ਅਮ੍ਰਿਤ ਵੇਲੇ ਦਾ ਹੁਕਮਨਾਮਾ – 15 ਅਕਤੂਬਰ 2023

ਅੰਗ : 849

ਹਰਿ ਉਤਮੁ ਹਰਿ ਪ੍ਰਭੁ ਗਾਵਿਆ ਕਰਿ ਨਾਦੁ ਬਿਲਾਵਲੁ ਰਾਗੁ ॥ ਉਪਦੇਸੁ ਗੁਰੂ ਸੁਣਿ ਮੰਨਿਆ ਧੁਰਿ ਮਸਤਕਿ ਪੂਰਾ ਭਾਗੁ ॥ ਸਭ ਦਿਨਸੁ ਰੈਣਿ ਗੁਣ ਉਚਰੈ ਹਰਿ ਹਰਿ ਹਰਿ ਉਰਿ ਲਿਵ ਲਾਗੁ ॥ ਸਭੁ ਤਨੁ ਮਨੁ ਹਰਿਆ ਹੋਇਆ ਮਨੁ ਖਿੜਿਆ ਹਰਿਆ ਬਾਗੁ ॥ ਅਗਿਆਨੁ ਅੰਧੇਰਾ ਮਿਟਿ ਗਇਆ ਗੁਰ ਚਾਨਣੁ ਗਿਆਨੁ ਚਰਾਗੁ ॥ ਜਨੁ ਨਾਨਕੁ ਜੀਵੈ ਦੇਖਿ ਹਰਿ ਇਕ ਨਿਮਖ ਘੜੀ ਮੁਖਿ ਲਾਗੁ ॥੧॥

ਅਰਥ: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਭਾਈ! (ਪਿਛਲੇ ਕੀਤੇ ਕਰਮਾਂ ਅਨੁਸਾਰ) ਜਿਸ ਮਨੁੱਖ ਦੇ ਮੱਥੇ ਉਤੇ ਧੁਰ ਤੋਂ ਹੀ ਪੂਰਨ ਭਾਗ ਹੈ, (ਜਿਸ ਦੇ ਹਿਰਦੇ ਵਿਚ ਪੂਰਨ ਭਲੇ ਸੰਸਕਾਰਾਂ ਦਾ ਲੇਖ ਉੱਘੜਦਾ ਹੈ) ਉਸ ਨੇ ਗੁਰੂ ਦਾ ਸ਼ਬਦ-ਰੂਪ ਬਿਲਾਵਲ ਰਾਗ ਉਚਾਰ ਕੇ ਸਭ ਤੋਂ ਸ੍ਰੇਸ਼ਟ ਪਰਮਾਤਮਾ ਦੇ ਗੁਣ ਗਾਏ ਹਨ, ਉਸ ਨੇ ਸਤਿਗੁਰੂ ਦਾ ਉਪਦੇਸ਼ ਸੁਣ ਕੇ ਹਿਰਦੇ ਵਿਚ ਵਸਾਇਆ ਹੈ। ਉਹ ਮਨੁੱਖ ਸਾਰਾ ਦਿਨ ਤੇ ਸਾਰੀ ਰਾਤ (ਅੱਠੇ ਪਹਿਰ) ਪਰਮਾਤਮਾ ਦੇ ਗੁਣ ਗਾਂਦਾ ਹੈ (ਕਿਉਂਕਿ ਉਸ ਦੇ) ਹਿਰਦੇ ਵਿਚ ਪਰਮਾਤਮਾ ਦੀ ਯਾਦ ਦੀ ਲਗਨ ਲੱਗੀ ਰਹਿੰਦੀ ਹੈ। ਉਸ ਦਾ ਸਾਰਾ ਤਨ ਸਾਰਾ ਮਨ ਹਰਾ-ਭਰਾ ਹੋ ਜਾਂਦਾ ਹੈ (ਆਤਮਕ ਜੀਵਨ ਦੇ ਰਸ ਨਾਲ ਭਰ ਜਾਂਦਾ ਹੈ), ਉਸ ਦਾ ਮਨ (ਇਉਂ) ਖਿੜ ਪੈਂਦਾ ਹੈ (ਜਿਵੇਂ) ਹਰਾ ਹੋਇਆ ਹੋਇਆ ਬਾਗ਼ ਹੈ। ਗੁਰੂ ਦੀ ਦਿੱਤੀ ਹੋਈ ਆਤਮਕ ਜੀਵਨ ਦੀ ਸੂਝ (ਉਸ ਦੇ ਅੰਦਰ, ਮਾਨੋ) ਦੀਵਾ ਰੌਸ਼ਨੀ ਕਰ ਦੇਂਦਾ ਹੈ (ਜਿਸ ਦੀ ਬਰਕਤ ਨਾਲ ਉਸ ਦੇ ਅੰਦਰੋਂ) ਆਤਮਕ ਜੀਵਨ ਵਲੋਂ ਬੇ-ਸਮਝੀ (ਦਾ) ਹਨੇਰਾ ਮਿਟ ਜਾਂਦਾ ਹੈ। ਹੇ ਹਰੀ! (ਤੇਰਾ) ਦਾਸ ਨਾਨਕ (ਅਜੇਹੇ ਗੁਰਮੁਖਿ ਮਨੁੱਖ ਨੂੰ) ਵੇਖ ਕੇ ਆਤਮਕ ਜੀਵਨ ਹਾਸਲ ਕਰਦਾ ਹੈ (ਤੇ, ਚਾਹੁੰਦਾ ਹੈ ਕਿ) ਭਾਵੇਂ ਇਕ ਪਲ-ਭਰ ਹੀ ਉਸ ਦਾ ਦਰਸ਼ਨ ਹੋਵੇ।੧।

Share On Whatsapp
Leave a Reply