ਸਾਡੀ ਰੂਹ ਰਿਹਾ ਛਿੱਲਦਾ ਅਤੀਤ ਲਿਖਦੇ
ਉਸ ਦੌਰ ਤੇ ਵੀ ਯਾਰਾ ਕੋਈ ਗੀਤ ਲਿਖਦੇ!
ਬੰਦ ਹੋ ਗਿਆ ਪੰਜਾਬ ਆਈ ਫੌਜ ਦੱਸਦੇ
ਕਿਹਨੇ ਲੰਗਰ ਵੰਡਾਏ ਲੱਗੀ ਮੌਜ ਦੱਸਦੇ
ਚੰਦੂ ਗੰਗੂ ਦੀ ਨਿਭਾਈ ਜਿੰਨੇ ਰੀਤ ਲਿਖਦੇ
ਉਸ ਦੌਰ ਤੇ ਵੀ ਯਾਰਾ ਕੋਈ ਗੀਤ ਲਿਖਦੇ!
ਕਾਹਤੋਂ ਖੰਡੇ ਨਾਲ ਭਿੜੀ ਤ੍ਰਿਸੂਲ ਦੱਸਦੇ
ਫਾਂਸੀ ਹੱਸ ਜਿੰਨੇ ਕੀਤੀ ਸੀ ਕਬੂਲ ਦੱਸਦੇ
ਜਿਹਦੀ ਸਿੱਖੀ ਨਾਲ ਨਿਭਗੀ ਪ੍ਰੀਤ ਲਿਖਦੇ
ਉਸ ਦੌਰ ਤੇ ਵੀ ਯਾਰਾ ਕੋਈ ਗੀਤ ਲਿਖਦੇ!
ਨਹਿਰਾਂ ਪੁਲੀਆਂ ਤੇ ਹੋਏ ਸਭ ਕਾਰੇ ਲਿਖ ਤੂੰ
ਲੱਗੇ ਸਾਡੇ ਜੋ ਖਿਲਾਫ਼ ਸਭ ਨਾਹਰੇ ਲਿਖ ਤੂੰ
ਕਿਹਦੀ ਬਦਲੀ ਸੀ ਪੈਸਾ ਦੇਖ ਨੀਤ ਲਿਖਦੇ
ਉਸ ਦੌਰ ਤੇ ਵੀ ਯਾਰਾ ਕੋਈ ਗੀਤ ਲਿਖਦੇ!
ਮੋਏ ਪੁੱਤ ਜੋ ਉਡੀਕਦੀਆਂ ਮਾਂਵਾ ਭੁੱਲੀਂ ਨਾ
ਸਾਡਾ ਲਹੂ ਜਿੱਥੇ ਡੁੱਲ੍ਹਿਆ ਤੂੰ ਰਾਹਾਂ ਭੁੱਲੀਂ ਨਾ
ਦਹਾਕਿਆਂ ਦੀ ਲੰਮੀ ਜਹੀ ਉਡੀਕ ਲਿਖਦੇ
ਉਸ ਦੌਰ ਤੇ ਵੀ ਯਾਰਾ ਕੋਈ ਗੀਤ ਲਿਖਦੇ!
ਲਾਸ਼ਾਂ ਲੱਭਦਾ ਜੋ ਬਣ ਗਿਆ ਲਾਸ਼ ਕੌਣ ਸੀ
ਉਦੋਂ ਦਿੱਲੀ ਦਰਬਾਰ ਦਾ ਵੇ ਖਾਸ ਕੌਣ ਸੀ
ਉਨ੍ਹਾਂ ਡਾਢਿਆਂ ਦਾ ਬਣਿਆ ਜੋ ਮੀਤ ਲਿਖਦੇ
ਉਸ ਦੌਰ ਤੇ ਵੀ ਯਾਰਾ ਕੋਈ ਗੀਤ ਲਿਖਦੇ!


Leave a Reply




top