ਮੈਂ ਅਤੇ ਨਾਨਕ…
ਓਹ ਆਪ ਤਾਂ ਕੁਝ ਵੀ ਨਹੀਂ
ਨਾ ਮੁਸਲਮਾਨ, ਹਿੰਦੂ ਨਾ ਸਿੱਖ
ਮੈਂ ਹੀ ਕੁਝ ਬਣਨਾ ਜਰੂਰੀ ਸਮਝਦਾ ਹਾਂ…
ਮੈਂ ਓਹਦੇ ਬਾਰੇ ਅਪਸ਼ਬਦ ਸੁਣਦਾਂ
ਓਹਦੀ ਪੱਤ ਰੱਖਣ ਲਈ ਹਥਿਆਰ ਚੁੱਕ ਲੈਨਾਂ,
ਓਹਦੀ ਪੱਤ ਮੇਰੀ ਮੁਹਤਾਜ ਨਹੀਂ ਐ…
ਮੈਂ ਓਹਦੀ ਗੱਲ ਕਰਨ ਵਾਲੇ
ਸਾਰਿਆਂ ਨੂੰ ਸੁਣਦਾਂ,
ਬਸ ਓਸੇ ਨੂੰ ਹੀ ਨਹੀਂ ਸੁਣਦਾ…
ਓਹ ਵੇਈਂਆਂ ਵਿੱਚ ਡੁੱਬਦਾ ਹੈ
ਖ਼ਾਨਾਬਦੋਸ਼ ਹੋ ਜਾਂਦਾ ਹੈ,
ਮੈਂ ਉਸਦੀ ਬਾਣੀ ਦਾ ਗੁਟਕਾ ਫ਼ੜਦਾ ਹਾਂ
ਬੂਹਾ ਢੋਅ ਕੇ ਬੈਠ ਜਾਂਦਾ ਹਾਂ…
ਉਸਦੇ ਆਖਿਆਂ ਰੱਬ ਨੂੰ ਇੱਕ ਮੰਨਦਾਂ
ਰੱਬ ਦੇ ਬੰਦਿਆਂ ਨੂੰ ਇੱਕ ਨਹੀਂ ਸਮਝਦਾ
ਉਦਾਸੀਆਂ ਕਰਨ ਵਾਲੇ ਨੂੰ ਮੈਂ ਉਦਾਸ ਕਰ ਦਿੱਤਾ ਹੈ…
ਮੈਂ ਉਸਦਾ ਸਿੱਖ ਹੋਣ ਦੀ ਕੋਸ਼ਿਸ਼ ਕਰਦਾ ਹਾਂ,
ਓਹ ਮੇਰੇ ਨਾਨਕ ਹੋਣ ਦੀ ਉਡੀਕ ਕਰਦਾ ਹੈ…
— ਸੁਖਪਾਲ


Leave a Reply




top