ਅਮ੍ਰਿਤ ਵੇਲੇ ਦਾ ਹੁਕਮਨਾਮਾ – 2 ਫਰਵਰੀ 2024

ਅੰਗ : 949

ਸਲੋਕੁ ਮਃ ੩ ॥ ਰੈਣਾਇਰ ਮਾਹਿ ਅਨੰਤੁ ਹੈ ਕੂੜੀ ਆਵੈ ਜਾਇ ॥ ਭਾਣੈ ਚਲੈ ਆਪਣੈ ਬਹੁਤੀ ਲਹੈ ਸਜਾਇ ॥ ਰੈਣਾਇਰ ਮਹਿ ਸਭੁ ਕਿਛੁ ਹੈ ਕਰਮੀ ਪਲੈ ਪਾਇ ॥ ਨਾਨਕ ਨਉ ਨਿਧਿ ਪਾਈਐ ਜੇ ਚਲੈ ਤਿਸੈ ਰਜਾਇ ॥੧॥ ਮਃ ੩ ॥ ਸਹਜੇ ਸਤਿਗੁਰੁ ਨ ਸੇਵਿਓ ਵਿਚਿ ਹਉਮੈ ਜਨਮਿ ਬਿਨਾਸੁ ॥ ਰਸਨਾ ਹਰਿ ਰਸੁ ਨ ਚਖਿਓ ਕਮਲੁ ਨ ਹੋਇਓ ਪਰਗਾਸੁ ॥ ਬਿਖੁ ਖਾਧੀ ਮਨਮੁਖੁ ਮੁਆ ਮਾਇਆ ਮੋਹਿ ਵਿਣਾਸੁ ॥ ਇਕਸੁ ਹਰਿ ਕੇ ਨਾਮ ਵਿਣੁ ਧ੍ਰਿਗੁ ਜੀਵਣੁ ਧ੍ਰਿਗੁ ਵਾਸੁ ॥ ਜਾ ਆਪੇ ਨਦਰਿ ਕਰੇ ਪ੍ਰਭੁ ਸਚਾ ਤਾ ਹੋਵੈ ਦਾਸਨਿ ਦਾਸੁ ॥ ਤਾ ਅਨਦਿਨੁ ਸੇਵਾ ਕਰੇ ਸਤਿਗੁਰੂ ਕੀ ਕਬਹਿ ਨ ਛੋਡੈ ਪਾਸੁ ॥ ਜਿਉ ਜਲ ਮਹਿ ਕਮਲੁ ਅਲਿਪਤੋ ਵਰਤੈ ਤਿਉ ਵਿਚੇ ਗਿਰਹ ਉਦਾਸੁ ॥ ਜਨ ਨਾਨਕ ਕਰੇ ਕਰਾਇਆ ਸਭੁ ਕੋ ਜਿਉ ਭਾਵੈ ਤਿਵ ਹਰਿ ਗੁਣਤਾਸੁ ॥੨॥ ਪਉੜੀ ॥ ਛਤੀਹ ਜੁਗ ਗੁਬਾਰੁ ਸਾ ਆਪੇ ਗਣਤ ਕੀਨੀ ॥ ਆਪੇ ਸ੍ਰਿਸਟਿ ਸਭ ਸਾਜੀਅਨੁ ਆਪਿ ਮਤਿ ਦੀਨੀ ॥ ਸਿਮ੍ਰਿਤਿ ਸਾਸਤ ਸਾਜਿਅਨੁ ਪਾਪ ਪੁੰਨ ਗਣਤ ਗਣੀਨੀ ॥ ਜਿਸੁ ਬੁਝਾਏ ਸੋ ਬੁਝਸੀ ਸਚੈ ਸਬਦਿ ਪਤੀਨੀ ॥ ਸਭੁ ਆਪੇ ਆਪਿ ਵਰਤਦਾ ਆਪੇ ਬਖਸਿ ਮਿਲਾਈ ॥੭॥

ਅਰਥ: (ਇਸ ਸੰਸਾਰ-) ਸਮੁੰਦਰ ਵਿਚ ਬੇਅੰਤ ਪ੍ਰਭੂ ਆਪ ਵੱਸ ਰਿਹਾ ਹੈ, ਪਰ (ਉਸ ‘ਅਨੰਤ’ ਨੂੰ ਛੱਡ ਕੇ) ਨਾਸਵੰਤ ਪਦਾਰਥਾਂ ਵਿਚ ਲੱਗੀ ਹੋਈ ਜਿੰਦ ਜੰਮਦੀ ਮਰਦੀ ਰਹਿੰਦੀ ਹੈ। ਜੋ ਮਨੁੱਖ ਆਪਣੀ ਮਰਜ਼ੀ ਅਨੁਸਾਰ ਤੁਰਦਾ ਹੈ ਉਸ ਨੂੰ ਬਹੁਤ ਦੁੱਖ ਪ੍ਰਾਪਤ ਹੁੰਦਾ ਹੈ (ਕਿਉਂਕਿ ਉਹ “ਅਨੰਤ” ਨੂੰ ਛੱਡ ਕੇ ਨਾਸਵੰਤ ਪਦਾਰਥਾਂ ਪਿੱਛੇ ਦੌੜਦਾ ਹੈ) ; ਸਭ ਕੁਝ ਇਸ ਸਾਗਰ ਵਿਚ ਮੌਜੂਦ ਹੈ, ਪਰ ਪ੍ਰਭੂ ਦੀ ਮਿਹਰ ਨਾਲ ਮਿਲਦਾ ਹੈ। ਹੇ ਨਾਨਕ! ਮਨੁੱਖ ਨੂੰ ਸਾਰੇ ਹੀ ਨੌ ਖ਼ਜ਼ਾਨੇ ਮਿਲ ਜਾਂਦੇ ਹਨ ਜੇ ਮਨੁੱਖ (ਇਸ ਸਾਗਰ ਵਿਚ ਵਿਆਪਕ ਪ੍ਰਭੂ ਦੀ) ਰਜ਼ਾ ਵਿਚ ਤੁਰੇ।1। ਜੋ ਮਨੁੱਖ ਸਿਦਕ ਸਰਧਾ ਨਾਲ ਸਤਿਗੁਰੁ ਦੇ ਹੁਕਮ ਵਿਚ ਨਹੀਂ ਤੁਰਿਆ, ਉਹ ਹਉਮੈ ਵਿਚ (ਰਹਿ ਕੇ) (ਜਗਤ ਵਿਚ) ਜਨਮ ਲੈ ਕੇ (ਜੀਵਨ) ਅਜਾਂਈ ਗਵਾ ਗਿਆ; ਜਿਸ ਨੇ ਜੀਭ ਨਾਲ ਪ੍ਰਭੂ ਦੇ ਨਾਮ ਦਾ ਆਨੰਦ ਨਹੀਂ ਲਿਆ ਉਸ ਦਾ ਹਿਰਦਾ-ਰੂਪ ਕਉਲ ਫੁੱਲ ਨਹੀਂ ਖਿੜਿਆ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਵਿਕਾਰਾਂ ਦੀ) ਵਿਹੁ ਖਾਂਦਾ ਰਿਹਾ, (ਅਸਲ ਜੀਵਨ ਵੱਲੋਂ) ਮੋਇਆ ਹੀ ਰਿਹਾ ਤੇ ਮਾਇਆ ਦੇ ਮੋਹ ਵਿਚ ਉਸ ਦੀ ਜ਼ਿੰਦਗੀ ਤਬਾਹ ਹੋ ਗਈ। ਇਕ ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ (ਜਗਤ ਵਿਚ) ਜੀਊਣਾ ਵੱਸਣਾ ਫਿਟਕਾਰ-ਜੋਗ ਹੈ। ਜਦੋਂ ਸੱਚਾ ਪ੍ਰਭੂ ਆਪ ਹੀ ਮੇਹਰ ਦੀ ਨਜ਼ਰ ਕਰਦਾ ਹੈ ਤਾਂ ਮਨੁੱਖ (ਪ੍ਰਭੂ ਦੇ) ਸੇਵਕਾਂ ਦਾ ਸੇਵਕ ਬਣ ਜਾਂਦਾ ਹੈ, ਨਿੱਤ ਸਤਿਗੁਰੂ ਦੇ ਹੁਕਮ ਵਿਚ ਤੁਰਦਾ ਹੈ, ਕਦੇ ਗੁਰੂ ਦਾ ਪੱਲਾ ਨਹੀਂ ਛੱਡਦਾ, (ਫਿਰ) ਉਹ ਗ੍ਰਿਹਸਤ ਵਿਚ ਰਹਿੰਦਾ ਹੋਇਆ ਭੀ ਇਉਂ ਉਪਰਾਮ ਜਿਹਾ ਰਹਿੰਦਾ ਹੈ ਜਿਵੇਂ ਪਾਣੀ ਵਿਚ (ਉੱਗਾ ਹੋਇਆ) ਕਉਲ-ਫੁੱਲ (ਪਾਣੀ ਦੇ ਅਸਰ ਤੋਂ) ਬਚਿਆ ਰਹਿੰਦਾ ਹੈ। ਹੇ ਦਾਸ ਨਾਨਕ! ਜਿਵੇਂ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਨੂੰ ਭਾਉਂਦਾ ਹੈ ਤਿਵੇਂ ਹਰੇਕ ਜੀਵ ਉਸ ਦਾ ਕਰਾਇਆ ਕਰਦਾ ਹੈ।2। (ਪਹਿਲਾਂ ਜਦੋਂ ਪ੍ਰਭੂ ਨਿਰਗੁਣ ਰੂਪ ਵਿਚ ਸੀ ਤਦੋਂ) ਬੇਅੰਤ ਸਮਾ ਹਨੇਰਾ ਸੀ (ਭਾਵ, ਤਦੋਂ ਕੀਹ ਸਰੂਪ ਸੀ = ਇਹ ਗੱਲ ਦੱਸੀ ਨਹੀਂ ਜਾ ਸਕਦੀ) , (ਫਿਰ ਸਰਗੁਣ ਰੂਪ ਰਚ ਕੇ) ਉਸ ਨੇ ਆਪ ਹੀ (ਜਗਤ-ਰਚਨਾ ਦੀ) ਵਿਚਾਰ ਕੀਤੀ; ਉਸ (ਪ੍ਰਭੂ) ਨੇ ਆਪ ਹੀ ਸ੍ਰਿਸ਼ਟੀ ਪੈਦਾ ਕੀਤੀ ਤੇ ਆਪ ਹੀ (ਜੀਵਾਂ ਨੂੰ) ਅਕਲ ਦਿੱਤੀ; (ਇਸ ਤਰ੍ਹਾਂ ਮਨੁੱਖ ਬੁੱਧਵਾਨਾਂ ਦੀ ਰਾਹੀਂ ਉਸ ਨੇ ਆਪ ਹੀ ਸਿਮ੍ਰਿਤੀਆਂ ਤੇ ਸ਼ਾਸਤ੍ਰ (ਆਦਿਕ ਧਰਮ-ਪੁਸਤਕ) ਬਣਾਏ, (ਉਹਨਾਂ ਵਿਚ) ਪਾਪ ਤੇ ਪੁੰਨ ਦਾ ਨਿਖੇੜਾ ਕੀਤਾ (ਭਾਵ, ਦੱਸਿਆ ਕਿ ‘ਪਾਪ’ ਕੀਹ ਹੈ ਤੇ ‘ਪੁੰਨ’ ਕੀਹ ਹੈ) । ਜਿਸ ਮਨੁੱਖ ਨੂੰ (ਇਹ ਸਾਰਾ ਰਾਜ਼) ਸਮਝਾਂਦਾ ਹੈ ਉਹੀ ਸਮਝਦਾ ਹੈ, ਉਸ ਮਨੁੱਖ ਦਾ ਮਨ ਗੁਰੂ ਦੇ ਸੱਚੇ ਸ਼ਬਦ ਵਿਚ ਸਰਧਾ ਧਾਰ ਲੈਂਦਾ ਹੈ। ਹਰੇਕ ਕਾਰਜ ਵਿਚ ਪ੍ਰਭੂ ਆਪ ਹੀ ਆਪ ਮੌਜੂਦ ਹੈ, ਆਪ ਹੀ ਮੇਹਰ ਕਰ ਕੇ (ਜੀਵ ਨੂੰ ਆਪਣੇ ਵਿਚ) ਮਿਲਾਂਦਾ ਹੈ।7।

Share On Whatsapp
Leave a Reply




"2" Comments
Leave Comment
  1. waheguru ji 🙏🌹🙏

  2. Waheguru Ji🙏🌹