ਅੰਗ : 817
ਰਾਗੁ ਬਿਲਾਵਲੁ ਮਹਲਾ ੫ ਦੁਪਦੇ ਘਰੁ ੫
ੴ ਸਤਿਗੁਰ ਪ੍ਰਸਾਦਿ ॥
ਅਵਰਿ ਉਪਾਵ ਸਭਿ ਤਿਆਗਿਆ ਦਾਰੂ ਨਾਮੁ ਲਇਆ ॥ ਤਾਪ ਪਾਪ ਸਭਿ ਮਿਟੇ ਰੋਗ ਸੀਤਲ ਮਨੁ ਭਇਆ ॥੧॥ ਗੁਰੁ ਪੂਰਾ ਆਰਾਧਿਆ ਸਗਲਾ ਦੁਖੁ ਗਇਆ ॥ ਰਾਖਨਹਾਰੈ ਰਾਖਿਆ ਅਪਨੀ ਕਰਿ ਮਇਆ ॥੧॥ ਰਹਾਉ ॥ ਬਾਹ ਪਕੜਿ ਪ੍ਰਭਿ ਕਾਢਿਆ ਕੀਨਾ ਅਪਨਇਆ ॥ ਸਿਮਰਿ ਸਿਮਰਿ ਮਨ ਤਨ ਸੁਖੀ ਨਾਨਕ ਨਿਰਭਇਆ ॥੨॥੧॥੬੫॥
ਅਰਥ: ਰਾਗੁ ਬਿਲਾਵਲੁ ਮਹਲਾ ੫ ਦੁਪਦੇ ਘਰੁ ੫
ੴ ਸਤਿਗੁਰ ਪ੍ਰਸਾਦਿ ॥
(ਹੇ ਭਾਈ! ਜਿਸ ਮਨੁੱਖ ਨੇ ਸਿਰਫ਼ ਗੁਰੂ ਦਾ ਪੱਲਾ ਫੜਿਆ ਹੈ, ਹੋਰ ਸਾਰੇ ਹੀਲੇ ਛੱਡ ਦਿੱਤੇ ਹਨ ਅਤੇ ਪਰਮਾਤਮਾ ਦਾ ਨਾਮ (ਹੀ) ਦਵਾਈ ਵਰਤੀ ਹੈ, ਉਸ ਦੇ ਸਾਰੇ ਦੁੱਖ-ਕਲੇਸ਼, ਸਾਰੇ ਪਾਪ, ਸਾਰੇ ਰੋਗ ਮਿਟ ਗਏ ਹਨ; ਉਸ ਦਾ ਮਨ (ਵਿਕਾਰਾਂ ਦੀ ਤਪਸ਼ ਤੋਂ ਬਚ ਕੇ) ਠੰਢਾ-ਠਾਰ ਹੋਇਆ ਹੈ ।੧। ਹੇ ਭਾਈ! ਜੇਹੜਾ ਮਨੁੱਖ ਪੂਰੇ ਗੁਰੂ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ, ਉਸ ਦਾ ਸਾਰਾ ਦੁੱਖ-ਕਲੇਸ਼ ਦੂਰ ਹੋ ਜਾਂਦਾ ਹੈ, (ਕਿਉਂਕਿ) ਰੱਖਿਆ ਕਰਨ ਦੇ ਸਮਰੱਥ ਪਰਮਾਤਮਾ ਨੇ (ਉਸ ਉਤੇ) ਕਿਰਪਾ ਕਰ ਕੇ (ਦੁੱਖਾਂ ਕਲੇਸ਼ਾਂ ਤੋਂ ਸਦਾ) ਉਸ ਦੀ ਰੱਖਿਆ ਕੀਤੀ ਹੈ ।੧।ਰਹਾਉ। (ਹੇ ਭਾਈ! ਜਿਸ ਮਨੁੱਖ ਨੇ ਗੁਰੂ ਨੂੰ ਆਪਣੇ ਹਿਰਦੇ ਵਿਚ ਵਸਾਇਆ ਹੈ) ਪ੍ਰਭੂ ਨੇ (ਉਸ ਦੀ) ਬਾਂਹ ਫੜ ਕੇ ਉਸ ਨੂੰ ਆਪਣਾ ਬਣਾ ਲਿਆ ਹੈ । ਹੇ ਨਾਨਕ! ਪ੍ਰਭੂ ਦਾ ਨਾਮ ਸਿਮਰ ਸਿਮਰ ਕੇ ਉਸ ਦਾ ਮਨ ਉਸ ਦਾ ਹਿਰਦਾ ਆਨੰਦ-ਭਰਪੂਰ ਹੋ ਗਿਆ ਹੈ, ਅਤੇ ਉਸ ਨੂੰ (ਤਾਪ ਪਾਪ ਰੋਗ ਆਦਿਕਾਂ ਦਾ) ਕੋਈ ਡਰ ਨਹੀਂ ਰਹਿ ਜਾਂਦਾ ।੨।੧।੬੫।