅਰਥ: ਜਿਨ੍ਹਾਂ ਜੀਵ ਇਸਤ੍ਰੀਆਂ ਨੇ ਪਿਛਲੇ ਮਹੀਨੇ ‘‘ਕਤਿਕ ਹੋਵੈ ਸਾਧਸੰਗੁ, ਬਿਨਸਹਿ ਸਭੇ ਸੋਚ॥’’ ਭਾਵ ਕੱਤਕ ਦੇ ਮਹੀਨੇ ’ਚ ਸਉਣੀ ਦੀ ਦੁਨਿਆਵੀ ਫਸਲ ਦੇ ਨਾਲ-2 ਗੁਰੂ ਦੀ ਸੰਗਤ ਕੀਤੀ ਉਨ੍ਹਾਂ ਦੇ ਸਾਰੇ ਆਰਥਿਕ ਤੇ ਅਧਿਆਤਮਕ ਨੁਕਸਾਨ ਹੋਣ ਵਾਲੇ ਫ਼ਿਕਰ ਕੱਟੇ ਗਏ ਸਨ । ਉਹ ਮੱਘਰ ਦੇ ਮਹੀਨੇ ’ਚ ਵੀ ਪਤੀ ਦੀ ਗੋਦ ਦਾ ਨਿਘ ਮਾਣਦੀਆਂ ਤੇ ਅੰਦਰੂਨੀ ਗੁਣਾਂ ਕਾਰਨ ਸੁੰਦਰ ਲੱਗਦੀਆਂ ਹਨ। ਉਨ੍ਹਾਂ ਨੂੰ ਮਾਲਕ ਨੇ ਆਪ ਕਿਰਪਾ ਕਰਕੇ ਆਪਣੇ ਚਰਨਾਂ ’ਚ ਜੋੜਿਆ ਹੁੰਦਾ ਹੈ ਇਸ ਲਈ ਉਨ੍ਹਾਂ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ। ਗੁਰੂ ਦੀ ਸੰਗਤਿ ’ਚ ਹੋਰ ਸਤਿਸੰਗੀਆਂ ਨਾਲ ਮਿਲ ਕੇ ਉਨ੍ਹਾਂ ਦਾ ਮਨ-ਤਨ ਖਿੜਿਆ ਰਹਿੰਦਾ ਹੈ ਪਰ ਜੋ ਕੱਤਕ ਤੋਂ ਉਪਰੰਤ ਮੱਘਰ ’ਚ ਵੀ ਸਤਿਸੰਗੀਆਂ ਤੋਂ ਵਿਛੁੜੀਆਂ ਰਹਿੰਦੀਆਂ ਹਨ ਉਹ ਹਮੇਸਾਂ ਆਪਣੇ ਆਪ ਨੂੰ ਇਕੱਲਾ ਹੀ ਮਹਿਸੂਸ ਕਰਦੀਆਂ ਹਨ, ਪਤੀ ਦਾ ਸਾਥ ਨਹੀਂ ਮਾਣ ਸਕਦੀਆਂ। ਅਧਿਆਤਮਕ ਮੌਤ ਕਾਰਨ ਉਨ੍ਹਾਂ ਦਾ ਹਿਰਦਾ ਪ੍ਰਫੁਲਤ ਨਹੀਂ ਹੁੰਦਾ ਜਦਕਿ ਪਤੀ ਨੂੰ ਯਾਦ ਕਰਨ ਵਾਲੀਆਂ ਦਾ ਹਿਰਦਾ ਸਦਾ ਪ੍ਰਫੁਲਤ, ਖਿੜਿਆ ਰਹਿੰਦਾ ਹੈ। ਮਾਨੋ ਕੀਮਤੀ ਗੁਣ ਉਨ੍ਹਾਂ ਦੇ ਹਿਰਦੇ (ਕੰਠ) ਵਿੱਚ ਜੜੇ ਹੋਏ ਹਨ, ਸੁਆਸ-ਸੁਆਸ ਜਪਦੀਆਂ ਹਨ। ਹੇ ਨਾਨਕ ! ਆਖ ਕਿ ਮੈਂ ਵੀ ਉਨ੍ਹਾਂ ਦੀ ਚਰਨ ਧੂੜ ਮੰਗਦਾ ਹਾਂ, ਬੇਨਤੀ ਸੁਣਦਾ ਹਾਂ ਕਿਉਂਕਿ ਉਹ ਸਦਾ ਮਾਲਕ ਦੇ ਦਰ ’ਤੇ ਖੜੀਆਂ ਰਹਿੰਦੀਆਂ ਹਨ ਭਾਵ ਰੱਬ ਬਾਰੇ ਗੱਲ ਕਰਦੀਆਂ ਹਨ। ਜੋ ਇਸ ਤਰ੍ਹਾਂ ਮੱਘਰ ਮਹੀਨੇ ’ਚ ਵੀ ਮਾਲਕ ਨੂੰ ਸਦਾ ਯਾਦ ਰੱਖਦੀਆਂ ਹਨ ਉਹ ਵਾਰ-ਵਾਰ ਜੰਮਦੀਆਂ-ਮਰਦੀਆਂ ਨਹੀਂ, ਦੁਖ ਨਹੀਂ ਭੋਗਦੀਆਂ।
ਇਹ ਸ਼ਬਦ ਅਤੇ ਕੱਤਕ ਮਹੀਨੇ ਦੇ ਅਖ਼ੀਰਲੇ ਸ਼ਬਦਿਕ ਭਾਵ ਨੂੰ ਮਿਲਾ ਕੇ ਅਰਥ ਕਰਨ ਨਾਲ ਮੱਘਰ ਮਹੀਨੇ ਦੇ ਭਾਵ ਅਰਥ ਸਪਸ਼ਟ ਹੁੰਦੇ ਹਨ। ਜਿਸ ਰਾਹੀਂ ਗੁਰੂ ਜੀ; ਗੁਰੂ ਦਾ ਸਾਥ, ਸਤਸੰਗੀਆਂ ਦਾ ਸਹਿਯੋਗ ਅਤੇ ਰੱਬੀ ਮਿਲਾਪ ਦੀ ਅਵਸਥਾ ’ਚ ਅੰਦਰੂਨੀ ਆਤਮਿਕ ਖੇੜਾ ਭਾਵ ‘‘ਦਿਸਨਿ ਨਿਤ ਖੜੀਆਹ’’ ਅਤੇ ਉਕਤ ਭਾਵਨਾ ਤੋਂ ਬਿਪ੍ਰੀਤ ਜੀਵਨ ਕਾਰਨ ‘‘ਸੇ ਰਹਨਿ ਇਕੇਲੜੀਆਹ॥’’ ਨੂੰ ਬਿਆਨ ਕਰ ਰਹੇ ਹਨ।
ਅੰਦਰੂਨੀ ਗੁਣਾਂ ਭਰਪੂਰ ਜੀਵਨ ਹਮੇਸ਼ਾਂ ਰੱਬੀ ਆਸਰੇ ’ਤੇ ਰਹਿੰਦਾ ਹੈ ਜਦਕਿ ਅੰਦਰੂਨੀ ਔਗੁਣਾਂ ਕਾਰਨ ਜੀਵਨ ਦੁਖੀ ਰਹਿਣ ਕਰਕੇ ਆਪਣੇ ਆਪ ਤੋਂ ਹੀ ਦੁਖੀ ਰਹਿੰਦਾ ਹੈ ਭਾਵ ਤਸੱਲੀ ਨਹੀਂ ਬੱਝਦੀ, ਭਰੋਸਾ ਨਹੀਂ ਪੈਦਾ ਹੁੰਦਾ, ਸੰਤੋਖ ਨਹੀਂ ਆ ਸਕਦਾ। ਅਜਿਹਾ ਜੀਵਨ ਆਪਣੇ ਆਪ ਨੂੰ ਇਕੱਲਾ ਹੀ ਮਹਿਸੂਸ ਕਰਦਾ ਹੈ ਕਿਉਂਕਿ ਵਿਸਵਾਸ ਕਿਸੇ ’ਤੇ ਨਹੀਂ, ਇਸ ਲਈ ਸਹਿਯੋਗ ਵੀ ਕਿਸੇ ਦਾ ਨਹੀਂ ਮਿਲ ਸਕਦਾ। ਮੰਗਾਂ ਅਧਿਕ ਹੋ ਜਾਂਦੀਆਂ ਹਨ, ਜਿਨ੍ਹਾਂ ਨੂੰ ਪੂਰਨ ਕਰਨਾ ਅਸੰਭਵ ਹੈ ਤੇ ਬੰਦਾ ਆਪਣੇ ਆਪ ਨੂੰ ਇਕੱਲਾ ਪਾਉਂਦਾ ਹੈ। ਦੂਸਰੀ ਤਰਫ਼ ਰੱਬੀ ਭਰੋਸੇ ਵਾਲੀ ਜਿੰਦਗੀ ਦੀਆਂ ਮੰਗਾਂ ਸੀਮਤ ਹੁੰਦੀਆਂ ਹਨ, ਸੰਤੋਖੀ ਹੁੰਦਾ ਹੈ ਤੇ ਪਰਉਪਕਾਰ ਰਾਹੀਂ ਵੀ ਦੁਖੀ ਲੋਕਾਂ ਦਾ ਸਹਾਰਾ ਬਣਦੀ ਹੈ। ਇੱਕ ਜੀਵਨ ਉਹ ਹੈ ਜੋ ਆਪਣੇ ਆਪ ’ਚ ਇਕੱਲਾ ਵਿਚਰਦਾ ਹੈ ਅਤੇ ਦੂਸਰਾ ਪਰਉਪਕਾਰ ਕਰਦਾ ਸਮਾਜ ਨੂੰ ਰੱਬੀ ਪਰਿਵਾਰ ਦਾ ਹਿੱਸਾ ਮੰਨਦਾ ਹੈ ਅਤੇ ਸੰਗਤ ਰਾਹੀਂ ਗੁਣਾਂ ਦੀ ਸਾਂਝ ਕਰਦਾ ਹੈ ‘‘ਸਾਝ ਕਰੀਜੈ ਗੁਣਹ ਕੇਰੀ, ਛੋਡਿ ਅਵਗਣ ਚਲੀਐ॥’’ (ਮ:੧,੭੬੬) ਪਰ ਦੂਸਰਾ ਜੀਵਨ ‘‘ਜਉ ਦੇਖੈ ਛਿਦ੍ਰੁ, ਤਉ ਨਿੰਦਕੁ ਉਮਾਹੈ, ਭਲੋ ਦੇਖਿ ਦੁਖ ਭਰੀਐ॥ (ਮ:੫,੮੨੩) ਭਾਵ ਕਿਸੇ ਦੀਆਂ ਕਮਜ਼ੋਰੀਆਂ ਵੇਖ ਕੇ ਨਿੰਦਕ ਖੁਸ ਹੁੰਦਾ ਹੈ ਅਜਿਹੇ ਮਨੁੱਖ ‘‘ਤਿਨ ਦੁਖੁ ਨ ਕਬਹੂ ਉਤਰੈ॥’’ ਅਨੁਸਾਰ ਦੁਖੀ ਰਹਿੰਦੇ ਹਨ।
ਸੋ, ਪ੍ਰਭੂ ਮਿਲਾਪ ਅਤੇ ਵਿਛੋੜੇ ਵਾਲੇ ਜੀਵਨ ਦਾ ਹੀ ਮੱਘਰ ਮਹੀਨੇ ’ਚ ਵਰਨਣ ਕੀਤਾ ਗਿਆ ਹੈ ਜਿਸ ਬਾਰੇ ਗੁਰੂ ਜੀ ਇਉਂ ਫ਼ੁਰਮਾ ਰਹੇ ਹਨ ‘‘ਮੰਘਰ ਮਾਹੁ ਭਲਾ, ਹਰਿ ਗੁਣ ਅੰਕਿ ਸਮਾਵਏ॥ ਗੁਣਵੰਤੀ ਗੁਣ ਰਵੈ, ਮੈ ਪਿਰੁ ਨਿਹਚਲੁ ਭਾਵਏ॥ (ਮ:੧/੧੧੦੯) ਗੁਰੂ ਜੀ ਐਸੇ ਬੰਦੇ ਦੀ ਚਰਨ ਧੂੜ ਮੰਗਦੇ ਹਨ ‘‘ਬਾਂਛੈ ਧੂੜਿ ਤਿਨ॥’’
|| ਵਾਹਿਗੁਰੂ ਜੀ ||🙏🌹👍