ਅੰਗ : 616
ਸੋਰਠਿ ਮਹਲਾ ੫ ਪੰਚਪਦਾ ॥ ਬਿਨਸੈ ਮੋਹੁ ਮੇਰਾ ਅਰੁ ਤੇਰਾ ਬਿਨਸੈ ਅਪਨੀ ਧਾਰੀ ॥੧॥ ਸੰਤਹੁ ਇਹਾ ਬਤਾਵਹੁ ਕਾਰੀ ॥ ਜਿਤੁ ਹਉਮੈ ਗਰਬੁ ਨਿਵਾਰੀ ॥੧॥ ਰਹਾਉ ॥ ਸਰਬ ਭੂਤ ਪਾਰਬ੍ਰਹਮੁ ਕਰਿ ਮਾਨਿਆ ਹੋਵਾਂ ਸਗਲ ਰੇਨਾਰੀ ॥੨॥ ਪੇਖਿਓ ਪ੍ਰਭ ਜੀਉ ਅਪੁਨੈ ਸੰਗੇ ਚੂਕੈ ਭੀਤਿ ਭ੍ਰਮਾਰੀ ॥੩॥ ਅਉਖਧੁ ਨਾਮੁ ਨਿਰਮਲ ਜਲੁ ਅੰਮ੍ਰਿਤੁ ਪਾਈਐ ਗੁਰੂ ਦੁਆਰੀ ॥੪॥ ਕਹੁ ਨਾਨਕ ਜਿਸੁ ਮਸਤਕਿ ਲਿਖਿਆ ਤਿਸੁ ਗੁਰ ਮਿਲਿ ਰੋਗ ਬਿਦਾਰੀ ॥੫॥੧੭॥੨੮॥
ਅਰਥ: ਹੇ ਸੰਤ ਜਨੋ! ਮੈਨੂੰ ਕੋਈ) ਇਹੋ ਜਿਹਾ ਇਲਾਜ ਦੱਸੋ, ਜਿਸ ਨਾਲ ਮੈਂ (ਆਪਣਾ ਅੰਦਰੋਂ) ਹਉਮੈ ਅਹੰਕਾਰ ਦੂਰ ਕਰ ਸਕਾਂ,।ਰਹਾਉ।; (ਜਿਸ ਇਲਾਜ ਨਾਲ ਮੇਰੇ ਅੰਦਰੋਂ) ਮੋਹ ਨਾਸ ਹੋ ਜਾਏ, ਮੇਰ-ਤੇਰ ਵਾਲਾ ਵਿਤਕਰਾ ਦੂਰ ਹੋ ਜਾਏ, ਮੇਰੀ ਮਾਇਆ- ਨਾਲ- ਪਕੜ ਖ਼ਤਮ ਹੋ ਜਾਏ।੧।; (ਜਿਸ ਇਲਾਜ ਨਾਲ) ਪਰਮਾਤਮਾ ਸਾਰੇ ਜੀਵਾਂ ਵਿਚ ਵੱਸਦਾ ਮੰਨਿਆ ਜਾ ਸਕੇ, ਤੇ, ਮੈਂ ਸਭਨਾਂ ਦੀ ਚਰਨ-ਧੂੜ ਬਣਿਆ ਰਹਾਂ।੨।;(ਜਿਸ ਇਲਾਜ ਨਾਲ) ਪਰਮਾਤਮਾ ਆਪਣੇ ਅੰਗ-ਸੰਗ ਵੇਖਿਆ ਜਾ ਸਕੇ, ਤੇ, (ਮੇਰੇ ਅੰਦਰੋਂ) ਮਾਇਆ ਦੀ ਖ਼ਾਤਰ ਭਟਕਣਾ ਵਾਲੀ ਕੰਧ ਦੂਰ ਹੋ ਜਾਏ (ਜੋ ਪਰਮਾਤਮਾ ਨਾਲੋਂ ਵਿੱਥ ਪਾ ਰਹੀ ਹੈ) ।੩। (ਹੇ ਭਾਈ!) ਉਹ ਦਵਾਈ ਤਾਂ ਪਰਮਾਤਮਾ ਦਾ ਨਾਮ ਹੀ ਹੈ, ਆਤਮਕ ਜੀਵਨ ਦੇਣ ਵਾਲਾ ਪਵਿਤ੍ਰ ਨਾਮ-ਜਲ ਹੀ ਹੈ। ਇਹ ਨਾਮ ਗੁਰੂ ਦੇ ਦਰ ਤੋਂ ਮਿਲਦਾ ਹੈ।੪।ਹੇ ਨਾਨਕ! ਆਖ-ਜਿਸ ਮਨੁੱਖ ਦੇ ਮੱਥੇ ਉੱਤੇ (ਨਾਮ ਦੀ ਪ੍ਰਾਪਤੀ ਦਾ ਲੇਖ) ਲਿਖਿਆ ਹੋਵੇ, (ਉਸ ਨੂੰ ਗੁਰੂ ਪਾਸੋਂ ਮਿਲਦਾ ਹੈ) , ਗੁਰੂ ਨੂੰ ਮਿਲ ਕੇ ਉਸ ਦੇ ਰੋਗ ਕੱਟੇ ਜਾਂਦੇ ਹਨ।੫।੧੭।੨੮।