ਅੰਗ : 606
ਸੋਰਠਿ ਮਹਲਾ ੪ ॥ ਆਪੇ ਸ੍ਰਿਸਟਿ ਉਪਾਇਦਾ ਪਿਆਰਾ ਕਰਿ ਸੂਰਜੁ ਚੰਦੁ ਚਾਨਾਣੁ ॥ ਆਪਿ ਨਿਤਾਣਿਆ ਤਾਣੁ ਹੈ ਪਿਆਰਾ ਆਪਿ ਨਿਮਾਣਿਆ ਮਾਣੁ ॥ ਆਪਿ ਦਇਆ ਕਰਿ ਰਖਦਾ ਪਿਆਰਾ ਆਪੇ ਸੁਘੜੁ ਸੁਜਾਣੁ ॥੧॥ ਮੇਰੇ ਮਨ ਜਪਿ ਰਾਮ ਨਾਮੁ ਨੀਸਾਣੁ ॥ ਸਤਸੰਗਤਿ ਮਿਲਿ ਧਿਆਇ ਤੂ ਹਰਿ ਹਰਿ ਬਹੁੜਿ ਨ ਆਵਣ ਜਾਣੁ ॥ ਰਹਾਉ ॥ ਆਪੇ ਹੀ ਗੁਣ ਵਰਤਦਾ ਪਿਆਰਾ ਆਪੇ ਹੀ ਪਰਵਾਣੁ ॥ ਆਪੇ ਬਖਸ ਕਰਾਇਦਾ ਪਿਆਰਾ ਆਪੇ ਸਚੁ ਨੀਸਾਣੁ ॥ ਆਪੇ ਹੁਕਮਿ ਵਰਤਦਾ ਪਿਆਰਾ ਆਪੇ ਹੀ ਫੁਰਮਾਣੁ ॥੨॥ ਆਪੇ ਭਗਤਿ ਭੰਡਾਰ ਹੈ ਪਿਆਰਾ ਆਪੇ ਦੇਵੈ ਦਾਣੁ ॥ ਆਪੇ ਸੇਵ ਕਰਾਇਦਾ ਪਿਆਰਾ ਆਪਿ ਦਿਵਾਵੈ ਮਾਣੁ ॥ ਆਪੇ ਤਾੜੀ ਲਾਇਦਾ ਪਿਆਰਾ ਆਪੇ ਗੁਣੀ ਨਿਧਾਨੁ ॥੩॥ ਆਪੇ ਵਡਾ ਆਪਿ ਹੈ ਪਿਆਰਾ ਆਪੇ ਹੀ ਪਰਧਾਣੁ ॥ ਆਪੇ ਕੀਮਤਿ ਪਾਇਦਾ ਪਿਆਰਾ ਆਪੇ ਤੁਲੁ ਪਰਵਾਣੁ ॥ ਆਪੇ ਅਤੁਲੁ ਤੁਲਾਇਦਾ ਪਿਆਰਾ ਜਨ ਨਾਨਕ ਸਦ ਕੁਰਬਾਣੁ ॥੪॥੫॥
ਅਰਥ: ਹੇ ਭਾਈ! ਉਹ ਪਿਆਰਾ ਪ੍ਰਭੂ ਆਪ ਹੀ ਸ੍ਰਿਸ਼ਟੀ ਪੈਦਾ ਕਰਦਾ ਹੈ, ਤੇ (ਸ੍ਰਿਸ਼ਟੀ ਨੂੰ) ਸੂਰਜ ਚੰਦ ਚਾਨਣ ਕਰਨ ਲਈ ਬਣਾਂਦਾ ਹੈ। ਪ੍ਰਭੂ ਆਪ ਹੀ ਨਿਆਸਰਿਆਂ ਦਾ ਆਸਰਾ ਹੈ, ਜਿਨ੍ਹਾਂ ਨੂੰ ਕੋਈ ਆਦਰ-ਮਾਣ ਨਹੀਂ ਦੇਂਦਾ ਉਹਨਾਂ ਨੂੰ ਆਦਰ-ਮਾਣ ਦੇਣ ਵਾਲਾ ਹੈ। ਉਹ ਪਿਆਰਾ ਪ੍ਰਭੂ ਸੋਹਣੀ ਆਤਮਕ ਘਾੜਤ ਵਾਲਾ ਹੈ, ਸਭ ਦੇ ਦਿਲ ਦੀ ਜਾਣਨ ਵਾਲਾ ਹੈ, ਉਹ ਮੇਹਰ ਕਰ ਕੇ ਆਪ ਸਭ ਦੀ ਰਖਿਆ ਕਰਦਾ ਹੈ ॥੧॥ ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਸਿਮਰਿਆ ਕਰ। (ਨਾਮ ਹੀ ਜੀਵਨ-ਸਫ਼ਰ ਵਾਸਤੇ) ਰਾਹਦਾਰੀ ਹੈ। ਹੇ ਭਾਈ! ਸਾਧ ਸੰਗਤਿ ਵਿਚ ਮਿਲ ਕੇ ਤੂੰ ਪਰਮਾਤਮਾ ਦਾ ਧਿਆਨ ਧਰਿਆ ਕਰ, (ਧਿਆਨ ਦੀ ਬਰਕਤਿ ਨਾਲ) ਮੁੜ ਜਨਮ ਮਰਨ ਦਾ ਗੇੜ ਨਹੀਂ ਰਹੇਗਾ ॥ ਰਹਾਉ ॥ ਹੇ ਭਾਈ! ਉਹ ਪਿਆਰਾ ਪ੍ਰਭੂ ਆਪ ਹੀ (ਜੀਵਾਂ ਨੂੰ ਆਪਣੇ) ਗੁਣਾਂ ਦੀ ਦਾਤਿ ਦੇਂਦਾ ਹੈ, ਆਪ ਹੀ ਜੀਵਾਂ ਨੂੰ ਆਪਣੀ ਹਜ਼ੂਰੀ ਵਿਚ ਕਬੂਲ ਕਰਦਾ ਹੈ। ਪ੍ਰਭੂ ਆਪ ਹੀ ਸਭ ਉਤੇ ਬਖ਼ਸ਼ਸ਼ ਕਰਦਾ ਹੈ, ਉਹ ਆਪ ਹੀ (ਜੀਵਾਂ ਵਾਸਤੇ) ਸਦਾ ਕਾਇਮ ਰਹਿਣ ਵਾਲਾ ਚਾਨਣ-ਮੁਨਾਰਾ ਹੈ। ਉਹ ਪਿਆਰਾ ਪ੍ਰਭੂ ਆਪ ਹੀ (ਜੀਵਾਂ ਨੂੰ) ਹੁਕਮ ਵਿਚ ਤੋਰਦਾ ਹੈ, ਆਪ ਹੀ ਹਰ ਥਾਂ ਹੁਕਮ ਚਲਾਂਦਾ ਹੈ ॥੨॥ ਹੇ ਭਾਈ! ਉਹ ਪਿਆਰਾ ਪ੍ਰਭੂ (ਆਪਣੀ) ਭਗਤੀ ਦੇ ਖ਼ਜ਼ਾਨਿਆਂ ਵਾਲਾ ਹੈ, ਆਪ ਹੀ (ਜੀਵਾਂ ਨੂੰ ਆਪਣੀ ਭਗਤੀ ਦੀ) ਦਾਤਿ ਦੇਂਦਾ ਹੈ। ਪ੍ਰਭੂ ਆਪ ਹੀ (ਜੀਵਾਂ ਪਾਸੋਂ) ਸੇਵਾ-ਭਗਤੀ ਕਰਾਂਦਾ ਹੈ, ਤੇ ਆਪ ਹੀ (ਸੇਵਾ-ਭਗਤੀ ਕਰਨ ਵਾਲਿਆਂ ਨੂੰ ਜਗਤ ਪਾਸੋਂ) ਇੱਜ਼ਤ ਦਿਵਾਂਦਾ ਹੈ। ਉਹ ਪ੍ਰਭੂ ਆਪ ਹੀ ਗੁਣਾਂ ਦਾ ਖ਼ਜ਼ਾਨਾ ਹੈ, ਤੇ ਆਪ ਹੀ (ਆਪਣੇ ਗੁਣਾਂ ਵਿਚ) ਸਮਾਧੀ ਲਾਂਦਾ ਹੈ ॥੩॥ ਹੇ ਭਾਈ! ਉਹ ਪ੍ਰਭੂ ਪਿਆਰਾ ਆਪ ਹੀ ਸਭ ਤੋਂ ਵੱਡਾ ਹੈ ਤੇ ਮੰਨਿਆ-ਪ੍ਰਮੰਨਿਆ ਹੋਇਆ ਹੈ। ਉਹ ਆਪ ਹੀ (ਆਪਣਾ) ਤੋਲ ਤੇ ਪੈਮਾਨਾ ਵਰਤ ਕੇ (ਆਪਣੇ ਪੈਦਾ ਕੀਤੇ ਜੀਵਾਂ ਦੇ ਜੀਵਨ ਦਾ) ਮੁੱਲ ਪਾਂਦਾ ਹੈ। ਉਹ ਪ੍ਰਭੂ ਆਪ ਅਤੁੱਲ ਹੈ (ਉਸ ਦੀ ਬਜ਼ੁਰਗੀ ਦਾ ਮਾਪ ਨਹੀਂ ਹੋ ਸਕਦਾ) ਉਹ (ਜੀਵਾਂ ਦੇ ਜੀਵਨ ਸਦਾ) ਤੋਲਦਾ ਹੈ। ਹੇ ਦਾਸ ਨਾਨਕ ਜੀ! (ਆਖੋ-) ਮੈਂ ਸਦਾ ਉਸ ਤੋਂ ਸਦਕੇ ਜਾਂਦਾ ਹਾਂ ॥੪॥੫॥