ਅੰਗ : 651
ਸਲੋਕੁ ਮਃ ੩ ॥ ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ ਕਾਲਾ ਹੋਆ ਸਿਆਹੁ ॥ ਖੰਨਲੀ ਧੋਤੀ ਉਜਲੀ ਨ ਹੋਵਈ ਜੇ ਸਉ ਧੋਵਣਿ ਪਾਹੁ ॥ ਗੁਰ ਪਰਸਾਦੀ ਜੀਵਤੁ ਮਰੈ ਉਲਟੀ ਹੋਵੈ ਮਤਿ ਬਦਲਾਹੁ ॥ ਨਾਨਕ ਮੈਲੁ ਨ ਲਗਈ ਨਾ ਫਿਰਿ ਜੋਨੀ ਪਾਹੁ ॥੧॥ ਮਃ ੩ ॥ ਚਹੁ ਜੁਗੀ ਕਲਿ ਕਾਲੀ ਕਾਂਢੀ ਇਕ ਉਤਮ ਪਦਵੀ ਇਸੁ ਜੁਗ ਮਾਹਿ ॥ ਗੁਰਮੁਖਿ ਹਰਿ ਕੀਰਤਿ ਫਲੁ ਪਾਈਐ ਜਿਨ ਕਉ ਹਰਿ ਲਿਖਿ ਪਾਹਿ ॥ ਨਾਨਕ ਗੁਰ ਪਰਸਾਦੀ ਅਨਦਿਨੁ ਭਗਤਿ ਹਰਿ ਉਚਰਹਿ ਹਰਿ ਭਗਤੀ ਮਾਹਿ ਸਮਾਹਿ ॥੨॥
ਅਰਥ: ਕਈ ਜਨਮਾਂ ਦੀ ਇਸ ਮਨ ਨੂੰ ਮੈਲ ਲੱਗੀ ਹੋਈ ਹੈ ਜਿਸ ਕਰਕੇ ਇਹ ਬਹੁਤ ਹੀ ਕਾਲਾ ਹੋਇਆ ਪਿਆ ਹੈ (ਚਿੱਟਾ ਨਹੀਂ ਹੋ ਸਕਦਾ), ਜਿਵੇਂ ਤੇਲੀ ਦੀ ਲੀਰ ਧੋਤਿਆਂ ਚਿੱਟੀ ਨਹੀਂ ਹੁੰਦੀ, ਭਾਵੇਂ ਸੌ ਵਾਰੀ ਧੋਣ ਦਾ ਜਤਨ ਕਰੋ। ਜੇ ਗੁਰੂ ਦੀ ਕਿਰਪਾ ਨਾਲ ਮਨ ਜੀਊਂਦਾ ਹੀ ਮਰੇ ਤੇ ਮੱਤ ਬਦਲ ਕੇ (ਮਾਇਆ ਵਲੋਂ) ਉਲਟ ਹੋ ਜਾਏ, ਤਾਂ ਹੇ ਨਾਨਕ! ਚਹੁੰ ਜੁਗਾਂ ਵਿਚ ਕਲਜੁਗ ਹੀ ਕਾਲਾ ਆਖੀਦਾ ਹੈ, ਪਰ ਇਸ ਜੁਗ ਵਿਚ ਭੀ ਇਕ ਉੱਤਮ ਪਦਵੀ (ਮਿਲ ਸਕਦੀ) ਹੈ। (ਉਹ ਪਦਵੀ ਇਹ ਹੈ ਕਿ) ਜਿਨ੍ਹਾਂ ਦੇ ਹਿਰਦੇ ਵਿਚ ਹਰੀ (ਭਗਤੀ-ਰੂਪ ਲੇਖ ਪਿਛਲੀ ਕੀਤੀ ਕਮਾਈ ਅਨੁਸਾਰ) ਲਿਖ ਦੇਂਦਾ ਹੈ ਉਹ ਗੁਰਮੁਖ ਹਰੀ ਦੀ ਸਿਫ਼ਤ (-ਰੂਪ) ਫਲ (ਇਸੇ ਜੁਗ ਵਿਚ) ਪ੍ਰਾਪਤ ਕਰਦੇ ਹਨ, ਤੇ ਹੇ ਨਾਨਕ! ਉਹ ਮਨੁੱਖ ਗੁਰੂ ਦੀ ਕਿਰਪਾ ਨਾਲ ਹਰ ਰੋਜ਼ ਹਰੀ ਦੀ ਭਗਤੀ ਕਰਦੇ ਹਨ ਤੇ ਭਗਤੀ ਵਿਚ ਹੀ ਲੀਨ ਹੋ ਜਾਂਦੇ ਹਨ ॥੨॥