ਸੰਧਿਆ ਵੇਲੇ ਦਾ ਹੁਕਮਨਾਮਾ – 6 ਦਸੰਬਰ 2022

ਅੰਗ : 718

ਟੋਡੀ ਬਾਣੀ ਭਗਤਾਂ ਕੀ ੴ ਸਤਿਗੁਰ ਪ੍ਰਸਾਦਿ ॥ ਕੋਈ ਬੋਲੈ ਨਿਰਵਾ ਕੋਈ ਬੋਲੈ ਦੂਰਿ ॥ ਜਲ ਕੀ ਮਾਛੁਲੀ ਚਰੈ ਖਜੂਰਿ ॥੧॥ ਕਾਂਇ ਰੇ ਬਕਬਾਦੁ ਲਾਇਓ ॥ ਜਿਨਿ ਹਰਿ ਪਾਇਓ ਤਿਨਹਿ ਛਪਾਇਓ ॥੧॥ ਰਹਾਉ ॥ ਪੰਡਿਤੁ ਹੋਇ ਕੈ ਬੇਦੁ ਬਖਾਨੈ ॥ ਮੂਰਖੁ ਨਾਮਦੇਉ ਰਾਮਹਿ ਜਾਨੈ ॥੨॥੧॥

ਅਰਥ:- ਕੋਈ ਮਨੁੱਖ ਆਖਦਾ ਹੈ (ਪਰਮਾਤਮਾ ਅਸਾਡੇ) ਨੇੜੇ (ਵੱਸਦਾ ਹੈ), ਕੋਈ ਆਖਦਾ ਹੈ (ਪ੍ਰਭੂ ਅਸਾਥੋਂ ਕਿਤੇ) ਦੂਰ (ਥਾਂ ਤੇ ਹੈ); (ਪਰ ਨਿਰਾ ਬਹਿਸ ਨਾਲ ਨਿਰਣਾ ਕਰ ਲੈਣਾ ਇਉਂ ਹੀ ਅਸੰਭਵ ਹੈ ਜਿਵੇਂ) ਪਾਣੀ ਵਿਚ ਰਹਿਣ ਵਾਲੀ ਮੱਛੀ ਖਜੂਰ ਉੱਤੇ ਚੜ੍ਹਨ ਦਾ ਜਤਨ ਕਰੇ (ਜਿਸ ਉੱਤੇ ਮਨੁੱਖ ਭੀ ਬੜੇ ਔਖੇ ਹੋ ਕੇ ਚੜ੍ਹਦੇ ਹਨ)।1। ਹੇ ਭਾਈ! (ਰੱਬ ਨੇੜੇ ਹੈ ਕਿ ਦੂਰ ਜਿਸ ਬਾਰੇ ਆਪਣੀ ਵਿਦਿਆ ਦਾ ਵਿਖਾਵਾ ਕਰਨ ਲਈ) ਕਿਉਂ ਵਿਅਰਥ ਬਹਿਸ ਕਰਦੇ ਹੋ? ਜਿਸ ਮਨੁੱਖ ਨੇ ਰੱਬ ਨੂੰ ਲੱਭ ਲਿਆ ਹੈ ਉਸ ਨੇ (ਆਪਣੇ ਆਪ ਨੂੰ) ਲੁਕਾਇਆ ਹੈ (ਭਾਵ, ਉਹ ਇਹਨਾਂ ਬਹਿਸਾਂ ਦੀ ਰਾਹੀਂ ਆਪਣੀ ਵਿੱਦਿਆ ਦਾ ਢੰਢੋਰਾ ਨਹੀਂ ਦੇਂਦਾ ਫਿਰਦਾ)।1। ਰਹਾਉ। ਵਿੱਦਿਆ ਹਾਸਲ ਕਰ ਕੇ (ਬ੍ਰਾਹਮਣ ਆਦਿਕ ਤਾਂ) ਵੇਦ (ਆਦਿਕ ਧਰਮ-ਪੁਸਤਕਾਂ) ਦੀ ਵਿਸਥਾਰ ਨਾਲ ਚਰਚਾ ਕਰਦਾ ਫਿਰਦਾ ਹੈ, ਪਰ ਮੂਰਖ ਨਾਮਦੇਵ ਸਿਰਫ਼ ਪਰਮਾਤਮਾ ਨੂੰ ਹੀ ਪਛਾਣਦਾ ਹੈ (ਕੇਵਲ ਪਰਮਾਤਮਾ ਨਾਲ ਹੀ ਉਸ ਦੇ ਸਿਮਰਨ ਦੀ ਰਾਹੀਂ ਸਾਂਝ ਪਾਂਦਾ ਹੈ)।2।1। ਸ਼ਬਦ ਦਾ ਭਾਵ:- ਵਿੱਦਿਆ ਦੇ ਬਲ ਨਾਲ ਪਰਮਾਤਮਾ ਦੀ ਹਸਤੀ ਬਾਰੇ ਬਹਿਸ ਕਰਨੀ ਵਿਅਰਥ ਉੱਦਮ ਹੈ; ਉਸ ਦੀ ਭਗਤੀ ਕਰਨਾ ਹੀ ਜ਼ਿੰਦਗੀ ਦਾ ਸਹੀ ਰਾਹ ਹੈ।1।

Share On Whatsapp
Leave a Reply